ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ ਤੋਂ ਵੱਡੇ ਚੋਰ ਬੇਪ੍ਰਵਾਹ ਤੇ ਆਮ ਆਦਮੀ ਡਰਿਆ ਕਿਉਂ ਪਿਐ? -ਜਤਿੰਦਰ ਪਨੂੰ
ਪਿਛਲੇ ਕਈ ਦਿਨਾਂ ਦੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਪੰਝੀ ਨਵੰਬਰ ਦੇ ਦਿਨ ਵੀ ਪਾਰਲੀਮੈਂਟ ਦਾ ਕੰਮ ਲੱਗਭੱਗ ਠੱਪ ਵਰਗਾ ਰਿਹਾ ਸੀ, ਪਰ ਇਸ ਦਾ ਪਹਿਲਾਂ ਤੋਂ ਇੱਕ ਫਰਕ ਸੀ। ਇਸ ਵਾਰੀ ਇੱਕ ਨਵਾਂ ਮੁੱਦਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਓਸੇ ਦਿਨ ਕੀਤੀ ਇੱਕ ਤਕਰੀਰ ਤੋਂ ਪੈਦਾ ਹੋ ਗਿਆ ਸੀ। ਕਿਸੇ ਸਮਾਗਮ ਵਿੱਚ ਬੋਲਦੇ ਹੋਏ ਉਨ੍ਹਾਂ ਨੇ ਇਹ ਗੱਲ ਛੇੜ ਲਈ ਕਿ ਭਾਰਤ ਵਿੱਚੋਂ ਭ੍ਰਿਸ਼ਟਾਚਾਰ ਨੂੰ ਹੂੰਝਣ ਲਈ ਅਸੀਂ ਵੱਡੇ ਨੋਟ ਬੰਦ ਕਰਨ ਦਾ ਜਦੋਂ ਸਖਤ ਫੈਸਲਾ ਲਿਆ ਤਾਂ ਆਮ ਲੋਕ ਖੁਸ਼ ਹੋਏ ਹਨ ਤੇ ਵਿਰੋਧ ਸਿਰਫ ਉਹੀ ਕਰਦੇ ਹਨ, ਜਿਨ੍ਹਾਂ ਨੂੰ ਲੁਕਾ ਕੇ ਰੱਖੇ ਹੋਏ ਇਹੋ ਜਿਹੇ ਨੋਟਾਂ ਦੇ ਬਕਸੇ ਸੰਭਾਲਣ ਦਾ ਮੌਕਾ ਨਹੀਂ ਮਿਲਿਆ। ਲਫਜ਼ਾਂ ਦਾ ਫਰਕ ਹੋ ਸਕਦਾ ਹੈ, ਪਰ ਤਕਰੀਰ ਵਿੱਚ ਕਹੇ ਸ਼ਬਦਾਂ ਦਾ ਸਾਰ ਇਹੋ ਸੀ। ਪਾਰਲੀਮੈਂਟ ਵਿੱਚ ਕਈ ਲੋਕ ਇਸ ਤੋਂ ਭੜਕ ਪਏ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਆਪਣੇ ਇਸ ਕਦਮ ਦਾ ਵਿਰੋਧ ਕਰਨ ਦਾ ਲੋਕਤੰਤਰੀ ਹੱਕ ਵਰਤਣ ਵਾਲੀਆਂ ਸਭਨਾਂ ਧਿਰਾਂ ਨੂੰ ਕਾਲਾ ਧਨ ਰੱਖੀ ਬੈਠੇ ਭ੍ਰਿਸ਼ਟਾਚਾਰੀਏ ਕਹਿ ਦਿੱਤਾ ਹੈ। ਗੁੱਸੇ ਵਿੱਚ ਆਏ ਉਹ ਲੋਕ ਪ੍ਰਧਾਨ ਮੰਤਰੀ ਤੋਂ ਇਸ ਤਰ੍ਹਾਂ ਦੀ ਹਮਲਾਵਰੀ ਤੇ ਦੂਸ਼ਣਬਾਜ਼ੀ ਦੀ ਭਾਸ਼ਾ ਲਈ ਮੁਆਫੀ ਮੰਗਣ ਦੀ ਆਸ ਰੱਖਦੇ ਸਨ। ਏਦਾਂ ਦੀ ਮੰਗ ਕਰਨੀ ਹੀ ਗਲਤ ਸੀ। ਉਨ੍ਹਾਂ ਨੂੰ ਲੋਕਤੰਤਰੀ ਹੱਕ ਵਿੱਚ ਜਵਾਬ ਦੇਣਾ ਚਾਹੀਦਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਵਿਰੋਧ ਸਿਰਫ ਉਹ ਲੋਕ ਕਰਦੇ ਹਨ, ਜਿਨ੍ਹਾਂ ਨੂੰ ਮਾਲ ਸੰਭਾਲਣ ਦਾ ਮੌਕਾ ਨਹੀਂ ਮਿਲਿਆ ਤਾਂ ਇਸ ਦਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਇਸ ਦੀ ਹਮਾਇਤ ਸਿਰਫ ਉਹ ਲੋਕ ਕਰ ਰਹੇ ਹਨ, ਜਿਨ੍ਹਾਂ ਨੂੰ ਅਗੇਤੀ ਸੂਹ ਮਿਲਣ ਨਾਲ ਆਪਣਾ ਕਾਲਾ ਧਨ ਸੰਭਾਲਣ ਵਾਸਤੇ ਕੋਈ ਮੌਕਾ ਨਸੀਬ ਹੋ ਗਿਆ ਸੀ। ਏਦਾਂ ਹਿਸਾਬ ਬਰਾਬਰ ਹੋ ਜਾਣਾ ਸੀ।
ਅਸੀਂ ਇਸ ਚੀਰ-ਪਾੜ ਵਿੱਚ ਪੈਣ ਦੀ ਲੋੜ ਨਹੀਂ ਸਮਝਦੇ ਕਿ ਪ੍ਰਧਾਨ ਮੰਤਰੀ ਵੱਲੋਂ ਮਾਰੀ ਕਸੂਤੀ ਸੱਟ ਦੇ ਨਾਲ ਕਿਸ ਨੂੰ ਕਿਹੜੀ ਗੱਲ ਤੋਂ ਕਿੰਨੀ ਤਕਲੀਫ ਹੋਈ ਹੈ, ਸਗੋਂ ਇਸ ਦੌਰਾਨ ਇਹ ਵੇਖਣ ਦਾ ਯਤਨ ਕਰਦੇ ਰਹੇ ਹਾਂ ਕਿ ਸੱਟ ਮਾਰਨ ਵਾਲੇ ਮੋਦੀ ਦੇ ਆਪਣੇ ਨੇੜਲੇ ਕੁਝ ਲੋਕਾਂ ਦੇ ਗਿੱਟੇ ਵੀ ਸੇਕੇ ਗਏ ਜਾਪਦੇ ਹਨ। ਇਹ ਖਬਰ ਛੋਟੀ ਤਾਂ ਨਹੀਂ ਕਿ ਮਹਾਰਾਸ਼ਟਰ ਵਿੱਚ ਇੱਕ ਮੰਤਰੀ ਦੀ ਕਾਰ ਵਿੱਚੋਂ ਬਾਨਵੇਂ ਲੱਖ ਰੁਪਏ ਪੁਲਸ ਨੇ ਫੜੇ ਹਨ। ਉਸ ਰਾਜ ਵਿੱਚ ਸ਼ਿਵ ਸੈਨਾ ਨਾਲ ਭਾਜਪਾ ਦੀ ਸਾਂਝੀ ਸਰਕਾਰ ਹੈ ਤੇ ਸਾਡਾ ਪਹਿਲਾ ਪ੍ਰਭਾਵ ਇਹ ਸੀ ਕਿ ਭਾਈਵਾਲ ਪਾਰਟੀ ਦਾ ਕੋਈ ਬੰਦਾ ਰਗੜ ਦਿੱਤਾ ਲੱਗਦਾ ਹੈ। ਬਾਅਦ ਵਿੱਚ ਜਾਣਕਾਰੀ ਮਿਲੀ ਕਿ ਜਿਸ ਮੰਤਰੀ ਦੀ ਕਾਰ ਵਿੱਚ ਏਨਾ ਮਾਲ ਮਿਲਿਆ ਹੈ, ਉਹ ਭਾਜਪਾ ਦਾ ਆਪਣਾ ਆਗੂ ਅਤੇ ਕੈਬਨਿਟ ਦਰਜੇ ਨਾਲ ਕੋਆਪਰੇਟਿਵ ਮਹਿਕਮੇ ਦਾ ਮੰਤਰੀ ਹੈ। ਇਸ ਬਾਰੇ ਬਾਅਦ ਵਿੱਚ ਜੋ ਵੀ ਸਫਾਈ ਦਿੱਤੀ ਜਾ ਰਹੀ ਹੋਵੇ, ਆਮ ਲੋਕਾਂ ਨੂੰ ਭਾਜਪਾ ਆਗੂਆਂ ਦੇ ਭ੍ਰਿਸ਼ਟਾਚਾਰੀਏ ਹੋਣ ਦਾ ਜਿਹੜਾ ਪ੍ਰਭਾਵ ਭਾਜਪਾ ਮੰਤਰੀ ਪੰਕਜਾ ਮੁੰਡੇ ਦੇ ਖਿਲਾਫ ਦੋ ਸੌ ਕਰੋੜ ਰੁਪਏ ਤੋਂ ਵੱਧ ਦੇ ਰੌਲੇ ਤੋਂ ਮਿਲਿਆ ਸੀ, ਉਹ ਇਸ ਮੰਤਰੀ ਦੀ ਕਾਰ ਵਿੱਚੋਂ ਮੋਟਾ ਮਾਲ ਫੜੇ ਜਾਣ ਨਾਲ ਹੋਰ ਵੀ ਪੱਕਾ ਹੋ ਗਿਆ ਹੈ।
ਜਿਹੜਾ ਸਮਾਂ ਅਸੀਂ ਇਸ ਸਾਰੇ ਖਿਲਾਰੇ ਦੀ ਚੀਰ-ਪਾੜ ਉੱਤੇ ਬਿਨਾਂ ਕਾਰਨ ਖਰਚ ਕਰ ਸਕਦੇ ਹਾਂ, ਉਸ ਦੀ ਥਾਂ ਪੰਜਾਬ ਵਿੱਚ ਸੁਣੀ ਜਾ ਰਹੀ ਇਸ ਚਰਚਾ ਦਾ ਜ਼ਿਕਰ ਕਰ ਦੇਣਾ ਹੀ ਕਾਫੀ ਹੈ ਕਿ ਭਾਜਪਾ ਦੇ ਭਾਈਵਾਲ ਅਕਾਲੀ ਆਗੂ ਵੀ ਉੱਪਰੋਂ-ਉੱਪਰੋਂ ਨੋਟਬੰਦੀ ਦੀ ਹਮਾਇਤ ਕਰਦੇ ਹਨ ਤੇ ਦਿਲ ਤੋਂ ਦੁਖੀ ਹਨ। ਚਰਚਾ ਸੱਚੀ ਹੈ ਜਾਂ ਸਿਰਫ ਸਿਆਸੀ ਅਫਵਾਹ ਹੈ, ਸਾਨੂੰ ਇਸ ਦਾ ਪਤਾ ਨਹੀਂ, ਪਰ ਇਹੋ ਗੱਲ ਕੁਝ ਕਾਂਗਰਸੀ ਆਗੂਆਂ ਬਾਰੇ ਵੀ ਕਹੀ ਜਾ ਰਹੀ ਹੈ। ਲੱਗਦਾ ਹੈ ਕਿ ਕਾਂਗਰਸ ਬਾਰੇ ਅਕਾਲੀ-ਭਾਜਪਾ ਵਾਲੇ ਅਤੇ ਉਨ੍ਹਾਂ ਬਾਰੇ ਏਦਾਂ ਦੀਆਂ ਗੱਲਾਂ ਕਾਂਗਰਸ ਵਾਲੇ ਚਲਾ ਰਹੇ ਹਨ। ਉਂਜ ਦੋਵੇਂ ਧਿਰਾਂ ਦੁਖੀ ਜਾਪਦੀਆਂ ਹਨ, ਮੋਦੀ ਦੇ ਭਾਈਵਾਲ ਵੀ ਤੇ ਸਿਆਸੀ ਵਿਰੋਧੀ ਵੀ।
ਆਮ ਲੋਕ ਦੁਖੀ ਹਨ ਤੇ ਇਨ੍ਹਾਂ ਸਭਨਾਂ ਸਿਆਸੀ ਧਿਰਾਂ ਨਾਲੋਂ ਵੱਧ ਦੁਖੀ ਹਨ, ਪਰ ਉਹ ਸਿਰਫ ਬੈਂਕਾਂ ਅੱਗੇ ਲੱਗੀ ਲਾਈਨ ਵਿੱਚ ਚੀਕਦੇ ਹਨ, ਅੱਗੋਂ-ਪਿੱਛੋਂ ਇਹ ਕਹਿ ਕੇ ਚੁੱਪ ਹੋ ਜਾਂਦੇ ਹਨ ਕਿ ਐਵੇਂ ਕੱਲ੍ਹ ਨੂੰ ਕਿਸੇ ਸ਼ਿਕਾਇਤ ਕਰ ਦਿੱਤੀ ਕਿ ਫਲਾਣਾ ਬੜਾ ਚੀਕਦਾ ਸੀ ਤਾਂ ਰਗੜੇ ਨਾ ਜਾਂਦੇ ਹੋਈਏ। ਸਧਾਰਨ ਲੋਕਾਂ ਉੱਤੇ ਇਸ ਤਰ੍ਹਾਂ ਦਾ ਦਬਾਅ ਕਿ ਉਨ੍ਹਾਂ ਦੀ ਗੱਲ ਕੰਧਾਂ ਵੀ ਸੁਣਦੀਆਂ ਹਨ, ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਇਸ ਦਾ ਇਹੋ ਜਿਹਾ ਅਰਥ ਨਹੀਂ ਕੱਢਿਆ ਜਾ ਸਕਦਾ ਕਿ ਦੇਸ਼ ਦੇ ਸਾਰੇ ਲੋਕ ਭ੍ਰਿਸ਼ਟਾਚਾਰੀ ਹੋ ਗਏ ਹਨ ਅਤੇ ਏਥੇ ਹੁਣ ਕੋਈ ਇਮਾਨਦਾਰੀ ਦੀ ਵਫਾ ਪਾਲਣ ਵਾਲਾ ਬਚਿਆ ਹੀ ਨਹੀਂ। ਫਿਰ ਵੀ ਲੋਕ ਘਬਰਾਹਟ ਵਿੱਚ ਹਨ। ਇਸ ਪਿੱਛੇ ਕਾਰਨ ਵੀ ਉਹ ਦੱਸ ਦੇਂਦੇ ਹਨ ਕਿ ਮੋਟਾ ਮਾਲ ਦੱਬੀ ਬੈਠੇ ਵੱਡੇ ਚੋਰਾਂ ਦੀ ਜਾਂਚ ਕਰਨ ਵਾਲੇ ਅਫਸਰ ਜਾਪਾਨ ਜਾਂ ਸਵੀਡਨ ਤੋਂ ਨਹੀਂ ਆਉਣੇ, ਉਨ੍ਹਾਂ ਜਾਂਚ ਏਜੰਸੀਆਂ ਦੇ ਅਧਿਕਾਰੀ ਹੀ ਹੋਣਗੇ, ਜਿਹੜੀਆਂ ਪਹਿਲਾਂ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਪਰਦੇ ਢੱਕਣ ਦੇ ਰਾਹ ਰੱਖਣੇ ਤੇ ਵਰਤਣੇ ਜਾਣਦੀਆਂ ਹਨ। ਲੋਕ ਕਹਿੰਦੇ ਹਨ ਕਿ ਵੱਡੇ ਚੋਰਾਂ ਨੇ 'ਸਾਰਾ ਜਾਂਦਾ ਵੇਖ ਲਿਆ ਤਾਂ ਅੱਧਾ ਦੇਈਏ ਰੋੜ੍ਹ' ਦਾ ਫਾਰਮੂਲਾ ਵਰਤ ਕੇ ਬਚ ਜਾਣਾ ਹੈ, ਪਰ ਇਸ ਨਾਲ ਆਮ ਲੋਕਾਂ ਦਾ ਘਾਣ ਹੋ ਜਾਣਾ ਹੈ।
ਆਖਰ ਇਹ ਆਮ ਆਦਮੀ ਕਿਸ ਗੱਲੋਂ ਤ੍ਰਹਿਕਿਆ ਪਿਆ ਹੈ? ਇਸ ਨੂੰ ਸਮਝ ਲੈਣਾ ਚਾਹੀਦਾ ਹੈ। ਸਰਕਾਰ ਕਹਿੰਦੀ ਹੈ ਕਿ ਹੁਣ ਨਕਦੀ ਦੀ ਵਰਤੋਂ ਕਰਨ ਦੀ ਥਾਂ ਈ-ਕਾਰੋਬਾਰ ਵਿਕਸਤ ਕਰਨਾ ਹੈ। ਇਸ ਢੰਗ ਨਾਲ ਲੋਕਾਂ ਨੂੰ ਜੇਬ ਵਿੱਚ ਨਕਦੀ ਰੱਖਣ ਦੀ ਥਾਂ ਕਰੈਡਿਟ ਕਾਰਡ ਜਾਂ ਮੋਬਾਈਲ ਫੋਨ ਵਿੱਚ 'ਪੇ-ਟੀ ਐੱਮ' ਵਰਗੇ ਕੁਝ ਢੰਗ ਵਰਤਣ ਦੀ ਜਾਚ ਸਿੱਖਣੀ ਪਵੇਗੀ। ਔਖ ਇਸ ਕੰਮ ਵਿੱਚ ਕੁਝ ਨਹੀਂ। ਆਮ ਲੋਕਾਂ ਨੇ ਮੋਬਾਈਲ ਦੇ ਵਟਸ-ਐਪ ਦੇ ਪ੍ਰੋਗਰਾਮ ਵਰਤਣੇ ਸਿੱਖਣ ਵਿੱਚ ਕੋਤਾਹੀ ਨਹੀਂ ਕੀਤੀ ਤਾਂ ਇਹ ਵੀ ਸਿੱਖ ਲੈਣਗੇ, ਪਰ ਇਸ ਗੱਲੋਂ ਡਰ ਹੈ ਕਿ ਸਬਜ਼ੀ ਵੇਚਣ ਵਾਲੇ ਤੋਂ ਲੈ ਕੇ ਛੋਲੇ-ਕੁਲਚਿਆਂ ਦੀ ਰੇੜ੍ਹੀ ਵਾਲਿਆਂ ਤੱਕ ਦੀ ਵੱਟਕ ਦਾ ਹਰ ਪੈਸਾ ਨਾਲੋ-ਨਾਲ ਬੈਂਕ ਖਾਤੇ ਤੋਂ ਹੁੰਦਾ ਹੋਇਆ ਟੈਕਸ ਏਜੰਸੀਆਂ ਦੇ ਰਿਕਾਰਡ ਵਿੱਚ ਵੀ ਚੜ੍ਹ ਜਾਵੇਗਾ। ਭਾਰਤ ਵਿੱਚ ਹਰ ਚੀਜ਼ ਉੱਤੇ ਟੈਕਸ ਹੈ, ਪਰ ਹਰ ਥਾਂ ਦਿੱਤਾ ਨਹੀਂ ਜਾ ਰਿਹਾ। ਸਰਕਾਰ ਸੇਵਾ ਟੈਕਸ ਲਾਉਂਦੀ ਹੈ। ਬਹੁਤ ਸਾਰੇ ਹੋਟਲਾਂ ਵਾਲੇ ਆਪਣੇ ਹਰ ਗ੍ਰਾਹਕ ਦੇ ਸਮੁੱਚੇ ਬਿੱਲ ਦੇ ਜੋੜ ਉੱਤੇ ਸਰਵਿਸ ਟੈਕਸ ਲਾ ਰਹੇ ਹਨ, ਪਰ ਇਸ ਤਰ੍ਹਾਂ ਉਹ ਗਲਤ ਕਰਦੇ ਹਨ। ਵੇਚਣ ਵਾਲੀ ਚੀਜ਼ ਦੀ ਕੀਮਤ ਉੱਤੇ ਸਰਵਿਸ ਟੈਕਸ ਨਹੀਂ ਲੱਗਦਾ, ਕੀਤੀ ਗਈ ਸੇਵਾ ਲਈ ਗ੍ਰਾਹਕ ਤੋਂ ਲਏ ਪੈਸਿਆਂ ਉੱਤੇ ਇਹ ਟੈਕਸ ਲਾਉਣਾ ਹੁੰਦਾ ਹੈ। ਗ੍ਰਾਹਕ ਤੋਂ ਖਾਣੇ ਆਦਿ ਦੀ ਕੀਮਤ ਉੱਤੇ ਨਾਜਾਇਜ਼ ਲਿਆ ਗਿਆ ਸਰਵਿਸ ਟੈਕਸ ਹੋਟਲਾਂ ਦੇ ਮਾਲਕ ਫਿਰ ਸਰਕਾਰ ਨੂੰ ਨਹੀਂ ਦੱਸਦੇ। ਇਹ ਕੰਪਿਊਟਰ ਵਿੱਚ ਦਰਜ ਹੁੰਦਿਆਂ ਵੀ ਕਿਸੇ ਵਿਭਾਗ ਨੇ ਇਸ ਲਈ ਕਦੇ ਨਹੀਂ ਫੜਿਆ ਕਿ ਉਨ੍ਹਾਂ ਹੀ ਹੋਟਲਾਂ ਵਿੱਚ ਜਾਣ ਉੱਤੇ ਉਨ੍ਹਾਂ ਏਜੰਸੀਆਂ ਦੇ ਅਫਸਰਾਂ ਨੂੰ ਮੁਫਤ ਸੇਵਾ ਮਿਲਦੀ ਹੈ ਤੇ ਕਹਿੰਦੇ ਹਨ ਕਿ ਘਰ ਮੁੜਨ ਵੇਲੇ 'ਦੰਦ ਘਸਾਈ' ਦਾ ਲਿਫਾਫਾ ਵੀ ਮਿਲ ਜਾਂਦਾ ਹੈ। ਆਮ ਦੁਕਾਨਦਾਰ ਨਾਲ ਇਹ ਲਿਹਾਜ ਨਹੀਂ ਵਰਤਿਆ ਜਾਣਾ। ਉਲਟਾ ਇਹ ਡਰ ਹੈ ਕਿ ਹੁਣ ਜਦੋਂ ਸਾਰਾ ਕੁਝ ਨੋਟਾਂ ਦੀ ਬਜਾਏ ਕਰੈਡਿਟ ਕਾਰਡ ਜਾਂ ਪੇ-ਟੀ ਐੱਮ ਵਗੈਰਾ ਨਾਲ ਚੱਲੇਗਾ ਤਾਂ ਅਗਲੀ ਵਾਰ ਇਹ ਪੁੱਛਿਆ ਜਾ ਸਕਦਾ ਹੈ ਕਿ ਆਮਦਨ ਤੇਰੀ ਇਸ ਵਾਰੀ ਏਨੀ ਹੈ ਤਾਂ ਪਿਛਲੇ ਸਾਲਾਂ ਵਿੱਚ ਘੱਟ ਕਿਉਂ ਵਿਖਾਈ ਸੀ? ਇਸ ਦੀ ਉਨ੍ਹਾਂ ਨੂੰ ਨਵੀਂ ਚੱਟੀ ਭਰਨੀ ਪੈ ਸਕਦੀ ਹੈ।
'ਜਬ ਭੀ ਗਾਜ ਗਿਰਤੀ ਹੈ, ਗਰੀਬ ਜੁਲਾਹੇ ਪਰ ਗਿਰਤੀ ਹੈ' ਦੇ ਮੁਹਾਵਰੇ ਵਾਂਗ ਇਸ ਮੋਦੀਵਾਦੀ ਫਾਰਮੂਲੇ ਦੇ ਬਾਅਦ ਜਿਹੜੇ ਲੋਕ ਬੈਂਕਾਂ ਮੂਹਰੇ ਲਾਈਨਾਂ ਵਿੱਚ ਇਹ ਸੁਣਨ ਲਈ ਕਈ ਘੰਟੇ ਖੜੇ ਰਹਿੰਦੇ ਹਨ ਕਿ ਪੈਸੇ ਖਤਮ ਹੋ ਗਏ ਹਨ, ਭਲਕੇ ਆਇਓ, ਉਨ੍ਹਾਂ ਵਿੱਚ ਕੋਈ ਵੱਡਾ ਆਦਮੀ ਨਹੀਂ ਹੁੰਦਾ। ਕੀ ਵੱਡੇ ਲੋਕਾਂ ਕੋਲ ਵੱਡੇ ਨੋਟ ਹੈ ਨਹੀਂ ਜਾਂ ਉਨ੍ਹਾਂ ਨੇ ਮਹਾਰਾਸ਼ਟਰ ਦੇ ਭਾਜਪਾ ਮੰਤਰੀ ਦੀ ਕਾਰ ਵਿੱਚੋਂ ਬਾਨਵੇਂ ਲੱਖ ਫੜੇ ਜਾਣ ਵਾਂਗ ਲੁਕਵੇਂ ਰਾਹਾਂ ਤੋਂ ਲੰਘਾ ਕੇ ਸੰਭਾਲ ਲਏ ਹਨ? ਭਾਰਤ ਦੇ ਆਮ ਲੋਕ ਇਸ ਬਾਰੇ ਨਹੀਂ ਜਾਣਦੇ। ਉਹ ਏਦਾਂ ਦੀ ਜਾਣਕਾਰੀ ਲੈਣ ਦੀ ਚਿੰਤਾ ਵੀ ਨਹੀਂ ਕਰਦੇ, ਸਗੋਂ ਇਹ ਸੋਚਦੇ ਹਨ ਕਿ ਜਿਸ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਯੇਦੀਯੁਰੱਪਾ ਵਰਗੇ ਆਗੂ ਨੂੰ ਕੱਢਿਆ ਤੇ ਫਿਰ ਵਾਪਸ ਲੈ ਲਿਆ ਤੇ ਜਿਸ ਪਾਰਟੀ ਨੇ ਦਿੱਲੀ ਏਮਜ਼ ਹਸਪਤਾਲ ਦੇ ਅਫਸਰ ਸੰਜੀਵ ਚਤੁਰਵੇਦੀ ਨੂੰ ਇਮਾਨਦਾਰ ਕਹਿ ਕੇ ਸੋਹਿਲੇ ਗਾਏ ਤੇ ਆਪਣੇ ਰਾਜ ਆਏ ਤੋਂ ਰਗੜ ਦਿੱਤਾ ਸੀ, ਉਹ ਅੱਗੋਂ ਕੀ ਕਰੇਗੀ? ਕਾਂਗਰਸੀ ਰਾਜ ਵਿੱਚ ਹਰਿਆਣੇ ਦੇ ਜਿਸ ਬੜੇ ਇਮਾਨਦਾਰ ਅਫਸਰ ਅਸ਼ੋਕ ਖੇਮਕਾ ਨੂੰ ਭਾਜਪਾ ਨੇ ਵਡਿਆਇਆ, ਆਪਣਾ ਰਾਜ ਆਉਂਦੇ ਸਾਰ ਖੂੰਜੇ ਲਾ ਦਿੱਤਾ ਸੀ, ਉਸ ਤੋਂ ਕਈ ਸੰਕੇਤ ਮਿਲੇ ਹਨ। ਇਮਾਨਦਾਰੀ ਦਾ ਝੰਡਾ-ਬਰਦਾਰ ਸੰਜੀਵ ਚਤੁਰਵੇਦੀ ਹੋਵੇ ਜਾਂ ਅਸ਼ੋਕ ਖੇਮਕਾ, ਕਾਂਗਰਸੀ ਰਾਜ ਵਿੱਚ ਜਿਨ੍ਹਾਂ ਲੋਕਾਂ ਨੂੰ ਹਮਾਇਤ ਦਾ ਹੱਕਦਾਰ ਤੇ ਆਪਣੇ ਰਾਜ ਵਿੱਚ ਕਬਾਬ ਵਿੱਚ ਹੱਡੀ ਜਾਪਦਾ ਹੈ, ਉਨ੍ਹਾਂ ਤੋਂ ਆਮ ਆਦਮੀ ਡਰਦਾ ਹੈ। ਕਹਿਣ ਨੂੰ ਪ੍ਰਧਾਨ ਮੰਤਰੀ ਜਦੋਂ ਕੋਈ ਗੱਲ ਕਹੇ ਤਾਂ ਭਾਵੁਕਤਾ ਦੀ ਚਾਸ਼ਨੀ ਵਿੱਚ ਰਾਜਨੀਤੀ ਇੰਜ ਲਪੇਟਦਾ ਹੈ ਕਿ ਸਾਹਮਣੇ ਬੈਠੇ ਲੋਕ ਤਾੜੀਆਂ ਮਾਰਦੇ ਰਹਿੰਦੇ ਹਨ। ਅਮਲਾਂ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਬਹੁਤੀ ਆਸ ਬੰਨ੍ਹਾਉਣ ਵਾਲਾ ਨਹੀਂ ਜਾਪਦਾ।
27 Nov 2016