ਕਾਂਗਰਸ 2024 ਦੀਆਂ ਚੋਣਾਂ ਲਈ ਕਿੰਨੀ ਕੁ ਤਿਆਰ ? - ਪਾਰਸ ਵੈਂਕਟੇਸ਼ਵਰ ਰਾਓ ਜੂਨੀਅਰ
ਕਾਂਗਰਸ ਪਾਰਟੀ (ਇੰਡੀਅਨ ਨੈਸ਼ਨਲ ਕਾਂਗਰਸ) ਦੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਹੋਏ ਦੋ-ਰੋਜ਼ਾ ਪਲੈਨਰੀ ਸੈਸ਼ਨ ਦੇ ਖ਼ਾਤਮੇ ਤੋਂ ਬਾਅਦ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਪਾਰਟੀ 2024 ਦੀਆਂ ਆਮ ਚੋਣਾਂ 2014 ਤੇ 2019 ਦੇ ਮੁਕਾਬਲੇ ਵਧੇਰੇ ਜੋਸ਼ ਤੇ ਤਾਕਤ ਨਾਲ ਲੜ ਸਕਦੀ ਹੈ ਜਾਂ ਨਹੀਂ। ਪਾਰਟੀ ਦੇ ਵਫ਼ਾਦਾਰਾਂ ਦੇ ਪਰਿਵਾਰ ਦੇ ਇਕ ਵੰਸ਼ਜ ਦਾ ਕਹਿਣਾ ਹੈ ਕਿ ਕਾਂਗਰਸ ਕੋਲ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦਾ ਵਧੀਆ ਮੌਕਾ ਹੈ ਕਿਉਂਕਿ ਭਾਜਪਾ ਆਪਣਾ ‘ਸਿਖਰਲਾ ਪੱਧਰ’ ਹਾਸਲ ਕਰ ਚੁੱਕੀ ਹੈ ਅਤੇ ਲੋਕ ਤਬਦੀਲੀ ਲਈ ਤਿਆਰ ਹਨ। ਪਰ ਉਸ ਨੂੰ ਇਸ ਗੱਲ ਦਾ ਭਰੋਸਾ ਨਹੀਂ ਕਿ ਕੀ ਪਾਰਟੀ ਇਸ ਮੌਕੇ ਨੂੰ ਸੰਭਾਲਣ ਲਈ ਤਿਆਰ ਹੈ ਜਾਂ ਨਹੀਂ।
ਇਕ ਅਸੰਤੁਸ਼ਟ ਦੇ ਬੋਲ ਸਨ ਕਿ ਪਾਰਟੀ ਆਗੂਆਂ ਨੂੰ ਚੋਣਾਂ ਜਿੱਤਣ ਲਈ ਪਾਰਟੀ ਕਾਰਕੁਨਾਂ ਨਾਲ ਮਿਲ ਕੇ ਕੰਮ ਕਰਨਾ ਸਿੱਖਣਾ ਚਾਹੀਦਾ ਹੈ। ਗ਼ੌਰਤਲਬ ਹੈ ਕਿ ਪਾਰਟੀ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਬਦਬੇ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਅਸੰਤੁਸ਼ਟੀ ਵਾਲੀਆਂ ਆਵਾਜ਼ਾਂ ਕਾਫ਼ੀ ਸੁਣਾਈ ਦਿੰਦੀਆਂ ਹਨ। ਇਸ ਤੋਂ ਇਹੋ ਸੰਕੇਤ ਮਿਲਦਾ ਹੈ ਕਿ ਪਾਰਟੀ ਆਗੂ ਆਪਣੀ ਹੀ ਦੁਨੀਆਂ ਵਿਚ ਰਹਿੰਦੇ ਹਨ ਅਤੇ ਉਹ ਜ਼ਮੀਨੀ ਪੱਧਰ ਦੇ ਵਰਕਰਾਂ ਨਾਲ ਸੰਪਰਕ ਨਹੀਂ ਰੱਖਦੇ। ਉੱਤਰ ਪ੍ਰਦੇਸ਼ ਦੇ ਖ਼ਿੱਤੇ ਬੁੰਦੇਲਖੰਡ ਨਾਲ ਸਬੰਧਿਤ ਇਕ ਕਾਂਗਰਸੀ ਅਹੁਦੇਦਾਰ ਦਾ ਕਹਿਣਾ ਸੀ ਕਿ ਭਾਜਪਾ ਅਤੇ ਆਰਐੱਸਐੱਸ ਵਾਲੇ ਆਪਣੇ ਵਿਚਾਰਾਂ ਨੂੰ ਗਲੀ-ਗਲੀ ਤੱਕ, ਨੁੱਕਰ-ਨੁੱਕਰ ਤੱਕ ਲੈ ਜਾਂਦੇ ਹਨ ਤੇ ਇਨ੍ਹਾਂ ਨੂੰ ਹੇਠਲੇ ਪੱਧਰ ਤੱਕ ਲੋਕਾਂ ਵਿਚ ਫੈਲਾ ਦਿੰਦੇ ਹਨ ਪਰ ਦੂਜੇ ਪਾਸੇ ਕਾਂਗਰਸ ਦੇ ਵਿਚਾਰ ਤੇ ਪ੍ਰਾਪਤੀਆਂ ਮਹਿਜ਼ ਪਾਰਟੀ ਕਾਰਕੁਨਾਂ ਤੇ ਹਮਾਇਤੀਆਂ ਦੇ ਘਰਾਂ ਤੱਕ ਹੀ ਮਹਿਦੂਦ ਰਹਿ ਜਾਂਦੀਆਂ ਹਨ।
ਦਰਅਸਲ ਇਹ ਸੋਨੀਆ, ਰਾਹੁਲ ਤੇ ਪ੍ਰਿਅੰਕਾ ਦੀ ‘ਸਟਾਰ ਕੁਆਲਿਟੀ’ ਹੈ, ਜਿਹੜੀ ਕਲਾਤਮਕ ਸੋਚ ਵਾਲੇ ਸਿਆਸੀ ਦਰਸ਼ਕਾਂ ਨੂੰ ਗੁੱਸਾ ਚਾੜ੍ਹਦੀ ਹੈ। ਉਨ੍ਹਾਂ ਦਾ ਗਾਂਧੀ ਪਰਿਵਾਰ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਪਾਰਟੀ ਨੂੰ ਬੁਰੀ ਤਰ੍ਹਾਂ ਆਪਣੀ ਮੁੱਠੀ ਵਿਚ ਜਕੜਿਆ ਹੋਇਆ ਹੈ ਅਤੇ ਉਹ ਜਥੇਬੰਦੀ ਵਿਚਲੇ ਮਹਿਰੂਮਾਂ ਤੇ ਹਾਸ਼ੀਆਗਤ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਨ - ਜਿਨ੍ਹਾਂ ਵਿਚ ਸ਼ਾਮਲ ਹਨ ਨਿਮਰ ਪਾਰਟੀ ਵਰਕਰ, ਹਲੀਮ ਆਗੂ ਅਤੇ ਨਜ਼ਰਅੰਦਾਜ਼ ਕੀਤੇ ਗਏ ਅਸੰਤੁਸ਼ਟ। ਇਹੋ ਕਾਰਨ ਹੈ ਕਿ ਭਾਜਪਾ ਉੱਤੇ ਨਜ਼ਰ ਰੱਖਣ ਨਾਲੋਂ ਕਾਂਗਰਸ ਉੱਤੇ ਨਜ਼ਰ ਰੱਖਣੀ ਜ਼ਿਆਦਾ ਮਜ਼ੇਦਾਰ ਹੁੰਦੀ ਹੈ। ਉਂਝ ਵੀ ਭਾਜਪਾ ਤਾਂ ਆਰਐੱਸਐੱਸ ਦੇ ਪਹਿਰੇਦਾਰਾਂ (ਵਾਚ-ਟਾਵਰਾਂ) ਵਿਚ ਘਿਰੀ ਹੋਈ ਹੈ।
ਪਲੈਨਰੀ ਸੈਸ਼ਨ ਵਿਚ ਦਿਲਚਸਪੀ ਵਾਲਾ ਇਕ ਹੋਰ ਮੁੱਦਾ ਸੀ ਕਿ ਕੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀਆਂ ਚੋਣਾਂ ਹੋਣਗੀਆਂ ਜਾਂ ਨਹੀਂ। ਇਸ ਸਬੰਧ ਵਿਚ 24 ਫਰਵਰੀ ਨੂੰ ਮੀਡੀਆ ਨੂੰ ਜਾਣਕਾਰੀ ਦੇਣ ਵੇਲੇ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸਾਰਿਆਂ ਨੂੰ ਸਟੀਅਰਿੰਗ ਕਮੇਟੀ ਦੀ ਮੀਟਿੰਗ ਖ਼ਤਮ ਹੋਣ ਤੱਕ ਉਡੀਕਣ ਲਈ ਕਿਹਾ। ਸ਼ਾਮ ਵੇਲੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਧਿਰ ਵਜੋਂ ਕਾਂਗਰਸ ਦੀ ਸਥਿਤੀ ਅਤੇ ਨਾਲ ਹੀ ਦੇਸ਼ ਦੇ ਸਿਆਸੀ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਸੀਡਬਲਿਊਸੀ ਮੈਂਬਰਾਂ ਦੀ ਨਿਯੁਕਤੀ ਦੇ ਅਖ਼ਤਿਆਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਕੀ ਨਿਯੁਕਤੀ ਕਰਨ ਦਾ ਤਰੀਕਾ ਸੋਨੀਆ, ਰਾਹੁਲ ਤੇ ਪ੍ਰਿਅੰਕਾ ਨੂੰ ਸੀਡਬਲਿਊਸੀ ਵਿਚ ਪੱਕੀਆਂ ਸੀਟਾਂ ਦੇਣ ਦਾ ਜ਼ਰੀਆ ਸੀ, ਇਹ ਇਕ ਜਟਿਲ ਬਿੰਦੂ ਸੀ, ਪਰ ਪਾਰਟੀ ਨੇ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਲੱਭ ਲਿਆ। ਇਸ ਦੇ ਨਾਲ ਹੀ ਸਾਬਕਾ ਕਾਂਗਰਸ ਪ੍ਰਧਾਨਾਂ ਤੇ ਪਾਰਟੀ ਨਾਲ ਸਬੰਧਿਤ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸੀਡਬਲਿਊਸੀ ਵਿਚ ਪੱਕੀਆਂ ਸੀਟਾਂ ਦੇਣ ਦਾ ਬੰਦੋਬਸਤ ਕਰਨ ਲਈ ਪਾਰਟੀ ਸੰਵਿਧਾਨ ਵਿਚ ਸੋਧ ਮਨਜ਼ੂਰ ਕੀਤੀ ਗਈ ਹੈ ਤੇ ਸੀਡਬਲਿਊਸੀ ਮੈਂਬਰਾਂ ਦੀ ਗਿਣਤੀ ਵੀ 23 ਤੋਂ ਵਧਾ ਕੇ 35 ਕਰ ਦਿੱਤੀ ਗਈ ਹੈ।
ਪਾਰਟੀ ਸੰਵਿਧਾਨ ਵਿਚ ਕੀਤੀਆਂ ਗਈਆਂ 85 ਤਰਮੀਮਾਂ ਵਿਚੋਂ ਇਕ ਹੋਰ ਅਹਿਮ ਇਹ ਸੀ ਕਿ ਸੀਡਬਲਿਊਸੀ ਵਿਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਪਛੜੇ ਵਰਗਾਂ, ਔਰਤਾਂ, ਘੱਟਗਿਣਤੀਆਂ ਅਤੇ ਨੌਜਵਾਨਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸੰਵਿਧਾਨਿਕ ਸੋਧ ਕਮੇਟੀ ਨੇ ਮਹਿਸੂਸ ਕੀਤਾ ਕਿ ਸਮਾਜ ਦੇ ਨੁਮਾਇੰਦਗੀ ਰਹਿਤ ਜਾਂ ਘੱਟ ਨੁਮਾਇੰਦਗੀ ਵਾਲੇ ਤਬਕਿਆਂ ਨੂੰ ਪੱਕੀ ਥਾਂ ਦਿੱਤੇ ਜਾਣ ਦੀ ਲੋੜ ਹੈ। ਇਹ ਕਾਫ਼ੀ ਗੁੰਝਲਦਾਰ ਸਮਾਜਿਕ ਵਿਉਂਤਕਾਰੀ ਜਾਪਦੀ ਹੈ। ਸੰਵਿਧਾਨ ਸੋਧ ਕਮੇਟੀ ਦੇ ਕਨਵੀਨਰ ਰਣਦੀਪ ਸੁਰਜੇਵਾਲਾ ਨੇ ਮੰਨਿਆ ਕਿ ਇਹ ਅਜਿਹਾ ਕੁਝ ਹੈ ਜਿਹੜਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚੋਂ ਨਿਕਲ ਕੇ ਆਇਆ ਹੈ।
ਸੈਸ਼ਨ ਦਾ ਇਕ ਹੋਰ ਦਿਲਚਸਪ ਪਹਿਲੂ ਉਹ ਛੋਟੀਆਂ ਆਵਾਜ਼ਾਂ ਸਨ, ਜਿਹੜੀਆਂ ਖੜਗੇ ਦੇ ਪ੍ਰਧਾਨਗੀ ਭਾਸ਼ਣ ਤੇ ਸੋਨੀਆ ਦੀ ਤਕਰੀਰ ਤੋਂ ਬਾਅਦ ਸੁਣਾਈ ਦਿੱਤੀਆਂ ਅਤੇ ਨਾਲ ਹੀ ਉਹ ਦਰਮਿਆਨੇ ਆਗੂ ਜਿਨ੍ਹਾਂ ਨੇ ਮਤੇ ਪੇਸ਼ ਕੀਤੇ ਤੇ ਫਿਰ ਜਿਨ੍ਹਾਂ ਨੇ ਇਨ੍ਹਾਂ ਮਤਿਆਂ ਦੀ ਤਾਈਦ ਕੀਤੀ। ਇਹ ਆਗੂ ਮੁਲਕ ਦੇ ਸਾਰੇ ਹਿੱਸਿਆਂ ਨਾਲ ਸਬੰਧਿਤ ਸਨ। ਇਨ੍ਹਾਂ ਵਿਚ ਪੱਛਮੀ ਬੰਗਾਲ ਨਾਲ ਸਬੰਧਤ ਇਕ ਆਗੂ ਸੀ ਜਿਸ ਨੇ ਆਪਣੇ ਸੂਬੇ ਵਿਚ ਕਾਂਗਰਸ ਵਰਕਰਾਂ ਦੀ ਤਰਸਯੋਗ ਹਾਲਤ ਉੱਤੇ ਦੁੱਖ ਜ਼ਾਹਰ ਕੀਤਾ। ਉਸ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ 35 ਸਾਲਾਂ ਤੱਕ ਕਮਿਊਨਿਸਟ ਸਰਕਾਰਾਂ ਅਤੇ ਫਿਰ 13 ਸਾਲਾਂ ਤੱਕ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀ ਮਾਰ ਝੱਲੀ ਹੈ। ਉਸ ਨੇ ਕਿਹਾ ਕਿ ਪਾਰਟੀ ਸੂਬੇ ਵਿਚ ਭਾਜਪਾ ਦਾ ਟਾਕਰਾ ਕਰਨਾ ਜਾਰੀ ਰੱਖੇਗੀ, ਪਰ ਉਹ ਚਾਹੁੰਦਾ ਹੈ ਕਿ ਇਸ ਲਈ ਕੇਂਦਰੀ ਲੀਡਰਸ਼ਿਪ ਵੱਲੋਂ ਸੂਬੇ ਵਿਚ ਪਾਰਟੀ ਦੀ ਮਦਦ ਕੀਤੀ ਜਾਵੇ। ਇਸੇ ਤਰ੍ਹਾਂ ਆਪਣੀ ਗੱਲ ਰੱਖਣ ਵਾਲਿਆਂ ਵਿਚ ਮਿਜ਼ੋਰਮ, ਮਨੀਪੁਰ, ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਅਤੇ ਕੇਰਲ ਨਾਲ ਸਬੰਧਿਤ ਆਗੂ ਵੀ ਸ਼ਾਮਲ ਸਨ। ਪੰਡਾਲ ਵਿਚ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਡੈਲੀਗੇਟਾਂ, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਮੈਂਬਰਾਂ ਅਤੇ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਦੇ ਪ੍ਰਧਾਨਾਂ ਦੀ ਭੀੜ ਸੀ। ਇਹ ਅਮਰੀਕਾ ਵਰਗੀ ਅੰਸ਼ਕ-ਕਾਰਨੀਵਲ ਸਿਆਸੀ ਕਨਵੈਨਸ਼ਨ ਸੀ ਜਿੱਥੇ ਆਮ ਸਿਆਸੀ ਕਾਰਕੁਨ ਪੂਰੇ ਜੋਸ਼ ਨਾਲ ਆਉਂਦੇ ਜਾਪਦੇ ਹਨ।
1970ਵਿਆਂ ਦੌਰਾਨ ਰਾਜਨੀਤੀ ਸ਼ਾਸਤਰੀ ਰਜਨੀ ਕੋਠਾਰੀ ਨੇ ਗੁਜਰਾਤ ਵਿਚ ਕਾਂਗਰਸ ਦੇ ਇਕ ਪਲੈਨਰੀ ਸੈਸ਼ਨ ਵਿਚ ਸ਼ਮੂਲੀਅਤ ਕੀਤੀ ਸੀ ਤੇ ਉਨ੍ਹਾਂ ਪਾਰਟੀ ਦੇ ਸਮਾਜਿਕ ਤੇ ਜਾਤੀ ਢਾਂਚੇ ਦਾ ਇਕ ਨਕਸ਼ਾ ਤਿਆਰ ਕੀਤਾ ਜਿਸ ਸਦਕਾ ਉਨ੍ਹਾਂ ਆਪਣੀ ਕਲਾਸਿਕ ਕਿਤਾਬ ‘ਪੌਲੀਟਿਕਸ ਇਨ ਇੰਡੀਆ’ ਲਿਖੀ। ਕਾਂਗਰਸ ਦੇ ਪਲੈਨਰੀ ਸੈਸ਼ਨ ਨੂੰ ਕੋਠਾਰੀ ਵਰਗੇ ਕਿਸੇ ਹੋਰ ਰਾਜਨੀਤਕ ਮਾਨਵ ਵਿਗਿਆਨੀ ਦੀ ਉਡੀਕ ਹੈ ਤਾਂ ਕਿ ਭਾਰਤੀ ਸਿਆਸੀ ਜਮਾਤ ਦੇ ਸਮਾਜਿਕ ਪਸਾਰ ਨੂੰ ਸਮਝਿਆ ਜਾ ਸਕੇ। ਫਿਰ ਕਾਂਗਰਸ ਵਿਚ ਕਾਫ਼ੀ ਸਮਾਜਿਕ ਵੰਨ-ਸੁਵੰਨਤਾ ਹੈ - ਛੋਟੇ ਕਾਰੋਬਾਰੀਆਂ ਤੋਂ ਲੈ ਕੇ ਕਾਫ਼ੀ ਵੱਡਿਆਂ ਤੱਕ, ਬਲਾਕ ਤੇ ਜ਼ਿਲ੍ਹਾ ਪੱਧਰਾਂ ਤੱਕ ਦੇ ਮਰਦ ਤੇ ਔਰਤਾਂ ਜਿਹੜੇ ਮੁਕਾਮੀ ਸਿਆਸਤ ਵਿਚ ਆਪਣੀ ਪਛਾਣ ਬਣਾਉਣ ਲਈ ਜੂਝ ਰਹੇ ਹੁੰਦੇ ਹਨ। ਇਹ ਇਕ ਦਿਲਚਸਪ ਜਮਹੂਰੀ ਤਮਾਸ਼ਾ ਹੈ। ਦੂਜੇ ਪਾਸੇ ਵਿਚਾਰਧਾਰਾ ਤੇ ਜਾਤ ਆਧਾਰਿਤ ਪਾਰਟੀਆਂ ਵਿਚ ਤੁਹਾਨੂੰ ਇਕੋ ਜਿਹੇ ਵਿਚਾਰਾਂ ਤੇ ਪਛਾਣਾਂ ਵਾਲੇ ਲੋਕ ਮਿਲਣਗੇ। ਕਾਂਗਰਸ ਵਿਚ ਭਾਰਤੀ ਵੰਨ-ਸੁਵੰਨਤਾ ਆਪਣੇ ਪੂਰੇ ਜਲੌਅ ਨਾਲ ਦਿਖਾਈ ਦਿੰਦੀ ਹੈ।
ਇਸ ਮੁੱਖ ਸਵਾਲ ਕਿ ਕੀ ਕਾਂਗਰਸ 2023 ਵਿਚ ਪ੍ਰਸੰਗਿਕ ਹੈ? ਜਿੱਥੇ ਭਾਜਪਾ ਅਤੇ ਖੇਤਰੀ ਪਾਰਟੀਆਂ ਦਾ ਦਬਦਬਾ ਹੈ, ਦਾ ਜਵਾਬ ਰਾਏਪੁਰ ਸੈਸ਼ਨ ਤੋਂ ਮਿਲ ਗਿਆ ਜਾਪਦਾ ਹੈ। ਕਾਂਗਰਸ ਖੜ੍ਹੀ ਹੈ, ਸ਼ਾਇਦ ਦੁਬਿਧਾਪੂਰਨ ਢੰਗ ਨਾਲ। ਕਾਂਗਰਸ ਪਾਰਟੀ ਨੂੰ ਉਦੋਂ ਤੱਕ ਸੰਜੀਦਗੀ ਨਾਲ ਨਹੀਂ ਲਿਆ ਜਾਵੇਗਾ ਜਦੋਂ ਤੱਕ ਇਹ ਉਨ੍ਹਾਂ ਕੁਝ ਸੂਬਿਆਂ ਨੂੰ ਨਹੀਂ ਜਿੱਤਦੀ ਜਿੱਥੇ ਇਸ ਸਾਲ ਤੇ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਹਨ ਤੇ ਨਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਵੱਡੀ ਗਿਣਤੀ ਸੀਟਾਂ ਨਹੀਂ ਜਿੱਤਦੀ। ਪਾਰਟੀ ਵਿਚ ਵੀ ਹਰ ਕਿਸੇ ਨੇ ਕੰਧ ’ਤੇ ਲਿਖਿਆ ਸਾਫ਼ ਪੜ੍ਹ ਲਿਆ ਹੈ ਕਿ ਇਹ ਹੋਂਦ ਬਚਾਈ ਰੱਖਣ ਦੀ ਲੜਾਈ ਹੈ। ਪਾਰਟੀ ਦੇ ਕਾਰਕੁਨ ਇਹ ਲੜਾਈ ਲੜਨ ਦੇ ਪੂਰੇ ਰਉਂ ਵਿਚ ਜਾਪਦੇ ਹਨ ਅਤੇ ਰਾਹੁਲ ਵਿਚ ਇਕ ਸਿਆਸੀ ਆਗੂ ਦੀ ਝਲਕ ਦਿਖਾਈ ਦੇ ਰਹੀ ਹੈ। ਉਨ੍ਹਾਂ ਆਪਣਾ ਸਿਆਸੀ ਕੱਦ ਵਧਾ ਲਿਆ ਹੈ ਤੇ ਹੁਣ ਉਹ 2014 ਅਤੇ 2019 ਵਾਲੇ ਰਾਹੁਲ ਨਹੀਂ ਰਹੇ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਸਾਨ ਹੂੰਝਾਫੇਰ ਜਿੱਤ ਨਹੀਂ ਮਿਲਣ ਵਾਲੀ। ਇਹ ਸਵਾਲ ਕਿ ‘ਜੇ ਮੋਦੀ ਨਹੀਂ ਤਾਂ ਕੌਣ’ ਸ਼ਾਇਦ 2024 ਵਿਚ ਨਾ ਪੁੱਛਿਆ ਜਾਵੇ।
* ਲੇਖਕ ਸੀਨੀਅਰ ਪੱਤਰਕਾਰ ਹੈ।