ਲਗਾਤਾਰ ਟਕਰਾਅ ਦੀ ਸਿਆਸਤ - ਅਵਿਜੀਤ ਪਾਠਕ
ਹਾਲਾਤ ਬਾਰੇ ਸਵਾਲ ਪੁੱਛਣ ਵਾਲੀ ਪੜ੍ਹਨ-ਪੜ੍ਹਾਉਣ ਦੀ ਕਵਾਇਦ ਸੱਤਾ ਦੇ ਵੱਖ-ਵੱਖ ਵਰਤਾਰਿਆਂ ਦੀ ਚੀਰ ਫਾੜ ਕਰਦੀ ਹੈ, ਹਰ ਤਰ੍ਹਾਂ ਦੇ ਜਬਰ ਅਤੇ ਅਨਿਆਂ ਨੂੰ ਘੋਖਦੀ ਅਤੇ ਵਿਚਾਰ-ਵਟਾਂਦਰੇ ਦੀ ਰਵਾਇਤ ਅਤੇ ਸੁਣਨ ਦੇ ਸੁਹਜ ਨੂੰ ਹੱਲਾਸ਼ੇਰੀ ਦਿੰਦੀ ਹੈ। ਇਹ ਕਵਾਇਦ ਸਿੱਖਿਆ ਨੂੰ ਬਾਜ਼ਾਰਮੁਖੀ ਤਕਨੀਕੀ ਮੁਹਾਰਤ ਹਾਸਿਲ ਕਰਨ ਦੀ ਸ਼ੈਅ ਤੋਂ ਵੱਖ ਕਰ ਕੇ ਦੇਖਦੀ ਹੈ ਅਤੇ ਜਾਗਰੂਕ/ਜਮਹੂਰੀ ਸਮਾਜ ਬਣਾਉਣ ਲਈ ਜੂਝਦੀ ਹੈ। ਬਹਰਹਾਲ, ਚਾਰੇ ਪਾਸੇ ਫੈਲੀ ਵਿਸ਼ੈਲੀ ਰਾਜਨੀਤੀ ਅਤੇ ਸਭਿਆਚਾਰਕ ਪ੍ਰਦੂਸ਼ਣ ਦੀ ਦੁਰਗੰਧ ਵਿਚ ਮਾਯੂਸ ਹੋਏ ਸਾਡੇ ’ਚੋਂ ਬਹੁਤ ਸਾਰੇ ਅਧਿਆਪਕ ਇਸ ਤਰ੍ਹਾਂ ਦੇ ਅਧਿਆਪਨ ਦੀ ਇਸ ਕਲਾ ਨੂੰ ਸਲਾਹੁਣ ਜਾਂ ਅਮਲ ਵਿਚ ਲਿਆਉਣ ਤੋਂ ਟਾਲਾ ਵੱਟ ਲੈਂਦੇ ਹਨ।
ਇਸ ਮਸਲੇ ਨੂੰ ਵਿਚਾਰਨ ਤੋਂ ਪਹਿਲਾਂ ਆਓ ਇਕ ਸਿੱਧ-ਪੱਧਰੇ ਤੱਥ ਨੂੰ ਪ੍ਰਵਾਨ ਕਰੀਏ: ਜੇ ਮਨ ਮਸਤਕ ’ਤੇ ਡਰ ਹਾਵੀ ਹੋਣ ਕਰ ਕੇ ਸਾਡੀ ਜ਼ਬਾਨ ਨੂੰ ਤਾਲਾ ਵੱਜ ਗਿਆ ਹੈ ਤਾਂ ਕਿਸੇ ਕਿਸਮ ਦੀ ਅਰਥਭਰਪੂਰ ਪੜ੍ਹਾਈ ਲਿਖਾਈ ਸੰਭਵ ਹੀ ਨਹੀਂ ਹੋ ਸਕਦੀ। ਦਰਅਸਲ, ਸਾਡੇ ਦੁਆਲੇ ਪਸਰੀ ਵਿਸ਼ੈਲੀ ਰਾਜਨੀਤੀ ਨੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ ਜਿਸ ਵਿਚ ਸਥਾਪਤੀ ਦੇ ਤਰਕ ’ਤੇ ਕਿੰਤੂ ਕਰਨ ਵਾਲੀ ਕਿਸੇ ਵੀ ਆਲੋਚਕ ਜ਼ਬਾਨ ਨੂੰ ਦਬਾਇਆ ਜਾ ਸਕਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਕਵਾਇਦ ਦੇ ਪ੍ਰਮੁੱਖ ਵਰਤਾਰੇ ਇਹ ਹਨ : ਸੱਤਾਧਾਰੀ ਪਾਰਟੀ ਦੇ ਸਰਬਰਾਹ ਨੂੰ ਇਕ ਅਜਿਹਾ ਮਸੀਹਾ ਬਣਾ ਦੇਣਾ ਜਿਸ ਬਾਰੇ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ, ਉਸ ਦੀ ਹਰ ਕਾਰਵਾਈ, ਤਕਰੀਰ ਜਾਂ ਨੀਤੀ ਨੂੰ ਲੋਕਪ੍ਰਿਅਤਾ ਅਤੇ ਚੁਣਾਵੀ ਅੰਕੜਿਆਂ ਦੇ ਤਰਕ ਤੋਂ ਜਾਇਜ਼ ਠਹਿਰਾਉਣਾ ਅਤੇ ਲੋਕਾਂ ਨੂੰ ਦੇਸ਼ਭਗਤਾਂ ਅਤੇ ਦੇਸ਼ਧ੍ਰੋਹੀਆਂ ਦੀਆਂ ਦੋ ਸਫ਼ਾਂ ਵਿਚ ਵੰਡ ਦੇਣਾ।
ਇਹ ਮਾਨਸਿਕਤਾ ਸਿਆਸੀ ਤੌਰ ’ਤੇ ਨਿਯੁਕਤ ਕੀਤੇ ਗਏ ਅਕਾਦਮਿਕ ਨੌਕਰਸ਼ਾਹਾਂ ਜ਼ਰੀਏ ਸਾਡੇ ਕੈਂਪਸਾਂ ਅਤੇ ਕਲਾਸਰੂਮਾਂ ’ਚ ਛਾ ਗਈ ਹੈ ਇਸ ਨੇ ਕਿੰਤੂ ਕਰਨ ਵਾਲੇ ਅਧਿਆਪਨ ਦੀ ਰੂਹ ਨੂੰ ਛਲਣੀ ਕਰ ਦਿੱਤਾ ਹੈ ਅਤੇ ਸਵਾਲਾਂ, ਵਿਚਾਰ ਚਰਚਾ ਤੇ ਸੰਵਾਦ ਜ਼ਰੀਏ ਸਿੱਖਣਾ ਤੇ ਭਾਰਮੁਕਤ ਹੋਣਾ ਔਖਾ ਹੋ ਗਿਆ ਹੈ। ਖ਼ਤਰੇ ਦੀ ਸ਼ਿੱਦਤ ਦਾ ਅੰਦਾਜ਼ਾ ਲਾਓ : ਜੇ ਕੋਈ ਵਿਦਿਆਰਥੀ ਜਾਂ ਅਧਿਆਪਕ 2002 ਵਿਚ ਹੋਏ ਗੁਜਰਾਤ ਦੰਗਿਆਂ ’ਤੇ ਬੀਬੀਸੀ ਦੀ ਦਸਤਾਵੇਜ਼ੀ ਦੇਖਣ ਦੀ ਹਿੰਮਤ ਕਰੇ ਤਾਂ ਉਸ ਨੂੰ ਮੁਅੱਤਲ ਜਾਂ ਬਰਤਰਫ਼ ਕੀਤਾ ਜਾ ਸਕਦਾ ਹੈ, ਜੇ ਤੁਸੀਂ ਮੌਜੂਦਾ ਸਰਕਾਰ ਪ੍ਰਤੀ ਆਪਣੀ ਨਾਖੁਸ਼ੀ ਜਤਾਉਣ ਲਈ ਕੋਈ ਪੋਸਟਰ ਲਾਉਂਦੇ ਹੋ ਤਾਂ ਤੁਹਾਡੇ ਖ਼ਿਲਾਫ਼ ਕੇਸ (ਐਫ਼ਆਈਆਰ) ਦਰਜ ਕੀਤਾ ਜਾ ਸਕਦਾ ਹੈ, ਜੇ ਤੁਹਾਡੀ ਕਿਸੇ ਗੱਲ ਨਾਲ ਧਾਰਮਿਕ ਬੁਨਿਆਦਪ੍ਰਸਤੀ /ਮੂਲਵਾਦ (Fundamentalism) ਦੀ ਅੱਗ ਨਾਲ ਖੇਡਣ ਵਾਲੇ ਅੰਧ-ਰਾਸ਼ਟਰਵਾਦੀਆਂ ਦੀ ਭਾਵਨਾ ‘ਜ਼ਖ਼ਮੀ’ ਹੋ ਜਾਂਦੀ ਹੈ ਤਾਂ ਤੁਹਾਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ, ਤਾਂ ਫਿਰ ਸੰਵਾਦ ਅਤੇ ਸੁਣਨ ਦੇ ਸੁਹਜ ਨੂੰ ਹੱਲਾਸ਼ੇਰੀ ਦੇਣ ਅਤੇ ਸਾਨੂੰ ਕਠਿਨ ਸਵਾਲ ਪੁੱਛਣ ਦਾ ਜੇਰਾ ਪੈਦਾ ਕਰਨ ਵਾਲਾ ਸਭਿਆਚਾਰ ਕਿਵੇਂ ਸਿਰਜਿਆ ਜਾਵੇਗਾ? ਤੱਥ ਇਹ ਹੈ ਕਿ ਨਿਰੰਕੁਸ਼ਪੁਣੇ ਅਤੇ ਇੱਥੋਂ ਤਕ ਕਿ ਚੋਣਾਂ ਰਾਹੀਂ ਪ੍ਰਾਪਤ ਕੀਤੇ ਗਏ ਬਹੁਮਤ ਦੀ ਤਾਨਾਸ਼ਾਹੀ ਦਾ ਮੱਠ ਚਲਾਉਣ ਲਈ ਲਕੀਰ ਦੇ ਫ਼ਕੀਰਾਂ ਜਾਂ ਬੇਅਕਲ ਖ਼ਪਤਕਾਰਾਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਮੰਡੀ ਮੂਲਵਾਦ ਅਤੇ ਧਾਰਮਿਕ ਕੱਟੜਪੁਣਾ ਨਾਲੋ-ਨਾਲ ਚੱਲਦੇ ਹਨ। ਇਹ ਇਕ ਤਰ੍ਹਾਂ ਕਿੰਤੂ ਕਰਨ ਵਾਲੀ ਪੜ੍ਹਾਈ ਲਿਖਾਈ ਦੀ ਰੂਹ ਨੂੰ ਕਤਲ ਕਰਨ ਦੇ ਤੁੱਲ ਹੈ।
ਇਸੇ ਤਰ੍ਹਾਂ, ਕਿੰਤੂ ਕਰਨ ਵਾਲੀ ਪੜ੍ਹਾਈ-ਲਿਖਾਈ ਲਈ ਇਕ ਤਰ੍ਹਾਂ ਦੀ ਦਿਮਾਗੀ/ਬੌਧਿਕ ਖ਼ੂਬੀ ਦਰਕਾਰ ਹੈ, ਉਹ ਹੈ ਰਾਜਨੀਤੀ, ਸਭਿਆਚਾਰ, ਧਰਮ ਜਾਂ ਅਰਥਸ਼ਾਸਤਰ ਨਾਲ ਜੁੜੇ ਕਿਸੇ ਵੀ ਮੁੱਦੇ ਦੀ ਚੌਕਸੀ ਅਤੇ ਸਿਧਾਂਤਕ ਸਪੱਸ਼ਟਤਾ ਨਾਲ ਘੋਖ ਕਰਨਾ, ਅਜਿਹੀ ਘੋਖ ਕਰਨ ਲਈ ਧੀਰਜ ਨਾਲ ਕੰਮ ਕਰਨਾ। ਸੁਲਝੇ ਹੋਏ ਬਹਿਸ ਮੁਬਾਹਿਸੇ ਤੇ ਸੰਵਾਦ ਜ਼ਰੀਏ ਆਪਣੀ ਪੁਜ਼ੀਸ਼ਨ ਵਿਚ ਸੋਧ ਜਾਂ ਫੇਰਬਦਲ ਕਰਨ ਦੀ ਦਲੇਰੀ। ਵਿਸ਼ੈਲੀ ਰਾਜਨੀਤੀ ਦਾ ਖਾਸਾ ਹੀ ਬੜਬੋਲਾਪਣ, ਸ਼ੋਰ ਸ਼ਰਾਬਾ ਅਤੇ ਗਾਲੀ ਗਲੋਚ ਹੁੰਦਾ ਹੈ ਅਤੇ ਪ੍ਰਾਪੇਗੰਡਾ ਮਸ਼ੀਨਰੀ ਅਤੇ ਸੋਸ਼ਲ ਮੀਡੀਆ ਦੀ ਨਿਰੰਤਰਤਾ ਨਾਲ ਇਸ ਦੀ ਧਾਰ ਤਿੱਖੀ ਹੁੰਦੀ ਜਾਂਦੀ ਹੈ। ਜੇ ਤੁਸੀਂ ਹਰ ਕਿਸੇ ਨੂੰ ਇਕ ਦੂਜੇ ਦਾ ਵਿਰੋਧੀ ਬਣਾਉਣ ’ਤੇ ਤੁਲੇ ਕਿਸੇ ਸ਼ੋਰਪਾਊ ਟੈਲੀਵਿਜ਼ਨ ਐਂਕਰ ਨੂੰ ਆਪਣਾ ਮੁੱਖ ਉਸਤਾਦ ਧਾਰ ਲੈਂਦੇ ਹੋ ਜਾਂ ਤੁਸੀਂ ਵੱਖੋ ਵੱਖਰੇ ਰੰਗਾਂ ਦੇ ਸਿਆਸੀ ਤਰਜਮਾਨਾਂ ਨੂੰ ਬੇਸ਼ਰਮੀ ਨਾਲ ਝੂਠ ਫੈਲਾਉਂਦੇ ਦੇਖਦੇ ਰਹਿੰਦੇ ਹੋ ਅਤੇ ਜੇ ਸੋਸ਼ਲ ਮੀਡੀਆ ’ਤੇ ਪ੍ਰਸਾਰੇ ਜਾਂਦੇ ਗ਼ੈਰ-ਜ਼ਿੰਮੇਵਰਾਨਾ ਤੇ ਭੜਕਾਊ ਸੰਦੇਸ਼ ਪੜ੍ਹ ਕੇ ਤੁਹਾਨੂੰ ਕੋਫ਼ਤ ਮਹਿਸੂਸ ਨਹੀਂ ਹੁੰਦੀ ਤਾਂ ਤੁਹਾਡੇ ਲਈ ਤੱਥਾਂ ਦੀ ਪੁਣਛਾਣ ਕਰਨ, ਸਪੱਸ਼ਟਤਾ ਤੇ ਆਲੋਚਨਾਤਮਕ ਤਰੀਕੇ ਨਾਲ ਸੋਚਣਾ ਅਤੇ ਇਕ ਜਾਗਰੂਕ ਰਾਇ ਬਣਾਉਣਾ ਕਿਵੇਂ ਸੰਭਵ ਹੈ?
ਮਿਸਾਲ ਦੇ ਤੌਰ ’ਤੇ ਆਓ ਇਕ ਸਵਾਲ ਪੁੱਛਦੇ ਹਾਂ : ਕੀ ਰਾਹੁਲ ਗਾਂਧੀ ਨੇ ਇੰਗਲੈਂਡ ਕੈਂਬਰਿਜ ਯੂਨੀਵਰਸਿਟੀ ਵਿਚ ਦਿੱਤੇ ਆਪਣੇ ਭਾਸ਼ਨ ਵਿਚ ਭਾਰਤੀ ਜਮਹੂਰੀਅਤ ਨੂੰ ਬਚਾਉਣ ਲਈ ਵਾਕਈ ਵਿਦੇਸ਼ੀ ਦਖ਼ਲ ਦੀ ਅਪੀਲ ਕੀਤੀ ਸੀ? ਜਾਂ ਸਾਡੇ ਲੋਕਤੰਤਰ ਲਈ ਵਧਦੇ ਖ਼ਤਰੇ ਦੀ ਅੰਦਰੂਨੀ ਸਮੱਸਿਆ ’ਤੇ ਜ਼ੋਰ ਦਿੰਦੇ ਹੋਏ ਉਸ ਨੇ ਹਾਜ਼ਰੀਨ ਨੂੰ ਸਿਰਫ਼ ਇਸ ਬਾਰੇ ਸੁਚੇਤ ਹੋਣ ਦੀ ਬੇਨਤੀ ਹੀ ਕੀਤੀ ਸੀ? ਤੁਸੀਂ ਤੱਥਾਂ ਦੀ ਤਸਦੀਕ ਤਦ ਹੀ ਕਰ ਸਕਦੇ ਹੋ ਅਤੇ ਨੈਤਿਕ ਜ਼ਿੰਮੇਵਾਰੀ ਨਾਲ ਤਦ ਹੀ ਜਵਾਬ ਦੇ ਸਕਦੇ ਹੋ ਜਦੋਂ ਤੁਸੀਂ ਵਾਇਰਲ ਵੀਡੀਓਜ਼, ਤਿੱਖੀਆਂ ਪ੍ਰੈੱਸ ਕਾਨਫ਼ਰੰਸਾਂ, ਚਟਕਾਰੇਦਾਰ ਟਵਿੱਟਰ ਸੰਦੇਸ਼ਾਂ ਤੋਂ ਪਰੇ ਦੇਖਣ ਦੀ ਜ਼ਹਿਮਤ ਕਰੋਗੇ ਅਤੇ ਰਾਹੁਲ ਦੇ ਲੰਮੇ ਭਾਸ਼ਨ ਨੂੰ ਧਿਆਨ ਨਾਲ ਸੁਣੋਗੇ। ਇਸੇ ਤਰ੍ਹਾਂ ਗਹਿਰਾਈ ਨਾਲ ਸੁਣਨ ਅਤੇ ਸੁਚੇਤ ਹੋ ਕੇ ਸੋਚਣ ਨਾਲ ਹੀ ਤੁਸੀਂ ਸਮਝ ਸਕਦੇ ਹੋ ਕਿ ਜੇ ਤੁਸੀਂ ਲਲਿਤ ਮੋਦੀ ਜਾਂ ਨੀਰਵ ਮੋਦੀ ਦੇ ਆਲੋਚਕ ਹੋ ਤਾਂ ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਹੈ ਕਿ ਜਿਨ੍ਹਾਂ ਦੇ ਨਾਂ ਪਿੱਛੇ ‘ਮੋਦੀ’ ਲੱਗਿਆ ਹੈ, ਉਹ ਸਭ ਉਨ੍ਹਾਂ ਦੀ ਹੀ ਤਰ੍ਹਾਂ ਭ੍ਰਿਸ਼ਟਾਚਾਰੀ ਹਨ। ਠੀਕ ਇਵੇਂ ਹੀ ਹਰੇਕ ਗਾਂਧੀ ਜ਼ਰੂਰੀ ਨਹੀਂ ਕਿ ਉਹ ਮਹਾਤਮਾ ਗਾਂਧੀ ਹੋਵੇ ਅਤੇ ਹਰੇਕ ਸਾਵਰਕਰ ਕੱਟੜ ਹਿੰਦੂਤਵ ਦਾ ਪੈਰੋਕਾਰ ਹੋਵੇ। ਸੋਚੋ ਕਿ ਵਿਸ਼ੈਲੀ ਰਾਜਨੀਤੀ ਦੇ ਨਸ਼ੇ ਅਤੇ ਇਸ ਦੇ ਨਾਲ ਜੁੜੀਆਂ ਝੂਠੀਆਂ ਖ਼ਬਰਾਂ ਨੇ ਸਾਡੀ ਸਮੂਹਿਕ ਚੇਤਨਾ ਦਾ ਕਿੰਨਾ ਘਾਣ ਕਰ ਦਿੱਤਾ ਹੈ। ਅਸਲ ਵਿਚ ਦੁਨੀਆ ਭਰ ਵਿਚ ਤਾਨਾਸ਼ਾਹ ਖੁਦਪ੍ਰਸਤ ਹਾਕਮ ਕਿੰਤੂ ਕਰਨ ਵਾਲੀ ਪੜ੍ਹਾਈ ਲਿਖਾਈ ਦਾ ਘਾਤ ਕਰਨਾ ਚਾਹੁੰਦੇ ਹਨ।
ਤੇ ਆਖ਼ਰੀ ਗੱਲ ਇਹ ਕਿ ਕਿੰਤੂ ਕਰਨ ਵਾਲੀ ਪੜ੍ਹਾਈ ਲਿਖਾਈ ਉਮੀਦ ਦਾ ਸ਼ਾਸਤਰ ਵੀ ਹੁੰਦੀ ਹੈ। ਉਂਝ, ਜਿਵੇਂ ਜ਼ਹਿਰੀਲਾ ਸਿਆਸੀ ਸਭਿਆਚਾਰ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਸੁਪਨੇ ਲੈਣ ਦੀ ਥਾਂ ਸਨਕੀ ਤੇ ਨਿਰ੍ਹੇ ਵਿਹਾਰਕਵਾਦੀ ਬਣਾਉਂਦਾ ਜਾ ਰਿਹਾ ਹੈ ਤਾਂ ਇਹ ਉਮੀਦ ਵੀ ਘਟਦੀ ਜਾ ਰਹੀ ਹੈ। ਜ਼ਰਾ ਸੋਚੋ ਕਿ ਅਜਿਹੀ ਦੁਨੀਆ ਵਿਚ ਰਹਿਣ ਦਾ ਕੀ ਮਤਲਬ ਹੋਵੇਗਾ ਜਿੱਥੇ ਸਾਡੇ ਸਿਆਸੀ ਆਕਾਵਾਂ, ਮੰਤਰੀਆਂ ਤੇ ਦਮਗਜ਼ੇਬਾਜ਼ਾਂ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਭੱਦੇ ਤੇ ਗੰਦੇ ਲਫ਼ਜ਼ ਵਰਤਣ ਵਿਚ ਰੱਤੀ ਭਰ ਗੁਰੇਜ਼ ਨਹੀਂ ਹੈ। ਕੀ ਅਸੀਂ ਇਹੋ ਜਿਹੇ ਨਫ਼ਰਤੀ ਭਾਸ਼ਣਾਂ ਜਿਵੇਂ ‘ਯੇ ਕਾਂਗਰਸ ਕੀ ਕੌਨ ਸੀ ਵਿਧਵਾ ਥੀ, ਜਿਸਕੇ ਖਾਤੇ ਮੇਂ ਰੁਪਿਆ ਜਾਤਾ ਥਾ’, ‘ਗੋਲੀ ਮਾਰੋ ਸਾਲੋਂ ਕੋ’, ਜਾਂ ‘ ਆਪਨੇ ਕਭੀ ਦੇਖਾ ਹੈ 50 ਕਰੋੜ ਕਾ ਗਰਲਫ੍ਰੈਂਡ’, ਨੂੰ ਆਮ ਚਲਨ ਬਣਾ ਰਹੇ ਹਾਂ? ਇਹੋ ਜਿਹੀ ਅਸ਼ਲੀਲ ਭਾਸ਼ਾ ਸਾਡੇ ਹਰੇਕ ਗਲੀ ਕੋਨੇ ਵਿਚ ਦਾਖ਼ਲ ਹੋ ਗਈ ਹੈ, ਅਤੇ ਸਿਤਮ ਦੀ ਗੱਲ ਇਹ ਹੈ ਕਿ ਜੇ ਕੋਈ ਜਨਤਕ ਜੀਵਨ ਵਿਚ ਸ਼ਾਲੀਨਤਾ ਨਾਲ ਪੇਸ਼ ਆਉਂਦਾ ਹੈ ਤਾਂ ਉਸ ਨੂੰ ‘ਜਨਾਨੜਾ’ ਸਮਝਿਆ ਜਾਂਦਾ ਹੈ ਕਿਉਂਕਿ ਅਸੀਂ ਤਾਨਾਸ਼ਾਹੀ, ਧਾਰਮਿਕ ਬੁਨਿਆਦਪ੍ਰਸਤੀ/ਮੂਲਵਾਦ ਅਤੇ ਧੜਵੈਲਪੁਣੇ ਅੱਗੇ ਨਤਮਸਤਕ ਹੋਣ ਲੱਗ ਪਏ ਹਾਂ। ਕੀ ਅਸੀਂ ਸੱਭਿਅਕ ਭਾਸ਼ਾ ਜਾਂ ਇਖ਼ਲਾਕੀ ਤੌਰ ’ਤੇ ਜ਼ਿੰਮੇਵਾਰਾਨਾ ਅਤੇ ਬੌਧਿਕ ਤੌਰ ’ਤੇ ਸੁਚੱਜੀ ਭਾਸ਼ਾ ਨੂੰ ਮੁੜ ਹਾਸਿਲ ਕਰ ਸਕਦੇ ਹਾਂ?
ਵਾਕਈ, ਅਸੀਂ ਬਹੁਤ ਹੀ ਔਖੇ ਸਮਿਆਂ ’ਚੋਂ ਲੰਘ ਰਹੇ ਹਾਂ ਪਰ ਫਿਰ ਇਹ ਵੀ ਹੈ ਕਿ ਜਿਹੜੇ ਲੋਕ ਤਬਦੀਲੀ ਦੀ ਵਾਹਕ ਸਿੱਖਿਆ ਦੀ ਕਾਰਗਰ ਹੋਣ ਵਿਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਇਕੱਠੇ ਹੋ ਕੇ, ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਹੈ ਅਤੇ ਹੋਰਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਰਲ-ਮਿਲ ਕੇ ਇਸ ਆਲੋਚਨਾਤਮਕ ਸਿੱਖਿਆ ਦੀ ਜ਼ਮੀਨ ਨੂੰ ਸਿੰਜਣਾ ਪਵੇਗਾ ਜਿਸ ਵਿਚ ਪਿਆਰ, ਵਿਰੋਧ ਅਤੇ ਸਮਾਜਿਕ ਤਬਦੀਲੀ ਦਾ ਸ਼ਾਸਤਰ ਛੁਪਿਆ ਹੋਇਆ ਹੈ।
ਲੇਖਕ ਸਮਾਜ ਸ਼ਾਸਤਰੀ ਹੈ।