ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28 ਮਾਰਚ 2023
ਜਥੇਦਾਰ ਹਰਪ੍ਰੀਤ ਸਿੰਘ ਨੇ 27 ਮਾਰਚ ਨੂੰ ਸੱਦੀ ‘ਸਾਂਝੀ ਵਿਸ਼ੇਸ਼ ਇਕੱਤਰਤਾ’- ਇਕ ਖ਼ਬਰ
ਤੈਨੂੰ ਵੇਖਣ ਕਈਆਂ ਨੇ ਆਉਣਾ, ਵਿਹੜੇ ਵਿਚ ਡਾਹ ਲੈ ਮੰਜੜੀ।
ਹਾਈ ਕੋਰਟ ਨੇ ਪਾਈ ਪੰਜਾਬ ਸਰਕਾਰ ਨੂੰ ਝਾੜ- ਇਕ ਖ਼ਬਰ
ਏਦਾਂ ਦੀ ਤਾਂ ਸਵੇਰ ਤੋਂ ਸ਼ਾਮ ਤੱਕ ਹੁੰਦੀ ਰਹਿੰਦੀ ਐ ਸਾਡੇ ਨਾਲ਼।
ਹਰ ਸਾਲ ਕੁਦਰਤ ਕਿਸਾਨ ਦੀ ਵੈਰੀ ਕਿਉਂ ਬਣ ਜਾਂਦੀ ਹੈ? ਇਕ ਸਵਾਲ
ਕਿਉਂਕਿ ਮਨੁੱਖ ਕੁਦਰਤ ਦਾ ਵੈਰੀ ਬਣਿਆ ਹੋਇਆ ਹੈ।
ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਰਾਜਾ ਵੜਿੰਗ ਨੇ ਡੀ.ਜੀ.ਪੀ. ਨੂੰ ਲਿਖੀ ਚਿੱਠੀ-ਇਕ ਖ਼ਬਰ
ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵਲ ਪਾਈਆਂ।
ਸਰਕਾਰ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿੱਪ ਰੱਦ ਕੀਤੀ- ਇਕ ਖ਼ਬਰ
ਨਾ ਰਹੇ ਬਾਂਸ ਨਾ ਬਜੇ ਬੰਸਰੀ।
ਬਾਦਲਾਂ ਨੂੰ ਗ੍ਰਿਫ਼ਤਾਰ ਕਰੋ ਦੇ ਨਾਹਰੇ ਲਗਦਿਆਂ ਹੀ ਪੁਲਿਸ ਨੂੰ ਪਈਆਂ ਭਾਜੜਾਂ- ਇਕ ਖ਼ਬਰ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।
ਮੋਦੀ ਨੇ ਅਡਾਨੀ ਨੂੰ ਵੱਡੇ ਕਾਰੋਬਾਰ ਸਸਤੇ ‘ਚ ਸੌਂਪੇ- ਹਰੀਸ਼ ਚੌਧਰੀ
ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।
ਪੰਜਾਬ ‘ਚ ਕਿਸੇ ਵੇਲੇ ਵੀ ਲਾਵਾ ਫੁੱਟ ਸਕਦੈ, ਪਰ ਸਰਕਾਰ ਬੇਖ਼ਬਰ ਹੈ- ਜਸਟਿਸ ਸੋਢੀ
ਤੇਰਾ ਲੁੱਟਿਆ ਸ਼ਹਿਰ ਭੰਬੋਰ, ਨੀਂ ਸੱਸੀਏ ਬੇਖ਼ਬਰੇ।
ਮੇਰੇ ਉੱਪਰ ਇਰਾਦਾ ਕਤਲ ਦਾ ਝੂਠਾ ਕੇਸ ਬਣਾਇਆ ਗਿਆ-ਪਰਕਾਸ਼ ਸਿੰਘ ਬਾਦਲ
ਟੁੱਟ ਪੈਣੇ ਬਚਨੇ ਨੇ, ਕੰਧ ਢਾ ਕੇ ਚੁਬਾਰਾ ਪਾਇਆ।
ਪੰਜਾਬ ਦੀਆਂ ਤਾਜ਼ਾ ਘਟਨਾਵਾਂ ਤੋਂ ‘ਆਪ’ ਅਤੇ ਭਾਜਪਾ ਦੀ ਸਾਂਝ ਜੱਗ ਜ਼ਾਹਿਰ- ਡਾ.ਕਰੀਮਪੁਰੀ
ਝਾਂਜਰ ਪਤਲੋ ਦੀ, ਠਾਣੇਦਾਰ ਦੇ ਚੁਬਾਰੇ ਵਿਚ ਖੜਕੇ।
ਸਰਕਾਰ ਦੀ ਨਾਕਾਮੀ ਕਾਰਨ ਸੂਬੇ ਦਾ ਮਾਹੌਲ ਤਣਾਅਪੂਰਨ- ਬੀਬੀ ਜਾਗੀਰ ਕੌਰ
ਆ ਵੇ ਮਾਹੀ ਬਹਿ ਵੇ ਮਾਹੀ, ਦਿਲ ਦਾ ਹਾਲ ਸੁਣਾਵਾਂ।
ਅਕਾਲ ਤਖ਼ਤ ‘ਤੇ ਹੋ ਰਹੀ ਪੰਥਕ ਬੈਠਕ ‘ਜਥੇਦਾਰ’ ਲਈ ਪਰਖ ਦਾ ਸਮਾਂ- ਇਕ ਖ਼ਬਰ
ਘੱਲਿਆ ਸੀ ਮੈਂ ਮਹੀਂ ਖਰੀਦਣ, ਖਰੀਦ ਲਿਆਇਆ ਝੋਟੇ।
ਵਿਜੈ ਮਾਲਿਆ ਨੇ ਇੰਗਲੈਂਡ ਅਤੇ ਫਰਾਂਸ ‘ਚ 330 ਕਰੋੜ ਰੁਪਏ ਦੀਆਂ ਜਾਇਦਾਦਾਂ ਖਰੀਦੀਆਂ- ਸੀ.ਬੀ.ਆਈ.
ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ।
ਇਹ ਦੇਸ਼ ਅਡਾਨੀ ਦਾ ਨਹੀਂ, ਬਲਕਿ ਕਿਸਾਨਾਂ, ਮਜ਼ਦੂਰਾਂ ਅਤੇ ਗ਼ਰੀਬਾਂ ਦਾ ਹੈ- ਰਾਹੁਲ ਗਾਂਧੀ
ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।
ਇਮਰਾਨ ਖ਼ਾਨ ਖ਼ਿਲਾਫ਼ ਅੱਤਵਾਦ ਦਾ ਮੁਕੱਦਮਾ ਦਰਜ-ਇਕ ਖ਼ਬਰ
ਜੇ ਕੋਈ ਹੋਰ ਲੈ ਆਇਆ ਤੇਰੀ ਜੰਞ ਨੀਂ, ਬਣੂੰ ਜੰਗ ਦਾ ਮੈਦਾਨ ਵੇਖੀਂ ਬੇਲਾ ਝੰਗ ਨੀਂ।