ਹੋਲੇ ਮਹੱਲੇ ਤੇ ਹੁੱਲੜਬਾਜ਼ੀ.. - ਸਿੰਦਰ ਸਿੰਘ ਮੀਰਪੁਰੀ
- ਸਾਡੇ ਗੁਰੂ ਸਾਹਿਬਾਨ ਵੱਲੋਂ ਹੋਲੇ ਮਹੱਲੇ ਦੇ ਮਹੱਤਵ ਨੂੰ ਸਮਝਾਉਣ ਦੇ ਨਾਲ਼-ਨਾਲ਼ ਜ਼ਿੰਦਗੀ ਤੋਂ ਇਲਾਵਾ ਧਾਰਮਿਕ ਖੇਤਰ ਅੰਦਰ ਅਸਲੀ ਰੰਗਾਂ ਅਤੇ ਸਹੀ ਜਗ੍ਹਾ ਦੀ ਪਹਿਚਾਣ ਕਰਨ ਦੀ ਨੀਤੀ ਤਹਿਤ ਇਸ ਨੂੰ ਹੋਲੇ-ਮਹੱਲੇ ਦਾ ਨਾਮ ਦਿੱਤਾ ਗਿਆ । ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਕਿਸੇ ਮੰਤਵ ਤਹਿਤ ਆਪਣੀ ਕੌਮ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦੇ ਲਈ ਬਹੁਤ ਕੁਝ ਹੋਰਨਾਂ ਨਾਲੋਂ ਵੱਖਰਾ ਸਿਰਜ ਦਿੱਤਾ । ਪਰ ਨਾਲ ਦੀ ਨਾਲ ਬਹੁਤ ਸਵਾਲ ਮਨ ਵਿੱਚ ਹੁੰਦੇ ਹਨ ਕਿ ਅਸੀਂ ਕੀ ਕਰ ਰਹੇ ਹਾਂ । ਅਸੀਂ ਕਿੱਥੇ ਕੁ ਖੜ੍ਹੇ ਹਾਂ । ਅਸੀਂ ਅਜਿਹੇ ਹੋਰ ਬਹੁਤ ਸਾਰੇ ਧਾਰਮਿਕ ਤਿਉਹਾਰਾਂ ਨੂੰ ਕਿਸ ਬਦਲਵੇਂ ਰੂਪ ਵਿਚ ਤਬਦੀਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ । ਇਹ ਕੁਝ ਇਕ ਦਿਨ ਤੋਂ ਸ਼ੁਰੂ ਨਹੀਂ ਹੋਇਆ ਪਿਛਲੇ ਲੰਬੇ ਸਮੇਂ ਤੋਂ ਸਾਡੀ ਕੌਮ ਅਤੇ ਕਈ ਨੌਜਵਾਨ ਅਜਿਹਾ ਕੁਝ ਧਾਰਮਿਕ ਅਸਥਾਨਾਂ ਉਤੇ ਕਰ ਰਹੇ ਹਨ ਜਿਸ ਨਾਲ ਕੌਮ ਦਾ ਸਿਰ ਨੀਵਾ ਹੋਣ ਤੋਂ ਇਲਾਵਾ ਸਿਰਫ ਨਮੋਸ਼ੀ ਪੱਲੇ ਪੈ ਰਹੀ ਹੈ ਅਤੇ ਪੂਰੀ ਦੁਨੀਆਂ ਅੰਦਰ ਕੌਮ ਦਾ ਸਿਰ ਨੀਵਾਂ ਹੋ ਰਿਹਾ ।
ਕਦੇ ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਾਡੇ ਨੌਜਵਾਨਾਂ ਦਾ ਹੁੱਲੜਬਾਜ਼ੀ ਦੇ ਨਾਲ ਪੁਰਾਣਾ ਰਿਸ਼ਤਾ ਨਾਤਾ ਹੋਵੇ ਕਿਉਂਕਿ ਉਨ੍ਹਾਂ ਨੂੰ ਸਿਵਾਏ ਕੁੱਟਮਾਰ ਦੇ ਕੁਝ ਪਤਾ ਹੀ ਨਹੀਂ ਹੈ । ਜੋ ਕੁਝ ਇਸ ਵਰ੍ਹੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਉਸ ਨੂੰ ਸੁਣ ਕੇ ਹਰ ਸਿੱਖ ਦਾ ਹਿਰਦਾ ਛਲਣੀ ਹੋ ਗਿਆ ਕਿ ਕਿੰਝ ਬੇਰਹਿਮੀ ਨਾਲ ਸਾਡੇ ਕੁਝ ਨੌਜਵਾਨਾਂ ਵੱਲੋਂ ਉਥੇ ਨਿਹੰਗ ਬਾਣੇ ਦੇ ਰੂਪ ਵਿਚ ਇੱਕ ਕੈਨੇਡਾ ਦੇ ਵਾਸੀ ਇੱਕ ਸਿੱਖ ਨੌਜਵਾਨ ਪਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ । ਜਦ ਕੇ ਗੱਲ ਸਿਰਫ ਗੱਡੀ ਵਿੱਚ ਚੱਲ ਰਹੇ ਮਾੜੇ ਗੀਤਾਂ ਦੀ ਹੋਣ ਤੋਂ ਬਾਅਦ ਨੌਜਵਾਨਾਂ ਦਾ ਤਕਰਾਰ ਹੋ ਗਿਆ ਅਤੇ ਗੱਲ ਕਤਲ ਤੱਕ ਪਹੁੰਚ ਗਈ । ਕਾਰਨ ਭਾਵੇਂ ਕੁਝ ਵੀ ਰਹੇ ਹੋਣ । ਭਾਵੇਂ ਗ਼ਲਤੀ ਕਿਸ ਦੀ ਮਰਜ਼ੀ ਹੋਵੇ ਪਰ ਜੋ ਕੁਝ ਹੋਇਆ ਹੈ ਬਹੁਤ ਮਾੜਾ ਹੋਇਆ ਹੈ । ਇੱਕ ਮਾਂ ਦੇ ਪੁੱਤ ਦਾ ਕਤਲ ਹੋ ਗਿਆ ਅਤੇ ਉਸ ਨੂੰ ਮਾਰਨ ਵਾਲੇ ਲੋਕ ਹੁਣ ਜੇਲ ਵਿੱਚ ਜਾਣਗੇ । ਨੁਕਸਾਨ ਕਿਸ ਦਾ ਹੋਇਆ ਇਹ ਗੱਲਾਂ ਧਿਆਨ ਜਰੂਰ ਮੰਗਦੀਆਂ ਹਨ । ਨੌਜਵਾਨੀ ਨੂੰ ਲੋਕ ਕੋਸ ਰਹੇ ਹਨ ਕੌਮ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹਨ ਕਿ ਇਹਨਾਂ ਦਾ ਹਾਲ ਤਾਂ ਚਾਰੇ ਪਾਸੇ ਹੀ ਅਜਿਹਾ ਹੈ ਕਿਉਂ ਕਰਵਾ ਰਹੇ ਹਨ ਕੁਝ ਲੋਕ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ।
ਕੀ ਕਸੂਰ ਸੀ ਨਿਹੰਗ ਸਿੰਘ ਦਾ ਕਿਉਂ ਉਸ ਦਾ ਕਤਲ ਕਰ ਦਿੱਤਾ ਗਿਆ ਉਹ ਵੀ ਕਿਸੇ ਸਿਰ ਦਾ ਸਾਈਂ ਸੀ ਕਿਸੇ ਬੱਚੇ ਦਾ ਬਾਪ ਸੀ । ਭਾਵੇਂ ਬਾਅਦ ਵਿਚ ਆਈ ਵੀਡੀਓ ਨੇ ਕਾਫੀ ਕੁਝ ਨਵੀਆਂ ਤਸਵੀਰਾਂ ਪੇਸ਼ ਕੀਤੀਆਂ ਅਸੀ ਪਹਿਲਾਂ ਹੀ ਆਖ ਚੁੱਕੇ ਹਾਂ ਕਸੂਰ ਜਿਸ ਦਾ ਮਰਜ਼ੀ ਹੋਵੇ ਪਰ ਇਹ ਕੰਮ ਬੇਹੱਦ ਮਾੜਾ ਅਤੇ ਹੋਇਆ ਹੈ । ਕੁਝ ਸਿੱਖ ਵਿਰੋਧੀ ਤਾਕਤਾਂ ਤਾਂ ਆਪਣੇ ਆਪ ਇਹ ਗੱਲਾਂ ਚਾਹੁੰਦੀਆਂ ਹਨ ਕਿ ਸਿੱਖ ਕੌਮ ਅੰਦਰ ਖਾਨਾਜੰਗੀ ਵਧੇ ਪਰ ਅਸੀਂ ਬਿਨਾਂ ਸੋਚੇ-ਸਮਝੇ ਵਧਾ ਰਹੇ ਹਨ ਅਤੇ ਇਸ ਨੂੰ ਹਵਾ ਦੇਣ ਦਾ ਕੋਈ ਵੀ ਮੌਕਾ ਅਸੀਂ ਖਾਲੀ ਨਹੀ ਜਾਣ ਦੇ ਰਹੇ । ਉਸ ਤੋਂ ਬਾਅਦ ਮਨੀਕਰਨ ਵਿਖੇ ਜੋ ਕੁਝ ਹੋਇਆ ਉਸ ਨਾਲ ਸਿੱਖ ਕੌਮ ਨੂੰ ਸਿਵਾਏ ਨਮੋਸ਼ੀ ਦੇ ਕੁਝ ਨਹੀਂ ਮਿਲਨਾ । ਪੂਰੀ ਦੁਨੀਆਂ ਅੰਦਰ ਸਿੱਖ ਕੌਮ ਦਾ ਅਕਸ ਧੁੰਦਲਾ ਕਰਦੀਆਂ ਅਜਿਹੀਆਂ ਗੱਲਾਂ ਕਿਉਂਕਿ ਗਏ ਮਾਰ-ਕੁੱਟ ਕਿਸੇ ਮਸਲੇ ਦਾ ਹੱਲ ਨਹੀਂ । ਜੇ ਦੋ ਧਿਰਾਂ ਦਰਮਿਆਨ ਝਗੜਾ ਵੀ ਹੁੰਦਾ ਹੈ ਤਾਂ ਉਸ ਨੂੰ ਬੈਠ ਕੇ ਨਿਪਟਾਇਆ ਜਾ ਸਕਦਾ ਹੈ ਸਿਰਫ ਕਾਤਾਲਾਨ ਅਤੇ ਹਥਿਆਰਾਂ ਤਕ ਕਿਉਂ ਪਹੁੰਚ ਜਾਂਦੀ ਹੈ ਅੱਜ ਦੀ ਨੌਜਵਾਨੀ । ਸਾਡੀ ਕੌਮ ਦੇ ਆਗੂ ਕਿਉਂ ਸੁੱਤੇ ਪਏ ਹਨ । ਕਿਉਂ ਉਨ੍ਹਾਂ ਦੀਆਂ ਸਰਗਰਮੀਆਂ ਆਪਣੀ ਹੀ ਕੌਮ ਦੇ ਖਿਲਾਫ ਭੁਗਤ ਰਹੀਆਂ ਹਨ ।
ਦਿੱਲੀ ਕਮੇਟੀ ਦੇ ਕੁਝ ਆਗੂਆਂ ਵੱਲੋਂ ਸ਼ਰਾਬ ਪੀ ਕੇ ਹੋਲੀ ਮਨਾਉਣ ਸਮੇਂ ਆਈਆਂ ਤਸਵੀਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਆਖਰ ਅਸੀਂ ਕਿੱਥੇ ਖੜ੍ਹੇ ਹਾਂ । ਸਾਨੂੰ ਕਲ ਕਦ ਆਵੇਗੀ । ਕੀ ਕਿਸੇ ਦੇ ਇਸ਼ਾਰੇ ਤੇ ਇਹ ਸਭ ਕੁਝ ਵਿਅਕਤੀਆਂ ਵੱਲੋਂ ਕੀਤਾ ਜਾਂਦਾ ਹੈ ਇਹ ਵੀ ਕੁਝ ਨਹੀਂ ਪਤਾ ਪਰ ਪੂਰੀ ਕੌਮ ਦਾ ਸਿਰ ਨੀਵਾਂ ਜ਼ਰੂਰ ਹੋ ਰਿਹਾ ਹੈ । ਅਸੀਂ ਤਾਂ ਸਾਡੇ ਧਾਰਮਿਕ ਤਿਉਹਾਰਾਂ ਨੂੰ ਮੇਲੇ ਬਣਾ ਕੇ ਰੱਖ ਦਿੱਤਾ ਹੈ ਓਥੇ ਹੁੱਲੜਬਾਜ਼ੀ ਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਦੀ ਉਲੰਘਣਾ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ । ਸਰਕਾਰ ਚੁੱਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੁਝ ਨਹੀਂ ਕਰ ਰਹੀ ਹੈ । ਜਦ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਧਾਰਮਿਕ ਤਿਉਹਾਰਾਂ ਉੱਤੇ ਕਿਸੇ ਵੀ ਨੌਜਵਾਨ ਦੀ ਕੀਤੀ ਵਧੀਕੀ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ ਉਸ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ । ਤਾਂ ਕਿ ਇਸ ਦੇ ਨਾਲ ਵੱਧ ਰਹੀ ਗੁੰਡਾਗਰਦੀ ਨੂੰ ਨੱਥ ਪੈ ਸਕੇ । ਨਹੀਂ ਤਾਂ ਇਹਨਾ ਲੋਕਾਂ ਵੱਲੋਂ ਧਾਰਮਿਕ ਨਹੀਂ ਤਾਂ ਮਾੜੇ ਅਨਸਰਾਂ ਵੱਲੋਂ ਧਾਰਮਿਕ ਤਿਉਹਾਰਾਂ ਨੂੰ ਮੇਲੇ ਦੀ ਤਰ੍ਹਾਂ ਮਨਾਇਆ ਜਾਣ ਲਗ ਪਵੇਗਾ ਜਿਸ ਦੀ ਸ਼ੁਰੂਆਤ ਪਿਛਲੇ ਸਮੇਂ ਤੋਂ ਹੋ ਚੁਕੀ ਹੈ ।
ਭਾਵੇਂ ਜਿਹੀਆਂ ਘਟਨਾਵਾਂ ਪਿਛਲੇ ਸਮੇਂ ਵੀ ਸਾਡੇ ਸਮਾਜ ਦਾ ਹਿੱਸਾ ਬਣਦੀਆਂ ਰਹੀਆਂ ਹਨ ਪਰ ਪਿਛਲੇ ਸਮੇਂ ਤੋਂ ਸਾਡੀ ਨੌਜਵਾਨੀ ਗੁਰੂ ਸਾਹਿਬਾਨ ਦੇ ਅਸਲ ਫਲਸਫੇ ਨੂੰ ਭੁੱਲ ਕੇ ਕਿਸੇ ਹੋਰ ਰਾਹ ਦੀ ਰਾਹੀ ਨਜ਼ਰੀ ਪੈਂਦੀ ਹੈ । ਜੋ ਆਪਣੇ ਆਪ ਤੇ ਸਾਡੇ ਸਮਾਜ ਲਈ ਬੇਹੱਦ ਘਾਤਕ ਅਤੇ ਮਾੜੀ ਹੈ । ਮਨੀਕਰਨ ਅਤੇ ਅਨੰਦਪੁਰ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ਨੇ ਨੌਜਵਾਨੀ ਦੇ ਅਕਸ ਨੂੰ ਸੱਟ ਮਾਰਨ ਦੇ ਨਾਲ ਨਾਲ ਸਿੱਖੀ ਦਾ ਅਕਸ ਧੁੰਦਲਾ ਕੀਤਾ ਹੈ । ਇਹਨਾਂ ਘਟਨਾਵਾਂ ਵਿਚ ਕਸੂਰ ਕੁਝ ਉਹ ਸਿਰਫ਼ ਚੰਦ ਨੌਜਵਾਨਾਂ ਦਾ ਹੈ ਜਦ ਕਿ ਬਦਨਾਮੀ ਪੂਰੀ ਕੌਮ ਦੀ ਹੋ ਰਹੀ ਹੈ । ਕਿੱਥੇ ਹੈ ਸਾਡੇ ਕੋਲ ਸਿੱਖ ਗੁਰੂ ਸਾਹਿਬਾਨ ਦਾ ਸ਼ਾਨਾਮੱਤਾ ਇਤਿਹਾਸ ਅਤੇ ਬਾਬੇ ਨਾਨਕ ਦਾ ਫਲਸਫਾ ਜਿਸ ਨੂੰ ਅਪਨਾਉਣਾ ਸਮੇਂ ਦੀ ਮੰਗ ਹੈ । ਸਮਾਂ ਲੰਘੇ ਤੋਂ ਸੱਪ ਦੀ ਲਕੀਰ ਕੁੱਟਣ ਵਾਲੀ ਗੱਲ ਹੋਵੇਗੀ । ਧਾਰਮਿਕ ਅਸਥਾਨਾਂ ਉਪਰ ਹੁੰਦੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਅਹਿਮ ਲੋੜ ਹੈ ।
ਲੇਖਕ - ਸਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਅਮਰੀਕਾ
5592850841