ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ


03 ਅਪ੍ਰੈਲ 2023

 

ਲਾਰੈਂਸ ਬਿਸ਼ਨੋਈ ਇੰਟਰਵੀਊ ਦੇ ਮਾਮਲੇ ਦੀ ਜਾਂਚ ‘ਲਟਕੀ’- ਇਕ ਖ਼ਬਰ

ਲਟਕੀ ਨਹੀਂ ਲਟਕਾਈ ਕਹੋ।

 

ਲੁਟੇਰਿਆਂ ਨੇ ਬਜ਼ੁਰਗ ਕਬਾੜੀਆ ਵੀ ਨਹੀਂ ਬਖਸ਼ਿਆ, ਨੌ ਸੌ ਰੁਪਏ ਲੁੱਟ ਲਏ ਉਸ ਪਾਸੋਂ- ਇਕ ਖ਼ਬਰ

ਭੁੱਖ ਨੰਗ ਦੀ ਕੋਈ ਪ੍ਰਵਾਹ ਨਾਹੀਂ, ਹੁਕਮ ਹੋਵੇ ਤਾਂ ਦੇਗਾਂ ਨੂੰ ਚੱਟੀਏ ਜੀ।

 

ਰਿਸ਼ਵਤ ਮਾਮਲੇ ‘ਚ ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਮਿਲੀ ਜ਼ਮਾਨਤ-ਇਕ ਖ਼ਬਰ

ਨੋਟ ਗਿਣਨ ਵਾਲੀ ਮਸ਼ੀਨ ਨੂੰ ਚੈੱਕ ਕਰ ਲੈ ਭਾਈ ਕਿਤੇ ਜੰਗਾਲ ਨਾ ਲੱਗ ਗਿਆ ਹੋਵੇ।

ਬਰਾੜ ਦੇ ‘ਆਪ’ ‘ਚ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀਂ- ਗੁਰਪ੍ਰਤਾਪ ਸਿੰਘ ਵਡਾਲਾ

ਤੁਸੀਂ ਤਾਂ ਤਿੰਨ ਸੀਟਾਂ ‘ਤੇ ਆ ਗਏ ਤਾਂ ਵੀ ਕੋਈ ਫ਼ਰਕ ਨਹੀਂ ਪਿਆ ਤੁਹਾਨੂੰ

 

ਸਿੱਖਾਂ ਵਿਰੁੱਧ ਸਰਕਾਰੀ ਦਹਿਸ਼ਤ ਨੂੰ ਜਥੇਦਾਰ ਅਕਾਲ ਤਖ਼ਤ ਅੱਗੇ ਲੱਗ ਕੇ ਬੰਦ ਕਰਵਾਉਣ- ਪੰਜੋਲੀ

ਜੇ ਬਾਦਲਾਂ ਨੂੰ ਕੋਈ ਫ਼ਾਇਦਾ ਹੁੰਦਾ ਹੋਊ ਫੇਰ ਤਾਂ ਜਥੇਦਾਰ ਬਣਜੂ ਭੰਬੀਰੀ ਭਾਈ।

ਨੌਕਰੀ ਲਈ ਪੰਜਾਬੀ ਭਾਸ਼ਾ ਪ੍ਰੀਖਿਆ ਦੀ ਸ਼ਰਤ ‘ਤੇ ਕਿਉਂ ਨਾ ਲਗਾਈ ਜਾਵੇ ਰੋਕ?- ਹਾਈ ਕੋਰਟ

ਪੰਜਾਬੀਏ ਵਿਚਾਰੀਏ ਹਰ ਪਾਸੇ ਤੇਰੇ ਦੁਸ਼ਮਣ ਬੈਠੇ, ਕੋਈ ਨਾ ਤੇਰਾ ਦਰਦੀ

 

ਸ਼੍ਰੋਮਣੀ ਕਮੇਟੀ ਦੇ ਬਜਟ ਤੋਂ ਨਾਖੁਸ਼ ਵਿਰੋਧੀ ਧਿਰ ਦੇ ਮੈਂਬਰ- ਇਕ ਖ਼ਬਰ

ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।

ਜਲੰਧਰ ‘ਚ ਜ਼ਿਮਨੀ ਚੋਣ ਦਾ ਐਲਾਨ ਹੁੰਦਿਆਂ ਹੀ ਹਲਚਲ ਵਧੀ- ਇਕ ਖ਼ਬਰ

ਲਾਮ ਲੱਦ ਅਸਬਾਬ ਸਭ ਸਾਧ ਚੱਲੇ, ਚੜ੍ਹੇ ਪਰਬਤਾਂ ਦੇ ਉਪਰ ਜਾ ਭਾਈ।

ਅਕਾਲੀ ਦਲ ਤੇ ਬਸਪਾ ਮਿਲ ਕੇ ਲੜਨਗੇ ਜਲੰਧਰ ਦੀ ਜ਼ਿਮਨੀ ਚੋਣ- ਇਕ ਖ਼ਬਰ

ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।

ਸੰਸਦ ਦੀ ਮੈਂਬਰੀ ਖੁੱਸਣ ਤੋਂ ਬਾਅਦ ਰਾਹੁਲ ਨੂੰ ਬੰਗਲਾ ਖਾਲੀ ਕਰਨ ਦਾ ਨੋਟਿਸ- ਇਕ ਖ਼ਬਰ

ਚੁੱਕ ਚਰਖਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾ।

ਮਹਿੰਗਾਈ ਘੱਟ ਕਰਨੀ ਹੈ ਤਾਂ ਰਿਲਾਇੰਸ, ਟਾਟਾ, ਬਿਰਲਾ, ਅਡਾਨੀ ਗਰੁੱਪ ਤੋੜ ਦਿਉ- ਵਿਰਲ ਅਚਾਰੀਆ

ਲੈ ਬਈ ਅਚਾਰੀਆ ਈ.ਡੀ. ਆਈ ਸਮਝ ਤੇਰੇ ਵਲ ਵੀ, ਕਰ ਲੈ ਤਿਆਰੀ।

ਕਾਂਗਰਸ ਨੇ ਸੰਸਦ ਤੋਂ ਸੜਕ ਤੱਕ ਮਨਾਇਆ ‘ਕਾਲਾ ਦਿਨ’- ਇਕ ਖ਼ਬਰ

ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਤਿੰਨ ਦਿਨ ਹਸਪਤਾਲ ‘ਚ ਰਹਿਣ ਪਿੱਛੋਂ ਪੋਪ ਫਰਾਂਸਿਸ ਨੂੰ ਮਿਲੀ ਹਸਪਤਾਲੋਂ ਛੁੱਟੀ- ਇਕ ਖ਼ਬਰ

ਹਸਪਤਾਲ ਕਾਹਨੂੰ ਜਾਣਾ ਸੀ, ਪੰਜਾਬ ਦੇ ਕਿਸੇ ਪਾਸਟਰ ਤੋਂ ਕਰਵਾ ਲੈਂਦੇ ਇਲਾਜ।

ਪੰਜਾਬ ਅਤੇ ਕੇਂਦਰ ਵਲੋਂ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹੈ- ਸੰਯੁਕਤ ਕਿਸਾਨ ਮੋਰਚਾ

ਅੱਜ ਕੌਣ ਪੁੱਛੇ ਰਾਂਝੇ ਚਾਕ ਤਾਈਂ, ਬੇਗ਼ਮ ਹੀਰ ਤੇ ਸੈਦਾ ਨਵਾਬ ਹੋਇਆ।

ਪੰਜਾਬ ‘ਚ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲਾਂ ਦਾ ਬਕਾਇਆ 2600 ਕਰੋੜ ਤੋਂ ਪਾਰ- ਇਕ ਖ਼ਬਰ

ਕੋਈ ਊਠਾਂ ਵਾਲ਼ੇ ਨੀਂ, ਲੁੱਟ ਕੇ ਸੇਜ ਸੱਸੀ ਦੀ ਲੈ ਗਏ।