ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
30 ਅਪ੍ਰੈਲ 2023
ਸਉਣ ਵਿਚ ਆ ਜਾ ਮਿੱਤਰਾ, ਗੁੜ ਵੰਡਦੀ ਪੀਰ ਦੇ ਜਾਵਾਂ।
ਅੰਮ੍ਰਿਤਪਾਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਸੀ- ਕੈਪਟਨ ਅਮਰਿੰਦਰ ਸਿੰਘ
ਕੈਪਟਨ ਸਾਬ ਤੁਹਾਨੂੰ ਵੀ ਪਹਿਲਾਂ ਹੀ ਭਾਜਪਾ ‘ਚ ਚਲੇ ਜਾਣਾ ਚਾਹੀਦਾ ਸੀ।
ਭਗਵੰਤ ਮਾਨ ਨੂੰ ਸਰਕਾਰ ਚਲਾਉਣ ਦੀ ਸਮਝ ਨਹੀਂ- ਕੈਪਟਨ
ਐਵੇਂ ਹੀ ਭੱਜਿਆ ਫਿਰਦੈ, ਮਹਿਲਾਂ ‘ਚ ਬੈਠ ਕੇ ਮੌਜ ਨਾਲ ਚੀਕੂ ਤੇ ਸੀਤਾਫ਼ਲ ਖਾਵੇ।
ਕੋਤਵਾਲੀ ਗੁਰਦੁਆਰੇ ਦੀ ਘਟਨਾ ਨਾਲ ਸਿੱਖ ਸੰਗਤਾਂ ਦੇ ਮਨ ਵਲੂੰਧਰੇ ਗਏ- ਸੁਖਬੀਰ ਬਾਦਲ
ਤੁਹਾਡੇ ਤਾਂ ਉਦੋਂ ਵੀ ਨਾ ਵਲੂੰਧਰੇ ਗਏ ਜਦੋਂ ਬਰਗਾੜੀ ‘ਚ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਸੀ।
2024 ਤੇ 2027 ਦੀਆਂ ਚੋਣਾਂ ਭਾਜਪਾ ਇਕੱਲਿਆਂ ਹੀ ਲੜੇਗੀ- ਆਰ.ਪੀ.ਸਿੰਘ
ਘੜਾ ਚੁੱਕ ਲਉਂ ਪੱਟਾਂ ‘ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।
ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਅਕਾਲੀ ਦਲ ਨੇ ‘ਆਪ’ ਦੇ ਬਾਈਕਾਟ ਦਾ ਸੱਦਾ ਦਿਤਾ- ਇਕ ਖ਼ਬਰ
ਅਕਾਲੀਉ! ਤਾਕਤ ‘ਚ ਹੁੰਦਿਆਂ ਤੁਸੀਂ ਬੰਦੀ ਸਿੰਘ ਕਿਉਂ ਨਾ ਰਿਹਾ ਕੀਤੇ?
ਕਾਂਗਰਸ ਨੇ ਸੱਤਾ ‘ਚ ਆਉਣ ਲਈ ‘ਧਰਮ’ ਦਾ ਇਸਤੇਮਾਲ ਕੀਤਾ- ਰਾਜਨਾਥ ਸਿੰਘ
ਪੀੜ੍ਹੀ ਆਪਣੀ ਹੇਠ ਸੋਟਾ ਫੇਰ ਲਈਏ, ਉਂਗਲ ਫੇਰ ਕਿਸੇ ਵਲ ਚੁੱਕੀਏ ਜੀ।
ਕੇਜਰੀਵਾਲ ਨੇ ਬੰਗਲੇ ਦੀ ਸਜਾਵਟ ‘ਤੇ ਖਰਚੇ 45 ਕਰੋੜ- ਭਾਜਪਾ
ਪਤਾ ਲੱਗਿਐ ਜੀ ਕਿ ਪ੍ਰਧਾਨ ਮੰਤਰੀ ਲਈ 500 ਕਰੋੜ ਦਾ ਘਰ ਬਣ ਰਿਹੈ।
ਪੰਜਾਬ ‘ਚ ਭ੍ਰਿਸ਼ਟਾਚਾਰ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿਤਾ- ਮੁੱਖ ਮੰਤਰੀ
ਮਾਨ ਸਾਬ੍ਹ ਗੱਪਾਂ ਮਾਰਨ ਲਈ ਹੋਰ ਬੰਦਾ ਹੈਗਾ, ਤੁਸੀਂ ਨਾ ਇਹ ਕੰਮ ਕਰੋ।
‘ਆਪ’ ਸਰਕਾਰ ਨੂੰ ਟਿੱਚ ਜਾਣਦੇ ਨੇ ਪ੍ਰਾਈਵੇਟ ਸਕੂਲ- ਇਕ ਖ਼ਬਰ
ਕਿੱਥੋਂ ਨੀ ਤੂੰ ਆਈ ਸ਼ੂਕਰੇ, ਸਾਨੂੰ ਟਿੱਚ ਕਰ ਕੇ ਤੂੰ ਜਾਣੇ।
ਖਾਸ ਲੋਕਾਂ ਦੀ ਬਣ ਕੇ ਰਹਿ ਗਈ ਹੈ ਆਮ ਆਦਮੀ ਪਾਰਟੀ- ਪ੍ਰਤਾਪ ਸਿੰਘ ਬਾਜਵਾ
ਹੋਕਾ ਵੰਙਾਂ ਦਾ, ਕੱਢ ਦਿਖਾਇਆ ਚੱਕੀਰਾਹਾ।
ਜਿੰਨੇ ਮਰਜ਼ੀ ਪਰਚੇ ਕਰ ਲਵੋ, ਡਟ ਕੇ ਵਿਰੋਧ ਕਰਦਾ ਰਹਾਂਗਾ- ਖਹਿਰਾ
ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਭਲਵਾਨਾਂ ਦੇ ਹੱਕ’ਚ ਆਏ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ- ਇਕ ਖ਼ਬਰ
ਚਰਖ਼ੇ ਦੀ ਘੂਕ ਸੁਣ ਕੇ, ਜੋਗੀ ਉੱਤਰ ਪਹਾੜੋਂ ਆਇਆ।
ਮਾਨ ਸਰਕਾਰ ਨੇ ਲੋਕਾਂ ਦਾ ਭਰੋਸਾ ਤੋੜਿਆ- ਪਵਨ ਟੀਨੂੰ
ਲਾਰਾ ਲਾ ਕੇ ਨੱਤੀਆਂ ਦਾ, ਨੀਂ ਮਾਹੀ ਮੇਰਾ ਮੁਕਰ ਗਿਆ।
ਹੁਣ ਪਿੰਡਾਂ ਤੇ ਕਸਬਿਆਂ ‘ਚ ਵੀ ਮੰਤਰੀ ਮੰਡਲ ਦੀਆਂ ਹੋਣਗੀਆਂ ਮੀਟਿੰਗਾਂ- ਭਗਵੰਤ ਮਾਨ
ਵਿਹੜੇ ਲਾ ਤ੍ਰਿਵੈਣੀ, ਛਾਂਵੇਂ ਬਹਿ ਕੇ ਕੱਤਿਆ ਕਰੂੰ।