ਨਸ਼ੇ ਦਾ ਹੜ੍ਹ  - ਗੌਰਵ ਧੀਮਾਨ



ਜਵਾਨੀ ਉਮਰ ਵਿੱਚ ਧੱਸਿਆ ਬਲਜੀਤ ਇੱਕ ਨਸ਼ੇ ਦਾ ਆਦੀ ਹੋ ਰਹਿ ਗਿਆ। ਜਦੋਂ ਮਾਂ ਜਿਊਂਦੀ ਸੀ ਉਸ ਵਕ਼ਤ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕਰ ਢਿੱਡ ਭਰ ਹੀ ਦਿੰਦੀ ਸੀ। ਬਲਜੀਤ ਨੂੰ ਅਠਾਰਾਂ ਸਾਲ ਦੀ ਉਮਰ ਵਿੱਚ ਹੀ ਬੁਰੀ ਸੰਗਤ ਨੇ ਆਪਣੀ ਲਪੇਟ ਵਿੱਚ ਕਾਬੂ ਕਰ ਲਿਆ ਸੀ। ਬਲਜੀਤ ਦਾ ਬਾਪੂ ਫੌਜ਼ ਵਿੱਚ  ਸ਼ਹੀਦ ਹੋ ਗਿਆ ਸੀ। ਸਰਕਾਰ ਵੱਲੋਂ ਦਿੱਤੀ ਪੈਨਸ਼ਨ ਹਰਨਾਮ ਸਿੰਘ ਦੀ ਪਤਨੀ ਰਣਜੀਤ ਨੂੰ ਆਇਆ ਕਰਦੀ ਸੀ। ਘਰ ਦੇ ਹਾਲਾਤ ਬਹੁਤ ਭੈੜੇ ਹੋ ਗਏ ਸੀ। ਹਰਨਾਮ ਦੇ ਜਾਨ ਮਗਰੋਂ ਰਣਜੀਤ ਦੇ ਘਰ ਕੁਝ ਸਿਆਸੀ ਪਾਰਟੀਆਂ ਘਰ ਉੱਤੇ ਕਬਜਾ ਕਰਨ ਲਈ ਵੀ ਆਉਂਦੀ ਰਹੀ। ਬਲਜੀਤ ਜਵਾਨੀ ਉਮਰੇ ਨਸ਼ੇ ਦੇ ਗਲ਼ ਲੱਗ ਪਿਆ। ਹਰ ਥਾਂ ਥੂ..ਥੂ..! ਰਣਜੀਤ ਦੇ ਮੂੰਹ ਉੱਤੇ ਹੁੰਦੀ ਰਹੀਆਂ ਪਰ ਰਣਜੀਤ ਨੇ ਲੋਕਾਂ ਦੀ ਪ੍ਰਵਾਹ ਨਾ ਕੀਤੀ।
         ਰਣਜੀਤ ਨੇ ਬਲਜੀਤ ਨੂੰ ਥੋੜ੍ਹਾ ਪੜ੍ਹਾਇਆ ਕਿਉਂਕਿ ਬਲਜੀਤ ਰੋਜ਼ ਹੀ ਨਵੀਂ ਨਵੀਂ ਚਲਾਕੀ ਨਾਲ ਲੜ੍ਹ ਘਰ ਮੁੜ ਆਉਂਦਾ ਸੀ। ਉਸਦਾ ਦੋ ਵਾਰ ਸਕੂਲ ਤੋਂ ਨਾਮ ਕੱਟਿਆ ਗਿਆ ਤੇ ਰਣਜੀਤ ਨੇ ਉਸਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬਲਜੀਤ ਨਾ ਸਮਝਿਆ। ਹੌਲੀ ਹੌਲੀ ਦਿਨ ਬੀਤਦੇ ਜਾ ਰਹੇ ਸੀ। ਪੈਨਸ਼ਨ ਦਾ ਪੈਸਾ ਬਲਜੀਤ ਖੋਹ ਲੈਂਦਾ ਸੀ। ਰਣਜੀਤ ਨੇ ਹਾਰ ਨਾ ਮੰਨੀ ਤੇ ਆਪਣੇ ਪੁੱਤ ਦਾ ਢਿੱਡ ਭਰਨ ਲਈ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕੀਤੇ। ਬਲਜੀਤ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਸੀ। ਕਈ ਵਾਰ ਬਲਜੀਤ ਘਰ ਨਸ਼ੇ ਦੀ ਹਾਲਤ ਵਿੱਚ ਘਰ ਮੁੜਦਾ ਸੀ। ਰਣਜੀਤ ਉਸਨੂੰ ਰੋਜ਼ ਚੀਕਦੀ ਚਲਾਉਂਦੀ ਪਰ ਉਸਨੂੰ ਕੋਈ ਆਵਾਜ਼ ਕੰਨੀ ਤੱਕ ਨਾ ਪਹੁੰਚਦੀ।
          ਮਾਂ ਦੀ ਮਮਤਾ ਬਗਾਵਤ ਕਦੇ ਵੀ ਨਹੀਂ ਹੋ ਸਕਦੀ ਤੇ ਨਾ ਜਿਊਂਦੇ ਜੀਅ ਆਪਣੇ ਪੁੱਤ ਨੂੰ ਭੁੱਖ ਤੰਗ ਵੇਖ ਸਕਦੀ। ਬਲਜੀਤ ਨੂੰ ਇਸ ਗੱਲ ਦੀ ਭੋਰਾ ਵੀ ਫ਼ਿਕਰ ਨਹੀਂ ਕਿ ਉਸਦੀ ਮਾਂ ਦਾ ਦਿਲ ਕਮਜ਼ੋਰ ਹੈ। ਬਲਜੀਤ ਨੇ ਸ਼ੁਰੂ ਤੋਂ ਹੀ ਮਾਂ ਦਾ ਪਿਆਰ ਪਾਇਆ ਸੀ ਤੇ ਹੌਲੀ ਹੌਲੀ ਵਕ਼ਤ ਨੇ ਉਸ ਨਾਲ ਚਾਲ ਚੱਲੀ। ਬਲਜੀਤ ਇੱਕ ਥਾਂ ਤੋਂ ਇਹੋ ਜਿਹੇ ਘੇਰੇ ਵਿੱਚ ਗਿਆ ਜਿੱਥੋਂ ਉਸਦਾ ਵਾਪਿਸ ਆਉਣਾ ਬਹੁਤ ਮੁਸ਼ਕਿਲ ਸੀ। ਰਣਜੀਤ ਸਦਾ ਦੁੱਖੀ ਰਹਿਣ ਲੱਗ ਪਈ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਰਹਿੰਦੀ। ਬਲਜੀਤ ਦੀ ਉਮਰ ਵੀਹ ਵਰ੍ਹੇ ਹੋ ਚੁੱਕੀ ਸੀ।
         ਨਸ਼ੇ ਵਿੱਚ ਟੁੰਨ ਇੱਕ ਦਿਨ ਬਲਜੀਤ ਘਰ ਬੁਹੇ ਆਉਣ ਖਲੋ ਗਿਆ। ਦਰਵਾਜ਼ੇ ਨੂੰ ਜੋਰ ਜੋਰ ਦੀ ਖੱਟ - ਖਟਾਉਣ ਲੱਗਾ। ਅੱਧੀ ਰਾਤ ਨੂੰ ਬਲਜੀਤ ਪਤਾ ਨਹੀਂ ਕਿੱਥੋਂ ਆਇਆ ਸੀ। ਰਣਜੀਤ ਉੱਠ ਕੇ ਭੱਜੀ ਭੱਜੀ ਗਈ। ਬਲਜੀਤ ਆਪਣੀ ਮਾਂ ਨੂੰ ਬੋਲਦਾ,' ਬੁਹਾਂ ਖੋਲ੍ਹਣ ਨੂੰ ਇਹਨਾਂ ਵਕ਼ਤ ਕਿਉਂ ਲੱਗਾ..ਤੈਨੂੰ ਪਤਾ ਨਹੀਂ ਮੈ ਘਰ ਆਉਣਾ ਹੁੰਦਾ ਗਾ।' ਮਾਂ ਦੀ ਚੁੱਪੀ ਹਮੇਸ਼ਾ ਦੀ ਤਰ੍ਹਾਂ ਚੁੱਪ ਹੀ ਰਹੀ। ਆਪਣੇ ਪੁੱਤ ਅੱਗੇ ਇੱਕ ਸ਼ਬਦ ਨਾ ਬੋਲੀ। ਜੋ ਇਨਸਾਨ ਆਪਣੇ ਜਿਉਂਦੇ ਮਾਂ ਬਾਪ ਦੀ ਕਦਰ ਨਹੀਂ ਕਰਦਾ ਉਸਨੂੰ ਉਸਦੀ ਔਲਾਦ ਵੀ ਨਹੀਂ ਪੁੱਛਦੀ। ਵਕ਼ਤ ਫਿਰ ਬਦਲ ਗਿਆ।
         ਦਿਨ ਚੜ੍ਹਦੇ ਨੂੰ ਬਲਜੀਤ ਆਪਣੀ ਮਾਂ ਰਣਜੀਤ ਕੋਲ਼ ਗਿਆ। ' ਅੱਜ ਮਾਏ ਤੂੰ ਮੈਨੂੰ ਕੁਝ ਪੈਸੇ ਦੇ ਮੈ ਯਾਰਾਂ ਮਿੱਤਰਾਂ ਨਾਲ ਐਸ਼ ਕਰਨੀ ਹੈ। ' ਰਣਜੀਤ ਨੇ ਗੁੱਸੇ ਵਿੱਚ ਅਾ ਕੇ ਹੱਥ ਅਲਮਾਰੀ ਦੀ ਚਾਬੀ ਧਰ ਦਿੱਤੀ ਤੇ ਆਖਿਆ,' ਮੈ ਕਿਹੋ ਜਿਹੀ ਔਲਾਦ ਨੂੰ ਜਨਮ ਦੇ ਦਿੱਤਾ ਜੋ ਆਪਣੀ ਮਾਂ ਦੀ ਕਦਰ ਵੀ ਨਹੀਂ ਕਰ ਸਕਦਾ। ਤੈਨੂੰ ਨਸ਼ੇ ਨੇ ਇੱਕ ਦਿਨ ਨਿਚੋੜ ਕੇ ਖਾ ਲੈਣਾ ਤੇ ਮੈ ਉਸ ਵਕ਼ਤ ਤੇਰੇ ਕੋਲ਼ ਵੀ ਨਹੀਂ ਹੋਣਾ। ਮੇਰੀ ਇਹ ਗੱਲ ਹਮੇਸ਼ਾ ਯਾਦ ਰੱਖੀ ਪੁੱਤਰਾਂ.." ਜਿੰਦਗੀ ਛੋਟੀ ਜਿਹੀ ਹੈ ਅੱਜ ਹੱਸਲੈ ਕੱਲ੍ਹ ਜਿੰਦਗੀ ਕੱਟਲੈ ਫਿਰ ਨਾ ਮੁੜ ਮਿਲਣੀ।"
          ਰਣਜੀਤ ਦੇ ਸ਼ਬਦ ਸੁਣ ਬਲਜੀਤ ਨੂੰ ਕੋਈ ਅਫ਼ਸੋਸ ਨਾ ਹੋਇਆ। ਰਣਜੀਤ ਆਪਣੀ ਜਿੰਦਗੀ ਵਿੱਚ ਬਿਲਕੁੱਲ ਵੀ ਖੁਸ਼ ਨਹੀਂ ਸੀ। ਲੋਕਾਂ ਦੇ ਰੋਜ਼ ਦੇ ਤਾਹਨੇ ਸੁਣ ਅੱਕ ਗਈ ਸੀ। ਰਣਜੀਤ ਨੇ ਆਪਣੇ ਪੁੱਤ ਨੂੰ ਬਹੁਤ ਸਮਝਾਉਣਾ ਚਾਹਿਆ ਪਰ ਉਹ ਨਸ਼ੇ ਵਿੱਚ ਡੁੱਬਿਆ ਹੋਇਆ ਸੀ। ਉਸਨੂੰ ਹਰ ਵਕ਼ਤ ਪੈਸੇ ਚਾਹੀਦੇ ਸੀ। ਹਰ ਵਕ਼ਤ ਨਸ਼ੇ ਦਾ ਸੇਵਨ ਕਰਨ ਦਾ ਜਰੀਆ ਲੱਭਦਾ ਸੀ। ਬਲਜੀਤ ਦੀ ਇਸ ਹਾਲਤ ਨੂੰ ਵੇਖ ਕੁਝ ਗੁਆਂਢੀ ਵੀ ਘਰ ਆਉਣਾ ਬੰਦ ਕਰ ਗਏ ਸੀ। ਬਲਜੀਤ ਦੇ ਬੁਰੇ ਪ੍ਰਭਾਵ ਦਾ ਅਸਰ ਉਹਨਾਂ ਦੇ ਬੱਚਿਆ ਉੱਤੇ ਨਾ ਪਏ ਇਸ ਕਰਕੇ ਗੁਆਂਢੀ ਘਰਾਂ ਨੇ ਆਪਣੀ ਕੰਧ ਹੋਰ ਉੱਚੀ ਕਰ ਲਈ ਸੀ।
         ਰਣਜੀਤ ਨੂੰ ਹੌਲੀ ਹੌਲੀ ਸਾਹ ਦੀ ਬਿਮਾਰੀ ਨੇ ਘੇਰ ਲਿਆ। ਕੋਠੀਆਂ ਘਰਾਂ ਦੀ ਸਫ਼ਾਈ ਤੇ ਬਰਤਣ ਰੋਜ਼ ਦਾ ਇਹ ਕੰਮ ਰਣਜੀਤ ਨੂੰ ਕਮਜ਼ੋਰ ਤੇ ਨਾ ਜਿਊਣਯੋਗ ਬਣਾ ਗਿਆ। ਬਲਜੀਤ ਨੂੰ ਇਸ ਗੱਲ ਦੀ ਭਣਕ ਵੀ ਨਹੀਂ ਸੀ। ਰਣਜੀਤ ਨੇ ਤਾਂ ਆਪਣੀ ਜਿੰਦਗੀ ਨੂੰ ਇੰਝ ਸੋਚ ਕੇ ਕੱਟਿਆ,' ਮੇਰਾ ਹਰਨਾਮ ਭਾਵੇਂ ਨਹੀਂ ਪੁੱਤ ਤਾਂ ਹੈ ਬਸ ਇਹ ਜਿੰਦਗੀ ਹੈ।' ਰਣਜੀਤ ਚੰਗੀ ਤਰ੍ਹਾਂ ਜਾਣਦੀ ਸੀ ਮੇਰੀ ਜਿੰਦਗੀ ਮੇਰੀ ਵੀ ਨਹੀਂ ਹੋ ਸਕਦੀ। ਬਲਜੀਤ ਨੂੰ ਸਹੀ ਰਾਹ ਪਾਉਣ ਦਾ ਇੱਕੋ ਇੱਕ ਤਰੀਕਾ ਸੀ ਉਹ ਸੀ,' ਵਕ਼ਤ ਦਾ ਚੱਕਾ ਜ਼ਾਮ ਕਰ ਇੱਕ ਦਿਨ ਦੁਨੀਆ ਤੋਂ ਕੁਰਬਾਨ  ਜਾਣਾ। '
         ਬਲਜੀਤ ਰੋਜ਼ ਦੀ ਤਰ੍ਹਾਂ ਟੁੰਨ ਹੋ ਘਰ ਆਇਆ ਜਾਇਆ ਕਰਦਾ ਸੀ। ਘਰ ਵਿੱਚ ਸਿਰਫ਼ ਦੋ ਜੀਅ ਦਾ ਰਹਿਣ ਸਹਿਣ ਸੀ ਤੇ ਰਿਸ਼ਤੇਦਾਰਾਂ ਨੇ ਮੁੱਖ ਫੇਰ ਲਿਆ ਸੀ ਕਿਉਂਕਿ ਬਲਜੀਤ ਦੇ ਵਰਤਾਰੇ ਤੋਂ ਸਬ ਦੁੱਖੀ ਸੀ। ਉਸਦੀ ਹਾਲਤ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸੀ। ਰਣਜੀਤ ਉਸ ਵਕ਼ਤ ਇਹਨੀ ਜਿਆਦਾ ਕਮਜ਼ੋਰ ਹੋ ਗਈ ਕਿ ਉਹ ਹੁਣ ਘਰ ਘਰ ਕੰਮ ਵੀ ਨਹੀਂ ਕਰ ਸਕਦੀ। ਵਕ਼ਤ ' ਤੇ ਦਵਾਈ ਨਾ ਲੈਣ ਕਰਕੇ ਰਣਜੀਤ ਦੀ ਹਾਲਤ ਹੋਰ ਵਧੇਰੇ ਖਰਾਬ ਹੁੰਦੀ ਜਾ ਰਹੀ ਸੀ। ਰਣਜੀਤ ਨੇ ਇੱਕ ਖ਼ਤ ਲਿਖਣਾ ਚਾਹਿਆ ਤੇ ਉਸ ਵਿੱਚ ਸਿਰਫ਼ ਦੋ ਤੋਂ ਦੋ ਅੱਖਰ ਸਨ ਜਿਸ ਵਿੱਚ ਲਿਖਿਆ ਸੀ,' ਮੈ ਬੁਰੀ ਤੂੰ ਚੰਗਾ।'
         ਜਦੋਂ ਘਰ ਬਲਜੀਤ ਆਇਆ ਤਾਂ ਉਸ ਦਿਨ ਟੁੰਨ ਨਹੀਂ  ਦਿਖਿਆ। ਮਾਂ ਰਣਜੀਤ ਮੰਜੇ ਉੱਤੇ ਪਈ ਸੀ ਤੇ ਬੁਹਾ ਖੁੱਲ੍ਹਿਆ ਸੀ। ਬਲਜੀਤ ਦਰਵਾਜ਼ਾ ਖੋਲ੍ਹ ਅੰਦਰ ਵੜਿਆ। ਹੱਥ ਵਿੱਚ ਇੱਕ ਖ਼ਤ ਫੜ੍ਹਿਆ ਦਿਖਾਈ ਦਿੱਤਾ ਜੋ ਰਣਜੀਤ ਨੇ ਆਖਰੀ ਸਾਹ ਚੱਲਦੇ ਲਿਖਿਆ ਸੀ। ਬਲਜੀਤ ਆਪਣੀ ਮਾਂ ਰਣਜੀਤ ਕੋਲ਼ ਜਾ ਬੈਠਦਾ ਹੈ ਤੇ ਉੱਠਣ ਲਈ ਆਖਦਾ ਹੈ ਪਰ ਮਾਂ ਰਣਜੀਤ ਨਾ ਉੱਠਦੀ। ਇਹ ਵੇਖ ਬਲਜੀਤ ਨਬਜ ਫੜ੍ਹ ਵੇਖਦਾ ਹੈ ਤੇ ਨਾ ਨਬਜ ਚੱਲਣ ' ਤੇ ਬਲਜੀਤ ਉਸ ਥਾਂ ਤੋਂ ਥੱਲ੍ਹੇ ਡਿੱਗ ਪੈਂਦਾ ਹੈ। ਉੱਚੀ ਉੱਚੀ ਬਲਜੀਤ ਰੌਂਦਾ ਹੋਇਆ ਆਖਦਾ ਹੈ,' ਮਾਂ ਮੇਰੀਏ ਮੈਨੂੰ ਮਾਫ਼ ਕਰਦੇ..ਮੈ ਤੈਨੂੰ ਬਹੁਤ ਸਾਰੇ ਦੁੱਖ ਦਿੱਤੇ। ਤੂੰ ਮੈਨੂੰ ਇੰਝ ਛੱਡ ਕੇ ਨਹੀਂ ਜਾ ਸਕਦੀ।'
         ਬਲਜੀਤ ਨੂੰ ਰੌਂਦਿਆ ਵੇਖ ਗੁਆਂਢੀ ਘਰ ਆਏ ਤੇ ਬਲਜੀਤ ਨੂੰ ਪੁੱਛਦੇ,' ਕੀ ਹੋਇਆ ਬਲਜੀਤ..ਸੁੱਖ ਤਾਂ ਹੈ। ਬਲਜੀਤ ਧਾਹਾਂ ਮਾਰ ਰੋਅ ਰਿਹਾ ਸੀ ਤੇ ਗੁਆਂਢੀ ਨੂੰ ਬਲਜੀਤ ਦੀ ਮਾਂ ਪੂਰੀ ਹੋਈ ਦਿਖੀ। ਗੁਆਂਢੀ ਨੇ ਬਲਜੀਤ ਨੂੰ ਸਹਾਰਾ ਦਿੱਤਾ ਤੇ ਹੋਰ ਬਾਕੀ ਗੁਆਂਢੀ ਵੀ ਇੱਕਠੇ ਹੋ ਗਏ। ਬਲਜੀਤ ਦੇ ਹੱਥ ਉਹ ਖ਼ਤ ਆਇਆ ਜੋ ਰਣਜੀਤ ਲਿੱਖ ਗਈ ਸੀ। ਜਦੋਂ ਬਲਜੀਤ ਨੇ ਉਹ ਖ਼ਤ ਦੇ ਬੋਲ ਪੜ੍ਹੇ ਤਾਂ ਉਸਦੇ ਪੈਰੋਂ ਜਮੀਨ ਹੀ ਖਿਸਕ ਗਈ। ਬਲਜੀਤ ਨੇ ਆਪਣੀ ਮਾਂ ਦਾ ਅਤਿੰਮ ਸੰਸਕਾਰ ਕੀਤਾ। ਵਕ਼ਤ ਨੇ ਰਣਜੀਤ ਦੇ ਫ਼ੈਸਲੇ ਨੂੰ ਅਹਿਮ ਸਮਝਿਆ ਤੇ ਬਲਜੀਤ ਨੂੰ ਨਸ਼ੇ ਦੇ ਹੜ੍ਹ ਤੋਂ ਬਚਾ ਲਿਆ।
          ਹੁਣ ਬਲਜੀਤ ਨਸ਼ੇ ਦਾ ਸੇਵਨ ਨਹੀਂ ਕਰਦਾ ਹੈ। ਉਹ ਸਦਾ ਅਨਾਥ ਆਸ਼ਰਮ ਚੰਦਾ ਦਿੰਦਾ ਹੈ ਤੇ ਬਜੁਰਗਾਂ ਦਾ ਸਤਿਕਾਰ ਕਰਦਾ ਹੈ। ਬਲਜੀਤ ਹੁਣ ਆਪਣੀ ਭੂਆ ਘਰ ਰਹਿੰਦਾ ਹੈ ਤੇ ਬਲਜੀਤ ਦੀ ਇੱਕ ਭੈਣ ਹੈ ਜੋ ਭੂਆ ਦੀ ਹੀ ਧੀ ਹੈ। ਬਲਜੀਤ ਥੋੜ੍ਹੇ ਸਮੇਂ ਚੁੱਪ ਤੇ ਸ਼ਾਂਤ ਰਿਹਾ। ਇਕੱਲਾਪਨ ਜਿੰਦਗੀ ਨੂੰ ਨਰਕ ਬਣਾ ਦਿੰਦਾ ਹੈ ਤੇ ਇਸ ਬਾਰੇ ਬਲਜੀਤ ਚੰਗੀ ਤਰ੍ਹਾਂ ਜਾਣ ਗਿਆ ਸੀ। ਜੋ ਸ਼ਬਦ ਉਸਦੀ ਮਾਂ ਨੇ ਕਹੇ ਸੀ ਉਹ ਉਹਨਾਂ ਸ਼ਬਦਾਂ ਨੂੰ ਸਦਾ ਲਈ ਦਿਲ ਵਿੱਚ ਵਸਾ ਲੈਂਦਾ ਹੈ। ਬਲਜੀਤ ਦਾ ਜੀਵਨ ਕੁਝ ਸਮੇਂ ਬਾਅਦ ਠੀਕ ਹੋ ਜਾਂਦਾ ਹੈ ਤੇ ਆਪਣੀ ਨਵੀਂ ਜਿੰਦਗੀ ਜਿਊਂਦਾ ਹੈ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ:7626818016