ਆਖ਼ਰੀ, ਪਰ ਸਦੀਵੀਂ ਬੋਲ.. - ਡਾ. ਗੁਰਤੇਜ ਸਿੰਘ
ਸਿੱਖ ਕੌਮ ਦੇ ਮਹਾਨ ਕੀਰਤਨੀਏ, ਕੁਦਰਤ ਪ੍ਰੇਮੀ, ਰਾਗ ਆਧਾਰਿਤ ਗੁਰਮਤਿ ਸੰਗੀਤ ਦੇ ਮਹਾਂਰਥੀ ਅਤੇ ਉੱਘੇ ਸਮਾਜਿਕ ਚਿੰਤਕ ਭਾਈ ਨਿਰਮਲ ਸਿੰਘ ਖਾਲਸਾ ਦੇ ਦੋ ਅਪਰੈਲ 2020 ਨੂੰ ਹੋਏ ਦੇਹਾਂਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਾਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਨ੍ਹਾਂ ਦੇ ਕਰੋਨਾ ਪਾਜ਼ਿਟਿਵ ਹੋਣ ਦੀ ਪਹਿਲੀ ਅਪਰੈਲ ਨੂੰ ਆਈ ਖ਼ਬਰ ਨੇ ਮੇਰੀ ਚਿੰਤਾ ਵਧਾਈ ਸੀ। ਇਸ ਦੀ ਪੁਸ਼ਟੀ ਸਬੰਧੀ ਉਨ੍ਹਾਂ ਦੇ ਕਰੀਬੀ ਤੇ ਰਿਸ਼ਤੇਦਾਰ ਸ. ਸਹੋਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਖਾਲਸਾ ਜੀ ਦੀ ਗੰਭੀਰ ਹਾਲਤ ਬਾਰੇ ਗਹਿਰੀ ਚਿੰਤਾ ਪ੍ਰਗਟਾਈ ਸੀ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਾਲ ਟੈਲੀਫੋਨ ’ਤੇ ਮੇਰੀ ਗੱਲ ਹੋਈ ਸੀ ਤੇ ਉਹ ਠੀਕ ਸਨ। ਉਂਝ ਵੀ ਵੱਟਸਐਪ ਦੇ ਜ਼ਰੀਏ ਸਾਲ 2019 ਦੇ ਸ਼ੁਰੂ ਤੋਂ 24 ਮਾਰਚ 2020 ਤੱਕ ਮੇਰੇ ਨਾਲ ਜੁੜੇ ਹੋਏ ਸਨ। ਹਰ ਰੋਜ਼ ਫਤਹਿ ਦੀ ਸਾਂਝ ਦੇ ਨਾਲ ਅਕਸਰ ਹੀ ਸਾਕਾਰਾਤਮਕ ਵਿਚਾਰ ਲਿਖਤੀ ਜਾਂ ਕਿਸੇ ਵੀਡਿਓ ਦੇ ਰੂਪ ’ਚ ਮੇਰੇ ਕੋਲ ਪੁੱਜਦੇ ਰਹੇ ਹਨ। ਵਿਦੇਸ਼ ਦੀ ਧਰਤੀ ’ਤੇ ਹੁੰਦਿਆਂ ਵੀ ਉਹ ਆਪਣੇ ਚਾਹੁਣ ਵਾਲਿਆਂ ਨਾਲ ਸਾਂਝ ਬਣਾਈ ਰੱਖਦੇ ਸਨ। ਕੁਦਰਤ ਨਾਲ ਵਿਚਰਦਿਆਂ ਆਪਣੀਆਂ ਤਸਵੀਰਾਂ ਤੇ ਵੀਡਿਓ ਵੀ ਮੇਰੇ ਤੱਕ ਪਹੁੰਚਾਉਂਦੇ ਰਹੇ ਸਨ ਜੋ ਉਨ੍ਹਾਂ ਦੇ ਕੁਦਰਤ ਪ੍ਰੇਮੀ ਹੋਣ ਦੀ ਗਵਾਹੀ ਭਰਦੀਆਂ ਹਨ। ਉਹ ਸਮਾਜ ਸੇਵੀ ਸੰਸਥਾ (ਡਾਇਨਾਮਿਕ ਗਰੁੱਪ ਆਫ ਰੰਘਰੇਟਾਜ਼, ਅੰਮ੍ਰਿਤਸਰ) ਦੇ ਸਰਪ੍ਰਸਤ ਸਨ। ਦਸੰਬਰ 2018 ਵਿੱਚ ਇਸ ਸੰਸਥਾ ਵੱਲੋਂ ਸੂਬੇ ਦੇ ਹੁਸ਼ਿਆਰ, ਲੋੜਵੰਦ ਅਤੇ ਕਿਸੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਕਮ ਦੇ ਨਾਲ ਕਿਤਾਬਾਂ ਦੇ ਸੈੱਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਮੈਂ ਵੀ ਤੁੱਛ ਪ੍ਰਾਪਤੀਆਂ ਕਰਕੇ ਉਨ੍ਹਾਂ ਦੇ ਕਰ ਕਮਲਾਂ ਨਾਲ ਸਨਮਾਨਿਤ ਹੋਇਆ ਜੋ ਮੇਰੇ ਲਈ ਸੁਭਾਗ ਦੀ ਗੱਲ ਹੈ। ਪਹਿਲੀ ਵਾਰ ਉਨ੍ਹਾਂ ਨਾਲ ਮੇਰੀ ਮੁਲਾਕਾਤ ਉਸੇ ਸਮਾਗਮ ’ਚ ਹੋਈ ਸੀ ਜੋ ਉਕਤ ਸੰਸਥਾ ਦੇ ਪ੍ਰਮੁੱਖ ਪ੍ਰਬੰਧਕ ਸ. ਸਹੋਤਾ ਨੇ ਕਰਵਾਈ ਸੀ। ਡਾਕਟਰੀ ਪੜ੍ਹਾਈ ਦੇ ਨਾਲ ਸਾਹਿਤ ਦੇ ਖੇਤਰ ਵਿੱਚ ਮੇਰਾ ਸਰਗਰਮ ਹੋਣਾ ਉਨ੍ਹਾਂ ਨੂੰ ਚੰਗਾ ਲੱਗਿਆ ਸੀ। ਉਨ੍ਹਾਂ ਮੈਨੂੰ ਕਲਾਵੇ ’ਚ ਲੈ ਕੇ ਪਿਆਰ ਦਿੱਤਾ ਸੀ। ਸਾਲ 2019 ਵਿੱਚ ਮੇਰਾ ਇੱਕ ਲੇਖ ਪੜ੍ਹ ਕੇ ਉਨ੍ਹਾਂ ਨੇ ਫੋਨ ਕੀਤਾ ਸੀ। ਸ਼ਾਇਦ ਉਸ ਸਮੇਂ ਉਹ ਜੈਪੁਰ ਸਨ। ਫ਼ਤਹਿ ਦੀ ਸਾਂਝ ਪਾ ਆਪਣੀ ਪਛਾਣ ਦੱਸਦਿਆਂ ਬੋਲੇ, ‘‘ਮੈਂ ਨਿਰਮਲ ਸਿੰਘ ਖਾਲਸਾ ਬੋਲ ਰਿਹਾ ਹਾਂ।’’ ਮੈਂ ਗੱਲ ਕੱਟਦਿਆਂ ਪੁੱਛਿਆ, ‘‘ਪਦਮ ਸ੍ਰੀ!’’ ਉਨ੍ਹਾਂ ਹੱਸਦਿਆਂ ਕਿਹਾ, ‘‘ਹਾਂ ਜੀ।’’ ਹਾਲ-ਚਾਲ ਪੁੱਛਣ ਤੋਂ ਬਾਅਦ ਮੇਰੇ ਨਾਲ ਲੇਖ ’ਤੇ ਚਰਚਾ ਕੀਤੀ ਜੋ ਤਕਰੀਬਨ ਪੰਦਰਾਂ ਵੀਹ ਮਿੰਟ ਚੱਲੀ। ਉਹ ਇੰਨੇ ਸਹਿਜ ਨਾਲ ਵਿਚਾਰ ਚਰਚਾ ਕਰ ਰਹੇ ਸਨ ਕਿ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਲੰਮੇ ਵਕਫ਼ੇ ਤੋਂ ਜਾਣਦੇ ਹੋਣ। ਉਸ ਤੋਂ ਬਾਅਦ ਤਾਂ ਸਾਡੀ ਸਾਂਝ ਦਿਨੋ ਦਿਨ ਪੀਢੀ ਹੁੰਦੀ ਗਈ। ਅਕਸਰ ਉਹ ਗੱਲ ਕਰਦੇ ਹੋਏ ਆਪਣੇ ਅਤੀਤ ਦਾ ਵੇਰਵਾ ਦਿੰਦੇ ਸਨ ਕਿ ‘ਮੈਂ ਤਾਂ ਉਸ ਧਰਾਤਲ ਤੋਂ ਉੱਠਿਆ ਹਾਂ ਜਿੱਥੇ ਮੇਰੇ ਵਰਗੇ ਨੂੰ ਸਾਈਕਲ ਜੁੜਨ ਦੀ ਆਸ ਨਹੀਂ ਸੀ ਪਰ ਸ਼ਬਦ ਦੀ ਬਦੌਲਤ ਗੱਡੀਆਂ ਤੇ ਜਹਾਜ਼ਾਂ ਦੇ ਸਫ਼ਰ ਵੀ ਨਸੀਬ ਹੋਏ ਹਨ। ਲਗਭਗ 71 ਦੇਸ਼ਾਂ ’ਚ ਵਿਚਰਨ ਦਾ ਮੌਕਾ ਮਿਲਿਆ ਹੈ’। ਪੜ੍ਹਾਈ ਦੌਰਾਨ ਮੇਰੇ ਘਰ ਦੇ ਆਰਥਿਕ ਹਾਲਾਤ ਚੰਗੇ ਨਹੀਂ ਰਹੇ ਜਿਸ ਤੋਂ ਉਹ ਵਾਕਿਫ਼ ਸਨ। ਇਸ ਕਾਰਨ ਉਹ ਮੈਨੂੰ ਅਕਸਰ ਸਮਝਾਉਂਦੇ ਤੇ ਡਟ ਕੇ ਮਿਹਨਤ ਕਰਨ ਲਈ ਪ੍ਰੇਰਦੇ ਸਨ। ਪੜ੍ਹਾਈ ਪੂਰੀ ਹੋਣ ’ਤੇ ਇੱਕ ਨਾਮਵਰ ਹਸਪਤਾਲ ’ਚ ਮੇਰੀ ਨੌਕਰੀ ਲੱਗਣ ਦੀ ਖ਼ਬਰ ਸੁਣ ਕੇ ਉਹ ਬੜੇ ਖ਼ੁਸ਼ ਹੋਏ ਸਨ ਕਿ ਸਾਡਾ ਬੱਚਾ ਡਾਕਟਰ ਬਣ ਗਿਆ ਹੈ ਤੇ ਜਲਦੀ ਮਿਲਣ ਦਾ ਹੁੰਗਾਰਾ ਵੀ ਭਰਿਆ ਸੀ। ਇਹ ਸਬੱਬ ਇੱਕ ਸਮਾਗਮ ਵਿੱਚ ਬਣਿਆ ਸੀ ਜੋ ਆਖ਼ਰੀ ਹੋ ਨਿੱਬੜਿਆ ਤੇ ਕਿਸੇ ਨੂੰ ਚਿੱਤ ਚੇਤਾ ਤੱਕ ਨਹੀਂ ਸੀ ਕਿ ਉਹ ਇੰਝ ਸਰੀਰਕ ਪੱਖੋਂ ਸਾਡੇ ਸਭਨਾਂ ਤੋਂ ਦੂਰ ਚਲੇ ਜਾਣਗੇ।
ਸੋਲ੍ਹਾਂ ਫਰਵਰੀ 2020 ਨੂੰ ਅੰਮ੍ਰਿਤਸਰ ਵਿਖੇ ਸਾਡੀ ਸਮਾਜਿਕ ਸੰਸਥਾ ਨੇ ਸਿੱਖਿਆ ਸਬੰਧੀ ਇੱਕ ਸੈਮੀਨਾਰ ਕੀਤਾ ਜਿਸ ਦਾ ਉਦੇਸ਼ ਸਿੱਖਿਆ ਸਬੰਧੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕਰਨਾ ਤੇ ਇਨ੍ਹਾਂ ਦਾ ਹੱਲ ਤਲਾਸ਼ਣਾ ਸੀ। ਇਸ ਸਮਾਗਮ ਵਿੱਚ ਸਿੱਖਿਆ ਸ਼ਾਸਤਰੀ, ਅਧਿਆਪਕ, ਡਾਕਟਰ, ਆਈਪੀਐੱਸ ਅਧਿਕਾਰੀ ਤੇ ਵਿਦਿਆਰਥੀ ਪਹੁੰਚੇ ਸਨ। ਉਸ ਸਮਾਗਮ ਵਿੱਚ ਭਾਈ ਨਿਰਮਲ ਸਿੰਘ ਖਾਲਸਾ ਉਚੇਚੇ ਤੌਰ ’ਤੇ ਆਪਣੇ ਰਵਾਇਤੀ ਪਹਿਰਾਵੇ ’ਚ ਪਹੁੰਚੇ ਸਨ ਅਤੇ ਮੋਢੇ ’ਤੇ ਛੋਟਾ ਜਿਹਾ ਬਸਤਾ ਲਟਕਾਇਆ ਸੀ। ਮੈਂ ਉਸ ਸੈਮੀਨਾਰ ’ਚ ਮੰਚ ਸੰਚਾਲਕ ਸੀ। ਕੁਝ ਸਮੇਂ ਬਾਅਦ ਮੈਂ ਉਨ੍ਹਾਂ ਦਾ ਨਾਮ ਐਲਾਨਦਿਆਂ ਮੰਚ ’ਤੇ ਆ ਕੇ ਆਪਣੇ ਕੀਮਤੀ ਵਿਚਾਰ ਪੇਸ਼ ਕਰਨ ਲਈ ਕਿਹਾ। ਉਸ ਦਿਨ ਉਨ੍ਹਾਂ ਦਾ ਬੋਲਿਆ ਹਰ ਸ਼ਬਦ ਬੇਸ਼ਕੀਮਤੀ ਹੈ ਤੇ ਇੱਕ ਇੱਕ ਲਫ਼ਜ਼ ਸਾਂਭਣਯੋਗ ਹੈ। ਉਨ੍ਹਾਂ ਦੇ ਆਖ਼ਰੀ ਪਰ ਸਦੀਵੀਂ ਬੋਲ ਸਮੁੱਚੀ ਲੋਕਾਈ ਦਾ ਸਦਾ ਮਾਰਗਦਰਸ਼ਨ ਕਰਦੇ ਰਹਿਣਗੇ। ਉਸ ਸਮਾਗਮ ’ਚ ਮੌਜੂਦ ਇੱਕ ਦੋਸਤ ਨੇ ਉਨ੍ਹਾਂ ਦੀ ਤਕਰੀਰ ਦਾ ਕੁਝ ਹਿੱਸਾ ਰਿਕਾਰਡ ਵੀ ਕੀਤਾ ਸੀ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋਇਆ। ਉਨ੍ਹਾਂ ਨੇ ਸਮਾਜ ਸੇਵਾ ਅਤੇ ਆਪਣੇ ਵੱਲੋਂ ਸਮਾਜ ਨੂੰ ਵਾਪਸ ਕਰਨ ਦੀ ਧਾਰਨਾ ’ਤੇ ਬਲ ਦਿੱਤਾ ਸੀ। ਉਨ੍ਹਾਂ ਦੇ ਭਾਸ਼ਣ ਦੇ ਬੋਲ ਕੁਝ ਇਉਂ ਸਨ: ‘‘ਇਹ ਜ਼ਰੂਰੀ ਨਹੀਂ ਕਿ ਕੋਈ ਵੱਡਾ ਅਫ਼ਸਰ ਜਾਂ ਅਮੀਰ ਹੀ ਸਮਾਜ ਸੇਵਾ ਕਰੇ। ਆਪਣੇ ਕੰਮ ਜ਼ਰੀਏ ਵੀ ਲੋਕਾਈ ਦੀ ਸੇਵਾ ਸੰਭਵ ਹੈ।’’ ਉਹ ਅਕਸਰ ਹੀ ਕਹਿੰਦੇ ਸਨ, ‘‘ਮੈਂ ਤਾਂ ਪੰਜਵੀਂ ਪਾਸ ਹਾਂ ਤੇ ਗ਼ਰੀਬੀ ਦੀ ਦਲ਼ਦਲ ’ਚੋਂ ਨਿਕਲ ਕੇ ਆਇਆ ਹਾਂ ਪਰ ਫਿਰ ਵੀ ਕੀਰਤਨ ਜਾਂ ਰਿਸ਼ਤੇ ਦੁਆਰਾ ਕਿੰਨੇ ਹੀ ਲੋਕਾਂ ਦਾ ਜੀਵਨ ਬਦਲਣ ਦੀ ਸਫ਼ਲ ਕੋਸ਼ਿਸ਼ ਕਰ ਚੁੱਕਿਆ ਹਾਂ। ਮੇਰੇ ਕੋਲ ਨਾ ਤਾਂ ਲਾਲ ਬੱਤੀ ਸੀ ਤੇ ਨਾ ਹੀ ਹਰਾ ਪੈੱਨ।’’ ਕਿਤਾਬਾਂ ਪੜ੍ਹਨ ਦਾ ਮੰਤਰ ਉਨ੍ਹਾਂ ਸਭਨਾਂ ਨੂੰ ਦਿੱਤਾ ਤੇ ਸ਼ਬਦ ਨੂੰ ਹੀ ਆਪਣੀ ਤਰੱਕੀ ਦਾ ਸਾਧਨ ਮੰਨਦੇ ਸਨ। ਹਿੰਮਤ ਕਰਨ ਤੇ ਤੁਰਨ ਨਾਲ ਹੀ ਪੈਂਡੇ ਨਿੱਬੜਦੇ ਹਨ। ਸੋ ਸਾਰਿਆਂ ਨੂੰ ਲੱਕ ਬੰਨ੍ਹ ਕੇ ਤੁਰਨ ਦਾ ਸੰਦੇਸ਼ ਦੇਣ ਦੇ ਨਾਲ ਇੱਕ ਦੂਜੇ ਦੀ ਮਦਦ ਕਰਨ ਅਤੇ ਲੱਤਾਂ ਨਾ ਖਿੱਚਣ ਲਈ ਪ੍ਰੇਰਿਆ ਸੀ। ਉਨ੍ਹਾਂ ਦੇ ਇਨ੍ਹਾਂ ਪ੍ਰੇਰਨਾਮਈ ਸ਼ਬਦਾਂ ਨੇ ਉੱਥੇ ਮੌਜੂਦ ਲੋਕਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ। ਤਕਰੀਰ ਖ਼ਤਮ ਹੋਣ ’ਤੇ ਹਾਲ ’ਚ ਤਾੜੀਆਂ ਦਾ ਹੜ੍ਹ ਆ ਗਿਆ ਸੀ।
ਸੰਪਰਕ : 95173-96001