ਵੱਡੇ ਨੋਟ ਨੂੰ ਬੰਦ ਕਰਨ ਦੀ ਖੇਡ ਬਾਰੇ ਠੀਕ ਗੱਲ ਰਾਮ ਜੇਠਮਲਾਨੀ ਕਹਿੰਦਾ ਜਾਪਦੈ - ਜਤਿੰਦਰ ਪਨੂੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੇਸ਼ ਦੇ ਲੋਕਾਂ ਨੂੰ ਜਦੋਂ ਕੁਝ ਭਰੋਸਾ ਦੇਵੇ ਤਾਂ ਕੀਲ ਕੇ ਰੱਖ ਦੇਂਦਾ ਹੈ, ਪਰ ਅਮਲ ਵਿੱਚ ਗੱਲ ਉਹ ਨਹੀਂ ਹੁੰਦੀ, ਜਿਹੜੀ ਲੋਕਾਂ ਨੂੰ ਬਣਦੀ ਦੱਸੀ ਜਾਂਦੀ ਹੈ। ਉਸ ਨੇ ਜਦੋਂ ਕਿਹਾ ਕਿ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆਉਣਾ ਅਤੇ ਹਰ ਨਾਗਰਿਕ ਦੇ ਖਾਤੇ ਵਿੱਚ ਤਿੰਨ-ਤਿੰਨ ਲੱਖ ਰੁਪਏ ਪਾ ਦੇਣੇ ਹਨ ਤਾਂ ਲੋਕਾਂ ਨੇ ਭਰੋਸਾ ਕਰ ਲਿਆ ਸੀ। ਲੋਕ ਸੋਚਦੇ ਸਨ ਕਿ ਕਮਾਲ ਦਾ ਆਦਮੀ ਹੈ ਕਿ ਸਰਕਾਰ ਸੰਭਾਲਣ ਤੋਂ ਪਹਿਲਾਂ ਹੀ ਅੰਕੜੇ ਵੀ ਪਤਾ ਕਰ ਲਏ ਹਨ ਕਿ ਕਾਲਾ ਧਨ ਕੁੱਲ ਕਿੰਨਾ ਤੇ ਕਿਸ-ਕਿਸ ਦੇ ਖਾਤੇ ਵਿੱਚ ਕਿੰਨਾ-ਕਿੰਨਾ ਪਾਉਣਾ ਹੈ, ਪਰ ਬਾਅਦ ਵਿੱਚ ਆਪ ਹੀ ਪਾਰਲੀਮੈਂਟ ਵਿੱਚ ਇਹ ਵੀ ਮੰਨ ਲਿਆ ਕਿ ਭਾਰਤ ਦਾ ਕਿਸ ਦੇਸ਼ ਵਿੱਚ ਕਿੰਨਾ ਧਨ ਪਿਆ ਹੈ, ਹਾਲੇ ਤੱਕ ਇਹੋ ਗੱਲ ਪਤਾ ਨਹੀਂ। ਆਰਾਮ ਨਾਲ ਲੋਕਾਂ ਨੂੰ ਕਹਿ ਦਿੱਤਾ ਕਿ ਉਹ ਗੱਲ ਇੱਕ ਚੋਣ ਜੁਮਲਾ ਸੀ, ਉਸ ਨੂੰ ਭੁਲਾ ਦਿਓ। ਫਿਰ ਉਹ ਕੁਝ ਹੋਰ ਜੁਮਲੇ ਛੱਡਣ ਲੱਗ ਪਿਆ।
ਹੁਣ ਉਸ ਨੇ ਅੱਠ ਨਵੰਬਰ ਨੂੰ ਇੱਕ ਸ਼ੋਸ਼ਾ ਛੱਡ ਦਿੱਤਾ ਕਿ ਭਾਰਤ ਦੇ ਵੱਡੇ ਕਰੰਸੀ ਨੋਟ ਬੰਦ ਕਰਨੇ ਹਨ ਅਤੇ ਇਸ ਲਈ ਕਰਨੇ ਹਨ ਕਿ ਜਿਨ੍ਹਾਂ ਕੋਲ ਕਾਲਾ ਧਨ ਹੈ, ਉਹ ਵੱਡੇ ਨੋਟਾਂ ਵਿੱਚ ਰੱਖਦੇ ਹਨ। ਨਾਲ ਇਹ ਕਹਿ ਦਿੱਤਾ ਕਿ ਹੁਣ ਪੰਜ ਸੌ ਦੇ ਨੋਟ ਦੀ ਥਾਂ ਪੰਜ ਸੌ ਦਾ ਨਵਾਂ ਨੋਟ ਤੇ ਇੱਕ ਹਜ਼ਾਰ ਵਾਲੇ ਨੋਟ ਦੀ ਥਾਂ ਦੋ ਹਜ਼ਾਰ ਦੇ ਨੋਟ ਬਣਵਾ ਕੇ ਚਲਾਵਾਂਗੇ। ਜਿਨ੍ਹਾਂ ਚੋਰਾਂ ਨੇ ਇੱਕ ਹਜ਼ਾਰ ਦੇ ਨੋਟਾਂ ਵਿੱਚ ਕਾਲਾ ਧਨ ਰੱਖਿਆ ਹੋਇਆ ਸੀ, ਉਨ੍ਹਾਂ ਨੂੰ ਦੋ ਹਜ਼ਾਰ ਦੇ ਨੋਟ ਨਾਲ ਅੜਿੱਕਾ ਨਹੀਂ ਪੈਣਾ, ਸਗੋਂ ਅੱਗੋਂ ਲਈ ਕਾਲਾ ਧਨ ਰੱਖਣ ਦੀ ਸੌਖ ਹੋ ਜਾਵੇਗੀ। ਪਹਿਲਾਂ ਇੱਕ ਕਰੋੜ ਦਾ ਕਾਲਾ ਧਨ ਸਾਂਭਣ ਲਈ ਇੱਕ ਲੱਖ ਦੀਆਂ ਸੌ ਗੱਠੀਆਂ ਲੁਕਾਉਣੀਆਂ ਪੈਂਦੀਆਂ ਹਨ, ਹੁਣ ਪੰਜਾਹ ਗੱਠੀਆਂ ਲੁਕਾਉਣ ਨਾਲ ਕੰਮ ਸਰ ਜਾਣਾ ਹੈ। ਕਹਿਣ ਤੋਂ ਭਾਵ ਇਹ ਕਿ ਇੱਕ ਕਰੋੜ ਵਾਲੇ ਪੁਰਾਣੇ ਬਕਸੇ ਵਿੱਚ ਹੁਣ ਦੋ ਕਰੋੜ ਰੁਪਏ ਕਾਲਾ ਧਨ ਰੱਖਿਆ ਜਾ ਸਕੇਗਾ। ਬੈਂਕ ਦੇ ਲਾਕਰਾਂ ਵਿੱਚ ਵੀ ਪਹਿਲਾਂ ਨਾਲੋਂ ਦੁੱਗਣੇ ਨੋਟ ਲੁਕਾਏ ਜਾ ਸਕਣਗੇ।
ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਉਹ ਕਾਲੇ ਧਨ ਵਾਲੇ ਲੋਕਾਂ ਨੂੰ ਟਿਕਣ ਨਹੀਂ ਦੇਣਗੇ, ਪਰ ਉਨ੍ਹਾਂ ਦਾ ਇਹ ਐਲਾਨ ਆਮ ਆਦਮੀ ਲਈ ਮੁਸੀਬਤਾਂ ਲੈ ਕੇ ਆਇਆ। ਹਰ ਕੰਮ ਰੁਕਿਆ ਪਿਆ ਹੈ। ਜਿਨ੍ਹਾਂ ਨੇ ਧੀ ਦੇ ਵਿਆਹ ਲਈ ਪੈਲੇਸ ਬੁੱਕ ਕਰਵਾਇਆ ਸੀ, ਵਿਆਹ ਦਾ ਹੋਰ ਸਾਮਾਨ ਵੀ ਲੈਣਾ ਸੀ, ਸਭ ਥਾਂ ਨਵੇਂ ਨੋਟ ਜਾਂ ਪਹਿਲੇ ਛੋਟੇ ਨੋਟ ਮੰਗੇ ਜਾਣ ਕਾਰਨ ਕੁੜੱਤਣ ਫੈਲ ਰਹੀ ਹੈ। ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਜਾਂ ਕਿਸੇ ਤੀਰਥ ਯਾਤਰਾ ਆਦਿ ਲਈ ਜਿਹੜੇ ਲੋਕ ਕਿਤੇ ਗਏ ਸਨ, ਰਾਹ ਵਿੱਚ ਉਨ੍ਹਾਂ ਕੋਲੋਂ ਸੌ ਅਤੇ ਇਸ ਤੋਂ ਛੋਟੇ ਨੋਟ ਮੁੱਕ ਜਾਣ ਪਿੱਛੋਂ ਰੇਲ ਦਾ ਸਫਰ ਕਰਦਿਆਂ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਖਾਣਾ ਖਰੀਦਣ ਜੋਗੇ ਪੈਸੇ ਨਹੀਂ ਬਚੇ ਅਤੇ ਪੰਜ ਸੌ ਦਾ ਨੋਟ ਕੋਈ ਲੈਂਦਾ ਨਹੀਂ। ਹਸਪਤਾਲਾਂ ਵਿੱਚ ਕਈ ਥਾਂ ਕਿਸੇ ਮਰੀਜ਼ ਦਾ ਇਲਾਜ ਕਰਨ ਲਈ ਜਾਂ ਮੌਤ ਹੋ ਜਾਣ ਦੇ ਬਾਅਦ ਲਾਸ਼ ਚੁੱਕਣ ਵੇਲੇ ਨਵੇਂ ਨੋਟ ਲਈ ਅੜਿੱਕਾ ਪੈ ਗਿਆ ਅਤੇ ਆਮ ਲੋਕਾਂ ਨੂੰ ਆਪੋ ਵਿੱਚ ਉਗਰਾਹੀ ਕਰ ਕੇ ਪੀੜਤ ਪਰਵਾਰ ਦੀ ਮਦਦ ਕਰਨੀ ਪਈ ਹੈ। ਬੈਂਕਾਂ ਦੇ ਬਾਹਰ ਲੱਗੀਆਂ ਹੋਈਆਂ ਲਾਈਨਾਂ ਨੂੰ ਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਦੌਰਾਨ ਕਾਲੇ ਧਨ ਵਾਲੇ ਲੋਕਾਂ ਦੀ ਭੀੜ ਵੀ ਕਹਿ ਦਿੱਤਾ। ਕਿਸੇ ਬੈਂਕ ਅੱਗੇ ਕੋਈ ਵੱਡਾ ਪੂੰਜੀਪਤੀ ਪੈਸੇ ਲੈਣ ਨੂੰ ਖੜਾ ਦਿਖਾਈ ਨਹੀਂ ਦਿੱਤਾ, ਆਮ ਲੋਕਾਂ ਦੀ ਭੀੜ ਹੁੰਦੀ ਹੈ। ਪਾਰਲੀਮੈਂਟ ਮੈਂਬਰ ਵੀ ਓਥੇ ਨਹੀਂ ਸੀ ਆਏ। ਉਨ੍ਹਾਂ ਦੇ ਕਰਿੰਦੇ ਆ ਕੇ ਏਨਾ ਕੰਮ ਕਰ ਗਏ ਹੋਣਗੇ ਤੇ ਉਨ੍ਹਾਂ ਦੇ ਆਪਣੇ ਖਾਤੇ ਵਿੱਚ ਇੰਟਰੀ ਵੀ ਨਹੀਂ ਹੋਈ ਹੋਵੇਗੀ।
ਦੋ ਵਿਸ਼ੇਸ਼ ਹਸਤੀਆਂ ਦੀ ਇਸ ਦੌਰਾਨ ਲਾਈਨ ਵਿੱਚ ਲੱਗਣ ਦੀ ਫੋਟੋ ਲੋਕਾਂ ਨੇ ਵੇਖੀ ਹੈ। ਇੱਕ ਤਾਂ ਰਾਹੁਲ ਗਾਂਧੀ ਨੇ ਦਿੱਲੀ ਤੇ ਮੁੰਬਈ ਵਿੱਚ ਏ ਟੀ ਐੱਮ ਮਸ਼ੀਨ ਵਿੱਚੋਂ ਪੈਸੇ ਕਢਵਾਉਣ ਦੇ ਬਹਾਨੇ ਲੋਕਾਂ ਦੀ ਭੀੜ ਵਿੱਚ ਪਹੁੰਚ ਕੇ ਸਰਕਾਰ ਦੀ ਭੰਡੀ ਕੀਤੀ ਹੈ। ਭਾਜਪਾ ਦੇ ਬੁਲਾਰੇ ਟਿੱਪਣੀ ਕਰਦੇ ਸੁਣਾਈ ਦਿੱਤੇ ਕਿ ਅੱਗੇ ਕਦੇ ਰਾਹੁਲ ਗਾਂਧੀ ਏ ਟੀ ਐੱਮ ਮਸ਼ੀਨ ਤੱਕ ਜਾਂਦਾ ਦਿਖਾਈ ਨਹੀਂ ਦਿੱਤਾ, ਹੁਣ ਉਹ ਸਿਰਫ ਰਾਜਨੀਤੀ ਕਰਨ ਗਿਆ ਹੈ, ਤਾਂ ਕਿ ਦੇਸ਼ ਦੇ ਲੋਕਾਂ ਨੂੰ ਵਰਗਲਾਇਆ ਜਾ ਸਕੇ। ਦੂਸਰੀ ਵਿਸ਼ੇਸ਼ ਹਸਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾ ਬੇਨ ਕਿਸੇ ਬੈਂਕ ਦੇ ਦਰਵਾਜ਼ੇ ਉੱਤੇ ਪੁਰਾਣੇ ਨੋਟ ਤਬਦੀਲ ਕਰਵਾਉਣ ਗਈ ਸੀ। ਸਿਰਫ ਚਾਰ ਹਜ਼ਾਰ ਰੁਪਏ ਦੇ ਪੁਰਾਣੇ ਨੋਟ ਬਦਲਣ ਲਈ ਪ੍ਰਧਾਨ ਮੰਤਰੀ ਦੀ ਮਾਤਾ ਨੂੰ ਬੈਂਕ ਜਾਣ ਦੀ ਲੋੜ ਨਹੀਂ ਸੀ, ਪਹਿਲਾਂ ਵੀ ਕਦੇ ਨਹੀਂ ਸੀ ਗਈ। ਉਮਰ ਦੇ ਇਸ ਆਰਾਮ ਕਰਨ ਦੇ ਪੜਾਅ ਉੱਤੇ ਉਸ ਦਾ ਬੈਂਕ ਜਾਣਾ ਵੀ ਰਾਹੁਲ ਗਾਂਧੀ ਦੀ ਜਨ ਸੰਪਰਕ ਮੁਹਿੰਮ ਵਾਂਗ ਹੀ ਹੈ। ਏਨੀ ਸਸਤੇ ਪੱਧਰ ਦੀ ਮਸ਼ਹੂਰੀ ਖੱਟਣ ਲਈ ਉਸ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਇਸ ਮੌਕੇ ਖੁਦ ਚੱਲ ਕੇ ਬੈਂਕ ਗਈ, ਜਿਹੜਾ ਕਹਿੰਦਾ ਹੈ ਕਿ ਉਸ ਨੇ ਦੇਸ਼ ਦੀ ਸੇਵਾ ਕਰਨ ਲਈ ਆਪਣਾ ਪਰਵਾਰ ਛੱਡ ਦਿੱਤਾ ਹੈ। ਪਰਵਾਰ ਛੱਡ ਦਿੱਤਾ ਹੈ ਤਾਂ ਸਿਰਫ ਚਾਰ ਹਜ਼ਾਰ ਰੁਪਏ ਦੇ ਨੋਟ ਬਦਲਣ ਲਈ ਪ੍ਰਧਾਨ ਮੰਤਰੀ ਦੀ ਮਾਤਾ ਦਾ ਬੈਂਕ ਜਾਣਾ ਮੀਡੀਏ ਵਿੱਚ ਇਸ ਤਰ੍ਹਾਂ ਪੇਸ਼ ਕਰਨ ਦੀ ਕੀ ਲੋੜ ਸੀ, ਇਸ ਦੀ ਆਮ ਲੋਕਾਂ ਨੂੰ ਸਮਝ ਨਹੀਂ ਆ ਸਕੀ।
ਰਹਿ ਗਈ ਗੱਲ ਇਸ ਦੇਸ਼ ਵਿੱਚ ਨੋਟਾਂ ਨੂੰ ਬੰਦ ਕਰਨ ਅਤੇ ਇਸ ਨਾਲ ਕਾਲਾ ਧਨ ਬਾਹਰ ਕਢਵਾ ਲੈਣ ਦੀ, ਇਹ ਤਮਾਸ਼ਾ ਪਹਿਲਾਂ ਵੀ ਹੋ ਚੁੱਕਾ ਹੈ। ਦੂਸਰੀ ਸੰਸਾਰ ਜੰਗ ਤੋਂ ਬਾਅਦ ਜਦੋਂ ਇਹ ਵੇਖਿਆ ਕਿ ਦੇਸ਼ ਆਜ਼ਾਦ ਹੋਣ ਲੱਗਾ ਹੈ ਤਾਂ ਜਿਹੜੇ ਵੱਡੇ ਭਾਰਤੀ ਸੇਠ ਰਾਤੋ-ਰਾਤ ਖੁੱਲ੍ਹ ਕੇ ਆਜ਼ਾਦੀ ਲਹਿਰ ਦੇ ਪੱਖ ਵਿੱਚ ਖੜੇ ਹੋਣ ਲੱਗ ਪਏ ਅਤੇ ਅੰਗਰੇਜ਼ਾਂ ਦਾ ਖਾਧਾ ਨਮਕ ਭੁੱਲਣ ਲੱਗੇ ਸਨ, ਬ੍ਰਿਟਿਸ਼ ਹਾਕਮਾਂ ਨੇ ਵੀ ਉਨ੍ਹਾਂ ਨੂੰ ਝਟਕਾ ਦਿੱਤਾ ਸੀ। ਆਜ਼ਾਦੀ ਦੇਣ ਤੋਂ ਡੇਢ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਹਜ਼ਾਰ ਅਤੇ ਦਸ ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ। ਇਹ ਉਨ੍ਹਾਂ ਲੋਕਾਂ ਲਈ ਵੱਡਾ ਝਟਕਾ ਸੀ, ਜਿਨ੍ਹਾਂ ਨੇ ਸੰਸਾਰ ਜੰਗ ਦੇ ਦੌਰਾਨ ਅੰਗਰੇਜ਼ਾਂ ਦੀ ਕ੍ਰਿਪਾ ਨਾਲ ਜੰਗੀ ਠੇਕੇ ਲਏ ਤੇ ਮੋਟਾ ਮਾਲ ਕਮਾਇਆ ਸੀ। ਮੁੱਢਲੇ ਸਾਲਾਂ ਵਿੱਚ ਪੰਡਿਤ ਨਹਿਰੂ ਨੂੰ ਬੜਾ ਇਮਾਨਦਾਰ ਕਿਹਾ ਜਾਂਦਾ ਸੀ। ਉਸ ਨੇ ਆਪਣੇ ਰਾਜ ਦੇ ਸੱਤਵੇਂ ਸਾਲ ਵਿੱਚ ਅੰਗਰੇਜ਼ਾਂ ਦੇ ਬੰਦ ਕੀਤੇ ਦੋਵੇਂ ਵੱਡੇ ਨੋਟਾਂ ਦੇ ਵਿਚਾਲੇ ਇੱਕ ਪੰਜ ਹਜ਼ਾਰ ਵਾਲਾ ਨੋਟ ਚਲਾ ਦਿੱਤਾ ਸੀ। ਕਾਲਾ ਧਨ ਸਾਂਭਣ ਦਾ ਵਸੀਲਾ ਦੱਸੇ ਜਾਂਦੇ ਇਹ ਤਿੰਨੇ ਨੋਟ ਫਿਰ ਮੋਰਾਰਜੀ ਡਿਸਾਈ ਦੇ ਰਾਜ ਦੌਰਾਨ ਬੰਦ ਕੀਤੇ ਗਏ ਸਨ, ਪਰ ਸੱਤ ਸਾਲ ਪਿੱਛੋਂ ਰਾਜੀਵ ਗਾਂਧੀ ਨੇ ਫਿਰ ਪੰਜ ਸੌ ਦਾ ਨੋਟ ਚਾਲੂ ਕਰ ਦਿੱਤਾ ਤੇ ਤੇਰਾਂ ਸਾਲ ਬਾਅਦ ਭਾਜਪਾ ਦੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਇੱਕ ਹਜ਼ਾਰ ਦਾ ਨੋਟ ਬਾਜ਼ਾਰ ਵਿੱਚ ਆ ਗਿਆ ਸੀ। ਹੁਣ ਆ ਕੇ ਨਰਿੰਦਰ ਮੋਦੀ ਨੇ ਰਾਜੀਵ ਗਾਂਧੀ ਤੇ ਵਾਜਪਾਈ ਦੋਵਾਂ ਦੀ ਚਲਾਈ ਕਰੰਸੀ ਬੰਦ ਕਰ ਕੇ ਜਦੋਂ ਇਹ ਗੱਲ ਕਹੀ ਹੈ ਕਿ ਇਹ ਨੋਟ ਸਿਰਫ ਕਾਲੇ ਧਨ ਵਾਲਿਆਂ ਦੇ ਕੰਮ ਆਉਂਦੇ ਹਨ ਤਾਂ ਇਸ ਦਾ ਇਹ ਵੀ ਮਤਲਬ ਹੈ ਕਿ ਚੋਰਾਂ ਨੂੰ ਕਾਲਾ ਧਨ ਜੋੜਨ ਦਾ ਮੌਕਾ ਰਾਜੀਵ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਦੋਵਾਂ ਨੇ ਦਿੱਤਾ ਸੀ।
ਸਵਾਲ ਇਹ ਉੱਠਦਾ ਹੈ ਕਿ ਕੀ ਹੁਣ ਵਾਲੀ ਸਰਕਾਰ ਵਿੱਚ ਉਨ੍ਹਾਂ ਚੋਰਾਂ ਨਾਲ ਸਾਂਝ ਰੱਖਣ ਵਾਲਾ ਕੋਈ ਨਹੀਂ ਰਹਿ ਗਿਆ? ਭਾਜਪਾ ਦਾ ਚਿਰਾਂ ਦਾ ਸਾਥੀ, ਕਈ ਵਾਰੀ ਰਾਜ ਸਭਾ ਵਿੱਚ ਇਸ ਪਾਰਟੀ ਦੀ ਪ੍ਰਤੀਨਿਧਤਾ ਕਰ ਚੁੱਕਾ ਤੇ ਕੇਂਦਰ ਦਾ ਕਾਨੂੰਨ ਮੰਤਰੀ ਰਹਿ ਚੁੱਕਾ ਸੀਨੀਅਰ ਵਕੀਲ ਰਾਮ ਜੇਠਮਲਾਨੀ ਕਹਿੰਦਾ ਹੈ ਕਿ ਚੋਰਾਂ ਦੇ ਪਰਦੇ ਢੱਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਹ ਵੱਡੇ ਚੋਰ ਕੌਣ ਹਨ? ਉਨ੍ਹਾਂ ਵਿੱਚੋਂ ਕਿੰਨੇ ਲੋਕਾਂ ਨੂੰ ਮੋਦੀ ਰਾਜ ਵਿੱਚ ਹੱਥ ਪਾਇਆ ਗਿਆ, ਇਹ ਖਬਰ ਕਦੇ ਸੁਣੀ ਨਹੀਂ ਗਈ। ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਸਰਕਾਰ ਦੇ ਵੱਡੇ ਅਫਸਰ ਤੇ ਆਗੂ ਦਿੱਲੀ ਵਿੱਚ ਰਹਿੰਦੇ ਹਨ ਤੇ ਗੋਆ ਆਦਿ ਵਿੱਚ ਕਿਸੇ ਹੋਰ ਦੇ ਨਾਂਅ ਉੱਤੇ ਬੰਗਲਿਆਂ ਤੇ ਹੋਟਲਾਂ ਦੇ ਮਾਲਕ ਹਨ। ਇਹ ਗੱਲ ਜਦੋਂ ਪਤਾ ਹੈ ਤਾਂ ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਛੱਬੀ ਮਈ 2014 ਨੂੰ ਸਹੁੰ ਚੁੱਕ ਕੇ ਦੇਸ਼ ਦੀ ਕਮਾਨ ਸੰਭਾਲਣ ਵਾਲੀ ਨਰਿੰਦਰ ਮੋਦੀ ਸਰਕਾਰ ਇਸ ਛੱਬੀ ਨਵੰਬਰ ਨੂੰ ਆਪਣੀ ਅੱਧੀ ਮਿਆਦ ਲੰਘਾ ਲਵੇਗੀ, ਪਰ ਉਨ੍ਹਾਂ ਬੇਨਾਮੀ ਜਾਇਦਾਦਾਂ ਵਾਲੇ ਅਫਸਰਾਂ ਅਤੇ ਆਗੂਆਂ ਖਿਲਾਫ ਕੋਈ ਕਾਰਵਾਈ ਹੋਈ ਨਹੀਂ ਸੁਣੀ ਗਈ। ਜਦੋਂ ਕਰਨ ਲੱਗਣਗੇ ਤਾਂ ਪਹਿਲਾਂ ਆਪਣੇ ਨੇੜਲੇ ਫਸਣ ਦਾ ਡਰ ਹੈ। ਇਸ ਸ਼ੁੱਕਰਵਾਰ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਦੇ ਕੋਆਪਰੇਟਿਵ ਮਹਿਕਮੇ ਦੇ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਦੀ ਕਾਰ ਵਿੱਚੋਂ ਬਾਨਵੇਂ ਲੱਖ ਰੁਪਏ ਫੜੇ ਜਾਣ ਦੀ ਖਬਰ ਆਈ ਹੈ। ਦੋ ਦਿਨ ਪਹਿਲਾਂ ਚੰਡੀਗੜ੍ਹੋਂ ਆਉਂਦੀ ਇੱਕ ਕਾਰ ਨੂੰ ਪੁਲਸ ਨੇ ਫੜਿਆ ਤਾਂ ਉਸ ਵਿੱਚੋਂ ਕਾਫੀ ਮੋਟੀ ਰਕਮ ਪੁਰਾਣੇ ਬੰਦ ਹੋਏ ਨੋਟ ਮਿਲੇ ਹਨ ਅਤੇ ਉਸ ਕਾਰ ਦੇ ਸਵਾਰਾਂ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਦੇ ਕਿਸੇ ਵੱਡੇ ਭਾਜਪਾ ਨੇਤਾ ਤੋਂ ਇਹ ਨੋਟ ਬਦਲਵਾਉਣ ਜਾ ਰਹੇ ਸਨ। ਇਸ ਪਿੱਛੋਂ ਕੀ ਹੋਇਆ, ਇਹ ਗੱਲ ਕੋਈ ਨਹੀਂ ਜਾਣ ਸਕਿਆ। ਇਸ ਤਰ੍ਹਾਂ ਦੇ ਕਿੱਸੇ ਇਸ ਦੇਸ਼ ਵਿੱਚ ਅਣਗਿਣਤ ਮਿਲ ਸਕਦੇ ਹਨ।
ਭਾਰਤ ਦੀ ਰਾਜਨੀਤੀ ਵਿੱਚ ਦੁੱਧ-ਧੋਤਾ ਕੋਈ ਆਗੂ ਲੱਭਣਾ ਔਖਾ ਹੈ। ਸਾਨੂੰ ਇੱਕ ਗੱਲ ਕਈ ਵਾਰੀ ਚੇਤੇ ਆ ਜਾਂਦੀ ਹੈ ਕਿ ਦਿੱਲੀ ਤੋਂ ਇੱਕ ਨੇਤਾ ਨੇ ਜਦੋਂ ਅੰਮ੍ਰਿਤਸਰ ਤੋਂ ਪਾਰਲੀਮੈਂਟ ਚੋਣ ਲੜਨੀ ਸੀ, ਉਸ ਨੂੰ ਹਵਾਈ ਅੱਡੇ ਤੋਂ ਸਿੱਧਾ ਇੱਕ ਸਿਆਸੀ ਮੀਟਿੰਗ ਵਿੱਚ ਲਿਜਾਇਆ ਗਿਆ ਸੀ ਅਤੇ ਉਸ ਦੇ ਸਾਮਾਨ ਵਿੱਚ ਇੱਕ ਵੱਡਾ ਬੈਗ ਸੀ। ਬੈਠਕ ਮੁੱਕਣ ਤੱਕ ਉਹ ਬੈਗ ਗੁੰਮ ਹੋ ਗਿਆ ਤੇ ਫਿਰ ਲੱਭਾ ਹੀ ਨਹੀਂ ਤੇ ਮਾਮਲਾ ਕਾਫੀ ਮੋਟੇ ਮਾਲ ਦਾ ਦੱਸਿਆ ਗਿਆ ਸੀ। ਇਸ ਬਾਰੇ ਅਖਬਾਰਾਂ ਵਿੱਚ ਕੁਝ ਖਬਰਾਂ ਆਈਆਂ ਤੇ ਫਿਰ ਚੁੱਪ ਵੱਟ ਗਈ। ਦੋ ਭਾਈਵਾਲ ਪਾਰਟੀਆਂ ਦੇ ਆਗੂ ਇੱਕ ਦੂਸਰੇ ਵੱਲ ਇਸ਼ਾਰੇ ਕਰਦੇ ਰਹੇ ਸਨ। ਉਸ ਬੈਗ ਬਾਰੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ।
ਸ਼ਾਇਦ ਰਾਮ ਜੇਠਮਲਾਨੀ ਠੀਕ ਆਖਦਾ ਹੈ ਕਿ ਵੱਡੇ ਨੋਟ ਬੰਦ ਕਰ ਕੇ ਉਸ ਨਾਲੋਂ ਵੱਡੇ ਨੋਟ ਚਾਲੂ ਕਰਨ ਦੇ ਨਾਲ ਇਹ ਕਹਿਣਾ ਕਿ ਕਾਲੇ ਧਨ ਉੱਤੇ ਚੋਟ ਕੀਤੀ ਹੈ, ਇਸ ਤੋਂ ਵੱਡਾ ਮਜ਼ਾਕ ਕੋਈ ਨਹੀਂ ਹੋ ਸਕਦਾ।
20 Nov 2016