ਸਮੱਸਿਆਵਾਂ ਦੇ ਰੂ-ਬ-ਰੂ ਪੰਜਾਬ - ਡਾ. ਅਮਨਦੀਪ ਕੌਰ
ਖਤਮ ਹੋ ਚੁੱਕੀਆਂ ਸੱਭਿਆਤਾਵਾਂ ਦੇ ਵਿਨਾਸ਼ ਦੇ ਕਾਰਨਾਂ ਦਾ ਅਧਿਐਨ ਕਰਨ ਉਪਰੰਤ ਮਹਿਸੂਸ ਹੁੰਦਾ ਹੈ ਕਿ ਸਮਕਾਲੀਨ ਪੰਜਾਬ ਅਜਿਹੇ ਧਰਾਤਲ ਵੱਲ ਧਕੇਲ ਦਿੱਤਾ ਗਿਆ ਹੈ ਜਿੱਥੇ ਚੁਣੌਤੀਆਂ ਗੰਭੀਰ ਹਨ। ਨਵ-ਉਦਾਰਵਾਦ ਦੇ ਦੌਰ ਵਿਚ ਰਾਜਨੀਤਿਕ ਅਰਥ ਵਿਵਸਥਾ ਹਮੇਸ਼ਾਂ ਸਮਾਜ ਦੇ ਬੌਧਿਕ, ਨੈਤਿਕ ਅਤੇ ਸਮਾਜਿਕ ਪ੍ਰਬੰਧ ਵਿਚ ਨਵੇਂ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਰਹੀ ਹੈ। 1947 ਦੀ ਵੰਡ, ਹਰੀ ਕ੍ਰਾਂਤੀ ਦੇ ਚੰਗੇ-ਮਾੜੇ ਨਤੀਜੇ, ਖਾੜਕੂਵਾਦ ਦੇ ਦੌਰ ਅਤੇ ਉੱਤਰ ਆਧੁਨਿਕਤਾ ਦੇ ਪ੍ਰਭਾਵਾਂ ਵਿਚੋਂ ਉਪਜੇ ਬਹੁਪੱਖੀ ਸੰਕਟਾਂ ਵਿਚੋਂ ਪੰਜਾਬ ਨੂੰ ਕੱਢਣ ਲਈ ਬੁੱਧੀਜੀਵੀ ਵਰਗ ਅਤੇ ਸਾਧਾਰਨ ਲੋਕਾਂ ਨੂੰ ਇਕਜੁੱਟ ਹੋ ਕੇ ਨਵਾਂ ਸੰਵਾਦ ਰਚਾਉਣ ਦੀ ਲੋੜ ਹੈ। ਪੰਜਾਬ ਸਦਾ ਗ਼ੈਰ ਜਮਹੂਰੀਅਤ ਅਤੇ ਸਮਾਜਿਕ ਨਾ-ਬਰਾਬਰੀ ਦੀ ਸਥਾਪਨਾ ਦਾ ਵਿਰੋਧੀ ਰਿਹਾ ਹੈ। ਇਸੇ ਲਈ ਪੰਜਾਬੀਆਂ ਨੇ ਕਾਰਜਸ਼ੈਲੀ ਅਤੇ ਵਿਚਾਰਧਾਰਾ ਦਾ ਲੋਕ ਪੱਖੀ ਪ੍ਰਭਾਵ ਸਿਰਜਣ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੈ। ਪੰਜਾਬ ਦੀ ਪੀੜਾ ਸਮਝਣ ਅਤੇ ਉਸ ਨੂੰ ਸੁਲਝਾਉਣ ਦੇ ਯਤਨ ਅਤੇ ਸਾਰਥਕ ਉਪਰਾਲੇ ਮੌਜੂਦਾ ਸਰਕਾਰ ਲਈ ਇਕ ਵੱਡੀ ਚੁਣੌਤੀ ਹਨ। ਸਿਹਤ, ਸਿੱਖਿਆ, ਪੇਟ, ਪਰਵਾਸ, ਨਸ਼ੇ ਅਤੇ ਗੈਂਗਸਟਰ ਕਲਚਰ ਦੇ ਨਾਲ ਨਾਲ ਪੰਜਾਬ ਦੀ ਬੁਨਿਆਦ ਨੂੰ ਜੜੋਂ ਹਲਾਉਣ ਲਈ ਨਵੇਂ ਬੁਣੇ ਜਾ ਰਹੇ ਬਿਰਤਾਂਤ ਨਾਲ ਜੁੜੇ ਅਹਿਮ, ਗੰਭੀਰ ਅਤੇ ਸੰਵੇਦਨਸ਼ੀਲ ਮਸਲੇ ਪੰਜਾਬੀ ਸਮਾਜ ਲਈ ਚਿਰੰਜੀਵ ਵਿਕਾਸ ਮਾਡਲ ਦੀ ਮੰਗ ਕਰਦੇ ਹਨ।
ਪੰਜਾਬ ਦੀ ਸਰਵਪੱਖੀ ਸਮੀਖਿਆ ਤੋਂ ਇਹ ਤੱਥ ਉੱਭਰ ਕੇ ਸਾਹਮਣੇ ਆਉਂਦੇ ਹਨ ਕਿ ਹੁਣ ਤੱਕ ਦੀ ਸ਼ਾਸਨ ਵਿਵਸਥਾ ਵੱਲੋਂ ਸੂਬੇ ਨੂੰ ਦਰਪੇਸ਼ ਚੁਣੌਤੀਆਂ ਦਾ ਸਾਰਥਕ ਹੱਲ ਦੇਣ ਦੀ ਬਜਾਇ ਨਵੀਆਂ ਬੇਲੋੜੀਆਂ ਸਮੱਸਿਆਵਾਂ ਨੂੰ ਹੀ ਧਰਾਤਲ ਪ੍ਰਦਾਨ ਕੀਤਾ ਗਿਆ ਹੈ ਜਾਂ ਸਮੱਸਿਆ ਨੂੰ ਨਾਸੂਰ ਬਣਾ ਦੇਣ ਲਈ ਬੇਲੋੜੀ ਦੇਰ ਕੀਤੀ ਗਈ ਹੈ। ਬਾਜ਼ਾਰ ਅਰਥਵਿਵਸਥਾ ਦੇ ਪ੍ਰਭਾਵ ਅਧੀਨ ਸਿਰਜੇ ਜਾ ਚੁੱਕੇ ‘ਬਾਜ਼ਾਰ ਸਮਾਜ’ ਦੇ ਦੋਗਲੇ ਮਾਪਦੰਡਾਂ ਨੇ ਅਸੱਭਿਆ, ਅਧਰਮ ਅਤੇ ਅਗਿਆਨਤਾ ਦਾ ਪਾਸਾਰ ਵਧਾ ਕੇ ਕੌਮ ਨੂੰ ਹਾਸ਼ੀਏ ਵੱਲ ਧੱਕ ਕੇ ਰੂਹਾਨੀ ਉਜਾੜਾ ਹੀ ਪੰਜਾਬ ਦੀ ਝੋਲੀ ਪਾਇਆ ਹੈ। ਵਰਤਮਾਨ ਹਕੂਮਤ ਵੱਲੋਂ ਇਮਾਨਦਾਰੀ ਅਤੇ ਸਟੇਟ ਦੀ ਤਰੱਕੀ ਲਈ ਆਪਣੀ ਵਚਨਬੱਧਤਾ ਦੇ ਨਜ਼ਰੀਏ ਦੇ ਪੱਖ ਤੋਂ ਰੋਜ਼ ਨਵੇਂ ਐਲਾਨ, ਭ੍ਰਿਸ਼ਟਾਚਾਰ ਰਹਿਤ ਸਮਾਜ ਅਤੇ ਅਮਨ ਕਾਨੂੰਨ ਵਿਵਸਥਾ ਦੀ ਬਹਾਲੀ ਦਾ ਪੱਖ ਰੱਖਿਆ ਜਾ ਰਿਹਾ ਹੈ, ਪਰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਕੁਝ ਵੱਖਰੀਆਂ ਹਨ। ਜਦੋਂ ਤੱਕ ਸਰਕਾਰ ਗੰਭੀਰਤਾ ਨਾਲ ਪੰਜਾਬੀ ਸਮਾਜ ਦੀਆਂ ਭਾਵਨਾਵਾਂ ਨਾਲ ਜੁੜੇ ਬੁਨਿਆਦੀ ਅਤੇ ਸੰਵੇਦਨਸ਼ੀਲ ਮਸਲਿਆਂ ਦੇ ਸਦੀਵੀ ਹੱਲ ਕੱਢਣ ਲਈ ਪੰਜਾਬ ਅਨੁਕੂਲ ਵਿਵਸਥਾ ਮਾਡਲ ਨਹੀਂ ਅਪਣਾਉਦੀ ਤਾਂ ਬਿਨਾਂ ਸ਼ੱਕ ਸਮਾਜ ਵਿਚ ਅਸਮਾਜਿਕਤਾ ਫੈਲਣਾ ਸੁਭਾਵਿਕ ਹੈ। ਧਾਰਮਿਕ ਦਾਰਸ਼ਨਿਕਾਂ ਦੇ ਨਾਮ ’ਤੇ ਵਸਦਾ ਪੰਜਾਬ ਇਸ ਕਦਰ ਘਿਣਾਉਣੀ ਸਿਆਸਤ ਦੇ ਚੱਕਰਵਿਊ ਵਿਚ ਫਸਦਾ ਜਾ ਰਿਹਾ ਹੈ ਕਿ ਇਸ ਦੀ ਹੋਂਦ ਉੱਪਰ ਲੱਗਿਆ ਪ੍ਰਸ਼ਨ ਚਿੰਨ੍ਹ ਜਿੱਥੇ ਅਨੇਕਾਂ ਉੱਤਰ ਰਹਿਤ ਪ੍ਰਸ਼ਨਾਂ ਵੱਲ ਸੰਕੇਤ ਕਰਦਾ ਹੈ ਉੱਥੇ ਨਾਲ ਹੀ ਆਪਣੀ ਪਹਿਲੀ ਪਾਰੀ ਖੇਡ ਰਹੀ ਮੌਜੂਦਾ ਸਰਕਾਰ ਲਈ ਵੀ ਮੁਸ਼ਕਲਾਂ ਅਤੇ ਚੁਣੌਤੀਆਂ ਵਧਾ ਰਿਹਾ ਹੈ। ਹਰ ਰੋਜ਼ ਨਵੀਆਂ ਉੱਭਰ ਰਹੀਆਂ ਸਮਾਜਿਕ ਸਮੱਸਿਆਵਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੁਨਿਆਦ ਨੂੰ ਅਜਿਹਾ ਖੋਰਾ ਲਾਇਆ ਹੈ ਕਿ ਇਸ ਦੀ ਅਜ਼ਾਦ ਹਸਤੀ ਡਗਮਗਾਉਣ ਲੱਗ ਪਈ ਹੈ। ਬਸਤੀਵਾਦ ਤੋਂ ਛੁਟਕਾਰੇ ਉਪਰੰਤ 75 ਸਾਲਾਂ ਵਿਚ ਪੰਜਾਬ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਖਲਾਅ ਵਿਚ ਰਿਹਾ ਹੈ।
ਪੰਜਾਬ ਇਕ ਭੂਗੋਲਿਕ ਆਕ੍ਰਿਤੀ ਹੀ ਨਹੀਂ ਹੈ ਸਗੋਂ ਇਕ ਵਿਸਥਾਰ ਹੈ ਜੋ ਸਮਾਜ ਸਿਰਜਨਾ ਲਈ ਅੰਦੋਲਨਾਂ ਦੀ ਤਵਾਰੀਖ ਉੱਪਰ ਖੜ੍ਹਾ ਹੈ। ਪੰਜਾਬ ਨੇ ਦੁਨੀਆ ਨੂੰ ਸਿਖਾਇਆ ਕਿ ਨਾਇਕਤਵ ਕੀ ਹੁੰਦਾ ਹੈ ਅਤੇ ਸਭ ਤੋਂ ਪਹਿਲਾਂ ਦੁਨੀਆ ਅੱਗੇ ਸਮਾਨਤਾ ਉੱਪਰ ਆਧਾਰਿਤ ‘ਬੇਗਮਪੁਰਾ ਸਮਾਜ’ ਦਾ ਸੰਕਲਪ ਪੇਸ਼ ਕੀਤਾ। ਵਕਤ ਦੀ ਸਿਤਮ ਜ਼ਰੀਫੀ ਹੈ ਕਿ ਰਾਜਸੀ ਧੱਕਿਆਂ ਅਤੇ ਅੰਤਰ ਰਾਸ਼ਟਰੀ ਭੂ-ਰਾਜਨੀਤੀ ਉੱਪਰ ਰਚੀਆਂ ਜਾ ਰਹੀਆਂ ਘਿਣਾਉਣੀਆਂ ਸਿਆਸਤੀ ਨੀਤੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਗ਼ੈਰ-ਇਖਲਾਕੀ ਅਤੇ ਗ਼ੈਰ-ਸੰਜੀਦਾ ਤੱਤਾਂ ਨੇ ਸਾਡੇ ਦਰਪੇਸ਼ ਡੂੰਘਾ ਸਮਾਜਿਕ ਸੰਕਟ ਖੜ੍ਹਾ ਕਰ ਦਿੱਤਾ ਹੈ। ਹਰ ਸਮਾਜ ਵਿਚ ਸਿਰਜਣਾਤਮਿਕ ਸ਼ਕਤੀ ਨਾਲ ਭਰਪੂਰ ਨੌਜਵਾਨ ਬਹੁਤ ਅਹਿਮ ਰੋਲ ਅਦਾ ਕਰਦਾ ਹੈ, ਪਰ ਸਮੇਂ ਅਤੇ ਸਥਿਤੀ ਦੀ ਵਿਡੰਬਨਾ ਹੈ ਕਿ ਪੰਜਾਬੀ ਨੌਜਵਾਨ ਆਪਣੀ ਚੇਤਨਾ ਅਤੇ ਸਮਰੱਥਾ ਦੇ ਉਲਟ ਨਿਰਆਧਾਰ ਭੀੜਤੰਤਰ ਵੱਲ ਆਕਰਸ਼ਿਤ ਹੋ ਰਹੇ ਹਨ। ਇਹ ਰੁਝਾਨ ਵਿਅਕਤੀਗਤ ਸੋਚ ਅਤੇ ਆਪਸੀ ਸੰਵਾਦ ਰਚਾਉਣ ਦੀ ਸਮਰੱਥਾ ਉੱਪਰ ਕਾਫ਼ੀ ਹੱਦ ਤੱਕ ਰੋਕ ਲਾਉਂਦਾ ਹੈ। ਜੋ ਪੰਜਾਬ ਨੂੰ ਅਸਹਿ ਪੀੜ, ਖੰਡਿਤ ਅਸਤਿਤਵ ਅਤੇ ਦੁਸ਼ਵਾਰੀਆਂ ਦੇ ਦੁਖਦ ਅਹਿਸਾਸਾਂ ਦੀ ਦਲਦਲ ਵਿਚ ਗਲਤਾਨ ਕਰ ਰਿਹਾ ਹੈ। ਪੰਜਾਬੀ ਸਮਾਜ ਜਿਸ ਗੰਭੀਰ ਆਰਥਿਕ ਅਤੇ ਸਮਾਜਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਉਸ ਤੋਂ ਉਪਰਾਮ ਨੌਜਵਾਨ ਅਨੈਤਿਕਤਾ, ਨਸ਼ੇ ਅਤੇ ਪਲਾਇਨਵਾਦ ਦੀ ਬਿਰਤੀ ਵਿਚ ਗ੍ਰਸੇ ਜਾ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਦਿਸ਼ਾਬੱਧ ਕਰਕੇ ਉਨ੍ਹਾਂ ਨੂੰ ਹੱਕਾਂ ਪ੍ਰਤੀ ਜਾਗੂਰਕ ਕੀਤਾ, ਪਰ ਕਿਸਾਨੀ ਜਥੇਬੰਦੀਆਂ ਦੀ ਧੜੇਬੰਦੀ ਤੋਂ ਬਾਅਦ ਫਿਰ ਪੰਜਾਬ ਦਾ ਹਰਿਆਲਾ ਦਸਤਾ ਇਕ ਖਲਾਅ ਵਿਚ ਹੈ। ਇਸ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਇਸ ਸਮੇਂ ਯੋਗ ਅਗਵਾਈ, ਦਿਸ਼ਾ ਅਤੇ ਵਿਚਾਰਧਾਰਾ ਦੀ ਲੋੜ ਹੈ। ਦੁਬਿਧਾ ਦੇ ਹਨੇਰੇ ਵਿਚ ਉਲਝੀ ਜਵਾਨੀ ਨੂੰ ਉਨ੍ਹਾਂ ਦੇ ਦਿਮਾਗ ਵਿਚ ਫੈਲੀ ਨਕਾਰਾਤਮਕ ਸੋਚ, ਅਸ਼ਾਂਤੀ ਅਤੇ ਦਿਸ਼ਾਹੀਣਤਾ ਵਿਚੋਂ ਕੱਢਣ ਲਈ ਲਾਜ਼ਮੀ ਹੈ ਕਿ ਮੌਜੂਦਾ ਸਰਕਾਰ ਉਨ੍ਹਾਂ ਨੂੰ ਵਿਸ਼ਵਾਸ ਦੀ ਕਿਰਨ ਦਿਖਾਏ ਜਿਸ ਨਾਲ ਨੌਜਵਾਨਾਂ ਨੂੰ ਮਾਨਸਿਕ ਸਪੇਸ ਮਿਲਣ ਦੇ ਨਾਲ ਨਾਲ ਪੰਜਾਬ ਦੀਆਂ ਵੀ ਕਈ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ।
ਰਾਸ਼ਟਰੀ ਪੱਧਰ ਉੱਪਰ ਦੱਖਣ ਪੰਥੀ ਰਾਜਨੀਤੀ ਦੁਆਰਾ ਸਿਰਜੇ ਧਰਮ ਅਤੇ ਰਾਸ਼ਟਰੀਅਤਾ ਆਧਾਰਿਤ ਸਿਆਸਤ ਦੇ ਨਮੂਨੇ ਨੇ ਪੰਜਾਬੀਆਂ ਵਿਚ ਭਰਮ ਅਤੇ ਖਲਾਅ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਦੂਜੇ ਹੱਥ ਰਾਸ਼ਟਰੀ ਖੱਬੀ ਪੱਖੀ ਸੋਚ ਪਹਿਲਾਂ ਹੀ ਆਪਣਾ ਵਿਸ਼ਵਾਸ ਗੁਆ ਬੈਠੀ ਹੈ। ਇਨ੍ਹਾਂ ਦੋਹਾਂ ਵਿਚਾਰਧਰਾਵਾਂ ਦੇ ਨਿਹਤ ਸਵਾਰਥਾਂ ਵੱਲੋਂ ਪੰਜਾਬ ਨੂੰ ਮਹਿਜ਼ ਪ੍ਰਯੋਗਸ਼ਾਲਾ ਸਮਝਣ ਦੀ ਭੁੱਲ ਅਕਸਰ ਕੀਤੀ ਜਾਂਦੀ ਹੈ। ਹਕੀਕਤ ਇਹ ਹੈ ਕਿ ਪੰਜਾਬ ਦੀ ਪ੍ਰਗਤੀ ਦਿਖਾਉਣ ਵਾਲੇ ਮਾਪਦੰਡ ਲਗਾਤਰ ਹੇਠਾਂ ਡਿੱਗ ਰਹੇ ਹਨ। ਆਮ ਲੋਕ ਸਹੀ ਅਤੇ ਗਲਤ ਵਿਚ ਫਰਕ ਸਪਾਂਸਰ ਖ਼ਬਰਾਂ ਅਤੇ ਵਟਸਐਪ ਸਿਰਜਤ ਹਾਈਬ੍ਰਿਡ ਗਿਆਨ ਉੱਪਰ ਕਰਨ ਲਈ ਮਜਬੂਰ ਹਨ ਜੋ ਨਿਰਪੱਖ ਹਸਤੀ ਲਈ ਨੁਕਸਾਨਦਾਇਕ ਹੈ। ਸਮਕਾਲ ਵਿਚ ਪੰਜਾਬ ਭਾਵੇਂ ਧਾਰਮਿਕ ਸਹਿਣਸ਼ੀਲਤਾ ਦੇ ਸੰਕਟ ਨਾਲ ਜੂਝਦਾ ਜਾਪਦਾ ਹੈ, ਪਰ ਅਸਲੀਅਤ ਵਿਚ ਇਹ ਪੰਜਾਬ ਦੀ ਬੁਨਿਆਦ ਹਿਲਾਉਣ ਲਈ ਡੂੰਘੀ ਸਿਆਸੀ ਖੇਡ ਜਾਪਦੀ ਹੈ। ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੋਹਰਾ ਬਣਾ ਕੇ ਖੇਡੀ ਜਾ ਰਹੀ ਰਾਜਨੀਤੀ ਡੂੰਘੇ ਸੰਕਟਾਂ ਦਾ ਸੰਕੇਤ ਦਿੰਦੀ ਹੈ। ਪੰਜਾਬ ਵਿਚੋਂ ਇਕ ਹੋਰ ਪੰਜਾਬ ਕੱਢਣ ਦੀ ਹਾਮੀ ਭਰਨ ਵਾਲਾ ਵਿਦੇਸ਼ੀ ਤਬਕਾ ਸ਼ਾਇਦ ਸੰਤਾਲੀ ਅਤੇ ਚੁਰਾਸੀ ਨੂੰ ਭੁੱਲ ਬੈਠਾ ਹੈ। ਚੁਰਾਸੀ ਦੇ ਉੱਜੜਿਆਂ ਨੂੰ ਤਾਂ ਹਕੂਮਤਾਂ ਅਜੇ ਤੱਕ ਵਸਾ ਨਹੀਂ ਸਕੀਆਂ। ਪੰਜਾਬ ਨੂੰ ਨੇਸਤੋ-ਨਾਬੂਦ ਕਰਕੇ ਨਵੇਂ ਪ੍ਰਬੰਧ ਦੀ ਸਥਾਪਤੀ ਦਾ ਦੂਸ਼ਿਤ ਪ੍ਰਸੰਗ ਸਿਰਜ ਕੇ ਲੋਕਾਂ ਨੂੰ ਖਲਾਅ ਵੱਲ ਧੱਕ ਕੇ ਮਨੁੱਖਤਾ ਵਿਰੋਧੀ ਕੁਝ ਅਨਸਰ ਦੇਸ਼ ਅਤੇ ਵਿਦੇਸ਼ਾਂ ਵਿਚ ਅਨੈਤਿਕਤਾ ਫੈਲਾ ਕੇ ਪੰਜਾਬੀਆਂ ਦੀ ਗਲਤ ਤਸਵੀਰ ਪੇਸ਼ ਕਰਕੇ ਅਦਬੀ ਤਵਾਰੀਖ ਨੂੰ ਲੀਰੋ ਲੀਰ ਕਰ ਰਹੇ ਹਨ। ਦੰਭ ਅਤੇ ਪਾਖੰਡ ਦਾ ਗ਼ਲਤ ਰੁਝਾਨ ਪੈਦਾ ਕਰਨ ਵਾਲੇ ਅਜਿਹੇ ਚਰਿੱਤਰ ਸਮਾਜ ਅਤੇ ਸਟੇਟ ਲਈ ਘਾਤਕ ਹਨ।
ਆਧੁਨਿਕ ਲੀਹਾਂ ’ਤੇ ਸਮੁੱਚੀ ਮਾਨਵਤਾ ਦੀ ਰਹਿਨੁਮਾਈ ਕਰਦੇ ਸਿੱਖ ਧਰਮ ਨੇ ਸਾਂਝੀਵਾਲਤਾ ਉੱੱਪਰ ਆਧਾਰਿਤ ਇਕ ਵਿਵਹਾਰਕ ਜੀਵਨ ਫਲਸਫੇ ਦਾ ਸਿਧਾਂਤ ਦਿੱਤਾ। ਸਾਡੇ ਗੁਰੂਆਂ ਨੇ ਦਸ ਮਨੁੱਖੀ ਜਾਮਿਆਂ ਵਿਚ ਪੰਜਾਬ ਦੇ ਸੱਭਿਆਚਾਰ ਨੂੰ ਹਰ ਪੱਖ ਤੋਂ ਸੰਵਾਰਦੇ, ਤਰਾਸ਼ਦੇ, ਘੜਦੇ ਹੋਏ ਇਕ ਸੰਪੂਰਨ ਅਤੇ ਸੰਤੁਲਿਤ ਜੀਵਨ-ਜਾਚ ਪ੍ਰਦਾਨ ਕੀਤੀ। ਅੱਜ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਸਮਾਜ ਵਿਚਲੇ ਲੋਕਾਂ ਅੰਦਰ ਸਕਾਰਾਤਮਕ ਤੱਤਾਂ ਦੀ ਬਜਾਇ ਨਕਾਰਾਤਮਕ ਤੱਤ ਪ੍ਰਬਲ ਨਾ ਹੋ ਜਾਣ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਗੂੜ੍ਹੀ ਨੀਂਦ ਤੋਂ ਜਾਗ ਕੇ ਇਹ ਮੰਥਨ ਕਰਨ ਦੀ ਲੋੜ ਹੈ ਕਿ ਪੰਜਾਬ ਸੰਤਾਪ ਵੱਲ ਨਾ ਜਾਵੇ। ਜੇ ਰਾਜਨੀਤਿਕ ਪਾਰਟੀਆਂ ਲੋਕ ਹਿਤੈਸ਼ੀ ਹਨ ਅਤੇ ਪੰਜਾਬ ਦਾ ਦਰਦ ਸਮਝਦੀਆਂ ਹਨ ਤਾਂ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਇਸ ਡੂੰਘੇ ਸੰਕਟ ਅਤੇ ਬਹੁਪੱਖੀ ਕੰਗਾਲੀ ਵਿਚੋਂ ਕੱਢਣ ਲਈ ਲਈ ਨਿੱਜੀ ਮੁਫਾਦਾਂ ਨੂੰ ਲਾਂਭੇ ਕਰਕੇ ਸੰਜੀਦਗੀ ਨਾਲ ਹੰਭਲਾ ਮਾਰਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੀ ਲੀਡਰਸ਼ਿਪ ਰਾਜ ਅਤੇ ਲੋਕਾਂ ਦੇ ਦਿਲਾਂ ’ਤੇ ਰਾਜ ਕਰੇਗੀ। ਪੰਜਾਬ ਦਾ ਕੋਈ ਆਗੂ ਕਲਮ ਅਤੇ ਬੌਧਿਕਤਾ ਦੀ ਤਾਕਤ ਨਾਲ ਵਿਸ਼ਵ ਵਿਚ ਸਥਾਪਿਤ ਹੋਣ ਦੀ ਭਾਲ ਕਿਉਂ ਨਹੀਂ ਕਰਦਾ। ਉੱਤਰ ਸਪੱਸ਼ਟ ਹੈ ਕਿ ਪੰਜਾਬ ਵਿਚ ਕਿਤਾਬ, ਕਲਾ ਅਤੇ ਹੁਨਰ ਦੀ ਕਦਰ ਘਟ ਗਈ ਹੈ। ਪੰਜਾਬ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਕੱਢਣ ਲਈ ਸਰਕਾਰ ਅਤੇ ਬੁੱਧੀਜੀਵੀ ਵਰਗ ਨੂੰ ਪੰਜਾਬ ਦੇ ਧਰਾਤਲ ਨਾਲ ਜੁੜਨਾ ਪਵੇਗਾ ਅਤੇ ਪੰਜਾਬ ਦੀਆਂ ਨਵੀਆਂ ਚੁਣੌਤੀਆਂ ਨੂੰ ਸਮਝਣਾ ਪਵੇਗਾ। ਰਾਜ ਸਰਕਾਰ ਨੂੰ ਆਪਣੇ ਇਖਲਾਕੀ ਫਰਜ਼ਾਂ ਨੂੰ ਪਛਾਣਦੇ ਹੋਏ ਮੌਲਿਕ, ਸੁਤੰਤਰ ਅਤੇ ਵਿਲੱਖਣ ਨੁਹਾਰ ਵਾਲੇ ਪੰਜਾਬ ਦੇ ਧਰਾਤਲ ਦੇ ਅਨੁਕੂਲ ਵਿਕਾਸ ਮਾਡਲ ਸਿਰਜਣ ਦੀ ਲੋੜ ਹੈ।
ਸੰਪਰਕ : 86995-60020