ਜਮਹੂਰੀ ਬਿਰਤਾਂਤ ਦੀ ਸਿਰਜਣਾ - ਸਵਰਾਜਬੀਰ

ਸਾਡੇ ਦੇਸ਼ ਵਿਚ ਸਥਿਤੀ ਇਹੋ ਜਿਹੀ ਹੈ ਕਿ ਉਹ ਦਾਨਿਸ਼ਵਰ, ਜਿਨ੍ਹਾਂ ਨੂੰ ਖੱਬੇ-ਪੱਖੀ ਅਤੇ ਉਦਾਰਵਾਦੀ ਕਿਹਾ ਜਾਂਦਾ ਸੀ, ਅੱਜ ਲੋਕਾਂ ਦੇ ਧਿਆਨ ਦੇ ਕੇਂਦਰ ਤੋਂ ਲਾਂਭੇ ਹੋ ਰਹੇ ਹਨ। ਉਨ੍ਹਾਂ ਦਾ ਇਸ ਤਰ੍ਹਾਂ ਹਾਸ਼ੀਏ ’ਤੇ ਧੱਕਿਆ ਜਾਣਾ ਸਥਾਪਤੀ ਦੀ ਸੋਚੀ-ਸਮਝੀ ਪ੍ਰਕਿਰਿਆ ਰਾਹੀਂ ਹੋਇਆ ਹੈ ਜਿਸ ਵਿਚ ਉਨ੍ਹਾਂ ਦੀ ਸੋਚ-ਸਮਝ ਨੂੰ ਨਿਸੱਤੀ, ਕੁਰਾਹੇ ਪਾਉਣ ਵਾਲੀ, ਲੋਕਾਂ ਤੋਂ ਬੇਗ਼ਾਨੀ ਅਤੇ ਵਿਦੇਸ਼ੀ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਕਹਿ ਕੇ ਉਸ ਨੂੰ ਗ਼ਲਤ ਤੇ ਸਤਹੀ ਕਰਾਰ ਦਿੱਤਾ ਗਿਆ ਹੈ। ਸਥਾਪਤੀ ਨਾਲ ਜੁੜੇ ਨਵੇਂ-ਪੁਰਾਣੇ ਵਿਚਾਰਵਾਨ ਇਸ ਸੋਚ ਨੂੰ ਦੇਸ਼-ਧ੍ਰੋਹੀ ਤੇ ਟੁਕੜੇ ਟੁਕੜੇ ਗੈਂਗ ਦੀ ਸੋਚ ਕਹਿਣ ਤਕ ਗਏ ਹਨ।
     ਖੱਬੇ-ਪੱਖੀ ਤੇ ਉਦਾਰਵਾਦੀ ਚਿੰਤਕ ਤੇ ਵਿਦਵਾਨ ਵੱਖ ਵੱਖ ਮੁੱਦਿਆਂ ’ਤੇ ਲੋਕ ਹਿੱਤਾਂ ਦੀ ਗੱਲ ਕਰਦੇ ਹੋਏ ਇਤਿਹਾਸ, ਸੱਭਿਆਚਾਰ ਤੇ ਧਾਰਮਿਕ ਰਵਾਇਤਾਂ ’ਚੋਂ ਸਾਂਝੀਵਾਲਤਾ ਲੱਭਦੇ ਹੋਏ ਸਰਕਾਰਾਂ ਅਤੇ ਕੱਟੜਪੰਥੀ ਰੁਝਾਨਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿਦਵਾਨਾਂ (ਖੱਬੇ-ਪੱਖੀਆਂ ਤੇ ਉਦਾਰਵਾਦੀਆਂ) ਨੂੰ ਸੁਣਨ, ਪੜ੍ਹਨ ਤੇ ਉਨ੍ਹਾਂ ਦੀਆਂ ਦਲੀਲਾਂ ਨੂੰ ਸਵੀਕਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘਟ ਚੁੱਕੀ ਹੈ।
       ਇਹ ਗਿਣਤੀ ਕਿਉਂ ਘਟੀ ਹੈ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੈ। ਖੱਬੇ-ਪੱਖੀ ਅਤੇ ਉਦਾਰਵਾਦੀ ਵਿਦਵਾਨ ਇਸ ਦਾ ਜਵਾਬ ਲੱਭਣ ਦਾ ਜ਼ੋਖ਼ਮ ਵੀ ਨਹੀਂ ਉਠਾਉਣਾ ਚਾਹੁੰਦੇ ਕਿਉਂਕਿ ਉਨ੍ਹਾਂ ਅਨੁਸਾਰ ਉਹ ਸਹੀ ਹਨ ਅਤੇ ਕੱਟੜਪੰਥੀਆਂ ਦੇ ਪਿੱਛੇ ਲੱਗੇ ਹੋਏ ਲੋਕ ਉਨ੍ਹਾਂ ਦੀਆਂ ਤਰਕਸ਼ੀਲ ਗੱਲਾਂ ਨੂੰ ਨਹੀਂ ਸਮਝ ਰਹੇ। ਕਿਉਂ ਨਹੀਂ ਸਮਝ ਰਹੇ? ਖੱਬੇ-ਪੱਖੀਆਂ ਅਤੇ ਉਦਾਰਵਾਦੀਆਂ ਦੇ ਤਰਕ ਲੋਕ-ਮਨ ਨੂੰ ਕਿਉਂ ਨਹੀਂ ਭਾਉਂਦੇ? ਇਨ੍ਹਾਂ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਮਹੱਤਵਪੂਰਨ ਹੈ। ਖੱਬੇ-ਪੱਖੀਆਂ ਦਾ ਇਕ ਹਿੱਸਾ ਦੇਸ਼ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਸਮੇਂ ਸਮੇਂ ਫਾਸ਼ੀਵਾਦੀ ਕਹਿ ਕੇ ਆਪਣੀ ਆਤਮਾ ਤੋਂ ਬੋਝ ਉਤਾਰ ਲੈਂਦਾ ਤੇ ਇਹ ਮਹਿਸੂਸ ਕਰਦਾ ਹੈ ਕਿ ਉਹ ਏਹੀ ਕਹਿ ਸਕਦੇ ਸਨ, ਏਹੀ ਕਹਿਣਾ ਇਨਕਲਾਬੀ ਤੇ ਖੱਬੇ-ਪੱਖੀ ਹੈ ਅਤੇ ਇਹ ਕਹਿ ਕੇ ਉਨ੍ਹਾਂ ਨੇ ਆਪਣਾ ਫ਼ਰਜ਼ ਅਦਾ ਕਰਾ ਦਿੱਤਾ ਹੈ।
     ਜਮਹੂਰੀ ਬਿਰਤਾਂਤ ਕਿਵੇਂ ਪੈਦਾ ਹੁੰਦੇ ਤੇ ਬਿਖਰਦੇ ਹਨ? ਇਸ ਦਾ ਉੱਤਰ 2020-21 ਦੇ ਕਿਸਾਨ ਅੰਦੋਲਨ ’ਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਅੰਦੋਲਨ ਦੀ ਬੁਨਿਆਦੀ ਤਾਕਤ ਕਿਸਾਨ ਜਥੇਬੰਦੀਆਂ ਸਨ ਜੋ ਕਿਸਾਨ ਆਗੂਆਂ ਤੇ ਕਿਸਾਨਾਂ ਦੀ ਦਹਾਕਿਆਂ ਦੀ ਮਿਹਨਤ ਅਤੇ ਸੰਘਰਸ਼ਾਂ ਸਦਕਾ ਬਣੀਆਂ ਸਨ। ਆਗੂਆਂ ਦੀਆਂ ਸਿਆਸੀ ਵਿਚਾਰਧਾਰਾਵਾਂ ਵੱਖ ਵੱਖ ਤਰ੍ਹਾਂ ਦੀਆਂ ਸਨ ਪਰ ਉਨ੍ਹਾਂ ਦੇ ਅੰਦੋਲਨ ਵਿਚ ਦੋ ਤਰ੍ਹਾਂ ਦੀ ਸਾਂਝ ਸੀ : ਬੁਨਿਆਦੀ ਜਮਹੂਰੀ ਖ਼ਾਸੇ ਦੀ ਵਿਚਾਰਧਾਰਕ ਸਾਂਝ ਅਤੇ ਖੇਤੀ ਕਾਨੂੰਨਾਂ ਵਿਰੁੱਧ ਲੜਨ ਦੀ ਰਣਨੀਤਕ ਸਾਂਝ। ਖੇਤੀ ਕਾਨੂੰਨ ਬਣਾਉਣ ਦਾ ਮਕਸਦ ਕਾਰਪੋਰੇਟ ਅਦਾਰਿਆਂ ਦੀ ਖੇਤੀ ਖੇਤਰ ਵਿਚ ਸਰਦਾਰੀ ਕਾਇਮ ਕਰਨੀ ਸੀ। ਕਿਸਾਨੀ ਦੇ ਚੇਤਨ ਹਿੱਸੇ ਨੇ ਇਸ ਖ਼ਤਰੇ ਨੂੰ ਪਛਾਣਿਆ ਅਤੇ ਇਸ ਵਿਰੁੱਧ ਘੋਲ ਵਿਚ ਨਿੱਤਰੀ। ਘੋਲ ਵਿਚੋਂ ਉੱਭਰੀ ਸਮਝ ਨੇ ਸਮਾਜ ਦੇ ਹੋਰ ਵਰਗਾਂ ਦੀ ਆਤਮਾ ਨੂੰ ਝੰਜੋੜਿਆ ਤੇ ਕਿਸਾਨ ਅੰਦੋਲਨ ਪੰਜਾਬ ਤੇ ਹਰਿਆਣਾ ਵਿਚ ਲੋਕ-ਅੰਦੋਲਨ ਬਣ ਗਿਆ। ਨੌਜਵਾਨਾਂ ਦੀ ਸ਼ਮੂਲੀਅਤ ਨੇ ਇਸ ਵਿਚ ਵੇਗ ਤੇ ਜੋਸ਼ ਭਰਿਆ। ਅੰਦੋਲਨ ਨੇ ਦੇਸ਼ ਦੇ ਸਭ ਸੂਬਿਆਂ ਵਿਚ ਨਵੀਂ ਤਰ੍ਹਾਂ ਦੀ ਸੋਚ ਤੇ ਊਰਜਾ ਦਾ ਸੰਚਾਰ ਕੀਤਾ। ਹਾਕਮ ਜਮਾਤ ਨੇ ਲੋਕ-ਅੰਦੋਲਨ ਦੀ ਤਾਕਤ ਨੂੰ ਪਛਾਣਿਆ ਅਤੇ ਖੇਤੀ ਕਾਨੂੰਨ ਵਾਪਸ ਲੈ ਲਏ। ਹਾਕਮ ਜਮਾਤ ਇਹ ਵੀ ਜਾਣਦੀ ਸੀ ਕਿ ਜੇ ਉਹ ਜਬਰ ਤੇ ਧੱਕੇ ਨਾਲ ਸਿੰਘੂ ਤੇ ਟਿੱਕਰੀ ਬੈਠੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰੇਗੀ ਤਾਂ ਉੱਥੇ ਹੋਣ ਵਾਲਾ ਖ਼ੂਨ-ਖ਼ਰਾਬਾ ਹਾਕਮ ਜਮਾਤ ਦੇ ਬਿਰਤਾਂਤ ਤੇ ਅਕਸ ਨੂੰ ਵੱਡਾ ਖ਼ੋਰਾ ਲਗਾਏਗਾ। ਇਸ ਲੜਾਈ ਵਿਚ ਕਿਸਾਨ-ਤਾਕਤ ਦੀ ਜਿੱਤ ਹੋਈ ਤੇ ਹਾਕਮ ਜਮਾਤ ਆਪਣੇ ਕੱਟੜਪੰਥੀ ਬਿਰਤਾਂਤ ਨੂੰ ਮਜ਼ਬੂਤ ਕਰਨ ਵੱਲ ਪਰਤ ਗਈ। ਇਸ ਸਭ ਕੁਝ ਦੇ ਬਾਵਜੂਦ ਕਿਸਾਨ ਅੰਦੋਲਨ ਦਾ ਬਿਰਤਾਂਤ ਸਿਆਸੀ ਬਿਰਤਾਂਤ ਬਣਾਉਣ/ਬਣਨ ਵਿਚ ਸਫ਼ਲ ਨਾ ਹੋਇਆ। ਅੰਦੋਲਨ ਦੁਆਰਾ ਊਰਜਿਤ ਪੰਜਾਬੀ ਸਮਾਜ ਨੇ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਨਕਾਰਿਆ ਅਤੇ ਆਮ ਆਦਮੀ ਪਾਰਟੀ ਨੂੰ ਅਪਣਾ ਲਿਆ।
       ਹਾਕਮ ਜਮਾਤ ਦੇ ਕੱਟੜਪੰਥੀ ਬਿਰਤਾਂਤ ਵਿਚ ਅਜਿਹਾ ਕੀ ਹੈ ਕਿ ਪੰਜਾਬ ਤੋਂ ਬਾਹਰ ਦੇ ਲੋਕਾਂ ਦਾ ਵੱਡਾ ਹਿੱਸਾ ਇਸ ਨੂੰ ਸਵੀਕਾਰ ਕਰ ਰਿਹਾ ਹੈ? ਖੱਬੇ-ਪੱਖੀ ਅਤੇ ਉਦਾਰਵਾਦੀ ਬਿਰਤਾਂਤਾਂ ਵਿਚ ਕੀ ਘਾਟਾਂ ਹਨ ਕਿ ਲੋਕ ਉਨ੍ਹਾਂ ਬਿਰਤਾਂਤਾਂ ਦੇ ਕਾਇਲ ਨਹੀਂ ਹੁੰਦੇ ਜਦੋਂਕਿ ਦਾਅਵਾ ਇਹ ਕੀਤਾ ਜਾਂਦਾ ਹੈ ਕਿ ਕੱਟੜਪੰਥੀ ਬਿਰਤਾਂਤ ਫਾਸ਼ੀਵਾਦੀ ਹੈ। ਕੀ ਕਾਰਨ ਹੈ ਕਿ ਫਾਸ਼ੀਵਾਦੀ ਤੇ ਨੀਮ-ਫਾਸ਼ੀਵਾਦੀ ਬਿਰਤਾਂਤ ਵਾਰ ਵਾਰ ਲੋਕਾਂ ਦੇ ਮਨਾਂ ਵਿਚ ਆਪਣਾ ਘਰ ਬਣਾਉਣ ਵਿਚ ਸਫ਼ਲ ਹੋ ਜਾਂਦੇ ਹਨ ਅਤੇ ਤਰਕਸ਼ੀਲ ਤੇ ਮਾਨਵਵਾਦੀ ਬਿਰਤਾਂਤ ਹਾਸ਼ੀਏ ’ਤੇ ਰਹਿ ਜਾਂਦੇ ਹਨ?
      ਕੀ ਇਸ ਦੇ ਅਰਥ ਇਹ ਨਿਕਲਦੇ ਹਨ ਕਿ ਤਰਕਸ਼ੀਲ, ਉਦਾਰਵਾਦੀ ਤੇ ਖੱਬੇ-ਪੱਖੀ ਦਾਨਿਸ਼ਵਰ ਆਪਣੀ ਲਿਖਤਾਂ ਅਤੇ ਬਿਰਤਾਂਤ ਪ੍ਰਤੀ ਇਮਾਨਦਾਰ ਨਹੀਂ? ਇਹ ਸਹੀ ਹੈ ਕਿ ਬਹੁਤ ਸਾਰੇ ਦਾਨਿਸ਼ਵਰਾਂ ਨੂੰ ਸਮਾਜ ਵਿਚ ਮੱਧ ਵਰਗੀ ਅਤੇ ਉੱਚ ਮੱਧ ਵਰਗੀ ਸਥਾਨ ਹਾਸਲ ਹੈ ਅਤੇ ਆਮ ਲੋਕਾਂ ਤੋਂ ਪੈਦਾ ਹੋਈ ਇਹ ਦੂਰੀ ਉਨ੍ਹਾਂ ਦੀਆਂ ਲਿਖਤਾਂ ਤੇ ਆਵਾਜ਼ ਨੂੰ ਕੁਝ ਕਮਜ਼ੋਰ ਕਰਦੀ ਹੈ, ਉਹ ਸਮਝੌਤਾਵਾਦੀ ਸੁਰਾਂ ਤੇ ਜੀਵਨ-ਜਾਚ ਅਪਣਾਉਂਦੇ ਹਨ ਪਰ ਇਹ ਕਹਿਣਾ ਵੀ ਗ਼ਲਤ ਹੋਵੇਗਾ ਕਿ ਇਹ ਦਾਨਿਸ਼ਵਰ ਲੋਕ-ਹਿੱਤਾਂ ਤੋਂ ਬਿਲਕੁਲ ਬੇਗ਼ਾਨੇ ਹਨ। ਉਹ ਆਵਾਜ਼ ਤਾਂ ਉਠਾਉਂਦੇ ਹਨ ਪਰ ਉਹ ਆਵਾਜ਼ ਲੋਕਾਂ ਤਕ ਵੱਡੀ ਪੱਧਰ ’ਤੇ ਨਹੀਂ ਪਹੁੰਚਦੀ ਅਤੇ ਜੇ ਪਹੁੰਚਦੀ ਵੀ ਹੈ ਤਾਂ ਇਹ ਲੋਕ-ਮਨ ਵਿਚ ਸਮਾਜ ਅਤੇ ਸਿਆਸਤ ਵਿਚ ਹੋ ਰਹੇ ਅਨਿਆਂ ਵਿਰੁੱਧ ਸੰਘਰਸ਼ ਕਰਨ ਦੀ ਗੂੰਜ ਪੈਦਾ ਨਹੀਂ ਕਰ ਸਕਦੀ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਸਾਰੇ ਸੰਸਾਰ ਵਿਚ ਵਾਪਰ ਰਿਹਾ ਹੈ ਕਿਉਂਕਿ ਖ਼ਪਤਕਾਰੀ (Consumerist) ਜੀਵਨ-ਜਾਚ ਅਤੇ ਧਾਰਮਿਕ ਤੇ ਨਸਲਵਾਦੀ ਬੁਨਿਆਦਪ੍ਰਸਤੀ ਨੇ ਲੋਕਾਂ ਦੇ ਮਨਾਂ ’ਤੇ ਗ਼ਲਬਾ ਪਾ ਲਿਆ ਹੈ। ਮਿਹਨਤਕਸ਼ਾਂ ਦੇ ਵੱਡੇ ਹਿੱਸੇ ਕੋਲ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਇਹ ਸੰਦੇਸ਼ ਪਹੁੰਚਾਇਆ ਜਾਂਦਾ ਹੈ ਕਿ ਕਿਵੇਂ ਉਨ੍ਹਾਂ ਦਾ ਧਰਮ, ਨਸਲ, ਜਾਤ ਆਦਿ ਖ਼ਤਰੇ ਵਿਚ ਹਨ, ਉਨ੍ਹਾਂ ਅੰਦਰ ਜਜ਼ਬਿਆਂ ਦੀ ਹਨੇਰੀ ਪੈਦਾ ਕਰ ਕੇ ਉਨ੍ਹਾਂ ਨੂੰ ਦੂਸਰੇ ਧਰਮਾਂ, ਫ਼ਿਰਕਿਆਂ, ਨਸਲਾਂ ਤੇ ਜਾਤਾਂ ਦੇ ਲੋਕਾਂ ਨਾਲ ਨਫ਼ਰਤ ਕਰਨੀ ਸਿਖਾਈ ਜਾਂਦੀ ਹੈ।
       ਦੂਸਰੇ ਪਾਸੇ ਮੱਧ ਵਰਗ ਦੇ ਲੋਕਾਂ ਨੂੰ ਖ਼ਪਤ ਦੀ ਦੁਨੀਆ ਦੀ ਚਮਕ-ਦਮਕ ਵਿਚ ਮਗਨ ਰੱਖਿਆ ਜਾਂਦਾ ਹੈ ਜਿਸ ਵਿਚ ਚਮਕ-ਦਮਕ ਵਾਲੀਆਂ ਵਸਤਾਂ ਨੂੰ ਖ਼ੁਸ਼ੀ ਹਾਸਲ ਕਰਨ ਦੇ ਸਾਧਨ ਵਜੋਂ ਦਰਸਾਇਆ ਜਾਂਦਾ ਹੈ। ਇਸ਼ਤਿਹਾਰਬਾਜ਼ੀ ਰਾਹੀਂ ਵਸਤਾਂ ਨੂੰ ਵਡਿਆ ਕੇ ਮੱਧ ਵਰਗ ਦੇ ਲੋਕਾਂ ਦੇ ਮਨ ਵਿਚ ਇਹ ਭਾਵਨਾ ਭਰੀ ਜਾਂਦੀ ਹੈ ਕਿ ਉਨ੍ਹਾਂ ਨੂੰ ਨਵੇਂ ਤੋਂ ਨਵਾਂ ਮੋਬਾਈਲ, ਕਾਰ, ਫਰਿੱਜ ਅਤੇ ਹੋਰ ਵਸਤਾਂ ਚਾਹੀਦੀਆਂ ਹਨ, ਉਹ ਜ਼ਰੂਰੀ ਹਨ, ਉਹ (ਵਸਤਾਂ) ਉਨ੍ਹਾਂ ਨੂੰ ਖ਼ੁਸ਼ੀ ਦੇਣਗੀਆਂ। ਲੋਕ ਵਸਤਾਂ ਪ੍ਰਾਪਤ ਕਰ ਕੇ ਖ਼ੁਸ਼ ਹੁੰਦੇ ਵੀ ਹਨ, ਇਸ ਖ਼ੁਸ਼ੀ ਨੂੰ ਪੂਰੀ ਤਰ੍ਹਾਂ ਗ਼ੈਰ-ਕੁਦਰਤੀ ਵੀ ਨਹੀਂ ਕਿਹਾ ਜਾ ਸਕਦਾ ਪਰ ਲੋਕਾਂ ਦੇ ਮਨਾਂ ਵਿਚ ਇਸ ਤਰ੍ਹਾਂ ਦੀਆਂ ਚਾਹਤਾਂ ਦਾ ਵੱਡਾ ਹਿੱਸਾ ਕੁਝ ਤਾਂ ਇਸ਼ਤਿਹਾਰਬਾਜ਼ੀ ਰਾਹੀਂ ਪੈਦਾ ਕੀਤਾ ਜਾਂਦਾ ਹੈ ਅਤੇ ਕੁਝ ਮੀਡੀਆ ਤੇ ਗਿਆਨ-ਵਿਗਿਆਨ ਦੇ ਹੋਰ ਖੇਤਰਾਂ ਵਿਚ ਅਜਿਹੇ ਬਿਰਤਾਂਤ ਪੈਦਾ ਕਰ ਕੇ ਜਿਨ੍ਹਾਂ ਅਨੁਸਾਰ ਲੋਕਾਂ ਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਇਹ ਵਸਤਾਂ ਉਨ੍ਹਾਂ ਦੀ ਜ਼ਰੂਰਤ ਹਨ।
       ਕੀ ਇਸ ਤੋਂ ਇਹ ਸਿੱਟਾ ਕੱਢਿਆ ਜਾਵੇ ਕਿ ਸਾਡੇ ਦਾਨਿਸ਼ਵਰ ਜਮਹੂਰੀ ਬਿਰਤਾਂਤ ਸਿਰਜਣ ਤੋਂ ਅਸਮਰੱਥ ਹਨ? ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜਮਹੂਰੀ ਬਿਰਤਾਂਤ ਉਦੋਂ ਹੀ ਸਿਰਜੇ ਜਾਂਦੇ ਅਤੇ ਤਾਕਤਵਰ ਹੁੰਦੇ ਹਨ ਜਦੋਂ ਸਮਾਜ ਸੰਘਰਸ਼ ਕਰ ਰਿਹਾ ਹੋਵੇ, ਫ਼ਿਰਕਾਪ੍ਰਸਤੀ ਵਿਚ ਗ੍ਰਸੇ ਸਮਾਜ ਵਿਚ ਜਮਹੂਰੀ ਬਿਰਤਾਂਤ ਕਮਜ਼ੋਰ ਪੈ ਜਾਂਦੇ ਹਨ। ਇਹ ਦਲੀਲ ਕੁਝ ਹੱਦ ਤਕ ਸਹੀ ਹੈ ਪਰ ਇਹ ਇਸ ਤੱਥ ਦੀ ਨਿਸ਼ਾਨਦੇਹੀ ਵੀ ਕਰਦੀ ਹੈ ਕਿ ਅਸਫ਼ਲਤਾਵਾਂ ਤੇ ਨਿਰਾਸ਼ਾ ਦੇ ਦੌਰ ਵਿਚ ਜਮਹੂਰੀ ਬਿਰਤਾਂਤ ਸਿਰਜਣ ਦਾ ਮਹੱਤਵ ਬਹੁਤ ਵਧ ਜਾਂਦਾ ਹੈ।
       ਲੋਕ ਮਨ ਨਾਲ ਸਾਂਝ ਪਾਉਣ ਵਾਲੇ ਜਮਹੂਰੀ ਬਿਰਤਾਂਤ ਦਾਨਿਸ਼ਵਰਾਂ ਤੋਂ ਦਿਆਨਤਦਾਰੀ ਤੇ ਇਮਾਨਦਾਰੀ ਦੇ ਨਾਲ ਨਾਲ ਉੱਚੇ ਪੱਧਰ ਦੀ ਖੋਜ, ਤੱਥਾਂ ਨੂੰ ਪੜਚੋਲਣ ਦੀ ਸਮਰੱਥਾ ਅਤੇ ਇਤਿਹਾਸ ਤੇ ਸੱਭਿਆਚਾਰ ਦੀ ਡੂੰਘੀ ਜਾਣਕਾਰੀ ਦੀ ਮੰਗ ਕਰਦੇ ਹਨ, ਸਤਹੀ ਬਿਰਤਾਂਤ ਪ੍ਰਾਪੇਗੰਡਾ ਤਾਂ ਹੋ ਸਕਦੇ ਹਨ ਪਰ ਜਮਹੂਰੀ ਬਿਰਤਾਂਤ ਨਹੀਂ। ਇਸ ਦੇ ਨਾਲ ਨਾਲ ਜਮਹੂਰੀ ਬਿਰਤਾਂਤ ਉੱਚ ਦਰਜੇ ਦੀ ਸਾਹਿਤਕ ਤੇ ਸਜੀਵ ਭਾਸ਼ਾ ਤੇ ਸ਼ੈਲੀ ਦੀ ਮੰਗ ਕਰਦੇ ਹਨ। ਖੱਬੇ-ਪੱਖੀ ਵਿਚਾਰਵਾਨਾਂ ਦੀ ਬਹਿਸ ਵਿਚ ਇਹ ਮੰਨਿਆ ਗਿਆ ਹੈ ਕਿ ਭਾਸ਼ਾ ਨਾ ਤਾਂ ਸਮਾਜਿਕ ਬਣਤਰ ਦੇ ਆਧਾਰ (ਜਿਸ ਵਿਚ ਸਮਾਜ ਦੇ ਆਰਥਿਕ ਰਿਸ਼ਤੇ ਤੇ ਅਜਿਹੇ ਰਿਸ਼ਤਿਆਂ ਵਿਚਲੇ ਸਬੰਧ ਆਉਂਦੇ ਹਨ) ਦਾ ਹਿੱਸਾ ਹੈ ਅਤੇ ਨਾ ਹੀ ਉਸਾਰ (ਸੁਪਰਸਟਰਕਚਰ - ਆਰਥਿਕ ਆਧਾਰ ’ਤੇ ਬਣਦੀ ਸਿਆਸੀ, ਕਾਨੂੰਨੀ ਤੇ ਧਾਰਮਿਕ ਵਿਚਾਰਧਾਰਕ ਬਣਤਰ) ਦਾ ਹਿੱਸਾ। ਭਾਸ਼ਾ ਵਿਚ ਆਦਿ ਸਰੋਤਾਂ ਤੋਂ ਲੈ ਕੇ ਇਤਿਹਾਸ ਦੇ ਵੱਖ ਵੱਖ ਦੌਰਾਂ ’ਚੋਂ ਪ੍ਰਾਪਤ ਤਰੰਗਾਂ ਮੌਜੂਦ ਹੁੰਦੀਆਂ ਹਨ। ਸਮਰੱਥ ਜਮਹੂਰੀ ਬਿਰਤਾਂਤਾਂ ਨੂੰ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਦੀਆਂ ਰਮਜ਼ਾਂ ਤੇ ਤਰੰਗਾਂ ਨੂੰ ਆਪਣੇ ਅੰਦਰ ਸਮੋਣਾ ਪੈਣਾ ਹੈ। ਸਾਹਿਤਕ ਮਿਆਰ ਤੋਂ ਪਰਾਈ, ਸਪਾਟ, ਫ਼ਤਵੇਬਾਜ਼ੀ ਤੇ ਨਾਅਰੇਮਈ ਭਾਸ਼ਾ ’ਚ ਲਿਖੀਆਂ ਲਿਖਤਾਂ ਜਮਹੂਰੀ ਬਿਰਤਾਂਤ ਦੀ ਜ਼ਮੀਨ ਨਹੀਂ ਬਣ ਸਕਦੀਆਂ।
       ਅਸਫ਼ਲਤਾ ਦੇ ਸਮਿਆਂ ਵਿਚ ਜਮਹੂਰੀ ਬਿਰਤਾਂਤ ਸਿਰਜਣਾ ਅਜਿਹੀ ਚੁਣੌਤੀ ਹੈ ਜਿਸ ਨੂੰ ਉਹੀ ਲੋਕ-ਪੱਖੀ ਦਾਨਿਸ਼ਵਰ ਸਵੀਕਾਰ ਕਰ ਸਕਦੇ ਹਨ ਜਿਹੜੇ ਸਥਾਪਤੀ ਨਾਲ ਲੰਮੇ ਸਮੇਂ ਤਕ ਹੋਣ ਵਾਲੇ ਟਕਰਾਅ ਨੂੰ ਸਵੀਕਾਰ ਕਰਨ ਦੇ ਨਾਲ ਨਾਲ ਆਪਣੇ ਭੂਗੋਲਿਕ ਖ਼ਿੱਤੇ ਦੀ ਸੱਭਿਆਚਾਰਕ ਵਿਰਾਸਤ ਨਾਲ ਸਿਰਜਣਾਤਮਕ ਤੌਰ ’ਤੇ ਜੁੜਨ ਦੀ ਸਮਰੱਥਾ ਰੱਖਦੇ ਹੋਣ। ਲੋਕ-ਪੱਖੀ ਦਾਨਿਸ਼ਵਰਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰਕ ਤੇ ਧਾਰਮਿਕ ਵਿਰਸੇ ਦੀ ਡੂੰਘੀ ਪੜ੍ਹਤ ਕਰਨ ਦੀ ਜ਼ਰੂਰਤ ਹੈ ਜਿਸ ’ਚੋਂ ਉਹ ਅਜਿਹੀ ਭਾਸ਼ਾ ਤੇ ਬਿਰਤਾਂਤ ਸਿਰਜਣ ਜੋ ਲੋਕ-ਸੰਘਰਸ਼ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਅਤੇ ਉਨ੍ਹਾਂ ਦੀ ਵਾਣੀ ਬਣਨ। ਅਜਿਹੇ ਬਿਰਤਾਂਤ ਸਿਰਜਣ ਲਈ ਦਾਨਿਸ਼ਵਰਾਂ ਨੂੰ ਸਖ਼ਤ ਮਿਹਨਤ, ਸਿਰੜ ਤੇ ਲਗਨ ਨਾਲ ਕੰਮ ਕਰਨ ਦੀ ਜ਼ਰੂਰਤ ਹੈ।