ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

20.03.2023

ਰਾਹੁਲ ਦੇ ਲੰਡਨ ‘ਚ ਦਿਤੇ ਬਿਆਨ ‘ਤੇ ਸੰਸਦ ਵਿਚ ਭਾਰੀ ਹੰਗਾਮਾ- ਇਕ ਖ਼ਬਰ

ਸੱਸ ਲੜਦੀ ਜਠਾਣੀ ਗੁੱਤ ਫੜਦੀ, ਦਿਉਰ ਮਾਰੇ ਮੇਹਣੇ ਵੀਰਨਾ।

ਚਲਾਨ ਦੀ ਕਾਪੀ ਲੈਣ ਸਬੰਧੀ ਸੁਖਬੀਰ ਬਾਦਲ ਦੀ ਅਰਜ਼ੀ ਰੱਦ-ਇਕ ਖ਼ਬਰ

ਛੜਿਆਂ ਦੇ ਗਈ ਅੱਗ ਨੂੰ, ਉਹਨਾਂ ਚੱਪਣੀ ਵਗਾਹ ਕੇ ਮਾਰੀ।

ਅਜੋਕੀਆਂ ਰਾਜਨੀਤਕ ਸਥਿਤੀਆਂ ‘ਚ ਰਾਹੁਲ ਗਾਂਧੀ ਕੀ ਕਰੇ?-ਇਕ ਸਵਾਲ

ਚਿੜੀ ਵਿਚਾਰੀ ਕੀ ਕਰੇ। ਠੰਡਾ ਪਾਣੀ ਪੀ ਮਰੇ?

ਭਾਰਤ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿਚ ਅੱਠਵੇਂ ਨੰਬਰ ‘ਤੇ ਪਹੁੰਚਿਆ-ਇਕ ਰਿਪੋਰਟ

ਕਾਲ਼ੇ ਦਾ ਇਕ ਛੱਪੜ ਸੁਣੀਂਦਾ, ਪਾਣੀ ਜਿਸਦਾ ਖਾਰਾ।

ਕਾਂਗਰਸੀ ਆਗੂਆਂ ਵਲੋਂ ‘ਆਪ’ ਸਰਕਾਰ ਦੇ ਬਜਟ ਦੀ ਨਿੰਦਾ-ਇਕ ਖ਼ਬਰ

ਸੱਸ ਪਿੱਟਣੀ ਪੰਜੇਬਾਂ ਪਾ ਕੇ, ਜੱਗ ਭਾਵੇਂ ਮਾਰੇ ਬੋਲੀਆਂ।

ਨੋਟਬੰਦੀ ਵੇਲੇ ਹੋਈਆਂ ਮੌਤਾਂ ਦੀ ਕੋਈ ਅਧਿਕਾਰਿਤ ਰਿਪੋਰਟ ਨਹੀਂ-ਕੇਂਦਰ ਸਰਕਾਰ

ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ।

ਪ੍ਰਧਾਨ ਮੰਤਰੀ ਦੀ ਸਿਸੋਦੀਆ ਖ਼ਿਲਾਫ਼ ਝੂਠੇ ਮੁਕੱਦਮੇ ਚਲਾਉਣ ਦੀ ਯੋਜਨਾ ਹੈ- ਕੇਜਰੀਵਾਲ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

ਮੈਨੂੰ ਸਦਨ ‘ਚ ਬੋਲਣ ਨਹੀਂ ਦਿੰਦੇ, ਮੋਦੀ ਮੇਰੇ ਸਵਾਲਾਂ ਤੋਂ ਡਰਦੇ ਹਨ- ਰਾਹੁਲ ਗਾਂਧੀ

ਕਾਦਰਯਾਰ ਜੇ ਕੋਲ ਗਵਾਹ ਹੁੰਦੇ, ਕਹਿੰਦੇ ਖੋਲ੍ਹ ਹਕੀਕਤ ਸਾਰੀ।

ਰਾਹੁਲ ਗਾਂਧੀ ਵਿਰੋਧੀ ਤਾਕਤਾਂ ਦੀ ਭਾਸ਼ਾ ਬੋਲਦੇ ਹਨ- ਭਾਜਪਾ

ਹੋਰ ਰਾਹੁਲ ਗਾਂਧੀ ਤੁਹਾਡੇ ਸੋਹਿਲੇ ਗਾਵੇ।

ਸ਼੍ਰੋਮਣੀ ਅਕਾਲੀ ਦਲ ਹਮੇਸਾਂ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਕਰਦਾ ਰਹੇਗਾ- ਦਲਜੀਤ ਸਿੰਘ ਚੀਮਾ

ਚੀਮਾ ਸਾਹਿਬ ਇੰਜ ਕਹੋ ਕਿ ਬਾਦਲਾਂ ਦੀ ਪਹਿਰੇਦਾਰੀ ਕਰਦਾ ਰਹੇਗਾ ਅਕਾਲੀ ਦਲ

 ‘ਆਪ’ ਸਰਕਾਰ ਨੇ ਇਕ ਸਾਲ ‘ਚ ਪੰਜਾਬ ਦੇ ਲੋਕਾਂ ਨੂੰ ਮਾੜਾ ਪ੍ਰਸ਼ਾਸਨ ਦਿਤਾ- ਬਾਜਵਾ

ਕਾਹਨੂੰ ਮਾਰਦੀ ਚੰਦਰੀਏ ਤਾਹਨੇ, ਨੀਂ ਆਪਣੇ ਤੂੰ ਦਿਨ ਭੁੱਲ ਗਈ।

ਹਾਈ ਕੋਰਟ ਨੇ ਭਗਵੰਤ ਮਾਨ ਸਰਕਾਰ ਦੀ ਬਾਂਹ ਮਰੋੜੀ- ਇਕ ਖ਼ਬਰ

ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।

ਕੁਦਰਤੀ ਖੇਤੀ ਅਪਨਾਉਣ ਨਾਲ ਕਿਸਾਨਾਂ ਦੀ ਆਮਦਨ ਵਧੇਗੀ- ਅਮਿਤ ਸ਼ਾਹ

ਕਿਸਾਨਾਂ ਦੀ ਆਮਦਨ ਤਾਂ ਪਹਿਲਾਂ ਹੀ ਸਰਕਾਰ ਨੇ ਦੁੱਗਣੀ ਕਰ ਦਿਤੀ ਹੈ, ਹੋਰ ਕਿੰਨੀ ਕੁ ਵਧਾਉਗੇ?

ਲਾਹੌਰ ਹਾਈ ਕੋਰਟ ਨੇ ਇਮਰਾਨ ਖ਼ਾਨ ਦੀ ਰੈਲੀ ’ਤੇ ਲਗਾਈ ਰੋਕ- ਇਕ ਖ਼ਬਰ

ਛੜੇ ਬੈਠ ਕੇ ਸਲਾਹਾਂ ਕਰਦੇ, ਰੱਬਾ ਹੁਣ ਕੀ ਕਰੀਏ?

ਸਾਂਸਦ ਹੋਣ ਦੇ ਨਾਤੇ ਸੰਸਦ ਵਿਚ ਬੋਲਣਾ ਮੇਰਾ ਹੱਕ- ਰਾਹੁਲ  ਗਾਂਧੀ

ਜਾਣਾ ਦਰਬਾਰ ਮੈਂ ਦਲੀਲਾਂ ਧਾਰੀਆਂ, ਦੱਸਦਾ ਹਕੀਕਤਾਂ ਤਮਾਮ ਸਾਰੀਆਂ।

ਕੇਸ਼ੋਪੁਰ ਛੰਭ ਤੋਂ ਸਾਰੇ ਪਰਵਾਸੀ ਪੰਛੀ ਆਪੋ ਆਪਣੇ ਦੇਸ਼ਾਂ ਨੂੰ ਪਰਤੇ- ਇਕ ਖ਼ਬਰ

ਚਾਰੇ ਕੰਨੀਆਂ ਮੇਰੀਆਂ ਵੇਖ ਖ਼ਾਲੀ, ਅਸੀਂ ਨਾਲ਼ ਨਾਹੀਂ ਕੁਝ ਲੈ ਚੱਲੇ।

ਅਸੀਂ ਜਾਂਚ ਤੋਂ ਨਹੀਂ ਡਰਦੇ, ਈ.ਡੀ. ਨੇ ਜੋ ਕਰਨੈ ਕਰ ਲਵੇ- ਰਾਘਵ ਚੱਢਾ

ਕਾਦਰਯਾਰ ਅਨਹੋਣੀਆਂ ਕਰਨ ਜੇਹੜੇ, ਆਖਰ ਵਾਰ ਉਹਨਾਂ ਪੱਛੋਤਾਵਣਾ ਈ।

ਸੁਖਬੀਰ ਬਾਦਲ ਹੁਣ ਬਹਾਨੇ ਨਾ ਘੜੇ, ਤੁਰਤ ਅਕਾਲੀ ਦਲ ਤੋਂ ਅਸਤੀਫ਼ਾ ਦੇਵੇ- ਇਕ ਖ਼ਬਰ

ਲੋਟਣ ਪੱਚੀਆਂ ਦੇ, ਚਹੁੰ ‘ਚ ਵੇਚ ਗਿਆ ਵੈਲੀ।

                       ===================