ਲਿਬਨਾਨ : ਆਰਥਿਕ ਸੰਕਟ ਦਰਮਿਆਨ ਲੋਕ ਰੋਹ - ਮਾਨਵ
ਫਰਵਰੀ ਮਹੀਨੇ ਮੱਧ-ਪੂਰਬ ਦੇ ਦੇਸ਼ ਲਿਬਨਾਨ ਵਿੱਚ ਮੁਦਰਾ ਦੀ ਕਦਰ ਡਿੱਗਣ ਤੇ ਰਿਕਾਰਡ ਮਹਿੰਗਾਈ ਤੋਂ ਭੜਕੇ ਲੋਕਾਂ ਨੇ ਬੈਂਕਾਂ ਨੂੰ ਅੱਗ ਲਾ ਦਿੱਤੀ| ਲਿਬਨਾਨੀ ਪੌਂਡ ਇਸ ਵੇਲ਼ੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦਾ ਸ਼ਿਕਾਰ ਹੈ ਤੇ ਇਹ ਡਿੱਗਕੇ ਪ੍ਰਤੀ ਡਾਲਰ 80,000 ਨੂੰ ਪਹੁੰਚ ਗਿਆ ਹੈ। ਇਸ ਸੰਕਟ ਦੀ ਘੜੀ ਲਿਬਨਾਨ ਦੇ ਆਰਥਿਕ ਮੰਤਰੀ ਅਮੀਨ ਸਲਾਮ ਨੇ ਹੱਥ ਖੜ੍ਹੇ ਕਰਦਿਆਂ ਮੀਡੀਆ ਸਾਹਮਣੇ ਐਲਾਨ ਕਰ ਦਿੱਤਾ ਕਿ ਲਿਬਨਾਨ ਦਾ ਵਿੱਤੀ ਪ੍ਰਬੰਧ ਪੂਰੀ ਤਰ੍ਹਾਂ ਖਿੰਡ ਗਿਆ ਹੈ ਤੇ ਇਸ ਹਾਲਤ ਨਾਲ ਨਜਿੱਠਣ ਲਈ ਸਰਕਾਰ ਕੁਝ ਨਹੀਂ ਕਰ ਸਕਦੀ|
ਰਸਮੀ ਤੌਰ ’ਤੇ ਪਹਿਲੀ ਵਾਰੀ ਲਿਬਨਾਨ ਵਿੱਚ 1997 ਨੂੰ ਲਿਬਨਾਨੀ ਪੌਂਡ ਦੀ ਦਰ ਤੈਅ ਕਰਕੇ ਇਸ ਨੂੰ ਪ੍ਰਤੀ ਡਾਲਰ 1507 ਪੌਂਡ ’ਤੇ ਸੈੱਟ ਕੀਤਾ ਗਿਆ ਸੀ ਜਿਹੜਾ ਅਕਤੂਬਰ 2019 ਤੱਕ ਲਗਭਗ ਇਹੀ ਰਿਹਾ| ਪਰ 2019 ਦੇ ਅੰਤ ਤੋਂ ਲੈ ਕੇ ਹੁਣ ਤੱਕ ਲਿਬਨਾਨੀ ਪੌਂਡ ਆਪਣੀ 90% ਕੀਮਤ ਗੁਆ ਚੁੱਕਾ ਹੈ| ਫਰਵਰੀ ਦੇ ਸ਼ੁਰੂ ਵਿੱਚ ਸਰਕਾਰ ਨੂੰ ਮਜਬੂਰਨ ਪੌਂਡ ਦੀ ਕੀਮਤ ਘਟਾ ਕੇ ਇਸ ਨੂੰ 15,000 ਪੌਂਡ ਤੱਕ ਲਿਜਾਣਾ ਪਿਆ ਸੀ ਜਿਸ ਦਾ ਸਿੱਧਾ ਅਸਰ ਰਿਕਾਰਡ ਤੋੜ ਮਹਿੰਗਾਈ ਦੇ ਰੂਪ ਵਿੱਚ ਲਿਬਨਾਨ ਦੇ ਆਮ ਲੋਕਾਂ ’ਤੇ ਪਿਆ। ਇਹ ਮਗਰੋਂ ਇੱਕ ਮਹੀਨੇ ਦੇ ਅੰਦਰ ਹੀ 15,000 ਤੋਂ ਡਿੱਗ ਕੇ 80,000 ਨੂੰ ਪਹੁੰਚ ਗਿਆ।
ਲਿਬਨਾਨੀ ਪੌਂਡ ਦੀ ਕੀਮਤ ਘਟਣ ਅਤੇ ਅਰਥਚਾਰੇ ਦੇ ਸੰਕਟ ਨੇ ਇਸ ਮੁਲਕ ਦੀ 56 ਲੱਖ ਆਬਾਦੀ ਦੇ ਵੱਡੇ ਹਿੱਸੇ ’ਤੇ ਮੁਸੀਬਤਾਂ ਦਾ ਪਹਾੜ ਭੰਨ ਦਿੱਤਾ ਹੈ। ਇਸ ਆਬਾਦੀ ਵਿੱਚੋਂ ਤਕਰੀਬਨ 5 ਲੱਖ ਆਬਾਦੀ ਆਪਣੇ ਵਤਨੋਂ ਬੇਵਤਨ ਹੋਏ ਫਲਸਤੀਨੀਆਂ ਦੀ ਤੇ 10 ਲੱਖ ਤੋਂ ਵੱਧ ਸੀਰੀਆਈ ਲੋਕਾਂ ਦੀ ਹੈ ਜਿਹੜੇ ਸੀਰੀਆ ’ਤੇ ਸੰਯੁਕਤ ਰਾਜ ਅਮਰੀਕਾ, ਇਸ ਦੇ ਖਾੜੀ ਸੰਗੀਆਂ, ਤੁਰਕੀ ਤੇ ਇਸਰਾਈਲ ਵੱਲੋਂ ਥੋਪੀ ਜੰਗ ਦੀ ਤਬਾਹੀ ਕਾਰਨ ਦੇਸ਼ ਛੱਡਣ ਨੂੰ ਮਜਬੂਰ ਹੋਏ ਸਨ। ਸੀਰੀਆ ’ਤੇ ਥੋਪੀ ਸਾਮਰਾਜੀ ਜੰਗ ਤੇ ਅਮਰੀਕੀ ਆਰਥਿਕ ਬੰਦਸ਼ਾਂ ਨੇ ਲਿਬਨਾਨ ਨੂੰ ਵੀ ਵੱਡੇ ਪੱਧਰ ’ਤੇ ਅਸਥਿਰ ਕੀਤਾ ਹੈ| ਪਹਿਲੀ ਆਲਮੀ ਜੰਗ ਵਿੱਚ ਆਟੋਮਨ ਸਲਤਨਤ ਦੀ ਹਾਰ ਤੋਂ ਪਹਿਲਾਂ ਲਿਬਨਾਨ ਸੀਰੀਆ ਦਾ ਹੀ ਹਿੱਸਾ ਰਿਹਾ ਹੈ ਜਿਸ ਕਾਰਨ ਇਸਦੇ ਆਪਣੇ ਗੁਆਂਢੀ ਨਾਲ ਚਿਰੋਕੇ ਆਰਥਿਕ, ਪਰਿਵਾਰਕ ਤੇ ਸੱਭਿਆਚਾਰਕ ਸਬੰਧ ਹਨ| ਲੌਕਡਾਊਨ, ਮਾਰਚ 2020 ਵਿੱਚ ਕੌਮਾਂਤਰੀ ਦੇਣਦਾਰਾਂ ਅੱਗੇ ਦੀਵਾਲੀਆ ਹੋਣਾ, ਅਗਸਤ 2020 ਵਿੱਚ ਰਾਜਧਾਨੀ ਬੈਰੂਤ ਦੀ ਬੰਦਰਗਾਹ ’ਤੇ ਜ਼ਬਰਦਸਤ ਬੰਬ ਧਮਾਕਾ ਹੋਣ ਜਿਸ ਕਾਰਨ 200 ਤੋਂ ਵੱਧ ਲੋਕ ਮਾਰੇ ਗਏ, ਹਜ਼ਾਰਾਂ ਜ਼ਖਮੀ ਹੋਏ ਤੇ ਸ਼ਹਿਰ ਦੀ ਆਰਥਿਕਤਾ ‘ਤੇ ਵੱਡਾ ਅਸਰ ਪਿਆ; ਯੂਕਰੇਨ ਜੰਗ ਕਾਰਨ ਵਧੀਆਂ ਅਨਾਜ ਕੀਮਤਾਂ ਆਦਿ ਨੇ ਲਿਬਨਾਨ ਦੇ ਆਰਥਿਕ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਤੇ ਮੁਲਕ ਦੀ 80% ਵਸੋਂ ਨੂੰ ਗਰੀਬੀ ਵਿੱਚ ਧੱਕ ਦਿੱਤਾ ਹੈ| ਪਿਛਲੇ ਸਾਲ ਸੰਸਾਰ ਬੈਂਕ ਦੀ ਰਿਪੋਰਟ ਨੇ ਲਿਬਨਾਨ ਦੇ ਆਰਥਿਕ ਸੰਕਟ ਨੂੰ “1850ਵਿਆਂ ਤੋਂ ਬਾਅਦ ਦੁਨੀਆਂ ਦੀ ਸਭ ਤੋਂ ਬਦਤਰ ਆਰਥਿਕ ਮੰਦੀ” ਵਜੋਂ ਚਿੰਨ੍ਹਤ ਕੀਤਾ ਸੀ।
ਲਿਬਨਾਨ ਦੀ ਆਰਥਿਕ ਤਬਾਹੀ ਦਾ ਪੱਧਰ ਲਗਭਗ ਅਣਕਿਆਸਿਆ ਹੈ| ਵਿਸ਼ਵ ਬੈਂਕ ਮੁਤਾਬਿਕ 2019 ਤੋਂ 2021 ਦਰਮਿਆਨ ਲਿਬਨਾਨ ਦਾ ਅਰਥਚਾਰਾ ਘਟਕੇ ਅੱਧਾ ਰਹਿ ਚੁੱਕਾ ਹੈ ਤੇ ਇਸਦੀ ਕੁੱਲ ਘਰੇਲੂ ਪੈਦਾਵਾਰ 52 ਅਰਬ ਡਾਲਰ ਤੋਂ ਘਟਕੇ 21.8 ਅਰਬ ਡਾਲਰ ਹੀ ਰਹਿ ਗਈ ਹੈ। ਇਹ 193 ਮੁਲਕਾਂ ਵਿੱਚੋਂ ਸਭ ਤੋਂ ਵੱਡੀ ਗਿਰਾਵਟ ਹੈ| ਇਸ ਸੰਕਟ ਦੀ ਮਾਰ ਸਭ ਤੋਂ ਵੱਧ ਲਿਬਨਾਨ ਦੇ ਕਿਰਤੀਆਂ ’ਤੇ ਪੈ ਰਹੀ ਹੈ| ਪਿਛਲੇ ਤਿੰਨ ਸਾਲਾਂ ਵਿੱਚ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਪਿਛਲੇ ਸਾਲ ਹੀ ਇਸ ਵਿੱਚ 200% ਦਾ ਵਾਧਾ ਹੋ ਚੁੱਕਾ ਹੈ ਜਿਹੜਾ ਦੁਨੀਆਂ ਵਿੱਚ ਦੂਜਾ ਸਭ ਤੋਂ ਤੇਜ਼ ਵਾਧਾ ਸੀ| ਕੀਮਤਾਂ ਦਿਨੋਂ-ਦਿਨੀਂ ਬਦਲਦੀਆਂ ਹਨ ਜਿਸ ਕਾਰਨ ਆਮ ਮਜ਼ਦੂਰ ਦੀ ਮਹੀਨੇ ਦੇ ਅੰਤ ਨੂੰ ਆਉਂਦੀ ਤਨਖਾਹ ਜੇ ਪੂਰੀ ਮਿਲ ਵੀ ਜਾਵੇ ਤਾਂ ਵੀ ਉਸਦੀ ਹੈਸੀਅਤ ਕਾਗਜ਼ ਦੇ ਟੁਕੜਿਆਂ ਤੋਂ ਵੱਧ ਨਹੀਂ ਰਹਿੰਦੀ| ਸੰਕਟ ਕਾਰਨ ਬੇਰੁਜ਼ਗਾਰੀ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ| ਯੂਨੀਸੈੱਫ ਦੇ ਸਰਵੇਖਣ ਮੁਤਾਬਿਕ ਪਿਛਲੇ ਸਾਲ 70% ਪਰਿਵਾਰਾਂ ਨੂੰ ਆਪਣੀਆਂ ਭੋਜਨ ਲੋੜਾਂ ਲਈ ਵੀ ਉਧਾਰ ਲੈਣਾ ਪਿਆ ਜਿਸ ਕਾਰਨ ਬੱਚਿਆਂ ਨੂੰ ਵੀ ਛੇਤੀ ਸਕੂਲਾਂ ਤੋਂ ਹਟਾਕੇ ਕੰਮ ’ਤੇ ਲਾਉਣ ਤੇ ਕੁੜੀਆਂ ਨੂੰ ਛੋਟੀ ਉਮਰ ਵਿੱਚ ਵਿਆਹ ਦੇਣ ਦਾ ਚਲਣ ਵੀ ਚੱਲ ਪਿਆ ਹੈ| ਬਹੁਤੇ ਪਰਿਵਾਰਾਂ ਦਾ ਗੁਜ਼ਾਰਾ ਵਿਦੇਸ਼ਾਂ ਵਿੱਚ ਰਹਿੰਦੇ ਲਿਬਨਾਨੀਆਂ ਵੱਲ਼ੋਂ ਭੇਜੀ ਇਮਦਾਦ ਸਹਾਰੇ ਹੀ ਚੱਲ ਰਿਹਾ ਹੈ| ਪਰਵਾਸੀ ਲਿਬਨਾਨੀਆਂ ਵੱਲ਼ੋਂ ਭੇਜੀ ਜਾਂਦੀ ਰਾਸ਼ੀ ਲਿਬਨਾਨ ਦੀ ਕੁੱਲ ਘਰੇਲੂ ਪੈਦਾਵਾਰ ਦਾ 54% ਤੱਕ ਬਣਦੀ ਹੈ| ਆਰਥਿਕ ਸੰਕਟ ਕਾਰਨ ਬੁਨਿਆਦੀ ਢਾਂਚਾ ਵੀ ਖਿੰਡ ਰਿਹਾ ਹੈ, ਰਿਪੋਰਟਾਂ ਮੁਤਾਬਿਕ ਮੁਲਕ ਦੇ ਬਿਜਲੀ ਗ੍ਰਿਡ ਵੱਲੋਂ ਵੱਖੋ-ਵੱਖ ਇਲਾਕਿਆਂ ਵਿੱਚ ਮਹਿਜ ਕੁਝ ਘੰਟਿਆਂ ਲਈ ਹੀ ਬਿਜਲੀ ਛੱਡੀ ਜਾਂਦੀ ਹੈ ਜਿਸ ਕਾਰਨ ਠੀਕ-ਠਾਕ ਆਮਦਨ ਵਾਲ਼ੇ ਪਰਿਵਾਰਾਂ ਨੂੰ ਬਿਜਲੀ ਪੂਰਤੀ ਲਈ ਮਹਿੰਗੇ ਜਨਰੇਟਰਾਂ ’ਤੇ ਨਿਰਭਰ ਹੋਣਾ ਪੈਂਦਾ ਹੈ|
ਲਿਬਨਾਨ ਦੇ ਕਿਰਤੀ ਲੋਕਾਂ ਨੇ ਆਪਣੇ ਗੁੱਸੇ ਦਾ ਨਿਸ਼ਾਨਾ ਬੈਂਕਾਂ ਨੂੰ ਬਣਾਇਆ ਹੈ ਕਿਉਂਕਿ ਇਹਨਾਂ ਬੈਂਕਾਂ ਦੇ ਮਾਲਕ ਮੁਲਕ ਦੇ ਸਭ ਤੋਂ ਅਮੀਰ ਲੋਕ ਜਾਂ ਸਰਕਾਰੀ ਅਹਿਲਕਾਰ ਹਨ ਤੇ ਪਿਛਲੇ ਸਮੇਂ ਵਿੱਚ ਇਹਨਾਂ ਬੈਂਕਾਂ ਨੇ ਸਰਮਾਏਦਾਰਾਂ ਨੂੰ ਵੱਡੀ ਪੱਧਰ ’ਤੇ ਸਸਤਾ ਪੈਸਾ ਦਿੱਤਾ ਹੈ ਜਦੋਂਕਿ ਦੂਜੇ ਪਾਸੇ ਆਮ ਲੋਕਾਂ ’ਤੇ ਆਪਣੀਆਂ ਹੀ ਬੱਚਤਾਂ ਕਢਵਾਉਣ ਉੱਪਰ ਪਾਬੰਦੀ ਲਾ ਦਿੱਤੀ ਗਈ ਹੈ| ਲਿਬਨਾਨ ਵਿੱਚ ਪਿਛਲੇ ਸਾਲ ਤੋਂ ਹੀ ਅਜਿਹੀਆਂ ਕਈ ਘਟਨਾਵਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਜਦੋਂ ਅੱਕੇ ਖਾਤਾ ਧਾਰਕ ਆਪਣੇ ਪੈਸੇ ਕਢਵਾਉਣ ਲਈ ਬੈਂਕਾਂ ਵਿੱਚ ਹਥਿਆਰ ਲੈ ਕੇ ਦਾਖਲ ਹੋ ਗਏ ਕਿਉਂਕਿ ਬੈਂਕਾਂ ਨੇ ਉਹਨਾਂ ਨੂੰ ਜ਼ਰੂਰੀ ਦਵਾ-ਇਲਾਜ ਖਾਤਰ ਵੀ ਪੈਸੇ ਕਢਵਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ|
ਲਿਬਨਾਨ ਵਿੱਚ ਲਗਾਤਾਰ ਹੜਤਾਲਾਂ ਤੇ ਰੋਸ ਮੁਜ਼ਾਹਰੇ ਹੋ ਰਹੇ ਹਨ| ਰਾਜਧਾਨੀ ਬੈਰੂਤ ਵਿੱਚ ਕੇਂਦਰੀ ਬੈਂਕ ਦੇ ਗਵਰਨਰ ਰਿਆਦ ਸਲਾਮੇਹ ਦੇ ਘਰ ਬਾਹਰ ਲੋਕਾਂ ਨੇ ਸੜਕਾਂ ਜਾਮ ਕੀਤੀਆਂ ਤੇ ਅੱਗਜ਼ਨੀ ਕੀਤੀ ਕਿਉਂਕਿ ਇਹ ਗਵਰਨਰ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੇ ਦੋਸ਼ ਵਿੱਚ ਘੱਟੋ-ਘੱਟ ਪੰਜ ਯੂਰਪਿਆਈ ਮੁਲਕਾਂ ਵਿੱਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ| ਸਵਿੱਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਲਾਮੇਹ ਤੇ ਉਸਦੇ ਭਰਾ ਨੇ ਮਿਲ ਕੇ 14 ਸਾਲਾਂ ਵਿੱਚ ਕੇਂਦਰੀ ਬੈਂਕ ਵਿੱਚ ਜਮ੍ਹਾਂ 30 ਕਰੋੜ ਡਾਲਰ ਦੀ ਪੂੰਜੀ ਦਾ ਘਪਲਾ ਕੀਤਾ ਹੈ| ਲਿਬਨਾਨ ਵਿੱਚ ਵੀ ਇਸ ਗਵਰਨਰ ‘’ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਏ ਹਨ ਪਰ ਓਥੇ ਸਰਕਾਰ ਤੇ ਅਦਾਲਤ ਇਸ ਨੂੰ ਬਚਾਉਣ ’ਤੇ ਲੱਗੀਆਂ ਹਨ|
ਜਨਵਰੀ ਮਹੀਨੇ ਲਿਬਨਾਨ ਦੇ ਅਧਿਆਪਕ ਮਹਿੰਗਾਈ ਅੱਗੇ ਉਜਰਤਾਂ ਥੁੜ੍ਹਨ ਕਾਰਨ ਹੜਤਾਲ ’ਤੇ ਚਲੇ ਗਏ ਸਨ ਜਿਸ ਕਾਰਨ ਦੇਸ਼ ਭਰ ਵਿੱਚ ਸਵੇਰ ਦੀਆਂ ਜਮਾਤਾਂ ਬਰਖਾਸਤ ਕਰਨੀਆਂ ਪਈਆਂ ਸਨ| ਹੜਤਾਲ ਦੇ ਅਗਲੇ ਦਿਨ ਹੀ ਸਿੱਖਿਆ ਵਜ਼ਾਰਤ ਨੇ ਦੁਪਹਿਰ ਦੀਆਂ ਜਮਾਤਾਂ ਬੰਦ ਕਰਕੇ ਬਚਦੇ ਫੰਡਾਂ ਨਾਲ ਸਵੇਰ ਦੀਆਂ ਜਮਾਤਾਂ ਚਾਲੂ ਕਰਨ ਦਾ ਫ਼ੈਸਲਾ ਕੀਤਾ| ਜ਼ਿਕਰਯੋਗ ਹੈ ਕਿ ਲਿਬਨਾਨ ਵਿੱਚ ਸਵੇਰ ਦੀਆਂ ਜਮਾਤਾਂ ਮੁੱਖ ਤੌਰ ’ਤੇ ਲਿਬਨਾਨੀ ਵਿਦਿਆਰਥੀ ਜਦੋਂਕਿ ਦੁਪਹਿਰ ਦੀਆਂ ਜਮਾਤਾਂ ਮੁੱਖ ਤੌਰ ’ਤੇ ਸੀਰੀਆਈ ਸ਼ਰਨਾਰਥੀਆਂ ਦੇ ਬੱਚੇ ਲਾਉਂਦੇ ਹਨ| ਸੀਰੀਆਈ ਸ਼ਰਨਾਰਥੀਆਂ ਲਈ ਪੜ੍ਹਾਈ ਦਾ ਪ੍ਰਬੰਧ ਕਰਨ ਬਦਲੇ ਲਿਬਨਾਨ ਹਕੂਮਤ ਨੂੰ ਵਿਦੇਸ਼ੀ ਗਰਾਂਟ ਵੀ ਮਿਲ਼ਦੀ ਹੈ ਪਰ ਸਰਕਾਰ ਦੇ ਜਮਾਤਾਂ ਬੰਦ ਕਰਨ ਦੇ ਸੱਜਰੇ ਫ਼ੈਸਲੇ ਨੇ ਇਹਨਾਂ ਸ਼ਰਨਾਰਥੀ ਬੱਚਿਆਂ ਦਾ ਭਵਿੱਖ ਦਾਅ ’ਤੇ ਲਾ ਦਿੱਤਾ ਹੈ| ਇਸੇ ਤਰ੍ਹਾਂ ਮੁਲਕ ਦਾ ਨਿਆਂ ਪ੍ਰਬੰਧ ਵੀ ਠਹਿਰ ਗਿਆ ਹੈ ਕਿਉਂਕਿ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨੂੰ ਲੈ ਕੇ ਜੱਜਾਂ ਦੀ ਹੜਤਾਲ ਚਲਦੀ ਰਹੀ ਸੀ ਜੋ ਪਿਛਲੇ ਮਹੀਨੇ ਹੀ ਖਤਮ ਹੋਈ| ਲਿਬਨਾਨ ਦੇ ਡਾਕਟਰ ਤੇ ਸਿਹਤ ਕਾਮਿਆਂ ਦਾ ਠੀਕ-ਠਾਕ ਹਿੱਸਾ ਬਿਹਤਰ ਉਜਰਤਾਂ ਦੀ ਭਾਲ ਵਿੱਚ ਪਰਵਾਸ ਕਰ ਗਿਆ ਹੈ ਜਿਸ ਕਾਰਨ ਸਿਹਤ ਕਰਮੀਆਂ ਦੀ ਘਾਟ ਦਾ ਵੱਡਾ ਸੰਕਟ ਲਿਬਨਾਨ ਦੇ ਆਮ ਲੋਕਾਂ ਸਾਹਮਣੇ ਖੜ੍ਹਾ ਹੋ ਗਿਆ ਹੈ ਤੇ ਕਈ ਅਹਿਮ ਬਿਮਾਰੀਆਂ ਦੇ ਇਲਾਜ ਖੁਣੋਂ ਲੋਕਾਂ ਦੇ ਮਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ| ਇਸ ਸਥਿਤੀ ਤੋਂ ਲਾਭ ਕਮਾਉਣ ਲਈ ਨਿੱਜੀ ਹਸਪਤਾਲਾਂ ਨੇ ਆਪਣੀਆਂ ਫੀਸਾਂ ਮਣਾਂਮੂੰਹੀਂ ਵਧਾ ਦਿੱਤੀਆਂ ਹਨ| ਕੌਮਾਂਤਰੀ ਮੁਦਰਾ ਕੋਸ਼ ਨੇ ਲਿਬਨਾਨ ਨੂੰ 3 ਅਰਬ ਡਾਲਰ ਦੇ ਕਰਜੇ ਦੀ ਪੇਸ਼ਕਸ਼ ਕੀਤੀ ਪਰ ਬਦਲੇ ਵਿੱਚ ਆਰਥਿਕ ਸੁਧਾਰਾਂ ਦੇ ਨਾਂ ਹੇਠ ਮਾਰੂ ਨੀਤੀਆਂ ਲਾਗੂ ਕਰਨ ਦਾ ਦਬਾਅ ਬਣਾਇਆ ਜਿਸ ਨਾਲ ਪਹਿਲੋਂ ਹੀ ਜਰਜਰ ਹੋ ਚੁੱਕਾ ਲਿਬਨਾਨੀ ਅਰਥਚਾਰਾ ਹੋਰ ਬਰਬਾਦ ਹੋਵੇਗਾ|
ਲਿਬਨਾਨ ਦੇ ਆਰਥਿਕ ਸੰਕਟ ਦਾ ਪ੍ਰਗਟਾਵਾ ਹਾਕਮਾਂ ਦੀ ਸਿਆਸਤ ਵਿੱਚ ਵੀ ਹੋ ਰਿਹਾ ਹੈ| ਸਾਬਕਾ ਸਦਰ ਮਿਸ਼ੇਲ ਔਨ ਦਾ ਕਾਰਜਕਾਲ ਪਿਛਲੇ ਅਕਤੂਬਰ ਵਿੱਚ ਖਤਮ ਹੋਣ ਪਿੱਛੋਂ ਅਜੇ ਤੱਕ ਨਵੇਂ ਸਦਰ ਦੀ ਚੋਣ ਨਹੀਂ ਹੋ ਸਕੀ ਜਿਸ ਕਾਰਨ ਆਰਜ਼ੀ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੂੰ ਹੀ ਜ਼ਿੰਮੇਵਾਰੀ ਸੰਭਾਈ ਗਈ ਹੈ ਜਿਹੜਾ ਪਿਛਲੇ ਸਾਲ ਮਈ ਦੀਆਂ ਚੋਣਾਂ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਅਸਫਲ ਹੋ ਗਿਆ ਸੀ| ਇਸ ਆਰਜ਼ੀ ਪ੍ਰਧਾਨ ਮੰਤਰੀ ਕੋਲ ਕੋਈ ਕਾਨੂੰਨ ਜਾਂ ਬਜਟ ਪਾਸ ਕਰਨ ਦੀ ਤਾਕਤ ਨਹੀਂ ਜਿਸ ਕਾਰਨ ਹਾਲ ਦੀ ਘੜੀ ਲਿਬਨਾਨ ਵਿੱਚ ਸਿਆਸੀ ਖੜ੍ਹੋਤ ਦੀ ਸਥਿਤੀ ਪੈਦਾ ਹੋ ਗਈ ਹੈ|
ਲਿਬਨਾਨ ਦੀ ਮੌਜੂਦਾ ਸੂਰਤੇ-ਹਾਲ ਦੇ ਨਕਸ਼ ਅਸੀਂ ਮੱਧ-ਪੂਰਬ ਤੇ ਅਫਰੀਕਾ ਦੇ ਹੋਰਾਂ ਮੁਲਕਾਂ ਵਿੱਚ ਵੀ ਦੇਖ ਸਕਦੇ ਹਾਂ ਜਿੱਥੇ ਹਾਕਮ ਜਮਾਤਾਂ ਆਮ ਲੋਕਾਂ ’ਤੇ ਸਾਰਾ ਬੋਝ ਸੁੱਟ ਰਹੀਆਂ ਹਨ| ਅਜੋਕੇ ਸਰਮਾਏਦਾਰਾ ਢਾਂਚੇ ਅਧੀਨ ਆਮ ਲੋਕਾਂ ਦੀਆਂ ਬੁਨਿਆਦੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਢਾਂਚੇ ਵਿੱਚ ਸਾਰੇ ਫ਼ੈਸਲੇ ਉੱਪਰਲੇ ਤਬਕੇ ਦੇ ਮੁਨਾਫ਼ਿਆਂ ਨੂੰ ਹੀ ਧਿਆਨ ਵਿੱਚ ਰੱਖਕੇ ਲਏ ਜਾਂਦੇ ਹਨ| ਜਿੱਥੇ ਇੱਕ ਪਾਸੇ ਪੂਰੇ ਖਿੱਤੇ ਵਿੱਚ ਅਸੀਂ ਆਮ ਲੋਕਾਂ ਦੇ ਗੁੱਸੇ ਦਾ ਵੱਖੋ-ਵੱਖ ਢੰਗ ਨਾਲ਼ ਵਿਸਫੋਟ ਹੁੰਦਾ ਦੇਖ ਰਹੇ ਹਾਂ ਓਥੇ ਹੀ ਤਮਾਮ ਮੁਲਕਾਂ ਵਿੱਚ ਜਿਸ ਸਾਂਝੀ ਚੀਜ਼ ਦੀ ਘਾਟ ਰੜਕਦੀ ਹੈ ਉਹ ਹੈ ਇਸ ਸੰਕਟ ਤੋਂ ਪਾਰ ਪਾਉਣ ਲਈ ਸਪੱਸ਼ਟ ਪ੍ਰੋਗਰਾਮ ਨੂੰ ਪ੍ਰਣਾਈ ਇਨਕਲਾਬੀ ਜਥੇਬੰਦੀ ਦੀ ਅਣਹੋਂਦ| ਲਗਾਤਾਰ ਗੰਭੀਰ ਹੁੰਦੀਆਂ ਆਰਥਿਕ-ਸਿਆਸੀ ਹਾਲਤਾਂ ਦੇ ਮੱਦੇਨਜ਼ਰ ਅੱਜ ਸਮਾਜਵਾਦੀ ਨਿਜ਼ਾਮ ਕਾਇਮ ਕਰਨ ਦੇ ਪ੍ਰੋਗਰਾਮ ਨੂੰ ਪ੍ਰਣਾਈ ਇਨਕਲਾਬੀ ਜਥੇਬੰਦੀ ਖੜ੍ਹੀ ਕਰਨ ਦੀ ਫੌਰੀ ਲੋੜ ਹੈ ਜਿਹੜੀ ਇਸ ਲੋਟੂ ਨਿਜ਼ਾਮ ਦਾ ਬਦਲ ਪੇਸ਼ ਕਰ ਸਕੇ|
ਸੰਪਰਕ : 98888-08188