ਆਹ! ਕੇਹਰ ਸ਼ਰੀਫ਼ - ਨਿਰਮਲ ਸਿੰਘ ਕੰਧਾਲਵੀ (ਯੂ.ਕੇ)
ਹੱਕ, ਸੱਚ, ਨਿਆਂ ਦਾ ਮੁਦਈ, ਪੰਜਾਬੀ ਮਾਂ-ਬੋਲੀ ਦਾ ਸ਼ੈਦਾਈ, ਸਾਹਿਤਕਾਰ, ਸਾਡਾ ਪਰਮ ਮਿੱਤਰ, ਕੇਹਰ ਸ਼ਰੀਫ਼ ਅਖੀਰ ਜ਼ਿੰਦਗੀ ਤੇ ਮੌਤ ਦੀ ਲੜਾਈ ਨਾਲ ਜੂਝਦਾ ਜੂਝਦਾ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਜਦੋਂ ਵੀ ਉਸ ਨਾਲ ਗੱਲ ਬਾਤ ਹੋਣੀ, ਸਭ ਤੋਂ ਪਹਿਲਾਂ ਉਸ ਨੇ ਸਿਹਤ ਨੂੰ ਤੰਦਰੁਸਤ ਰੱਖਣ ਬਾਰੇ ਹੀ ਨਸੀਹਤ ਦੇਣੀ। ਖ਼ੁਦ ਵੀਹ ਪੱਚੀ ਕਿਲੋਮੀਟਰ ਸਾਈਕਲ ਰੋਜ਼ ਚਲਾਉਣ ਵਾਲੇ, ਖਾਣ-ਪੀਣ ‘ਚ ਸਿਰੇ ਦਾ ਪ੍ਰਹੇਜ਼ ਕਰਨ ਵਾਲੇ ਨੂੰ ਵੀ ਮੌਤ ਨੇ ਆਪਣੇ ਜਬਾੜਿਆਂ ‘ਚ ਲੈ ਹੀ ਲਿਆ।
ਬੜੀ ਉਮੀਦ ਸੀ ਕਿ ਹਸਪਤਾਲ ‘ਚ ਉਸ ਦਾ ਵਧੀਆ ਇਲਾਜ ਹੋ ਰਿਹਾ ਸੀ ਪਰ.....ਬਕੌਲ ਸ਼ਾਇਰ:-
ਨਾ ਹਾਥ ਪਕੜ ਸਕੇ ਨਾ ਥਾਮ ਸਕੇ ਦਾਮਨ ਹੀ,
ਬੜੇ ਕਰੀਬ ਸੇ ਉਠ ਕਰ ਚਲਾ ਗਿਆ ਕੋਈ ।
ਭਾਵੇਂ ਕੇਹਰ ਸ਼ਰੀਫ਼ ਸਾਡੇ ਕੋਲੋਂ ਸਰੀਰਕ ਰੂਪ ‘ਚ ਚਲਾ ਗਿਆ ਹੈ ਪਰ ਮੀਡੀਆ ਪੰਜਾਬ ਦੇ ਸਾਲਾਨਾ ਸਮਾਗਮਾਂ ‘ਚ ਉਸ ਨਾਲ ਬਿਤਾਇਆ ਸਮਾਂ ਸਾਡੀਆਂ ਯਾਦਾਂ ਦੇ ਸਰਮਾਏ ‘ਚ ਸ਼ਾਮਲ ਹੈ। ਉਸ ਦੇ ਸੱਚੇ- ਸੁੱਚੇ ਜੀਵਨ ਦਾ ਮੁਲੰਕਣ ਕਰਦਿਆਂ ਸ਼ਾਇਰ ਦੇ ਸ਼ਬਦਾਂ ‘ਚ ਇਹੀ ਕਹਿ ਸਕਦੇ ਹਾਂ:-
ਹਰ ਦੌਰ ਕੇ ਮਲਾਹ ਹਮੇਂ ਯਾਦ ਕਰੇਂਗੇ,
ਸਾਹਿਲ ਪੇ ਐਸੇ ਨਿਸ਼ਾਂ ਛੋੜ ਜਾਏਂਗੇ।
ਅਲਵਿਦਾ ਕੇਹਰ ਸ਼ਰੀਫ਼!
ਨਿਰਮਲ ਸਿੰਘ ਕੰਧਾਲਵੀ (ਯੂ.ਕੇ)