ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
30 ਜਨਵਰੀ 2023
ਜਦ ਤਕ ਜਿਊਂਦੀ ਰਹਾਂਗੀ, ਜ਼ੁਲਮ ਖ਼ਿਲਾਫ਼ ਲੜਦੀ ਰਹਾਂਗੀ-ਸਵਾਤੀ ਮਾਲੀਵਾਲ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।
ਮੈਦਾਨ ਫ਼ਤਿਹ ਕਰਨ ਵਾਲ਼ੀ ਖਿਡਾਰਨ ਸਰਕਾਰ ਦੀ ਬੇਰੁਖ਼ੀ ਅੱਗੇ ਹਾਰੀ-ਇਕ ਖ਼ਬਰ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਪ੍ਰਸ਼ਾਸਕੀ ਨਿਘਾਰ ਤੋਂ ਬਚਾਉਣ ਲਈ ਰਾਜਪਾਲ ਦਖ਼ਲ ਦੇਣ- ਜਾਖੜ
ਜਾਖੜ ਸਾਬ, ਰਾਜਪਾਲ ਨੂੰ ਮੁੱਖ ਮੰਤਰੀ ਦਾ ਚਾਰਜ ਹੀ ਲੈ ਦਿਉ।
ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਪੁਗਾਉਣ ਲਈ ਕਿਸਾਨੀ ਨੂੰ ਤਬਾਹ ਕਰ ਰਹੀ ਹੈ- ਸੁਪਿੰਦਰ ਸਿੰਘ ਬੱਗਾ
ਅਸਾਂ ਜੇਠ ਨੂੰ ਲੱਸੀ ਨਹੀਉਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।
ਆਮ ਆਦਮੀ ਕਲਿਨਕ ਨਵੀਆਂ ਬੋਤਲਾਂ ‘ਚ ਪੁਰਾਣੀ ਸ਼ਰਾਬ ਵਾਂਗ ਹਨ- ਰਾਜਾ ਵੜਿੰਗ
ਵੜਿੰਗ ਸਾਹਿਬ ਸ਼ਰਾਬ ਜਿਤਨੀ ਪੁਰਾਣੀ ਉਤਨੀ ਹੀ ਵਧੀਆ ਤੇ ਕੀਮਤੀ ਹੁੰਦੀ ਐ।
ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ ‘ਤੇ ‘ਆਪ’ ਸਰਕਾਰ ਦੀ ਆਲੋਚਨਾ- ਇਕ ਖ਼ਬਰ
ਦੋ ਪਈਆਂ ਕਿਧਰ ਗਈਆਂ, ਸਦਕਾ ਢੂਈ ਦਾ।
ਯੂ.ਕੇ. ਦੇ ਪ੍ਰਧਾਨ ਮੰਤਰੀ ਨੇ ਆਪਣੇ ਕੈਬਨਿਟ ਮੰਤਰੀ ਜ਼ਾਹਾਵੀ ਨੂੰ ਕੀਤਾ ਬਰਖ਼ਾਸਤ- ਇਕ ਖ਼ਬਰ
ਪ੍ਰਧਾਨ ਮੰਤਰੀ ਜੀ ਇਕੱਲੀ ਬਰਖਾਸਤਗੀ ਕਾਫ਼ੀ ਨਹੀਂ ਜੇ ਪੈਸਾ ਇਧਰ ਉਧਰ ਹੋਇਆ ਹੈ ਤਾਂ ਉਹ ਵੀ ਕਢਵਾਉ।
ਸੌਦਾ ਸਾਧ ਦੀ ਫ਼ਰਲੋ ‘ਤੇ ਹਰਿਆਣਾ ਦੇ ਜੇਲ੍ਹ ਮੰਤਰੀ ਵਲੋਂ ਗੋਲ਼ ਮੋਲ਼ ਜਵਾਬ- ਇਕ ਖ਼ਬਰ
ਰੱਬ ਤੈਨੂੰ ਰੱਖੇ ਬੱਚਿਆ, ਨਿੱਤ ਝੂਠੀਆਂ ਗਵਾਹੀਆਂ ਦੇਵੇਂ।
ਪਿਛਲੀਆਂ ਚੋਣਾਂ ਨਾਲੋਂ ਵੱਧ ਸੀਟਾਂ ਜਿੱਤੇਗੀ ਭਾਜਪਾ- ਸ਼ੇਖਾਵਤ
ਸਉਣ ਵਿਚ ਆ ਜਾ ਮਿੱਤਰਾ, ਗੁੜ ਵੰਡਦੀ ਪੀਰ ਦੇ ਜਾਵਾਂ।
ਨਵਜੋਤ ਸਿੱਧੂ ਦੀ ਜ਼ਮਾਨਤ ਖੱਟੇ ‘ਚ, ਸਨਮਾਨ ਧਰੇ ਧਰਾਏ ਰਹਿ ਗਏ-ਇਕ ਖ਼ਬਰ
ਨ੍ਹਾਤੀ ਧੋਤੀ ਰਹਿ ਗਈ , ਉੱਤੇ ਮੱਖੀ ਬਹਿ ਗਈ।
ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਨਵੇਂ ਰਾਜਪਾਲ?- ਇਕ ਸਵਾਲ
ਨਵੇਂ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।
ਸਿੱਖਾਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੀ ਹੈ ਹਰਿਆਣਾ ਸਰਕਾਰ-ਝੀਂਡਾ
ਚੰਦ ਕੌਰ ਚੱਕਮਾਂ ਚੁੱਲ੍ਹਾ, ਕਿਤੇ ਯਾਰਾਂ ਨੂੰ ਭਿੜਾ ਕੇ ਮਾਰੂ।
ਹੰਗਾਮੇ ਕਾਰਨ ਦਿੱਲੀ ਦੇ ਮੇਅਰ ਦੀ ਚੋਣ ਫਿਰ ਟਲ਼ ਗਈ-ਇਕ ਖ਼ਬਰ
ਗਿੱਦੜਾਂ ਦੀ ਜੰਨ ਚੜ੍ਹਦੀ, ਜਿੱਥੇ ਸਾਹਾ ਬੋਲੀਆਂ ਪਾਵੇ।
ਪ੍ਰੋ.ਦਰਸ਼ਨ ਸਿੰਘ ਖ਼ਾਲਸਾ ਵਿਰੁੱਧ ਬੇਅਸਰ ਸਿੱਧ ਹੋਇਆ ‘ਜਥੇਦਾਰਾਂ’ ਦਾ ਹੁਕਮਨਾਮਾ- ਇਕ ਖ਼ਬਰ
ਜਿੱਦਾਂ ਦੇ ਆਲ਼ੇ, ਓਦਾਂ ਦੇ ਕੁੱਜੇ।
ਕੁੰਵਰ ਵਿਜੇ ਪ੍ਰਤਾਪ ਵਲੋਂ ਸਰਕਾਰੀ ਭਰੋਸਿਆਂ ਵਾਲ਼ੀ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫ਼ਾ- ਇਕ ਖ਼ਬਰ
ਬੰਤੋ ਦੇ ਬਾਪੂ ਨੇ, ਪੱਗ ਲਾਹ ਕੇ ਸੁਆਹ ਵਿਚ ਮਾਰੀ।