ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
23 ਅਪ੍ਰੈਲ 2023
ਪੰਜਾਬ ਦੇ ਚੰਗੇ ਭਵਿੱਖ ਅਤੇ ਵਿਕਾਸ ਲਈ ਲੋਕਾਂ ਨੂੰ ਭਾਜਪਾ ਤੋਂ ਆਸਾਂ- ਹੰਸ ਰਾਜ ਹੰਸ
ਬਿਲਕੁਲ ਸਹੀ ਜਨਾਬ ਤੁਹਾਡਾ ਵਿਕਾਸ ਵੀ ਇਥੇ ਜਾ ਕੇ ਹੀ ਹੋਇਆ ਸੀ।
ਸਾਡੇ ‘ਤੇ ‘ਆਪ’ ‘ਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਜਾ ਰਿਹੈ-ਕਾਂਗਰਸੀ ਸਰਪੰਚ
ਸਾਡੀ ਧਾਰ ਕੱਢ ਜਾ ਭਰਜਾਈਏ, ਛੜਾ ਜੇਠ ਮਾਰੇ ਬੋਲੀਆਂ।
‘ਆਪ’ ਤੇ ਕਾਂਗਰਸ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ- ਸਿਕੰਦਰ ਸਿੰਘ ਮਲੂਕਾ
ਤੁਹਾਡੇ ਕੋਲੋਂ ਵੀ ਅੱਕੇ ਹੋਏ ਲੋਕਾਂ ਨੇ ਹੀ ਤੁਹਾਨੂੰ ਤਿੰਨ ਸੀਟਾਂ ਤੱਕ ਲੈ ਆਂਦਾ ਸੀ।
ਅੰਸਾਰੀ ਦੀ ਪੰਜਾਬ ‘ਚ ਹੋਈ ਸ਼ਾਹੀ ਮਹਿਮਾਨ ਨਿਵਾਜ਼ੀ ਦੀ ਪੜਤਾਲ ਕਰੇ ਪੰਜਾਬ ਸਰਕਾਰ- ਬੀਰ ਦਵਿੰਦਰ ਸਿੰਘ
ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।
ਜਲੰਧਰ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਵਲੋਂ ਭਾਜਪਾ ਦੇ ਸਮਰਥਨ ਦਾ ਐਲਾਨ- ਇਕ ਖ਼ਬਰ
ਮੁੰਡਾ (ਸੁਖਦੇਵ ਸਿੰਘ ਢੀਂਡਸਾ) ਮੋਹ ਲਿਆ ਤਵੀਤਾਂ ਵਾਲ਼ਾ, ਦਮੜੀ ਦਾ ਸੱਕ ਮਲ਼ ਕੇ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਸ਼ਈ-ਦਾਦੂਵਾਲ
ਨਸ਼ਾ ਤਾਂ ਕੁਰਸੀ ਦਾ ਵੀ ਬਹੁਤ ਮਾੜਾ ਹੁੰਦੈ ਦਾਦੂਵਾਲ ਸਾਹਿਬ ਜੀ।
‘ਆਪ’ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੂਬੇ ‘ਚ ਸਰਕਾਰ ਬਣਾਈ- ਡਿੰਪਾ
ਹੱਥ ‘ਚ ਗੁਟਕਾ ਫੜ ਕੇ ਤੇ ਦਮਦਮਾ ਸਾਹਿਬ ਵਲ ਮੂੰਹ ਕਰ ਕੇ ਕਸਮਾਂ ਤਾਂ ਨਹੀਂ ਨਾ ਖਾਧੀਆਂ।
ਦਾਦੂਵਾਲ ਦੀ ਨਜ਼ਰ ਸਿਰਫ਼ ਪ੍ਰਧਾਨਗੀ ਦੀ ਕੁਰਸੀ ਉਪਰ ਹੈ- ਮਹੰਤ ਕਰਮਜੀਤ ਸਿੰਘ
ਕੰਢੇ ਕੰਢੇ ਹੀਰ ਭਾਲਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਐਮ.ਐਸ.ਪੀ.ਨਾਲ ਜੁੜੀ ਕਮੇਟੀ ਕਮਜ਼ੋਰ, ਸਰਕਾਰ ਦੀ ਨੀਅਤ ‘ਤੇ ਸ਼ੱਕ- ਕਾਂਗਰਸ
ਮਾਂਏਂ ਕਿਵੇਂ ਮੈਂ ਯਕੀਨ ਕਰ ਲਾਂ, ਮੁੰਡਾ ਰੱਖਦਾ ਦਿਲੇ ‘ਚ ਬੇਈਮਾਨੀ।
ਜੂਨ 2023 ਤੱਕ ਚੀਨ ਨੂੰ ਪਛਾੜ ਕੇ ਭਾਰਤ ਬਣ ਜਾਵੇਗਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼-ਇਕ ਖ਼ਬਰ
ਸਾਨੂੰ ਦਿਉ ਵਧਾਈਆਂ ਜੀ, ਬਣ ਜਾਣਾ ਵਿਸ਼ਵ ਗੁਰੂ ਅਸੀਂ।
ਕੇਂਦਰ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ-ਹਰਪਾਲ ਚੀਮਾ
ਆ ਵੇ ਮਾਹੀ ਬਹਿ ਵੇ ਮਾਹੀ, ਦਿਲ ਦਾ ਹਾਲ ਸੁਣਾਵਾਂ।
ਸੀ.ਬੀ.ਆਈ. ਤੇ ਈ.ਡੀ. ਵਰਗੀਆਂ ਏਜੰਸੀਆਂ ਤੱਥਾਂ ਦੇ ਆਧਾਰ ‘ਤੇ ਕੰਮ ਕਰਦੀਆਂ ਹਨ-ਸੰਬਿਤ ਪਾਤਰਾ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
ਪੰਜਾਬ ‘ਤੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਹੀ ਪੰਜਾਬ ਦੇ ਹਿਤਾਂ ਦਾ ਘਾਣ ਕੀਤਾ-ਡਾ.ਗੁਰਮੇਜ ਸਿੰਘ ਮਠਾੜੂ
ਫਕਰਦੀਨਾ ਕੀ ਦੱਸਾਂ ਹਾਲ ਤੈਨੂੰ, ਚੰਦਰੀ ਵਾੜ ਹੀ ਖਾ ਗਈ ਏ ਖੇਤ ਸਾਰਾ।
ਆਸਟਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਦਾ ਕੀਤਾ ਦਾਖ਼ਲਾ ਬੰਦ-ਇਕ ਖ਼ਬਰ
ਕੀਤੀਆਂ ਲੱਧੀ ਦੀਆਂ, ਪੇਸ਼ ਦੁੱਲੇ ਦੇ ਆਈਆਂ।
ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅਕਾਲੀ ਦਲ ਛੱਡ ਮੁੜ ਭਾਜਪਾ ‘ਚ ਜਾਣ ਲਈ ਤਿਆਰ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।
ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਤੇ ਲਾਲਪੁਰਾ ਵਲੋਂ ਬੀਬੀ ਜਗੀਰ ਕੌਰ ਨਾਲ ਮੁਲਾਕਾਤ- ਇਕ ਖ਼ਬਰ
ਟੁੱਟ ਜਾਊਗਾ ਬਲੌਰੀ ਚੂੜਾ, ਮਿੱਤਰਾ ਬਾਂਹ ਛੱਡ ਦੇ।