ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
11 ਅਪ੍ਰੈਲ 2023
ਮਾਨ ਸਰਕਾਰ ਦੀ ਕਹਿਣੀ ਤੇ ਕਥਨੀ ‘ਚ ਕੋਹਾਂ ਦਾ ਫ਼ਰਕ- ਐਡਵੋਕੇਟ ਕੋਹਾੜ
ਸਾਈਆਂ ਕਿਧਰੇ, ਵਧਾਈਆਂ ਕਿਧਰੇ, ਬੱਲੇ ਓਏ ਚਾਲਾਕ ਸੱਜਣਾ।
ਪੰਜਾਬ ਦੀ ਗੱਡੀ ਮੁੜ ਵਿਕਾਸ ਦੀਆਂ ਲੀਹਾਂ ‘ਤੇ ਪੈ ਚੁੱਕੀ ਹੈ- ਭਗਵੰਤ ਮਾਨ
ਚੜ੍ਹੇ ਟਿਕਟੋਂ ਬਿਨਾਂ ਨਾ ਕੋਈ, ਝੰਡੇ ਅਮਲੀ ਦੀ ਰੇਲ ਕੂਕਾਂ ਮਾਰਦੀ।
ਧੋਖਾਧੜੀ ਕਰਨ ਦੇ ਜ਼ੁਰਮ ਹੇਠ ਭਾਰਤੀ ਮੂਲ ਦੇ ਵਿਅਕਤੀ ਨੂੰ 24 ਲੱਖ ਡਾਲਰ ਜ਼ੁਰਮਾਨਾ ਤੇ ਜੇਲ੍ਹ-ਇਕ ਖ਼ਬਰ
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।
ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਦਿਤੇ- ਸੁਖਵਿੰਦਰ ਸਿੰਘ ਕੋਟਲੀ
ਲਾਈਆਂ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ ਵੇ ਬੀਬਾ ਛੱਡ ਕੇ ਨਾ ਜਾਵੀਂ।
ਪੰਜਾਬ ਅੰਦਰ ਰੇਲਵੇ ਵਿਭਾਗ ਵਲੋਂ ਮਾਂ ਬੋਲੀ ਪੰਜਾਬੀ ਨੂੰ ਕੀਤਾ ਜਾ ਰਿਹੈ ਅੱਖੋਂ ਪਰੋਖੇ- ਇਕ ਖ਼ਬਰ
ਕੀ ਤੂੰ ਚੰਦਰੇ ਲੇਖ ਲਿਖਾਏ, ਵੈਰੀ ਤੇਰੇ ਪੈਰ ਪੈਰ ‘ਤੇ।
ਰਾਹੁਲ ਗਾਂਧੀ ਨੂੰ ਕਾਰਪੋਰੇਟ ਘਰਾਣਿਆਂ ਵਿਰੁੱਧ ਬੋਲਣ ਦੀ ਕੀਮਤ ਚੁਕਾਉਣੀ ਪਈ- ਕੁਲਜੀਤ ਸਿੰਘ ਨਾਗਰਾ
ਦਿਲ ਦੀ ਪੁਗਾਉਣੀ ਮਿੱਤਰਾ, ਭਾਵੇਂ ਰਹੇ ਨਾ ਭੜੋਲੀ ਵਿਚ ਦਾਣਾ।
ਕੈਪਟਨ ਨੇ ਜਲੰਧਰ ਜ਼ਿਮਨੀ ਚੋਣ ਦੀ ਰਣਨੀਤੀ ਲਈ ਜੇ.ਪੀ. ਨੱਢਾ ਨਾਲ ਕੀਤੀ ਮੀਟਿੰਗ- ਇਕ ਖ਼ਬਰ
ਤੇਰੀ ਸੱਜਰੀ ਪੈੜ ਦਾ ਰੇਤਾ, ਚੁੱਕ ਚੁੱਕ ਲਾਵਾਂ ਹਿੱਕ ਨੂੰ।
ਨਰਿੰਦਰ ਮੋਦੀ ਰਾਹੁਲ ਗਾਂਧੀ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖ ਕੇ ਘਬਰਾਏ- ਹਰੀਸ਼ ਚੌਧਰੀ
ਤੇਰੇ ਚਿੱਟਿਆਂ ਦੰਦਾਂ ਦਾ ਹਾਸਾ, ਲੈ ਗਿਆ ਮੇਰੀ ਜਿੰਦ ਕੱਢ ਕੇ।
‘ਆਪਣਾ ਆਦਰਸ਼, ਖੁਦ ਬਣੋ’, ਭਗਵੰਤ ਮਾਨ ਵਲੋਂ ਨੌਜਵਾਨਾਂ ਨੂੰ ਅਪੀਲ- ਇਕ ਖ਼ਬਰ
ਆਪਣ ਹਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ।
ਜਲੰਧਰ ਚੋਣ ਤੋਂ ਪਹਿਲਾਂ ‘ਆਪ’ ਨੇ ਕਾਂਗਰਸ ਪਾਰਟੀ ‘ਚ ਸੰਨ੍ਹ ਲਾਈ-ਇਕ ਖ਼ਬਰ
ਟੁੱਟ ਪੈਣੇ ਬਚਨੇ ਨੇ ਕੰਧ ਢਾ ਕੇ ਚੁਬਾਰਾ ਪਾਇਆ।
ਧੋਖੇਬਾਜ਼ ਆਗੂਆਂ ਲਈ ਪਾਰਟੀ ਵਿਚ ਕੋਈ ਥਾਂ ਨਹੀਂ- ਰਾਜਾ ਵੜਿੰਗ
ਯਾਰੀ ਤੋੜ ਗਏ ਬੱਕਰੀਆਂ ਵਾਲੇ, ਇਕ ਘੁੱਟ ਦੁੱਧ ਬਦਲੇ।
ਨਵਜੋਤ ਸਿੱਧੂ ਨੇ ਦਿੱਲੀ ਜਾ ਕੇ ਰਾਹੁਲ ਅਤੇ ਪ੍ਰਿਯੰਕਾ ਨਾਲ ਕੀਤੀ ਮੁਲਾਕਾਤ- ਇਕ ਖ਼ਬਰ
ਤੋਰ ਦੇ ਮਾਏਂ ਨੀਂ, ਰਾਂਝਾ ਨਿੱਤ ਪਾਵੇ ਫੇਰੀਆਂ।
ਭਗਵੰਤ ਮਾਨ ਤੇ ਕੇਂਦਰ ਵਲੋਂ ਪੰਜਾਬ ਦੀ ਗ਼ਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ- ਸੁਖਪਾਲ ਖਹਿਰਾ
ਖਾਣ ਵੱਢੀਆਂ ਨਿੱਤ ਈਮਾਨ ਵੇਚਣ, ਇਹੋ ਬਾਣ ਹੈ ਕਾਜ਼ੀ ਮੁਲਾਣਿਆਂ ਨੂੰ।
11 ਆਦਿਵਾਸੀ ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ 21 ਪੁਲਿਸ ਮੁਲਾਜ਼ਮ ਬਰੀ- ਇਕ ਖ਼ਬਰ
ਕਿਧਰ ਗਏ ਬਈ ਬੇਟੀਆਂ ਬਚਾਉਣ ਤੇ ਬੇਟੀਆਂ ਪੜ੍ਹਾਉਣ ਵਾਲ਼ੇ?
ਧਾਰਮਕ ਕੰਮਾਂ ਤੋਂ ਪਹਿਲਾਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਕਰੋ ਮਾਲੀ ਮਦਦ- ਸ਼ਾਹੀ ਇਮਾਮ
ਕੀ ਕਰਨਾ ਕੱਪੜੇ ਰੰਗਿਆਂ ਨੂੰ, ਜੇ ਮਨ ਰੰਗਿਆ ਨਾ ਜਾਵੇ।