‘ਜਾਤ-ਪਾਤ ਦਾ ਖ਼ਾਤਮਾ’: ਨਵੀਂ ਪੜ੍ਹਤ - ਰਾਮਚੰਦਰ ਗੁਹਾ
ਮੇਰੀਆਂ ਪਸੰਦੀਦਾ ਕਿਤਾਬਾਂ ਦੀ ਸੂਚੀ ਵਿਚ ਚਾਰ ਸਭ ਤੋਂ ਉਪਰ ਹਨ ਜੋ ਹਰ ਭਾਰਤੀ ਨਾਗਰਿਕ ਨੂੰ ਪੜ੍ਹਨੀਆਂ ਚਾਹੀਦੀਆਂ ਹਨ। ਪ੍ਰਕਾਸ਼ਨ ਦੇ ਨੁਕਤੇ ਤੋਂ ਇਨ੍ਹਾਂ ਵਿਚ ਮੋਹਨਦਾਸ ਕਰਮਚੰਦ ਗਾਂਧੀ ਦੀ ‘ਹਿੰਦ ਸਵਰਾਜ’ (1909), ਰਾਬਿੰਦਰਨਾਥ ਟੈਗੋਰ ਦੀ ‘ਨੈਸ਼ਨਲਿਜ਼ਮ’ (1917), ਬੀ ਆਰ ਅੰਬੇਡਕਰ ਦੀ ‘ਐਨਾਹਿਲੇਸ਼ਨ ਆਫ ਕਾਸਟ’ (1936) ਅਤੇ ਜਵਾਹਰਲਾਲ ਨਹਿਰੂ ਦੀ ‘ਦਿ ਡਿਸਕਵਰੀ ਆਫ ਇੰਡੀਆ’ (1946) ਸ਼ਾਮਿਲ ਹਨ। ਇਹ ਨਾ ਸਿਰਫ਼ ਉਸ ਸਮੇਂ ਦੀ ਗੱਲ ਕਰਦੀਆਂ ਹਨ ਸਗੋਂ ਸਦੀਵੀ ਮੁੱਲ ਵਾਲੀਆਂ ਹਨ ਜੋ ਇਨ੍ਹਾਂ ਦੇ ਲੇਖਕਾਂ ਦੇ ਚਲੇ ਜਾਣ ਤੋਂ ਬਹੁਤ ਸਾਲਾਂ ਬਾਅਦ ਵੀ ਭਾਰਤ ਨਾਲ ਸੰਵਾਦ ਰਚਾਉਂਦੀਆਂ ਹਨ।
ਗਾਂਧੀ ਦੀ ਕਿਤਾਬ ਸ਼ਾਇਦ ਇਸ ਗੱਲ ਲਈ ਜਾਣੀ ਜਾਂਦੀ ਹੈ ਕਿ ਇਸ ਵਿਚ ਨਾ ਸਿਰਫ਼ ਹਿੰਦੂ-ਮੁਸਲਿਮ ਏਕਤਾ ਦੀ ਪੁਰਜ਼ੋਰ ਵਕਾਲਤ ਕੀਤੀ ਗਈ ਸਗੋਂ ਸਿਆਸੀ ਵਿਵਾਦ ਸੁਲਝਾਉਣ ਲਈ ਇਕ ਸਾਧਨ ਦੇ ਤੌਰ ’ਤੇ ਹਿੰਸਾ ਦੀ ਵਰਤੋਂ ਦਾ ਅਸੂਲੀ ਵਿਰੋਧ ਵੀ ਕੀਤਾ ਗਿਆ। ਟੈਗੋਰ ਜਪਾਨ ਅਤੇ ਅਮਰੀਕਾ ਵਿਚ ਜੰਗਬਾਜ਼ਾਂ ਨੂੰ ਨਸਲਪ੍ਰਸਤ ਰਾਸ਼ਟਰਵਾਦ ਦੇ ਖ਼ਤਰਿਆਂ ਦਾ ਵਖਿਆਨ ਕਰ ਰਹੇ ਸਨ। ਫਿਰ ਵੀ ਸੌ ਤੋਂ ਵੱਧ ਸਾਲਾਂ ਬਾਅਦ ਉਨ੍ਹਾਂ ਦੇ ਸ਼ਬਦਾਂ ਨੂੰ ਅੱਜ ਭਾਰਤੀ ਨੌਜਵਾਨਾਂ ਮੁੜ ਪੜ੍ਹ ਰਹੇ ਹਨ ਜੋ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਇਹ ਦਾਅਵਾ ਕਰ ਰਹੇ ਹਨ ਕਿ ਸਾਡਾ ਦੇਸ਼ ਦੁਨੀਆ ਦੀ ਅਗਵਾਈ ਕਰਨ ਲਈ ਬਣਾਇਆ ਗਿਆ ਹੈ। ਅੰਬੇਡਕਰ ਦਾ ਕਾਰਜ (ਜਾਤ ਦਾ ਵਿਨਾਸ਼) ਭਾਰਤੀ ਸੰਸਥਾਵਾਂ ਦੇ ਇਕ ਖ਼ਾਸ ਲੱਛਣ ਅਤੇ ਬਹੁਤ ਹੀ ਭੇਦਭਾਵ ਭਰੀ ਜਾਤੀਵਾਦੀ ਪ੍ਰਣਾਲੀ ’ਤੇ ਕੇਂਦਰਤ ਹੈ ਅਤੇ ਇਸ ਗੱਲ ਦਾ ਖੁਲਾਸਾ ਕਰਦਾ ਹੈ ਕਿ ਜੇ ਸਾਡੇ ਸਮਾਜ ਨੇ ਵਧੇਰੇ ਮਾਨਵਵਾਦੀ ਆਧਾਰ ’ਤੇ ਆਪਣਾ ਮੁੜ ਨਿਰਮਾਣ ਕਰਨਾ ਹੈ ਤਾਂ ਜਾਤੀਵਾਦੀ ਪ੍ਰਣਾਲੀ ਦਾ ਖਾਤਮਾ ਕਰਨਾ ਕਿਉਂ ਜ਼ਰੂਰੀ ਹੈ। ਭਾਰਤੀ ਸੱਭਿਆਚਾਰ ਦੇ ਬਹੁ-ਪਰਤੀ ਅਤੇ ਬਹੁਵਾਦੀ ਉਥਾਨ ਬਾਰੇ ਨਹਿਰੂ ਦੇ ਵਿਚਾਰ ਇਕਰੂਪਤਾ ਤੇ ਇਕਜੁੱਟਤਾ ਦੀ ਹਿੰਦੂਤਵੀ ਵਿਚਾਰਧਾਰਾ ਨੂੰ ਸਿੱਧੀ ਚੁਣੌਤੀ ਹਨ ਜੋ ਕੌਮੀ ਪਛਾਣ ਨੂੰ ਸਿਰਫ਼ ਇਕ ਧਰਮ (ਤੇ ਕਈ ਵਾਰ ਭਾਸ਼ਾ ਨਾਲ ਵੀ) ਨਾਲ ਜੋੜ ਕੇ ਦੇਖਦੀ ਹੈ।
ਇਨ੍ਹਾਂ ਚਾਰਾਂ ’ਚੋਂ ਅੰਬੇਡਕਰ ਦਾ ਕਾਰਜ ਜਥੇਬੰਦਕ ਤੇ ਪੇਸ਼ਕਾਰੀ ਦੇ ਰੂਪ ਵਿਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਡਾਕਟਰਾਂ, ਵਕੀਲਾਂ ਅਤੇ ਆਮ ਤੌਰ ’ਤੇ ਆਧੁਨਿਕ ਸੱਭਿਅਤਾ ਉੱਤੇ ਹਮਲੇ ਅਹਿੰਸਾ ਅਤੇ ਧਾਰਮਿਕ ਸਦਭਾਵਨਾ ਦੇ ਹੱਕ ਵਿਚ ਗਾਂਧੀ ਦੀਆਂ ਦਲੀਲਾਂ ਦੇ ਉਲਟ ਭੁਗਤਦੇ ਹਨ। ਨਹਿਰੂ ਦੀ ਕਿਤਾਬ ਵਿਚ ਭਟਕਣ ਨਜ਼ਰ ਆਉਂਦੀ ਹੈ ਜਿਸ ਦਾ ਸ਼ਾਇਦ ਇਕ ਕਾਰਨ ਇਹ ਸੀ ਕਿ ਇਹ ਜੇਲ੍ਹ ਵਿਚ ਲਿਖੀ ਗਈ ਸੀ ਅਤੇ ਕੁਝ ਹੱਦ ਤੱਕ ਲੇਖਕ ਦੇ ਮਨ ਵਿਚ ਵੀ ਭਟਕਣਾ ਹੋ ਸਕਦੀ ਹੈ। ਟੈਗੋਰ ਦੀ ਕਿਤਾਬ ਦੀ ਮਨਸ਼ਾ ਤਾਕਤਵਰ ਹੈ ਪਰ ਕਈ ਥਾਵਾਂ ’ਤੇ ਇਸ ਦਾ ਵਖਿਆਨ ਕੋਝਾ ਹੋ ਜਾਂਦਾ ਹੈ ਜੋ ਸ਼ਾਇਦ ਇਸ ਕਰਕੇ ਸੀ ਕਿ ਉਹ ਆਪਣੀ ਮਾਂ ਬੋਲੀ ਬੰਗਲਾ ਵਿਚ ਨਹੀਂ ਲਿਖ ਰਹੇ ਸਨ।
‘ਐਨਾਹਿਲੇਸ਼ਨ ਆਫ ਕਾਸਟ’, ‘ਹਿੰਦ ਸਵਰਾਜ’, ‘ਨੈਸ਼ਨਲਿਜ਼ਮ’ ਜਾਂ ‘ਦਿ ਡਿਸਕਵਰੀ ਆਫ ਇੰਡੀਆ’ ਨਾਲੋਂ ਕਾਫ਼ੀ ਛੋਟੀ ਕਿਤਾਬ ਹੈ। ਉਂਝ, ਇਸ ਦੀ ਪੇਸ਼ਕਾਰੀ ਵਧੇਰੇ ਬੱਝਵੀਂ ਹੋਣ ਦਾ ਮੁੱਖ ਕਾਰਨ ਇਸ ਦਾ ਆਕਾਰ ਨਹੀਂ ਹੈ ਸਗੋਂ ਲੇਖਕ ਦਾ ਜਾਤੀ ਤਜਰਬਾ ਹੈ ਜਿਸ ਨੂੰ ਇਕ ਦਲਿਤ ਹੋਣ ਕਰਕੇ ਜਾਤੀ ਭੇਦਭਾਵ ’ਚੋਂ ਗੁਜ਼ਰਨਾ ਪਿਆ ਸੀ। ਇਸ ਤੋਂ ਵੀ ਖ਼ਾਸ ਕਾਰਨ ਸੀ ਉਨ੍ਹਾਂ ਦਾ ਦਾਨਿਸ਼ਵਰੀ ਰੌਂਅ। ਅੰਬੇਡਕਰ ਦਾ ਮਿਜਾਜ਼ ਬਹੁਤ ਜਗਿਆਸੂ ਸੀ ਅਤੇ ਉਨ੍ਹਾਂ ਨੂੰ ਚੜ੍ਹਦੀ ਉਮਰ ਤੋਂ ਹੀ ਪੜ੍ਹਨ ਦਾ ਜਨੂੰਨ ਸੀ। ਕੋਲੰਬੀਆ ਅਤੇ ਲੰਡਨ ਵਿਚ ਪੜ੍ਹਾਈ ਸਦਕਾ ਉਨ੍ਹਾਂ ਦੀਆਂ ਇਹ ਬਿਰਤੀਆਂ ਹੋਰ ਨਿੱਖਰ ਗਈਆਂ ਜਿੱਥੇ ਉਨ੍ਹਾਂ ਦੋ ਡਾਕਟਰੇਟ ਡਿਗਰੀਆਂ ਪ੍ਰਾਪਤ ਕੀਤੀਆਂ ਸਨ। ਕਲਾਸਰੂਮ ਦੇ ਅੰਦਰ ਤੇ ਬਾਹਰ, ਅੰਬੇਡਕਰ ਨੇ ਸਮਾਜ ਸ਼ਾਸਤਰ, ਅਰਥਸ਼ਾਸਤਰ, ਦਰਸ਼ਨ ਅਤੇ ਇਤਿਹਾਸ ਬਾਰੇ ਬਹੁਤ ਸਾਰਾ ਅਧਿਐਨ ਕੀਤਾ। ਟੈਗੋਰ, ਗਾਂਧੀ ਤੇ ਨਹਿਰੂ ਤੋਂ ਉਲਟ ਆਪਣੀ ਇਸ ਸਿਖਲਾਈ ਸਦਕਾ ਅੰਬੇਡਕਰ ਕੋਲ ਆਪਣੀਆਂ ਲਿਖਤਾਂ ਅਤੇ ਤਜਰਬਿਆਂ ਨੂੰ ਬੱਝਵੇਂ ਤੇ ਅਸਰਦਾਰ ਢੰਗ ਨਾਲ ਵਿਉਂਤਣ ਦਾ ਹੁਨਰ ਆ ਗਿਆ ਸੀ। ਅੰਬੇਡਕਰ ਕੋਲ ਆਪਣੇ ਤਰਕਾਂ ਨੂੰ ਰੋਜ਼ਮਰ੍ਹਾ ਦੀ ਜ਼ਬਾਨ ਵਿਚ ਬਿਆਨ ਕਰਨ ਦਾ ਹੁਨਰ ਵੀ ਸੀ ਤੇ ਇੱਛਾ ਵੀ ਸੀ। ਉਹ ਆਪਣੇ ਸਮਕਾਲੀ ਵਿਦਵਾਨਾਂ ਲਈ ਨਹੀਂ ਸਗੋਂ ਆਪਣੇ ਦੇਸਵਾਸੀਆਂ ਲਈ ਲਿਖ ਰਹੇ ਸਨ।
ਮੈਂ ਖ਼ੁਦ ‘ਐਨਾਹਿਲੇਸ਼ਨ ਆਫ ਕਾਸਟ’ ਪਹਿਲੀ ਵਾਰ 1990ਵਿਆਂ ਦੇ ਸ਼ੁਰੂ ਵਿਚ ਪੜ੍ਹੀ ਸੀ ਜਿਸ ਦਾ ਇਕ ਅਡੀਸ਼ਨ ਦਿੱਲੀ ਦੇ ਇਕ ਪ੍ਰਕਾਸ਼ਕ ਵੱਲੋਂ ਲਿਆਂਦਾ ਗਿਆ ਸੀ। ਫਿਰ ਮੈਂ ਗਾਂਧੀ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਅਤੇ ਮੈਂ ਅੰਬੇਡਕਰ ਦੀ ਪਹੁੰਚ ਦੇ ਤਾਕਤ ਅਤੇ ਬੱਝਵੀਂ ਦਿਸ਼ਾ ਤੋਂ ਦੰਗ ਰਹਿ ਗਿਆ ਸਾਂ। ਹਾਲਾਂਕਿ ਇਸ ਕਿਤਾਬ ਦੇ ਮੁੱਖ ਖਰੜੇ ਵਿਚ ਗਾਂਧੀ ਦਾ ਮਾਮੂਲੀ ਜਿਹਾ ਹੀ ਜ਼ਿਕਰ ਆਇਆ ਸੀ ਪਰ ਜਾਤੀਵਾਦ ਪ੍ਰਤੀ ਗਾਂਧੀਵਾਦੀ ਦ੍ਰਿਸ਼ਟੀਕੋਣ ਨੂੰ ਮੁੱਖ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਮਹਾਤਮਾ ਗਾਂਧੀ ਦੀ ਧਾਰਨਾ ਸੀ ਕਿ ਵੱਖ ਵੱਖ ਜਾਤਾਂ ਦੇ ਇਕ ਸਾਥ ਖਾਣ ਪੀਣ ਤੇ ਰਹਿਣ ਨਾਲ ਹਿੰਦੂਵਾਦ ਆਪਣਾ ਆਪ ਸੁਧਾਰ ਕਰ ਸਕਦਾ ਹੈ ਜਦੋਂਕਿ ਅੰਬੇਡਕਰ ਇਸ ਤਰ੍ਹਾਂ ਦੇ ਭੁਲੇਖੇ ਵਿਚ ਨਹੀਂ ਰਹਿ ਸਕਦੇ ਸਨ। ਮੇਰੇ ਖ਼ਿਆਲ ਮੁਤਾਬਿਕ ਉਨ੍ਹਾਂ ਜ਼ੋਰਦਾਰ ਢੰਗ ਨਾਲ ਦਲੀਲ ਪੇਸ਼ ਕੀਤੀ ਕਿ ਜਾਤਪਾਤ ਹਿੰਦੂਵਾਦ ਦੇ ਨੈਤਿਕ ਅਤੇ ਧਾਰਮਿਕ ਜਗਤ ਦਾ ਇਸ ਕਦਰ ਕੇਂਦਰ ਬਿੰਦੂ ਹੈ ਕਿ ਇਸ ਨੂੰ ਪਾਵਨਤਾ ਦਾ ਦਰਜਾ ਦੇਣ ਵਾਲੇ ਗ੍ਰੰਥਾਂ ਦੀ ਵਾਜਬੀਅਤ ’ਤੇ ਸਿੱਧਾ ਹਮਲਾ ਕਰ ਕੇ ਹੀ ਜਾਤੀਵਾਦ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਇਨ੍ਹਾਂ ਸਾਲਾਂ ਦੌਰਾਨ ਮੈਂ ‘ਐਨਾਹਿਲੇਸ਼ਨ ਆਫ ਕਾਸਟ’ ਕਈ ਵਾਰ ਪੜ੍ਹੀ ਹੈ ਅਤੇ ਕਦੇ ਕਦਾਈਂ ਯੂਨੀਵਰਸਿਟੀ ਕੋਰਸਾਂ ਦੇ ਮੇਰੇ ਵਿਦਿਆਰਥੀਆਂ ਨਾਲ ਬਹਿ ਕੇ ਵੀ ਪੜ੍ਹੀ ਹੈ। ਮੈਂ ਇਸ ਦੇ ਕਾਰਜ ’ਤੇ ਸਮਾਜ ਸ਼ਾਸਤਰੀਆਂ, ਇਤਿਹਾਸਕਾਰਾਂ, ਜੀਵਨੀਕਾਰਾਂ ਅਤੇ ਅੰਬੇਡਕਰ ਤੇ ਉਨ੍ਹਾਂ ਦੀ ਵਿਰਾਸਤ ਵਿਚ ਰੁਚੀ ਲੈਣ ਵਾਲੇ ਜਾਤਪਾਤ ਵਿਰੋਧੀ ਕਾਰਕੁਨਾਂ ਵੱਲੋਂ ਕੀਤੀਆਂ ਟੀਕਾ ਟਿੱਪਣੀਆਂ ’ਤੇ ਵੀ ਨਜ਼ਰ ਰੱਖਦਾ ਰਿਹਾ ਹਾਂ। ਮੈਂ ਸੋਚਦਾਂ ਸਾਂ ਕਿ ਮੈਂ ਇਸ ਕਿਤਾਬ ਦੀ ਧਾਰਨਾ, ਇਸ ਦੇ ਤਰਕ ਅਤੇ ਇਸ ਦੇ ਹੁੰਗਾਰੇ ਨੂੰ ਬਾਖ਼ੂਬੀ ਜਾਣਦਾ ਹਾਂ। ਜਦੋਂ ਇਸ ਬਾਰੇ ਹੈਦਰਾਬਾਦ ਦੇ ਇਕ ਦਾਰਸ਼ਨਿਕ ਸੱਯਦ ਸਈਅਦ ਵੱਲੋਂ ਇਕ ਕਿਤਾਬ ਦੇ ਰੂਪ ਵਿਚ ਟਿੱਪਣੀ ਪੜ੍ਹਨ ਦਾ ਮੌਕਾ ਮਿਲਿਆ ਤਾਂ ਮੈਨੂੰ ਉਨ੍ਹਾਂ ਚੀਜ਼ਾਂ ਬਾਰੇ ਇਕ ਨਵਾਂ ਤੇ ਰੌਸ਼ਨ ਨਜ਼ਰੀਆ ਮਿਲਿਆ ਕਿ ਉਸ ਕਿਤਾਬ ਜ਼ਰੀਏ ਅੰਬੇਡਕਰ ਕੀ ਕਹਿਣਾ ਚਾਹੁੰਦੇ ਸਨ।
‘ਐਨਾਹਿਲੇਸ਼ਨ ਆਫ ਕਾਸਟ’ ’ਤੇ ਪਹਿਲਾਂ ਟਿੱਪਣੀ ਕਰਨ ਵਾਲੇ ਮੋਟੇ ਰੂਪ ਵਿਚ ਚਾਰ ਕਿਸਮ ਦੇ ਸਵਾਲ ਦੇ ਜਵਾਬ ਪੁੱਛਣਾ ਚਾਹੁੰਦੇ ਸਨ। ਪਹਿਲਾ, ਜਦੋਂ ਅੰਬੇਡਕਰ ਭਾਸ਼ਣ ਨਹੀਂ ਦੇ ਸਕੇ ਸਨ ਤਾਂ ਫਿਰ ਉਨ੍ਹਾਂ ਖਰੜਾ ਕਿਉਂ ਲਿਖਿਆ ਸੀ ਤੇ ਫਿਰ ਆਪਣੇ ਖਰਚੇ ’ਤੇ ਇਸ ਨੂੰ ਪ੍ਰਕਾਸ਼ਿਤ ਕਰਵਾਇਆ। ਦੂਜਾ, ਅੰਬੇਡਕਰ ਦੇ ਖ਼ਿਆਲ ਵਿਚ ਉਨ੍ਹਾਂ ਨੂੰ ਸੁਣਨ ਵਾਲੇ ਕੌਣ ਸਨ। ਤੀਜਾ, ਜਦੋਂ ਅੰਬੇਡਕਰ ਨੇ ਆਪਣਾ ਖਰੜਾ ਲਿਖ ਕੇ ਪ੍ਰਕਾਸ਼ਿਤ ਕਰਵਾਇਆ ਸੀ ਤਾਂ ਕੀ ਉਨ੍ਹਾਂ ਦੇ ਮਨ ਵਿਚ ਆਮ ਤੌਰ ’ਤੇ ਹਿੰਦੂ ਅਤੇ ਆਪਣੇ ਸਮੇਂ ਦੇ ਸਭ ਤੋਂ ਪ੍ਰਸਿੱਧ ਹਿੰਦੂ ਗਾਂਧੀ ਸਨ। ਚੌਥਾ, ਖਰੜੇ ਤੋਂ ਬਾਅਦ ਅੰਬੇਡਕਰ ਦੀ ਆਪਣੀ ਜੀਵਨੀ ਵਿਚ ਇਸ ਦਾ ਠੋਸ ਮੁਕਾਮ ਕੀ ਸੀ।
ਪ੍ਰੋਫੈਸਰ ਸਈਅਦ ਨੇ ਇਨ੍ਹਾਂ ’ਚੋਂ ਕਿਸੇ ਸਵਾਲ ਨੂੰ ਮੁਖ਼ਾਤਬ ਹੋਣ ਦਾ ਯਤਨ ਨਹੀਂ ਕੀਤਾ। ਉਨ੍ਹਾਂ ਦੀ ਦਿਲਚਸਪੀ ‘ਐਨਾਹਿਲੇਸ਼ਨ ਆਫ ਕਾਸਟ’ ਦੇ ਵਡੇਰੇ ਸੰਦਰਭ ਵਿਚ ਨਹੀਂ ਸੀ ਸਗੋਂ ਖ਼ੁਦ ਖਰੜੇ ਦੇ ਵਧੇਰੇ ਕਰੀਬੀ, ਬਾਰੀਕ ਵਿਸ਼ਲੇਸ਼ਣ ਵਿਚ ਸੀ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ਇਹ ਕਿਤਾਬ ਸਿਰਫ਼ ਇਸ ਗੱਲ ’ਤੇ ਧਿਆਨ ਕੇਂਦਰਤ ਕਰਾਉਣ ਲਈ ਲਿਖੀ ਗਈ ਹੈ ਕਿ ‘ਇਹ ਲੇਖ ਕਹਿ ਕੀ ਰਿਹਾ ਹੈ।’ ਆਪਣੀ ਪੇਸ਼ਕਾਰੀ ਦੀ ਤਕਨੀਕ ਬਾਰੇ ਉਹ ਅੱਗੇ ਲਿਖਦੇ ਹਨ: ‘ਇਉਂ ਜਾਪਦਾ ਹੈ ਕਿ ਅੰਬੇਡਕਰ ਇਹ ਕਹਿ ਰਹੇ ਹਨ ਅਤੇ ਜੇ ਇਉਂ ਹੀ ਹੈ ਤਾਂ ਉਨ੍ਹਾਂ ਦੀ ਪੁਜ਼ੀਸ਼ਨ ਤੇ ਉਨ੍ਹਾਂ ਤਰਕ ਦੇ ਇਹ ਅਰਥ ਹਨ।’ ਇੰਝ ਉਹ ‘ਐਨਾਹਿਲੇਸ਼ਨ ਆਫ ਕਾਸਟ’ ਨੂੰ ਅੰਬੇਡਕਰ ਦੇ ਹੋਰਨਾਂ ਖਰੜਿਆਂ, ਉਨ੍ਹਾਂ ਦੇ ਵਡੇਰੇ ਸਿਆਸੀ ਅਤੇ ਸਮਾਜ ਸੁਧਾਰ ਕਾਰਜ, ਇੱਥੋਂ ਤੱਕ ਕਿ ਆਧੁਨਿਕ ਭਾਰਤੀ ਇਤਿਹਾਸ ਵਿਚ ਉਨ੍ਹਾਂ ਦੇ ਮੁਕਾਮ ਦੇ ਹੋਰ ਵੀ ਵਡੇਰੇ ਸਵਾਲ ਨਾਲ ਮੇਲਦੇ ਹਨ। ਜਿਵੇਂ ਕਿ ਪ੍ਰੋਫੈਸਰ ਸਈਅਦ ਆਖਦੇ ਹਨ: ‘ਉਨ੍ਹਾਂ ਦੀ ਕੋਸ਼ਿਸ਼ ਇਹ ਰਹੀ ਹੈ ਕਿ ਲੇਖਕ ਦੀ ਆਪਣੀ ਵਿਰਾਟ ਸ਼ਖ਼ਸੀਅਤ ਦਾ ਪਰਛਾਵਾਂ ਨਾ ਪੈਣ ਦਿੰਦੇ ਹੋਏ ਖਰੜੇ ਦਾ ਅਧਿਐਨ ਕੀਤਾ ਜਾਵੇ।’
ਇਸ ਕਾਰਜ ਵਿਚ ਉਹ ਬਹੁਤ ਹੱਦ ਤੱਕ ਸਫ਼ਲ ਰਹੇ ਹਨ। ਹਾਲਾਂਕਿ ਅਸੀਂ ਅੰਬੇਡਕਰ ਦੀ ਮੌਜੂਦਗੀ ਨੂੰ ਬਿਲਕੁਲ ਮਨਫ਼ੀ ਨਹੀਂ ਕਰ ਸਕਦੇ ਪਰ ਪ੍ਰੋਫੈਸਰ ਸਈਅਦ ਦੇ ਨੁਕਤੇ ਰਾਹੀਂ ਅਸੀਂ ਖਰੜੇ ਦੇ ਢਾਂਚੇ ਅਤੇ ਇਸ ਦੇ ਕਥਾਨਕ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਉਹ ਸਾਨੂੰ ਅੰਬੇਡਕਰ ਦੇ ਸਮਾਜਿਕ ਸਿਧਾਂਤ ਦੀ ਮੌਲਿਕਤਾ ਦਾ ਕਿਆਸ ਲਾਉਣ ਦੀ ਖੁੱਲ੍ਹ ਦਿੰਦੇ ਹਨ, ਇਹ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਧਾਰਮਿਕ ਖੇਤਰਾਂ ਨੂੰ ਖੁਦਮੁਖ਼ਤਾਰ ਖੇਤਰਾਂ ਵਜੋਂ ਦੇਖਦਾ ਹੈ ਜਿਨ੍ਹਾਂ ਦੇ ਸੱਤਾ, ਅਥਾਰਿਟੀ ਅਤੇ ਵਿਤਕਰੇ ਦੇ ਆਪੋ ਆਪਣੇ ਢਾਂਚੇ ਹਨ। ਹਾਲਾਂਕਿ ਅਸਲ ਜ਼ਿੰਦਗੀ ਵਿਚ ਇਹ ਖੇਤਰ ਇਕ ਦੂਜੇ ਨੂੰ ਕੱਟਦੇ/ਮਿਲਦੇ ਰਹਿੰਦੇ ਹਨ ਪਰ ਆਪਣੀ ਹੋਂਦ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਣ ਦਿੰਦੇ ਤੇ ਨਾ ਹੀ ਕੋਈ ਇਕ ਖੇਤਰ (ਜਿਵੇਂ ਕਿ ਆਰਥਿਕਤਾ) ਇਕਲੌਤਾ ਨਿਰਧਾਰਕ ਨਹੀਂ ਬਣਦਾ।’ ਪ੍ਰੋਫੈਸਰ ਸਈਅਦ ਦਰਸਾਉਂਦੇ ਹਨ ਕਿ ਕਿਵੇਂ ਇਕ ਪਾਸੇ ਭਾਰਤ ਵਿਚ ਸਮਾਜਿਕ ਗੈਰਬਰਾਬਰੀ ਦਾ ਅੰਬੇਡਕਰ ਦਾ ਵਿਸ਼ਲੇਸ਼ਣ ਮਾਰਕਸਵਾਦੀਆਂ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਨਾਲੋਂ ਕਿਤੇ ਵੱਧ ਪੁਖ਼ਤਾ ਹੈ ਅਤੇ ਦੂਜੇ ਪਾਸੇ ਕਿਵੇਂ ਹਿੰਦੂ ਸਮਾਜ ਦੀ ਤਬਦੀਲੀ ਦਾ ਅੰਬੇਡਕਰ ਦਾ ਪ੍ਰੋਗਰਾਮ ਗਾਂਧੀਵਾਦੀਆਂ ਵੱਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਨਾਲੋਂ ਕਿਤੇ ਜ਼ਿਆਦਾ ਵਿਆਪਕ ਹੈ।
ਆਪਣੇ ਖਰੜੇ ਵਿਚ ਪ੍ਰੋਫੈਸਰ ਸਈਅਦ ਅਜੋਕੇ ਸਮਿਆਂ ਵਿਚ ਚੱਲ ਰਹੀ ਪਛਾਣ ਦੀ ਸਿਆਸਤ ਦੀ ਗਹਿਰੀ ਆਲੋਚਨਾ ਕਰਦੇ ਹਨ। ਉਹ ਲਿਖਦੇ ਹਨ : ‘ਇਸ ਤਰ੍ਹਾਂ, (ਅੰਬੇਡਕਰ) ਜੋ ਚਾਹੁੰਦੇ ਸਨ, ਉਹ ਇਹ ਹੈ ਕਿ ਜਾਤ ਦਾ ਹਰ ਨਿਸ਼ਾਨ ਮਿਟਾ ਦਿੱਤਾ ਜਾਵੇ ਜਦੋਂਕਿ ਅੱਜ ਅਸੀਂ ਉਨ੍ਹਾਂ ਨਿਸ਼ਾਨਾਂ ਦਾ ਵਾਧਾ ਦੇਖ ਰਹੇ ਹਾਂ।’ ਉਹ ਲਿਖਦੇ ਹਨ ਕਿ ਅੰਬੇਡਕਰ ਅਗਾਊਂ ਹੀ ਪਛਾਣ ਲੈਂਦੇ ਕਿ ਪਛਾਣ ਦੀ ਸਿਆਸਤ ਦੇ ਸਿੱਟੇ ਵਜੋਂ ਅੱਗੇ ਚੱਲ ਕੇ ਬਹੁਗਿਣਤੀਵਾਦੀ ਸਿਆਸਤ ਦਾ ਉਭਾਰ ਹੋਵੇਗਾ (ਇੱਕੀਵੀਂ ਸਦੀ ਵਿਚ ਭਾਰਤ ਅਤੇ ਕੌਮਾਂਤਰੀ ਪੱਧਰ ’ਤੇ ਵੀ ਇਹ ਗੱਲ ਸਾਫ਼ ਜ਼ਾਹਿਰ ਹੋ ਗਈ ਹੈ) ਅਤੇ ਇਹ ਕਿ ਬਹੁਗਿਣਤੀਵਾਦ ਜਿਸ ਵੀ ਦੇਸ਼ ਨੂੰ ਆਪਣੀ ਜਕੜ ਵਿਚ ਲੈ ਲੈਂਦਾ ਹੈ, ਨਾ ਸਿਰਫ਼ ਉਸ ਦੀ ਜਮਹੂਰੀ ਸਿਆਸਤ ਸਗੋਂ ਉਸ ਦੇ ਨੈਤਿਕ ਜਾਂ ਤਹਿਜ਼ੀਬੀ ਖਾਸੇ ਨੂੰ ਵੀ ਮਿੱਟੀ ਵਿਚ ਮਿਲਾ ਦਿੰਦਾ ਹੈ।’
ਗੌਰਵਮਈ ਹਿੰਦੂ ਅਤੀਤ ਦੇ ਪ੍ਰਵਚਨਾਂ ਨੂੰ ਅੰਬੇਡਕਰ ਕਿਵੇਂ ਤੱਕਦੇ, ਇਸ ਮੁਤੱਲਕ ਪ੍ਰੋਫੈਸਰ ਸਈਅਦ ਲਿਖਦੇ ਹਨ : ‘ਕਲਾ ਅਤੇ ਸੱਭਿਆਚਾਰ ਦੀ ਮਹਾਨ ਤਹਿਜ਼ੀਬੀ ਵਿਰਾਸਤ ਦਾ ਕੀ ਫ਼ਾਇਦਾ ਜਦੋਂ ਇਸ ਦੀ ਬੁਨਿਆਦ ਹੀ ਦਮਨ, ਬੰਧਨਾਂ ਅਤੇ ਉੱਚ ਜਾਤੀਆਂ ਵੱਲੋਂ ਆਪਣੇ ਵਰਗੇ ਕਿਸੇ ਵੱਡੇ ਤਬਕੇ ਨਾਲ ਕੀਤੇ ਜਾਂਦੇ ਅਣਮਨੁੱਖੀ ਸਲੂਕ ’ਤੇ ਟਿਕੀ ਹੋਈ ਹੋਵੇ।’ ਪ੍ਰੋਫੈਸਰ ਸਈਅਦ ਦੇ ਕਾਰਜ ਦਾ ਅਹਿਮ ਯੋਗਦਾਨ ਇਹ ਹੈ ਕਿ ਇਸ ਨੇ ਅੰਬੇਡਕਰ ਨੂੰ ਪ੍ਰਾਂਤਕ ਖੇਮਿਆਂ ਤੋਂ ਮੁਕਤ ਕਰਵਾਇਆ ਹੈ। ਉਹ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਅੰਬੇਡਕਰ ਇਕ ਅਜਿਹੀ ਰੂਹ ਸਨ ਜੋ ਵਡੇਰੇ ਪੱਧਰ ’ਤੇ ਮਨੁੱਖੀ ਸੰਵੇਦਨਾ ਅਤੇ ਨਿਆਂ ਦੀ ਭਾਵਨਾ ਜਗਾਉਣ ਦੇ ਸਮੱਰਥ ਸੀ।
ਜਲਦੀ ਪ੍ਰਕਾਸ਼ਿਤ ਹੋਣ ਵਾਲੀ ਆਪਣੀ ਇਸ ਕਿਤਾਬ ਵਿਚ ਪ੍ਰੋਫੈਸਰ ਸਈਅਦ ਸਾਨੂੰ ‘ਐਨਾਹਿਲੇਸ਼ਨ ਆਫ ਕਾਸਟ’ ਦੀ ਗਹਿਰੀ ਪੜ੍ਹਤ ਮੁਹੱਈਆ ਕਰਾਉਂਦੇ ਹਨ ਅਤੇ ਖ਼ੁਦ ਇਹ ਕਿਤਾਬ ਵੀ ਪੜ੍ਹਨਯੋਗ ਹੈ। ਇਹ ਕਿਸੇ ਭਾਰਤੀ ਨਾਗਰਿਕ ਵੱਲੋਂ ਲਿਖੇ ਗਏ ਸਭ ਤੋਂ ਬੇਮਿਸਾਲ ਤੇ ਦੇਰਪਾ ਪ੍ਰਸੰਗਕ ਖਰੜਿਆਂ ਵਿਚ ਸ਼ੁਮਾਰ ਇਕ ਖਰੜੇ ’ਤੇ ਬਹੁਤ ਹੀ ਗਹਿਨ ਵਿਦਵਤਾ ਦਾ ਕਾਰਜ ਹੈ। ਇਨ੍ਹਾਂ ਸਤਰਾਂ ਦੇ ਲੇਖਕ ਦੀ ਤਰ੍ਹਾਂ ਜੇ ਤੁਸੀਂ ‘ਐਨਾਹਿਲੇਸ਼ਨ ਆਫ ਕਾਸਟ’ ਪੜ੍ਹ ਚੁੱਕੇ ਹੋ ਜਾਂ ਕਈ ਵਾਰ ਪੜ੍ਹ ਚੁੱਕੇ ਹੋ ਤਾਂ ਤੁਹਾਨੂੰ ਪ੍ਰੋਫੈਸਰ ਸਈਅਦ ਦੀਆਂ ਦਲੀਲਾਂ ਦੀ ਰੌਸ਼ਨੀ ਵਿਚ ਇਸ ਖਰੜੇ ਦੇ ਵਿਚਾਰ ਅਤੇ ਤਰਕ ਹੋਰ ਵੀ ਚਮਕਦੇ ਹੋਏ ਲੱਗਣਗੇ। ਜੇ ਤੁਸੀਂ ਹਾਲੇ ਤੱਕ ਅੰਬੇਡਕਰ ਦਾ ਖਰੜਾ ਨਹੀਂ ਪੜ੍ਹਿਆ ਤਾਂ ਇਹ ਸ਼ਾਨਦਾਰ ਕੁਮੈਂਟਰੀ ਇਕ ਨਵੇਂ ਜ਼ਾਵੀਏ ਅਤੇ ਖੁੱਲ੍ਹੇ ਮਨ ਨਾਲ ਇਸ ਨੂੰ ਪੜ੍ਹਨ ਦਾ ਸਭ ਤੋਂ ਵਧੀਆ ਜ਼ਰੀਆ ਸਾਬਿਤ ਹੋਵੇਗੀ।
ਈ-ਮੇਲ : ramachandraguha@yahoo.in