ਰੂਸ-ਯੂਕਰੇਨ ਟਕਰਾਅ ਦੀ ਤਾਣੀ ਕਿਵੇਂ ਸੁਲਝੇ? - ਜੀ ਪਾਰਥਾਸਾਰਥੀ
ਕਈ ਸਾਲ ਰਾਸ਼ਟਰਪਤੀ ਮਿਖਾਈਲ ਗੋਰਬਾਚੇਵ ਦੀ ਨਾ-ਅਹਿਲ ਅਤੇ ਭੰਬਲਭੂਸੇ ਭਰੀ ਅਗਵਾਈ ਤੋਂ ਬਾਅਦ 26 ਦਸੰਬਰ, 1991 ਨੂੰ ਸੋਵੀਅਤ ਸੰਘ ਵਿਚ ਸ਼ਾਮਲ 16 ਗਣਰਾਜ ਸੁਤੰਤਰ ਰੂਪ ਵਿਚ ਵੱਖ ਹੋ ਗਏ ਸਨ। ਇਸ ਘਟਨਾ ਦਾ ਇਕ ਦਿਲਚਸਪ ਪਹਿਲੂ ਇਹ ਸੀ ਕਿ ਰੂਸੀ ਲੋਕਾਂ ਦੀ ਕਾਫ਼ੀ ਵੱਡੀ ਸੰਖਿਆ ਉਦੋਂ ਵੀ ਵੱਖ ਹੋਏ ਸੋਵੀਅਤ ਗਣਰਾਜਾਂ ਵਿਚ ਰਹਿ ਰਹੀ ਸੀ। ਲਗਭਗ ਹਰ ਸਾਬਕਾ ਸੋਵੀਅਤ ਗਣਰਾਜ ਵਿਚ ਹਜ਼ਾਰਾਂ ਰੂਸੀ ਆਪੋ-ਆਪਣੇ ਪੁਰਾਣੇ ਘਰਾਂ ਵਿਚ ਰਹਿ ਰਹੇ ਸਨ ਅਤੇ ਉੱਥੇ ਵੱਡੇ ਪੱਧਰ ’ਤੇ ਰੂਸੀ ਜ਼ਬਾਨ ਬੋਲੀ ਜਾਂਦੀ ਸੀ। ਉਂਝ, ਇਨ੍ਹਾਂ ਸਾਬਕਾ ਗਣਰਾਜਾਂ ਨੇ ਆਪਣੇ ਗੁਆਂਢੀਆਂ ਨਾਲ ਸਹਿਯੋਗ ਵਧਾਇਆ ਤੇ ਇਸ ਦੌਰਾਨ ਉਨ੍ਹਾਂ ਦੇ ਰੂਸ ਨਾਲ ਤਾਲੁਕਾਤ ਵੀ ਦੋਸਤਾਨਾ ਬਣੇ ਰਹੇ। ਦਿਲਚਸਪ ਗੱਲ ਹੈ ਕਿ ਮੁਸਲਿਮ ਬਹੁਗਿਣਤੀ ਵਾਲੇ ਕਜ਼ਾਕਿਸਤਾਨ, ਕਿਰਗਿਜ਼ਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਜਿਹੇ ਸਾਬਕਾ ਸੋਵੀਅਤ ਗਣਰਾਜ ਇਸ ਵੇਲੇ ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੇ ਮੈਂਬਰ ਹਨ ਜਦਕਿ ਅਜ਼ਰਬਾਇਜਾਨ, ਸੰਵਾਦ ਭਿਆਲ ਗਿਣਿਆ ਜਾਂਦਾ ਹੈ। ਸਮੁੱਚੇ ਮੱਧ ਏਸ਼ੀਆ ਅੰਦਰ ਹਾਲੇ ਵੀ ਰੂਸ ਨਾਲ ਇਤਿਹਾਸਕ ਸਬੰਧ ਅਹਿਮ ਭੂਮਿਕਾ ਨਿਭਾਉਂਦੇ ਹਨ। ਆਮ ਤੌਰ ’ਤੇ ਰੂਸ ਦੇ ਪੱਛਮੀ ਗੁਆਂਢੀ ਫਰਾਂਸ ਤੋਂ ਲੈ ਕੇ ਜਰਮਨੀ ਜਾਂ ਨਾਰਵੇ, ਸਵੀਡਨ ਤੇ ਫਿਨਲੈਂਡ ਜਿਹੇ ਖੁਸ਼ਹਾਲ ਪੱਛਮੀ ਯੂਰੋਪ ਨਾਲ ਸਾਂਝ ਵਧਾਉਣ ਦੇ ਜਿ਼ਆਦਾ ਫ਼ਾਇਦੇ ਦੇਖਦੇ ਹਨ।
ਰੂਸ ਕੋਲ ਆਪਣੀਆਂ ਉੱਤਰੀ ਅਤੇ ਪੱਛਮੀ ਸਰਹੱਦਾਂ ’ਤੇ ਪੈਂਦੇ ਸੋਵੀਅਤ ਸੰਘ ਦੇ ਸਾਬਕਾ ਗਣਰਾਜਾਂ ਵਲੋਂ ਉਨ੍ਹਾਂ ਦੇ ਯੂਰੋਪੀਅਨ ਗੁਆਂਢੀਆਂ ਨਾਲ ਸਬੰਧ ਵਧਾਉਣ ’ਤੇ ਕੋਈ ਇਤਰਾਜ਼ ਕਰਨ ਦਾ ਕੋਈ ਕਾਰਨ ਨਹੀਂ ਹੈ। ਉਸ ਨੂੰ ਚਿੰਤਾ ਉਦੋਂ ਹੁੰਦੀ ਹੈ ਜਦੋਂ ਇਸ ਦੇ ਗੁਆਂਢੀ ਮੁਲਕ ਅਮਰੀਕਾ ਅਤੇ ਨਾਟੋ ਨਾਲ ਫ਼ੌਜੀ ਗੱਠਜੋੜ ਕਾਇਮ ਕਰ ਲੈਂਦੇ ਹਨ। ਨਾਟੋ ਵਿਚ ਅਮਰੀਕਾ ਦਾ ਮੁੱਖ ਮੰਤਵ ਰੂਸ ਦੀ ਘੇਰਾਬੰਦੀ ਕਰਨ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਯੂਰੋਪ ਵਿਚ ਪੈਦਾ ਹੋਏ ਹਾਲੀਆ ਤਣਾਅ ਦਾ ਸਮੁੱਚਾ ਸਵਾਲ ਰਾਸ਼ਟਰਪਤੀ ਜੋਅ ਬਾਇਡਨ ਦੇ ਯੂਕਰੇਨ ਦੇ ਨੌਜਵਾਨ ਅਤੇ ਨਾ-ਤਜਰਬੇਕਾਰ ਰਾਸ਼ਟਰਪਤੀ ਜ਼ੇਲੈਂਸਕੀ ਦੀ ਲੀਡਰਸ਼ਿਪ ਨਾਲ ਅਚਨਚੇਤ ਉਮੜੇ ਤਿਹੁ ਵਿਚੋਂ ਉਭਰਿਆ ਹੈ ਜਿਸ ਕਰ ਕੇ ਯੂਕਰੇਨ ਦੇ ਅਮਰੀਕਾ ਨਾਲ ਸੁਰੱਖਿਆ ਸਬੰਧ ਵਧਦੇ ਗਏ। ਇਸ ਦੇ ਸਿੱਟੇ ਵਜੋਂ ਯੂਕਰੇਨ ਨੂੰ ਅਤਿ ਆਧੁਨਿਕ ਹਥਿਆਰ ਮੁਹੱਈਆ ਕਰਵਾਏ ਗਏ ਤਾਂ ਕਿ ਰੂਸ ਦੇ ਜ਼ਮੀਨੀ ਤੇ ਸਮੁੰਦਰੀ ਸੁਰੱਖਿਆ ਹਿੱਤਾਂ ਦੇ ਟਾਕਰੇ ਲਈ ਕੀਵ (ਯੂਕਰੇਨ) ਦੀ ਤਾਕਤ ਵਧਾਈ ਜਾ ਸਕੇ ਅਤੇ ਨਾਲ ਹੀ ਆਪਣੀਆਂ ਇਲਾਕਾਈ ਖਾਹਿਸ਼ਾਂ ਦੀ ਪੈਰਵੀ ਕੀਤੀ ਜਾ ਸਕੇ।
ਰੂਸ ਅਤੇ ਯੂਕਰੇਨ ਵਿਚਕਾਰ ਮੁੱਖ ਵਿਵਾਦ ਕ੍ਰਾਇਮੀਆ ਪ੍ਰਾਇਦੀਪ ਨੂੰ ਲੈ ਕੇ ਚਲ ਰਿਹਾ ਸੀ। ਕ੍ਰਾਇਮੀਆ ਉਤੇ 1783 ਤੋਂ ਰੂਸੀ ਬਲੈਕ ਸੀਅ ਫਲੀਟ ਦਾ ਦਬਦਬਾ ਚੱਲ ਰਿਹਾ ਸੀ। ਇਤਿਹਾਸਕ ਤੌਰ ’ਤੇ ਵੀ ਇਹ ਖਿੱਤਾ ਪਿਛਲੀਆਂ ਲਗਭਗ ਦੋ ਸਦੀਆਂ ਤੋਂ ਯੂਕਰੇਨ ਦੀ ਬਜਾਇ ਰੂਸੀ ਪ੍ਰਭੂਸੱਤਾ ਅਧੀਨ ਰਿਹਾ ਹੈ। ਰੂਸ ਓਡੈਸਾ ਬੰਦਰਗਾਹ ਤੱਕ ਬੇਰੋਕ ਰਸਾਈ ਹਾਸਲ ਕਰਨ ਦੀ ਖਾਹਿਸ਼ ਰੱਖਦਾ ਰਿਹਾ ਹੈ ਪਰ ਇਸ ਵਿਚ ਇਹ ਕਾਮਯਾਬ ਨਹੀਂ ਹੋ ਸਕਿਆ ਸੀ। ਉਂਝ, ਸਿਆਣਪ ਇਸੇ ਗੱਲ ਵਿਚ ਸੀ ਕਿ ਜੇ ਕਾਲੇ ਸਾਗਰ ਦੀਆਂ ਬੰਦਰਗਾਹਾਂ ਦੀ ਦੋਵੇਂ ਮੁਲਕਾਂ ਵਲੋਂ ਵਰਤੋਂ ਕੀਤੀ ਜਾਂਦੀ ਕਿਉਂਕਿ ਉਨ੍ਹਾਂ ਦੇ ਜਹਾਜ਼ਰਾਨੀ ਹਿੱਤ ਆਪੋ ਵਿਚ ਜੁੜੇ ਹੋਏ ਹਨ। ਖਾਸ ਤੌਰ ’ਤੇ ਇਹ ਯੂਕਰੇਨ ਅਤੇ ਰੂਸ ਵਲੋਂ ਪੱਛਮੀ ਏਸ਼ੀਆ ਤੇ ਅਫ਼ਰੀਕਾ ਨੂੰ ਕਣਕ ਦੀ ਸਪਲਾਈ ਲਈ ਬਹੁਤ ਅਹਿਮ ਹਨ। ਓਡੈਸਾ ਪਿਛਲੇ ਕਾਫ਼ੀ ਅਰਸੇ ਤੋਂ ਯੂਕਰੇਨ ਅਤੇ ਰੂਸ ਨਾਲ ਭਾਰਤ ਦੇ ਵਪਾਰ ਲਈ ਬਹੁਤ ਅਹਿਮ ਟਿਕਾਣਾ ਬਣਿਆ ਹੋਇਆ ਹੈ। ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਵਾਰਤਾ ਵਿਚ ਇਹ ਗੱਲ ਦਿਮਾਗ ਵਿਚ ਰੱਖਣ ਦੀ ਲੋੜ ਹੈ ਕਿ ਰੂਸ ਕਿਸੇ ਵੀ ਸੂਰਤ ਵਿਚ ਕ੍ਰਾਇਮੀਆ ਵਿਚ ਆਪਣੇ ਕੌਮੀ ਹਿੱਤਾਂ ’ਤੇ ਕੋਈ ਸੌਦੇਬਾਜ਼ੀ ਨਹੀਂ ਕਰੇਗਾ। ਮਾਸਕੋ ਦੀ ਇਹ ਸੁਭਾਵਿਕ ਰੁਚੀ ਹੈ ਕਿ ਕਾਲੇ ਸਾਗਰ ਵਿਚ ਪੈਂਦੀ ਓਡੈਸਾ ਬੰਦਰਗਾਹ ਤੱਕ ਆਪਣੀ ਇਤਿਹਾਸਕ ਰਸਾਈ ਨੂੰ ਮਜ਼ਬੂਤ ਕੀਤਾ ਜਾਵੇ।
ਯੂਕਰੇਨ ਅਤੇ ਰੂਸ ਵਿਚਕਾਰ ਤਣਾਅ ਉਦੋਂ ਵਧਿਆ ਜਦੋਂ 20 ਮਈ, 2019 ਨੂੰ ਨੌਜਵਾਨ ਅਤੇ ਨਾ-ਤਜਰਬੇਕਾਰ ਵਲੋਦੀਮੀਰ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਚੁਣ ਲਏ ਗਏ। ਜ਼ੇਲੈਂਸਕੀ ਦਾ ਵਿਸ਼ਵਾਸ ਸੀ ਕਿ ਉਹ ਬਾਇਡਨ ਪ੍ਰਸ਼ਾਸਨ ਨਾਲ ਆਪਣੇ ਸਬੰਧ ਮਜ਼ਬੂਤ ਕਰ ਕੇ ਰੂਸ ਦੇ ਮੁਕਾਬਲੇ ਆਪਣੀ ਸੁਤੰਤਰ ਹੈਸੀਅਤ ਪੁਖਤਾ ਬਣਾ ਲੈਣਗੇ। 2021 ਵਿਚ ਆਪਣੀ ਵਾਸ਼ਿੰਗਟਨ ਫੇਰੀ ਦੌਰਾਨ ਉਨ੍ਹਾਂ ਰਾਸ਼ਟਰਪਤੀ ਬਾਇਡਨ ਨਾਲ ਸਾਂਝਾ ਐਲਾਨਨਾਮਾ ਸਹੀਬੰਦ ਕੀਤਾ ਜਿਸ ਵਿਚ ਰੂਸ ਪ੍ਰਤੀ ਸਖ਼ਤ ਭਾਸ਼ਾ ਵਰਤੀ ਗਈ ਸੀ। ਸਾਂਝੇ ਐਲਾਨ ਵਿਚ ਇਹ ਦਰਜ ਸੀ : ‘ਰੂਸ ਦੇ ਹਮਲੇ ਦੀ ਸੂਰਤ ਵਿਚ ਯੂਕਰੇਨ ਦੀ ਪ੍ਰਭੂਸੱਤਾ, ਆਜ਼ਾਦੀ ਅਤੇ ਕੌਮਾਂਤਰੀ ਤੌਰ ’ਤੇ ਪ੍ਰਵਾਨਤ ਸਰਹੱਦਾਂ ਤਹਿਤ ਜਿਸ ਵਿਚ ਕ੍ਰਾਇਮੀਆ ਅਤੇ ਇਸ ਦੇ ਸਮੁੰਦਰੀ ਖੇਤਰ ਵੀ ਸ਼ਾਮਲ ਹਨ, ਦੀ ਇਲਾਕਾਈ ਅਖੰਡਤਾ ਪ੍ਰਤੀ ਸਪੱਸ਼ਟ ਵਚਨਬੱਧਤਾ ਦਰਸਾਈ ਜਾਂਦੀ ਹੈ।’ ਇਹ ਯੂਕਰੇਨ ਨੂੰ ਅਜਿਹੀ ਕਾਰਵਾਈ ਦੀ ਯਕੀਨਦਹਾਨੀ ਸੀ ਜਿਸ ਨਾਲ ਕ੍ਰਾਇਮੀਆ ਤੱਕ ਰੂਸ ਦੀ ਰਸਾਈ ਪ੍ਰਭਾਵਿਤ ਹੋ ਸਕਦੀ ਸੀ। ਇਸ ਦੇ ਨਾਲ ਹੀ ਯੂਕਰੇਨ ਨੂੰ ਅਤਿ ਆਧੁਨਿਕ ਹਥਿਆਰਾ ਤੇ ਸਾਜ਼ੋ-ਸਾਮਾਨ ਦੀ ਸਪਲਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਰਾਸ਼ਟਰਪਤੀ ਪੂਤਿਨ ਨੇ ਫਰਵਰੀ 2022 ਵਿਚ ਆਪਣੇ ਦਸਤੇ ਦੱਖਣੀ ਯੂਕਰੇਨ ਵਿਚ ਭੇਜੇ ਸਨ ਜਿਸ ਦਾ ਸਪੱਸ਼ਟ ਮੰਤਵ ਲੁਹਾਂਸਕ ਤੇ ਦੋਨੇਤਸਕ ਸ਼ਹਿਰਾਂ ’ਤੇ ਕਬਜ਼ਾ ਕਰ ਕੇ ਉਨ੍ਹਾਂ ਨੂੰ ਆਜ਼ਾਦ ਖਿੱਤੇ ਬਣਾਉਣਾ ਸੀ। ਉਹ ਉਨ੍ਹਾਂ ਖੇਤਰਾਂ ’ਤੇ ਰੂਸ ਦਾ ਕੰਟਰੋਲ ਕਾਇਮ ਕਰਨਾ ਚਾਹ ਰਹੇ ਸਨ ਜਿੱਥੇ ਰੂਸੀਆਂ ਦੀ ਚੋਖੀ ਤਾਦਾਦ ਰਹਿੰਦੀ ਹੈ। ਯੂਕਰੇਨ ਦੀ 4 ਕਰੋੜ 33 ਲੱਖ ਦੀ ਕੁੱਲ ਆਬਾਦੀ ਵਿਚੋਂ ਕਰੀਬ 77 ਲੱਖ ਰੂਸੀ ਹਨ। ਰੂਸੀ ਲੋਕਾਂ ਦਾ ਵੱਡਾ ਹਿੱਸਾ ਯੂਕਰੇਨ ਦੇ ਛੇ ਦੱਖਣੀ ਖੇਤਰਾਂ ਵਿਚ ਰਹਿੰਦਾ ਹੈ ਜਿੱਥੋਂ ਕ੍ਰਾਇਮੀਆ ਤੱਕ ਪਹੁੰਚਣ ਦਾ ਰਾਹ ਪੈਂਦਾ ਹੈ। ਕ੍ਰਾਇਮੀਆ ਪ੍ਰਾਇਦੀਪ ਵਿਚ ਰੂਸੀ ਬਲੈਕ ਸੀਅ ਫਲੀਟ ਦੀ ਸਥਾਪਨਾ 1783 ਵਿਚ ਕੀਤੀ ਗਈ ਸੀ। ਇਤਿਹਾਸਕ ਤੌਰ ’ਤੇ ਇਹ ਕਾਲੇ ਸਾਗਰ, ਅਜ਼ੋਵ ਸਾਗਰ ਅਤੇ ਭੂਮੱਧ ਸਾਗਰ ਤੱਕ ਰੂਸ ਲਈ ਦੁਆਰ ਬਣਿਆ ਰਿਹਾ ਹੈ।
ਬਾਇਡਨ ਜ਼ੇਲੈਂਸਕੀ ਐਲਾਨਨਾਮੇ ਤੋਂ ਬਾਅਦ ਰੂਸੀ ਫ਼ੌਜ ਦੀ ਮਾੜੀ ਯੋਜਨਾਬੰਦੀ ਤੇ ਨਾਲ ਹੀ ਯੂਕਰੇਨ ਨੂੰ ਅਮਰੀਕਾ ਤੇ ਨਾਟੋ ਤੋਂ ਫ਼ੌਜੀ ਇਮਦਾਦ ਦਾ ਸਿੱਟਾ ਸੀ ਕਿ ਇਸ ਨਾਲ ਰੂਸ ਦੀ ਆਪਣੇ ਦੱਖਣੀ ਸਾਗਰਾਂ ਤੱਕ ਇਤਿਹਾਸਕ ਤੇ ਇਕਮਾਤਰ ਰਸਾਈ ਖ਼ਤਰੇ ਵਿਚ ਪੈ ਗਈ। ਰੂਸ ਨੂੰ ਕ੍ਰਾਇਮੀਆ ਤੋਂ ਲੈ ਕੇ ਓਡੈਸਾ ਬੰਦਰਗਾਹ ਤੱਕ ਯੂਕਰੇਨ ਦੇ ਵੱਡੇ ਖੇਤਰਾਂ ’ਤੇ ਜਲਦੀ ਕਬਜ਼ਾ ਕਰ ਲੈਣ ਦੀ ਆਸ ਸੀ ਪਰ ਯੂਕਰੇਨੀਆਂ ਦੇ ਜ਼ਬਰਦਸਤ ਵਿਰੋਧ ਅਤੇ ਅਮਰੀਕਾ ਤੇ ਨਾਟੋ ਵਲੋਂ ਹਥਿਆਰਾਂ ਦੇ ਰੂਪ ਵਿਚ ਮਿਲੀ ਇਮਦਾਦ ਕਰ ਕੇ ਰੂਸ ਦੀ ਪੇਸ਼ਕਦਮੀ ਰੁਕ ਗਈ। ਇਸ ਦੇ ਨਾਲ ਹੀ ਦੱਖਣੀ ਯੂਕਰੇਨ ਅੰਦਰ ਰੂਸ ਦੀਆਂ ਪੁਜ਼ੀਸ਼ਨਾਂ ’ਤੇ ਵੀ ਹਮਲੇ ਤੇਜ਼ ਹੋ ਗਏ। ਰੂਸ ਯੂਕਰੇਨ ਖੂਨੀ ਟਕਰਾਅ ਦੇ ਇਕ ਸਾਲ ਦੌਰਾਨ ਹੋਏ ਜਾਨੀ ਨੁਕਸਾਨ ਬਾਰੇ ਵੱਖੋ-ਵੱਖਰੇ ਅਨੁਮਾਨ ਲਾਏ ਜਾ ਰਹੇ ਹਨ। ਲਗਭਗ 1 ਕਰੋੜ 40 ਲੱਖ ਯੂਕਰੇਨੀ ਬੇਘਰ ਹੋ ਗਏ ਹਨ ਅਤੇ ਇਨ੍ਹਾਂ ਵਿਚੋਂ ਕਰੀਬ 70 ਲੱਖ ਲੋਕਾਂ ਨੇ ਗੁਆਂਢੀ ਮੁਲਕਾਂ ਵਿਚ ਸ਼ਰਨ ਲਈ ਹੈ। ਦੋਵਾਂ ਪਾਸਿਆਂ ਤੋਂ ਅੰਦਾਜ਼ਨ 3 ਲੱਖ ਵਿਅਕਤੀ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਉੱਘੇ ਅਮਰੀਕੀ ਪੱਤਰਕਾਰ ਸਿਮੋਰ ਹਰਸ਼ ਦੀਆਂ ਰਿਪੋਰਟਾਂ ਤੋਂ ਖੁਲਾਸਾ ਹੋਇਆ ਹੈ ਕਿ 21 ਸਤੰਬਰ 2022 ਨੂੰ ਬਾਇਡਨ ਪ੍ਰਸ਼ਾਸਨ ਨੇ ਸਮੁੰਦਰ ਵਿਚਲੀਆਂ ਰੂਸੀ ਗੈਸ ਦੀਆਂ ਦੋ ਪਾਈਪਲਾਈਨਾਂ ਉਡਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਹ ਕੌਮਾਂਤਰੀ ਕਾਨੂੰਨ ਦੀ ਘੋਰ ਉਲੰਘਣਾ ਹੈ ਅਤੇ ਇਸ ਦੀ ਭਰਵੀਂ ਕੌਮਾਂਤਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਸਾਫ਼ ਜ਼ਾਹਿਰ ਹੈ ਕਿ ਰੂਸ ਅਤੇ ਅਮਰੀਕਾ ਵਲੋਂ ਯੂਕਰੇਨ ਵਿਚ ਚੱਲ ਰਿਹਾ ਟਕਰਾਅ ਖਤਮ ਕਰਨ ਲਈ ਕੋਈ ਖਾਸ ਚਾਰਾਜੋਈ ਨਹੀਂ ਕੀਤੀ ਗਈ। ਅੰਦਾਜ਼ਨ 1 ਕਰੋੜ 40 ਲੱਖ ਲੋਕ ਇਸ ਕਾਰਨ ਬੇਘਰ ਹੋ ਚੁੱਕੇ ਹਨ ਅਤੇ ਮੌਤਾਂ ਤੇ ਜ਼ਖ਼ਮੀਆਂ ਦੀ ਸੰਖਿਆ ਬਾਰੇ ਵੱਖੋ-ਵੱਖਰੇ ਅਨੁਮਾਨ ਹਨ। ਕੁਝ ਲੋਕਾਂ ਦਾ ਅਨੁਮਾਨ ਹੈ ਕਿ ਮਾਰੇ ਗਏ ਜਾਂ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਤਿੰਨ ਲੱਖ ਹੈ। ਰੂਸ ਅਤੇ ਚੀਨ ਦੇ ਵਧਦੇ ਰਿਸ਼ਤਿਆਂ ਪ੍ਰਤੀ ਯੂਰੋਪ ਦੇ ਸਰੋਕਾਰਾਂ ਦੇ ਮੱਦੇਨਜ਼ਰ ਭਾਰਤ ਨੇ ਇਸ ਟਕਰਾਅ ਨੂੰ ਸੁਲਝਾਉਣ ਲਈ ਸਾਂਝੇ ਜਤਨ ਕਰਨ ਦੀ ਪੇਸ਼ਕਸ਼ ਕੀਤੀ ਸੀ। ਅਮਰੀਕਾ ਨੇ ਚੀਨ ਦੀ ਵਿਚੋਲਗੀ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਰੂਸ ਅਜਿਹਾ ਕੋਈ ਸਮਝੌਤਾ ਪ੍ਰਵਾਨ ਨਹੀਂ ਕਰੇਗਾ ਜਿਸ ਤਹਿਤ ਉਸ ਨੂੰ ਕ੍ਰਾਇਮੀਆ ਵਿਚ ਸਾਗਰ ਤੱਕ ਆਪਣੀ ਰਸਾਈ ਦੇ ਅਹਿਮ ਅਤੇ ਇਤਿਹਾਸਕ ਕੰਟਰੋਲ ਤੋਂ ਹੱਥ ਧੋਣੇ ਪੈਣ। ਬਿਹਤਰ ਹੋਵੇਗਾ ਜੇ ਓਡੈਸਾ ਬੰਦਰਗਾਹ ਕੌਮਾਂਤਰੀ ਰਸਾਈ ਲਈ ਖੁੱਲ੍ਹੀ ਰੱਖੀ ਜਾਵੇ। ਓਡੈਸਾ ਬੰਦਰਗਾਹ ਅਫਰੀਕਾ ਤੇ ਪੱਛਮੀ ਏਸ਼ੀਆ ਲਈ ਯੂਕਰੇਨ ਤੇ ਰੂਸ ਤੋਂ ਕਣਕ ਦੀ ਸਪਲਾਈ ਲਈ ਬਹੁਤ ਅਹਿਮੀਅਤ ਰੱਖਦੀ ਹੈ। ਇਹ ਉਹ ਅਹਿਮ ਮੁੱਦੇੇ ਹਨ ਜਿਨ੍ਹਾਂ ’ਤੇ ਨਵੀਂ ਦਿੱਲੀ ਵਿਚ ਹੋਣ ਵਾਲੇ ਅਗਲੇ ਜੀ20 ਸਿਖਰ ਸੰਮੇਲਨ ਵਿਚ ਭਰਵੀਂ ਚਰਚਾ ਹੋਣ ਦੇ ਆਸਾਰ ਹਨ।
* ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।