ਸ਼ਹੀਦੀ ਸਮਾਗਮ ਤੇ ਵਿਸ਼ੇਸ : ਅਡੋਲ ਸੰਘਰਸ਼ੀ "ਭਾਈ ਪਰਮਜੀਤ ਸਿੰਘ ਪੰਜ਼ਵੜ" - ਸ. ਦਲਵਿੰਦਰ ਸਿੰਘ ਘੁੰਮਣ
ਭਾਈ ਪਰਮਜੀਤ ਸਿੰਘ ਪੰਜਵੜ ਦੀ 6 ਮਈ ਨੂੰ ਪਾਕਿਸਤਾਨ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜਿਹਨਾਂ ਨੇ ਲੰਮੇ ਸਮੇ ਤੋ ਸਿੱਖ ਸੰਘਰਸ਼ ਵਿੱਚ ਇਕ ਅਹਿਦਨਾਮੇ ਨੂੰ ਸੰਪੂਰਨ ਕਰਨ ਦੀ ਲਾਲਸਾ ਨਾਲ ਜਲਾਲਾਵਤਨੀ ਨੂੰ ਪ੍ਮੁੱਖਤਾ ਦਿੱਤੀ। ਪੀ੍ਵਾਰ ਨੇ ਬਹੁਤ ਅਕਿਹ ਅਤੇ ਅਸਿਹ ਤਸ਼ੱਦਤ ਝੱਲਿਆ। ਗੁਰੂ ਸਿਧਾਂਤ ਤੇ ਤੁਰਦਿਆਂ ਪੂਰਾ ਪੀ੍ਵਾਰ ਖੇਂਰੂ ਖੇਂਰੂ ਹੋ ਗਿਆ। ਬਹੁਤ ਜੀਆਂ ਦੀ ਸ਼ਹੀਦੀ ਹੋਈ। ਸੰਘਰਸ਼ ਦੇ ਅੰਦਰੂਨੀ ਭਾਵ ਨੂੰ ਸਮਝੇ ਬਿਨਾਂ ਉਸ ਉਪਰ ਚੱਲਣਾ ਸੰਭਵ ਨਹੀ ਹੁੰਦਾ। ਪਰ ਮਜਬੂਤ ਇਰਾਦੇ ਹਰ ਕਾਰਜ ਦੇੇ ਫਤਿਹ ਲਈ ਕਰ ਗੁਜਰਨ ਤੱਕ ਰਾਹ ਬਸੇਰਾ ਬਣੇ ਰਹਿੰਦੇ ਹਨ। ਜਦੋ ਕੁਦਰਤ ਵੀ ਡਰਾਵਨੇ ਦਿ੍ਸ਼ਾਂ ਵਿੱਚ ਪ੍ਤੱਖ ਰੂਪਵਾਨ ਹੋਵੇ ਤਾਂ ਤੱਤੇ ਥੱਮਾਂ ਨੂੰ ਜੱਫੇ ਕਦੇ ਨਹੀ ਵੱਜਦੇ ! ਪਰ ਇੰਨਸਾਨ ਦੀ ਦਿ੍ੜਤਾ ਦੇ ਸਰੋਤਾਂ ਨੂੰ ਜਦੋ ਪਾਣੀ ਮਿਲਦਾ ਰਹੇ ਤਾਂ ਕਦੇ ਕੁਮਲਾ ਨਹੀ ਸਕਦੇ। ਗੁਰੂ ਇਤਿਹਾਸ ਤੋ ਸ਼ੁਰੂ ਹੋਏ ਸਰਬ ਕਲਾ ਸੰਪੂਰਨ ਕਰਨ ਦੀ ਵਿਵਸਥਾ ਅਤੇ ਚੜਦੀ ਕਲਾ ਦੇ ਸੰਕਲਪ ਕਿਸੇ ਵਰਗ ਲਈ ਉਸ ਦਾ ਭਵਿੱਖ ਤਹਿ ਕਰਨ ਵਿੱਚ ਵੱਡੇੇ ਮੀਲ ਪੱਥਰ ਸਾਬਤ ਹੁੰਦੇ ਰਹੇ ਹਨ। ਸੱਭ ਕੌਮਾਂ ਦੇ ਅਜ਼ਾਦ ਹੋਣ ਦੇ ਰਹੱਸ ਉਸ ਦੇ ਇਤਿਹਾਸ ਦੇ ਵਹਿਣ ਉਪਰ ਨਿਰਭਰ ਰਹਿੰਦੇ ਹਨ। ਉਸ ਦੀ ਵੇਗ ਵਿਵਸਥਾ ਦੇ ਰਾਹਾਂ ਦੇ ਮਾਪ ਦੰਡਾਂ ਦੀ ਸੀਮਾਂ ਤਹਿ ਹੋਣੀ ਸ਼ੁਰੂ ਹੋ ਜਾਦੀ ਹੈ। ਕੌਮ ਦੇ ਚੱਲ ਰਹੇ ਅਜ਼ਾਦੀ ਦੇ ਸੰਘਰਸ਼ੀ ਪੈਂਡੇ ਨੂੰ ਰੁਕੇ ਹੋਏ ਮਹਿਸੂਸ ਕਰਨਾ ਇਸ ਦੀ ਵਕਤੀ ਥਕਾਵਟ ਮੰਨਿਆ ਜਾ ਸਕਦਾ ਹੈ!... ਪਰ ਸਮੁੰਦਰ ਦੀ ਛੱਲ ਦੇ ਉਪਰੀ ਉਭਾਰ ਨੂੰ ਵੇਖਣ ਪਿਛੇ ਉਸ ਤੋ ਵੀ ਨੀਵੇਂ ਹੋ ਕੇ ਵੱਡੇ ਵੇਗ ਨਾਲ ਛੱਲ ਬਨਣ ਤੱਕ ਦੇ ਨਾਂ ਨੂੰ ਸੰਘਰਸ਼ ਕਹਿੰਦੇ ਹੈ। ਜੋ ਬਾਰ ਬਾਰ ਆਪਣੀ ਦਿਖ ਨੂੰ ਬਣਾਉਦੀ ਢਾਉਦੀ ਹੈ। ਪਰ ਆਪਣੇ ਕਾਰਜ਼ ਲਈ ਹਮੇਸ਼ਾ ਗਤੀਸ਼ੀਲ ਹੈ।
ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੇ ਮਾਇਨੇ ਵੱਡੇ ਹਨ। ਇਹ ਉਸ ਨਿਰਟਿਵ ਨੂੰ ਤੋੜਨ ਵਿੱਚ ਆਪਣੇ ਆਪ ਵਿੱਚ ਬਹੁਤ ਵੱਡੀ ਘਟਨਾ ਹੈ ਜੋ ਲੋਕ ਇਸ ਅਹਿਸਾਸ ਵਿਚ ਵਿਚਰ ਰਹੇ ਹਨ ਕਿ ਭਾਰਤ ਦੀ ਸੀਮਾਂ ਤੋ ਬਾਹਰ ਬੈਠੇ ਕੁਝ ਲੋਕ ਜਾਂ ਤਾ ਨਿਰਾਸ਼ਾ ਦੇ ਆਲਮ ਵਿੱਚ ਹਨ ਜਾਂ ਖਤਮ ਹੋਏ ਸੰਘਰਸ਼ ਦੀ ਪ੍ਤੱਖ ਮਿਸਾਲ ਹਨ। ਪਰ ਇਥੇ ਇਹ ਕਤਲ ਇਸ ਗੱਲ ਦਾ ਪ੍ਮਾਣ ਬਣ ਗਿਆ ਹੈ ਕਿ ਫਿਰ ਕਤਲ ਕਰਵਾਉਣ ਪਿਛੇ ਕੀ ਕਾਰਨ ਬਣੇ ਹੋਣਗੇ। ਇਸ ਦੇ ਦੋ ਪਹਿਲੂ ਹਨ " ਫਾਇਦਾ ਜਾਂ ਨੁਕਸਨ "। ਫਾਇਦਾ ਦੀ ਪੈੜ ਕਿਸ ਦੇ ਦਰਵਾਜੇ ਤੱਕ ਜਾਦੀ ਹੈ ? ਅਤੇ ਨੁਕਸਾਨ ਦੇ ਅਸਰਾਂ ਤੋ ਕੌਣ ਪ੍ਭਾਵਿਤ ਹੋ ਸਕਦਾ ਹੈ ? ਜੋ ਲੋਕ ਸ਼ਾਂਤਮਈ ਜੀਵਨ ਬਸਰ ਕਰ ਰਹੇ ਹੋਣ ਅਤੇ ਸ਼ਰਨਾਰਥੀ ਦੇਸ਼ ਦੀ ਕਾਨੂੰਨ ਵਿਵਸਥ ਦੇ ਅਨੁਕੂਲ ਹੋਵੇ ਤਾਂ ਕਤਲ ਕਰਨ ਵਰਗੀਆਂ ਘਟਨਾਵਾਂ ਕਿਸੇ ਡਰ, ਭੈਅ ਮੁਰਤ ਨਹੀ ਹੋ ਸਕਦੀਆਂ। ਭਾਈ ਪੰਜਵੜ ਵਰਗੇ ਲੋਕ ਕਿਸੇ ਰੂਪ ਵਿੱਚ ਵੀ ਨਾਇਕ ਦੀ ਭੂਮਿਕਾਂ ਨੂੰ ਨਿਭਾਉਦੇ ਨਜ਼ਰ ਆਉਦੇ ਹਨ। ਇਕ ਕਾਰਨ ਪਾਕਿਸਤਾਨ ਦੀ ਧਰਤੀ ਵਿੱਚ ਕਤਲ ਉਸ ਦੀ ਅੰਦਰੂਨੀ ਸੁੱਰਖਿਆ ਦੇ ਢਹਿ ਢੇਰੀ ਹੋਣ ਦੀ ਸੂਰਤ ਵੀ ਹੈ। ਪਿਛਲੇ ਸਮੇ ਤੋ ਆਰਥਿਕ ਅਤੇ ਰਾਜਨੀਤਕ ਅਸਥਿਰਤਾ ਬਣੀ ਹੋਈ ਹੈ। ਦੂਜਾ ਕਾਰਨ ਸਟੇਟ ਦੇ ਆਪਣੇ ਡਰ ਵਿਚ ਉਸਾਰੀ ਵਿਵਸਥਾ ਉਸ ਹਰ ਡਰ ਨੂੰ ਗੈਰ ਸਿਧਾਤੀ ਤਾਰੀਕਿਆਂ ਨਾਲ ਖਤਮ ਕਰਨ ਕਰ ਰਹੀ ਹੈ ਜੋ ਆਉਣ ਵਾਲੇ ਸਮੇ ਲਈ ਸਿਰਦਰਦੀ ਨਾ ਬਣੇ ਸਕੇ। ਇਸ ਨਾਲ ਉਠਦੀ ਹਰ ਅਵਾਜ਼ ਨੂੰ ਖਤਮ ਕਰਨ ਲਈ ਖੌਫ ਪੈਦਾ ਕਰਨਾ ਹੈ ਜੋ ਆਪਣੀ ਅਜ਼ਾਦੀ ਦੀ ਗੱਲ ਕਰਦਾ ਹੈ। ਭਾਰਤ ਤੋ ਬਾਹਰ ਵੱਸਦਾ ਸਿੱਖਾਂ ਦਾ ਇਕ ਵੱਡਾ ਹਿਸਾ ਇਸ ਗੱਲ ਸਹੀ ਸਿੱਧ ਸਾਬਤ ਕਰਨ ਵਿੱਚ ਕਾਮਯਾਬ ਹੋਇਆ ਹੈ ਕਿ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਉਪਰ ਹਿੰਦੂਤਵੀ ਦਬਾਅ ਬਹੁਤ ਵਧਿਆ ਹੈ। ਭਾਰਤ ਨੂੰ ਹਿੰਦੂਰਾਸ਼ਟਰ ਬਣਾਉਣ ਲਈ ਸਿੱਖਾਂ ਨੂੰ ਉਸ ਰਾਸ਼ਟਰਵਾਦ ਵਿੱਚ ਉਸ ਸਨਮਾਨਿਤ ਪ੍ਤੀ ਬਿੰਬ ਤੇ ਤੌਰ ਤੇ ਪੇਸ਼ ਕਰਨ ਦੇ ਅਖੋਤੀ ਯਤਨ ਹੋ ਰਹੇ ਹਨ ਜੋ ਬਹੁਤ ਕੱਚੇ ਅਤੇ ਤੱਥ ਰਹਿਤ ਹਨ। ਜਿਨਾਂ ਦੀ ਪੁਸ਼ਟੀ ਹਿੰਦੂ ਵਰਗ ਦਾ ਵੱਡਾ ਹਿਸਾ ਵੀ ਸਵੀਕਾਰ ਕਰਦਾ ਹੈ ਕਿ ਕਿਸੇ ਰਾਸ਼ਟਰ ਦੀ ਬੁਨਿਆਦ ਉਸ ਦੇ ਵਖਰੇਵਿਆ ਵਿੱਚ ਨਾ ਹੋ ਕੇ ਸਗੋਂ ਏਕਤਾ ਨਾਲ ਬਰਾਬਰਤਾ ਅਤੇ ਸਨਮਾਨਿਤ ਜੀਵਨ ਵਿੱਚ ਰੂਪਮਾਨ ਹੁੰਦੀ ਹੈ। ਰਾਸ਼ਟਰਵਾਦ ਉਸ ਦੇ ਧਰਮਾਂ, ਨਸ਼ਲਾਂ, ਬੋਲੀਆਂ, ਖਿਤੇਆਂ ਵਿੱਚ ਨਿਆਂ ਪੂਰਕ ਵਿਵਸਥਾ ਦਾ ਨਾਂ ਹੈ ਨਾ ਕਿ ਬਹੂ ਗਿਣਤੀ ਵਿੱਚ ਰਾਜਨੀਤਕ ਦਬਾਆ ਹੇਠ ਉਸਰਿਆ ਜਾ ਰਿਹਾ ਜ਼ਬਰੀ ਦੇਸ਼ ਭਗਤੀ ਦਾ ਨਕਲੀ ਇਕਰਾਰਨਾਮਾ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਲਗਾਤਾਰ ਕਤਲਾਂ ਲਈ ਭਾਰਤੀ ਖੁਫੀਆਂ ਤੰਤਰ ਨੂੰ ਬਾਹਰ ਰੱਖ ਕੇ ਨਹੀ ਵੇਖਿਆ ਜਾ ਸਕਦਾ। ਭਾਵੇ ਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਉਸ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਵੀ ਅਫਗਾਨਿਸਤਾਨ ਵਾਂਗ ਸੰਸਾਰ ਦੀ ਆਰਥਿਕ ਵਿਵਸਥਾਂ ਤੋ ਬਾਹਰ ਹੋਣ ਵੱਲ ਵੱਧ ਰਿਹਾ ਹੈ। ਘਰੇਲੂ ਰਾਜਨੀਤੀ ਦੀ ਖਾਨਾ ਜੰਗੀ ਤਹਿਤ ਰਾਜਨੀਤਕ ਮਹਿਮਾਨਾਂ ਨੂੰ ਸੁਰੱਖਿਆ ਦੇਣ ਵਿੱਚ ਅਸਮਰੱਥ ਹੋ ਗਿਆ ਹੈ। ਇਸ ਲਈ ਪਾਕਿਸਤਾਨ ਵਿੱਚ ਵਸਦੀ ਸਿੱਖ ਵੱਸੋਂ ਅਤੇ ਹੋਰ ਅਨੇਕਾਂ ਸਿੱਖ ਜੂਝਾਰੂਆਂ ਦੀ ਸੁਰੱਖਿਆਂ ਦੇ ਪ੍ਬੰਧਾ ਲਈ ਅਵਾਜ਼ ਦਾ ਉਠਣਾ ਬਹੁਤ ਜ਼ਰੂਰੀ ਹੈ। ਪਾਕਿਸਤਾਨ ਸਿੱਖਾਂ ਦੀ ਮੁਕੱਦਸ ਧਰਤੀ ਹੈ। ਸਿੱਖੀ ਦੇ ਹੋਂਦ ਦੀਆਂ ਨਿਸ਼ਾਨੀਆਂ ਦੀ ਦਰਗਾਹ ਹੈ। ਸਿੱਖ ਧਰਮ ਦੇ ਗੁਰੂਦੁਆਰਿਆਂ ਅਤੇ ਇਤਿਹਾਸ ਦੇ ਕਿਲਿਆਂ ਦੀ ਨਿਸ਼ਾਨ ਦੇਹੀ ਹੈ। ਸਿੱਖਾਂ ਦੇ ਯਾਤਰਾ ਲਈ ਪਵਿੱਤਰ ਚਰਨ ਛੋਹ ਧਰਤੀ ਦੀ ਪ੍ਕਰਮਾ ਹੈ। ਸੋ ਸੰਸਾਰ ਵਿੱਚ ਅਮਨ, ਇਮਾਨ, ਗੈਰਤ, ਇੰਨਸਾਫ ਦੀ ਕਾਮਨਾ ਕਰਨੀ ਜਰੂਰੀ ਹੈ। ਹਿਟਲਰੀ ਰਾਜ ਕਰਨ ਦੀ ਬਿਰਤੀ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕਰਨਾ ਬਣਦਾ ਹੈ। ਸਰਬੱਤ ਦੇ ਭਲੇ ਲਈ ਅਰਦਾਸ ਹੈ।
ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com