“ਇੰਤਹਾ ਤੋਂ ਇੰਤਹਾ ਤੱਕ” - ਰਣਜੀਤ ਕੌਰ ਗੁੱਡੀ,  ਤਰਨ ਤਾਰਨ

ਸੁਣਿਐ-ਪੰਜਾਬੀ ਦੇ ਹੱਥ ਤੇ ਬੰਗਾਲੀ ਦਾ ਦਿਮਾਗ ਕਦੀ ਨਿਚੱਲੇ ਨਹੀਂ ਰਹਿੰਦੇ।
ਇਹ ਵਾਕ  ਅਕਸਰ ਸੁਣਿਆ ਕਰਦੇ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਹੁਣ ਆ ਕੇ ਸਮਝ ਆਇਆ ਹੈ ਕਿ ਮੌਕੇ ਨੂੰ ਮੋਹਿੰਮ ਇਹ ਆਪ ਬਣਾ ਲੈਂਦੇ ਨੇ, ਮੌਕਾ ਨਾ ਲੱਭੈ ਤਾਂ ਮੁੱਦੇ ਨੂੰ ਮੌਕੇ 'ਚ ਬਦਲ ਲੈਂਦੇ ਨੇ ਤੇ ਫੇਰ ਪੂਰੀ ਸ਼ਿੱਦਤ ਨਾਲ ਜੱਦੋਜਹਿਦ ਕਰਕੇ ਇੰਤਹਾ ਨੂੰ ਜਾ ਹੱਥ ਲਾਉਂਦੇ ਨੇ।
    ਅਛੋਪਲੇ ਹੀ ਪਤਾ ਹੀ ਨਹੀਂ ਲਗਾ ਕਦੋਂ ਰੱਬ ਨੇ ਇਹਨਾਂ ਦੀ ਮੱਤ ਵਜਾ ਦਿੱਤੀ, ਹਾਲ ਸਾਹਮਣੇ ਹੈ -
        ਨਾਂ ਘਸੁੰਨ ਮਾਰਦੈ, ਨਾਂ ਲੱਤ ਮਾਰਦੈ
        ਜਦ ਵੀ ਮਾਰਦੈ ‘ਰੱਬ’ ਮੱਤ ਮਾਰਦੈ ॥
ਬਹੁਤੀ ਦੂਰ ਨਹੀਂ ਜਾਂਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੇਲਾ ਫਿਰ ਬੰਦਾ ਬਹਾਦਰ ਜੀ ਦਾ ਵੇਲਾ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਵੇਲਾ ਤੇ ਫੇਰ ਅੰਗਰੇਜਾਂ ਦਾ ਵੇਲਾ, ਸਾਰੇ ਔਖੇ ਸਮਿਆਂ ਤੇ ਬਿਖੜੈ ਪੈਂਡਿਆਂ ਤੇ ਆਪਣੀ ਪਰਵਾਹ ਨਹੀਂ ਦੇਸ਼ ਕੌੰਮ ਤੋਂ ਜਾਨਾ ਵਾਰਨ ਦੀ ਮੁਹਿੰਮ ਚਲੀ ਤਾਂ ਕੁਰਬਾਨੀਆਂ /ਸ਼ਹੀਦੀਆਂ ਦੀ ਕਸਰ ਬਾਕੀ ਨਾਂ ਰਹਿਣ ਦਿੱਤੀ।
      ਦੇਸ਼ ਵੰਡਿਆ ਗਿਆ ਅੱਤ ਦੀ ਗਰੀਬੀ ਤੇ ਭੁੱਖ ਸਹੀ ।
 ਅਣਥੱਕ ਮਿਹਨਤ ਕੀਤੀ ਖੰਡਰਾਂ ਦੇ ਮਹਿਲ ਬਣਾਏ ਤੇ ਬੰਜਰ ਹਰੇ ਕੀਤੇ, ਅੰਨ ਦੇ ਬੋਹਲ ਲਾਏ, ਭੁੱਖਿਆਂ -ਪਿਆਸਿਆਂ ਨੂੰ ਰਜਾਇਆ। ਪੰਜਾਬ ਮੁੜ ਲੀਹ 'ਤੇ ਪਾਇਆ।
ਜੈ ਜਵਾਨ ਦੀ ਬਾਤ ਪਈ ਤੇ ਧੜਾ ਧੜ ਫੌਜ ਵਿੱਚ ਭਰਤੀ ਹੋਏ।
ਜੈ ਕਿਸਾਨ ਦੀ ਬਾਤ ਹੋਈ ਤਾਂ ਹਰਾ ਚਿੱਟਾ ਇਨਕਲਾਬ ਪੂਰੀ ਦੁਨੀਆ ਤੇ ਭਾਰੂ ਕਰ ਦਿੱਤਾ।
ਚੰਗੇ ਚੰਗੇ ਵੱਡੇ ਵੱਡੇ ਮਾਹਰਕੇ ਮਾਰਦੇ ਮਾਰਦੇ ਹੱਦ ਤੱਕ ਪੁੱਠੇ ਚਲਨ ਫੜ ਲਏ।
ਚਾਪਲੂਸੀ ਕਰਨ ਵੇਲੇ ਲੂੰਬੜ ਚਾਲਾਂ ਨੂੰ ਵੀ ਮਾਤ ਪਾਉਣੀ ਤੇ ਖੁਸ਼ਾਮਦ ਮੁੱਲ ਵੀ ਲੈ ਲੈਂਦੇ ਨੇ।
ਆਪਣੇ ਮੂੰਹ ਮੀਆਂ ਮਿੱਠੂ ਬਣਨ ਵਿੱਚ ਕਾਂ ਤੋਂ ਵੀ ਅੱਗੇ ਤੇ ਬੁਧੂ ਬਣਾਉਣ ਵਿੱਚ ਚਲਾਕ ਲੂੰਬੜੀ।
     ਚੀਥੜਿਆਂ ਵਿਚੋਂ ਰਾਜੇ ਬਣੇ ,ਵੱਡੇ ਅਫਸਰ ਬਣੇ ਤੇ ਡੰਗਰਾਂ ਨਾਲ ਡੰਗਰ ਵੀ ਬਣੇ ਮਿੱਟੀ ਨਾਲ ਮਿੱਟੀ ਵੀ ਹੋਏ। ਚੋਰ, ਡਾਕੂ, ਬਦਮਾਸ਼-ਗੁੰਡੇ ਬਣ ਕੇ ਵੀ ਹੱਦ ਪਾਰ ਕੀਤੀ। ਆਪਣੇ ਹੱਥੀਂ ਆਪਣੇ ਆਲ੍ਹਣੇ ਫੂਕ ਕੇ ਤਮਾਸ਼ਾ ਵੀ ਵੇਖਿਆ ਵਿਖਾਇਆ।
   ਗਲਤੀਆਂ  ਤੇ ਪਛਤਾਉਣਾ  ਨਹੀਂ ਨਾ ਸਬਕ ਸਿਖਣਾ ਤੇਰਾ ਭਾਣਾ ਮੀਠਾ ਲਾਗੈ, ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਆਖ ਕੇ ਹੱਥ ਮੱਲ ਕੇ, ਝੋਲੀ ਝਾੜ ਕੇ ਫਿਰ ਚੜ੍ਹਦੇ ਵੱਲ ਹੀ ਤੁਰ ਪੈਣਾ।
‘ਹਰ ਪੁੱਠੇ ਕੰਮ ਨੂੰ ਆਦਤ ਬਣਾ ਕੇ ਉਸਦਾ ਰਿਵਾਜ ਕਾਇਮ ਕਰਨਾ ਸੁਭਾਅ ਬਣਾ ਲਿਆ।
ਆਪਣੀ ਪਗੜੀ ਦੇ ਟੁਕੜੈ ਕਰ ਧੀਆਂ ਭੈਣਾਂ ਦੀ ਲਾਜ ਬਚਾਉਣ ਵਿੱਚ ਵੀ ਪਿਛੇ ਨਾਂ ਰਹੇ ਤੇ ਹੁਣ ਪਿਛਲੇ ਕਈ ਸਾਲ ਤੋਂ ਪਗੜੀ ਕੇਸ ਵਗਾਹ ਮਾਰਨ ਵਿੱਚ ਵੀ ਕਸਰ ਨਹੀਂ ਛੱਡੀ। ਸਿੰਘਾਂ ਵਾਲੇ ਕਾਰਨਾਮੇ ਅੰਜਾਮ ਦੇਂਦੇ ਆਪਣੇ ਨਾਮ ਨਾਲੌਂ ਸਿੰਘ ਲਾਹ ਕੇ ਔਹ ਮਾਰਿਆ। ਦਸਤਾਰ ਸਜਾਉਣ ਵਾਲੇ ਤੇ ਪੱਗ ਸਜਾਉਣ ਵਾਲੇ ਨੂੰ ਦੇਸੀ ਸਮਝਿਆ ਜਾਂਦਾ ਹੈ।
ਦੁਪੱਟਾ ਕੁੜੀਆਂ ਦੇ ਸਿਰ ਦਾ ਤਾਜ ਤੇ ਰੂਪ ਸ਼ਿੰਗਾਰ ਸੀ ਹੁਣ ਦੁਕਾਨਾਂ ਤੋਂ ਵੀ ਉਡ ਗਿਆ। ਪੜ੍ਹਨ ਲਿਖਣ ਕਿਰਤ ਕਰਨ ਵਿੱਚ ਪਿੱਛੇ ਰਹਿ ਗਏ ਪਰ ਅੰਗਰੇਜ਼ ਬਣਨ ਵਿੱਚ ਪੰਜਾਬੀ ਹੱਦ ਪਾਰ ਕਰ ਗਏ।
ਧਰਮ ਦੀ ਖਾਤਿਰ ਕੁਰਬਾਨ ਹੋਣ ਵਾਲੇ ਆਪਣਾ ਧਰਮ ਵੇਖੋ ਵੇਖੀ ਬਦਲ ਰਹੇ ਹਨ।
   ਆਈਲੈਟਸ ਦੇ ਸੱਤ ਬੈਂਡ ਤਾਂ ਲੈ ਲਏ ਪਰ ਆਪਣੇ ਗੁਰੂਆਂ ਦੇ ਨਾਮ ਵੀ ਯਾਦ ਨਹੀਂ। ਗੁਰੂ ਮਾਨਿਓ ਗ੍ਰੰਥ ਦਾ ਗੁਰਸ਼ਬਦ ਵਿਸਾਰ ਪਖੰਡੀ ਸਾਧਾਂ ਨੂੰ ਪਾਲ ਲਿਆ। ਉਗਰਾਹੀ ਕਰ ਲੰਗਰ ਛਬੀਲਾਂ ਲਾਉਂਦੇ ਇਸ ਲਈ ਨਹੀਂ ਕਿ ਇਹ ਭਗਤ ਹਨ ਇਸ ਲਈ ਕਿ ਡੇਰੇ ਵਿੱਚ ਹਰ ਤਰਾਂ ਦੀ ਆਜ਼ਾਦੀ ਹੁੰਦੀ ਹੈ ਗੁਰੂ ਵਾਲੀ ਰਹਿਤ ਮਰਿਆਦਾ ਦਾ ਕੋਈ ਬੰਧਨ ਨਹੀਂ ਹੁੰਦਾ।
   ਜਿੰਨੇ ਦੇਸ਼ / ਧਰਮ ਦੇ ਹਿੱਤਕਾਰੀ ਉਸ ਤੋਂ ਦੁੱਗਣੇ ਬੇਮੁਖ ਹਨ।
1980 ਤੋਂ 92 ਤੱਕ ਨੂੰ ਭੁੱਲ, ਜਿਹਨਾਂ ਨੂੰ ਕੱਢਣ ਲਈ ਲੱਖਾਂ ਜਾਨ ਮਾਲ ਤੋਂ ਗਏ ਉਹਨਾਂ ਦੇ ਕਦਮਾਂ 'ਚ ਸਾਰਾ ਮਾਲ ਸਮੇਤ ਜਾਨ ਰੱਖਣ ਜਹਾਜ ਭਰ ਰਹੇ ਹਨ। ਏਅਰਪੋਰਟ ਪੁੱਜਦੇ ਹੀ ਆਪਣੀ ਰਵਾਇਤੀ ਪੋਸ਼ਾਕ ਲਾਹ ਜੀਨ ਟਾਪ ਪਾ ਕੇ ਇੰਜ ਫਿਰਨ ਲਗਦੇ ਹਨ ਜਿਵੇਂ ਪਸੂ  ਦਾ ਰੱਸਾ ਟੁੱਟ ਜਾਵੇ ਤੇ ਉਹ ਦੁੜੰਗੇ ਲਾਉਂਦਾ ਹੈ। ਇਹਨਾਂ ਨੂੰ ਵਰਗਲਾ ਕੇ ਠੱਗਣ ਵਾਲੇ ਵੀ ਇਹਨਾਂ ਦੇ ਨੇੜਲੇ ਆਪਣੇ ਹੀ ਹਨ।
    ਇਹ ਜੋ ਨਸ਼ੇ ਦਾ ਅੱਤਵਾਦ ਹੈ ਤੇ ਇਹ ਜੋ ਵਿਦੇਸ਼ ਜਾਣ ਦੀ ਹੋੜ ਹੈ ਇਹ ਆਪਣਿਆਂ ਦਾ ਹੀ ਵਿਛਾਇਆ ਹੋਇਆ ਜਾਲ ਹੈ, ਇਹ ਵੀ ਇਕ ਘਿਨਾਉਣਾ ਘੱਲੂਘਾਰਾ ਹੈ।
    ਭਾਰਤੀਆਂ ਦੀਆਂ ਕੁਰਬਾਨੀਆਂ ਜਾਂ ਇਨਕਲਾਬ ਜਾਂ ਲੀਡਰਾਂ ਦੇ ਆਖਣ ਤੇ ਅੰਗਰੇਜ਼ ਭਾਰਤ ਛੱਡ ਕੇ ਨਹੀਂ ਸੀ ਗਏ ਉਹ ਸਮਝ ਗਏ ਸੀ ਅਸੀਂ ਇਹਨਾਂ ਦੇ ਪੱਲੇ ਕੱਖ ਨਹੀਂ ਛੱਡਿਆ, ਜਮੀਰਾਂ ਤੱਕ ਮਾਰ ਦਿੱਤੀਆ ਆਤਮਾਵਾਂ ਚਾਦਰ ਤਾਣੀ ਪੈ ਗਈਆਂ ਹੁਣ ਇਹਨਾਂ ਨੰ ਲੁੱਟਣ ਖੋਹਣ ਤੇ ਮਾਰਨ ਲਈ ਇਹਨਾਂ ਦੇ ਆਪਣੇ ਸਜੱਗ ਹਨ।
   ਅੱਧੀ ਰਾਤ ਦੇ ਬਾਦ ਘਰੋਂ ਛੁਪ ਛੁਪਾ ਕੇ ਨਿਕਲਣਾ ਤੇ ਚੋਰੀ ਵਿਆਹ ਕਰਨਾ ਇਹ ਫੈਸ਼ਨ ਵੀ ਅਧੁਨਿਕ ਰਿਵਾਜ ਬਣਾ ਲਿਆ ਤੇ ਬੜੇ ਸਾਲ ਜਾਰੀ ਰਿਹਾ ਕੁਝ ਕੁ ਮੁੰਡੇ ਜਾਨ ਤੋਂ ਵੀ ਗਏ ਪਰ ਕੁੜੀਆਂ ਵਿਚਾਰੀਆਂ ਗੈਰਤ ਦੀ ਛੁਰੀ ਨਾਲ ਜਿਬਾਹ ਕੀਤੀਆਂ ਗਈਆਂ। ਇੱਕਾ-ਦੁੱਕਾ ਕਿਤੇ ਕੋਈ ਗ੍ਰਹਿਸਤ ਨਿਭਾ ਰਿਹਾ ਹੋਵੇ ਸ਼ਾਇਦ, ਬਹੁਤੇ ਅੱਡੋ ਪਾਟੀ ਹੋ ਗਏ । ਨਾਂ ਇਧਰ ਕੇ ਰਹੇ ਨਾਂ ਉਧਰ ਕੇ।
ਲਾਡ ਲਾਡ ਵਿੱਚ ਹੀ ਜੋਕਾਂ ਬਣ ਮਾਪਿਆਂ ਦਾ ਲਹੂ ਪੀਤਾ।
ਨਕਲ ਮਾਰਨ ਲੱਗੇ ਤਾਂ ਪੜ੍ਹਾਕੂਆਂ ਨੂੰ ਕੁੱਟਿਆ ਉਸਤਾਦਾਂ ਨੂੰ ਚਾਕੂ ਛੁਰੇ ਮਾਰੇ ।
ਜੇ ਸਟੋਵ ਨਾਲ ਨੂੰਹਾਂ ਸਾੜਨ ਲਗੇ ਤੇ ਕਈ ਸਾਲ ਇਹੋ ਗੁਨਾਹ ਕਰਦੇ ਰਹੇ।
ਜੇ ਕੁੱਖ ਵਿੱਚ ਕੁੜੀਆਂ ਮਾਰਨ ਲਗੇ ਤੇ ਰੱਬ ਨਾਲ ਵੀ ਹੱਥ ਕਰ ਗਏ।
ਇਹ ਜਿੰਨੇ ਚੁਸਤ ਹੁੰਦੇ ਨੇ ਉਸ ਤੋਂ ਵੱਧ ਮਾਸੂਮ ਵੀ ਨਾਦਾਨ ਵੀ।
ਯਾਰ ਲਈ ਜਾਨ ਹਾਜ਼ਰ, ਸ਼ਰੀਕਾ ਵੀ ਪਾਲਦੇ ਹਨ ਹੱਦੋਂ ਪਾਰ ।  ਵੀਰ ਤੇ ਸ਼ਰੀਕ ਹੈਗੇ ਹੀ ਨੇ ਹੁਣ ਮਾਪਿਓ ਨੁੰ ਵੀ ਸ਼ਰੀਕ ਬਣਾ ਬੈਠੈ ਹਨ।
      ਈਮਾਨਦਾਰ ਵੀ ਹੱਦ ਤੱਕ ਤੇ ਬੇਈਮਾਨ ਵੀ ਸਿਰੇ ਦੇ- ਪੈਸੇ ਦੀ ਚੂਹਾ ਦੌੜ ਵਿੱਚ ਮਿਲਾਵਟੀ ਤੇ ਬਨਾਉਟੀ ਦੁੱਧ ਤੇ ਜ਼ਹਿਰੀਲਾ ਖਾਣਾ ਆਪਣਿਆਂ ਨੂੰ ਹੀ ਵੇਚੀ ਜਾ ਰਹੇ ਹਨ। ਦੋ ਨੰਬਰ ਦੀ ਕਮਾਈ ਤੋਂ ਦੱਸ ਨੰਬਰੀ ਸ਼ੋਹਰਤ ਵਾਲੇ ਚੌਧਰੀ ਵੀ ਥੋੜੇ ਜਿਹੇ ਹਨ।
     ਉਪਰ ਰੱਬ ਹੇਠਾਂ ਜੱਜ ਤੇ ਡਾਕਟਰ, ਪਰ ਅਜੋਕੇ ਦੌਰ ਵਿੱਚ ਜੱਜ ਤੇ ਡਾਕਟਰ ਨੇ ਰੱਬ ਨੂੰ ਨੀਂਵੇਂ ਥਾਂ ਬਿਠਾ ਦਿੱਤਾ ਹੈ। ਰੱਬ ਦਾ ਖੌਫ਼ ਤੇ ਰੱਬ ਦੀ ਹਿੰਮਤ ਇਹਨਾਂ ਸਾਹਮਣੇ ਨਾਕਸ ਹੈ।
ਸ਼ੈਤਾਨ ਸਿਆਸਤਦਾਨਾ ਨੂੰ ਇਹਨਾਂ ਦੀ ਨਾਦਾਨੀ ਦਾ ਇਲਮ ਬਹੁਤ ਪਹਿਲੇ ਹੋ ਗਿਆ ਸੀ। ਠੱਗ ਲਏ ਉਹਨਾਂ ਵੀ ਇਹਨਾ ਦੇ ਘਰ ਬਾਰ, ਜਵਾਨੀ, ਬਚਪਨ, ਬੁਢਾਪਾ। ਕੁੱਟਿਆ ਵੀ ਲੁੱਟਿਆ ਵੀ ਸ਼ਰਾਬ ਤੇ ਹੋਰ ਨਸ਼ੇ  ਖਵਾ ਪਿਆ  ਕੇ ਅੰਨ੍ਹੇ ਖੂਹ ਵਿੱਚ ਸੁਟਿਆ ਵੀ ਤੇ ਦਾਤਿਆਂ ਨੂੰ  ਠੂਠੇ ਫੜਾ ਗਲੀਆਂ ਕੂਚਿਆਂ ਦੇ ਭਿਖਾਰੀ ਬਣਾ ਛੱਡਿਆ। ਚੰਗੇ ਭਲੇ ਨੈਣਾਂ ਪਰਾਣਾਂ ਵਾਲੇ ਬੇਗਾਨੇ ਦਰਾਂ ਤੇ ਖੜੇ ਮੁਫਤ ਦਾਣੇ ਲਈ ਝੋਲੀ ਅੱਡੀ ਖੜੇ ਹਨ ਤੇ ਇਹ ਨਿਯਮ ਬਣ ਗਿਆ ਹੈ।ਅਣਖ ਬੋਤਲ ਚ ਘੋਲ ਕੇ ਪੀ ਗਏ।
     ਸਿਆਸਤ ਜਿਧਰ ਲੈ ਜਾਏ ਅਨ੍ਹੇਵਾਹ ਚਲ ਨਿਕਲਦੇ ਹਨ ਤੇ ਫਿਰ ਆਪਣੀ ਹੀ ਜ਼ਿੰਦਗੀ ਵਿੱਚ ਅੰਨ੍ਹੀ ਪਾ ਅੰਨ੍ਹੈ ਕਾਣੇ ਹੋ ਕੇ ਵੀ ਪਛਤਾਉਂਦੇ ਨਹੀਂ।
    “ਸ਼ਾਖ ਸੇ ਗਿਰ ਕਰ ਟੂਟ ਜਾਏਂ ਹਮ ਵੋ ਪੱਤੇ ਨਹੀਂ
     ਹਵਾਓਂ ਸੇ ਕਹਿ ਦੋ ਜ਼ਰਾ ਅਪਨੀ ਅੋਕਾਤ ਮੇਂ ਰਹੇਂ”॥
ਥੋੜੇ ਨਹੀਂ ਪੰਜਾਹ ਪ੍ਰਤੀਸ਼ਤ ਕੇਵਲ ਇਕ ਬੋਤਲ ਸ਼ਰਾਬ ਤੇ ਇਕ ਡੰਗ ਦੇ ਪ੍ਰਸ਼ਾਦਿਆਂ ਬਦਲੇ ਆਪਣੀ ਉਮਰ ਦੇ ਬਿਹਤਰੀਨ ਪੰਜ ਸਾਲ ਸੌੜੀ ਸਿਆਸਤ ਦੇ ਹਵਾਲੇ ਕਰਕੇ ਬਾਕੀ ਪੰਜਾਹ ਦਾ ਭਵਿੱਖ ਲੂਹੀ ਜਾ ਰਹੇ ਹਨ ।
     ਸੌੜੀ ਸਿਆਸਤ ਦੇ ਕਾਬੂ ਆ ਕੇ ਭੇਡ ਬਕਰੀਆਂ ਕੀੜੇ ਮਕੌੜੇ ਬਣਨ ਲਗੇ।
ਜਮੀਨ ਜਿਸਨੂੰ ਇਹ ਸਕੀ ਮਾਂ ਜਨਮ ਦਾਤੀ ਪੁਕਾਰਦੇ ਸੀ ਵੇਚ ਵੱਟ ਹੜੱਪੀ ਜਾ ਰਹੇ ਨੇ। ਜੇ ਵਿਦੇਸ਼ ਦੀ ਰਾਹ ਫੜੀ ਤੇ ਵਹੀਰਾਂ ਘੱਤ ਲਈਆਂ। ਪਿਤਰਾਂ ਦੀ ਜਾਇਦਾਦ ਵੇਚ ਏਜੰਟਾਂ ਦੇ ਢਹੇ ਚੜ੍ਹ ਜਾਨ ਮਾਲ ਗਵਾਉਣ ਦਾ ਫੈਸ਼ਨ ਬਣਾ ਲਿਆ।
   ਸੂਰ ਵੀ ਕੀ ਗੰਦ ਪਾਉਂਦੇ ਨੇ ਜੋ ਇਹਨਾਂ ਲੱਚਰ ਗਾ ਕੇ ਪਾਇਆ। ਜਰਾ ਕੁ ਮੁੱਛ ਫੁੱਟਦੀ ਏ ਤੇ ਐਕਟਰ ਸਿੰਗਰ ਬਣਨ ਤੁਰ ਪੈਂਦੇ ਹਨ ਤੇ ਜ਼ਮੀਨਾਂ ਵੇਚ ਬੇ-ਸਿਰ, ਬੇ-ਪੈਰ ਫਿਲਮਾਂ ਬਣਾਉਣ ਧੜਾ ਧੜ ਬੰਬਈ ਨੂੰ ਤੁਰੇ ਜਾ ਰਹੇ ਹਨ।
ਜੱਗ ਵਿਖਾਲਾ ਵੀ ਬੇ-ਇੰਤਹਾ, ਕਰਜ਼ਾ ਚੁੱਕ ਕੰਗਾਲੀ  ਵੀ ਮੁੱਲ ਲਈ  ਬੇ-ਇੰਤਹਾ।
ਜੇ ਖੁਦਕਸ਼ੀਆਂ ਕਰਨ ਤੇ ਆਏ ਤੇ ਇਥੇ ਵੀ ਸ਼ਿਦੱਤ ਅਖਤਿਆਰ ਕੀਤੀ।
ਇਕ ਦਿਨ ਵਿੱਚ ਦੱਸ ਵਾਰ ਪੜ੍ਹਦੇ ਸੁਣਦੇ ਹਨ, ’ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ’ ਪਰ ਅਰਥ ਇਸ ਦਾ ਇਹ ਲੈਂਦੇ ਹਨ ਹੱਕ ਪਰਾਇਆ ਨਾਨਕਾ ਸਿੱਧਾ ਜੇਬ ਵਿੱਚ ਆਇ॥
ਗੁਰਬਾਣੀ ਦੀ ਸਿਖਿਆ ਹੈ, ’ਜਿਸ ਕੀ ਬਸਤ ਤਿਸ ਆਗੈ ਰਾਖੈ’ ਇਸ ਤੇ ਵੀ ਅਨਰਥ ਹੋ ਰਿਹਾ ਹੈ।
ਬੇਗਾਨਿਆਂ ਦੀ ਲੱਜ ਪਾਲਣ ਵਾਲੇ ਨਿਲੱਜਤਾ ਦੀ ਇੰਤਹਾ ਕਰ ਗਏ।
ਰੱਬ ਦੀ ਸਹੁੰ ਮੰਜਿਲ ਮਿਲ ਜਾਣੀ ਸੀ
ਜੇ ਇਕ ਪਾਸੇ ਜੋ ਭੱਜਦੇ ਪੰਜਾਬੀ
ਚੰਗੀ ਭਲੀ ਜ਼ਿੰਦਗੀ ਸੀ ਪੰਜਾਬੀਆਂ ਦੀ                         
ਨਾਂ ਬਹੁਤ ਚਮਕੀਲੀ ਨਾਂ ਬਹੁਤ ਸਾਦੀ                        
ਖ਼ਵਰੇ ਕਿਹੜੇ ਘਾਟ ਦਾ ਪਾਣੀ ਪੀ ਲਿਆ                   
ਹੋ ਨਿਬੜੇ ਸਾਰੇ ਪੂਰੇ ਪੁੱਠੇ ਕੰਮਾਂ ਦੇ ਆਦੀ
ਦੀਨ ਵੀ ਨਾਂ ਰਿਹਾ ਤੇ ਈਮਾਨ ਵੀ ਗਿਆ
ਜ਼ਮੀਰ ਵੀ ਨਾਂ ਬਚੀ ਤੇ ਅਭਿਮਾਨ ਵੀ ਗਿਆ ॥-
ਵਕਤ ਨੇ ਚਾਹਿਆਂ ਤਾਂ "ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ" ਵਾਲਾ ਪੰਜਾਬ ਫਿਰ ਬਣ ਜਾਏਗਾ।