ਰਾਜਪਾਲ-ਮੁੱਖ ਮੰਤਰੀ ਟਕਰਾਅ ਦੇ ਓਹਲੇ - ਰਾਧਿਕਾ ਰਾਮਾਸੇਸ਼ਨ

ਕਿਸੇ ਸੂਬਾਈ ਸਰਕਾਰ ਅਤੇ ਉੱਥੋਂ ਦੇ ਰਾਜਪਾਲ ਵਿਚਕਾਰ ਕਸ਼ਮਕਸ਼ ਅਕਸਰ ਚਲਦੀ ਰਹਿੰਦੀ ਹੈ ਕਿਉਂਕਿ ਰਾਜਪਾਲ ਦੇ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਰਾਸ਼ਟਰਪਤੀ ਵੱਲੋਂ ਜਿਸ ਸੂਬੇ ਵਿੱਚ ਥਾਪਿਆ ਜਾਂਦਾ ਹੈ, ਉਸ ਨੂੰ ‘ਦਿੱਲੀ ਸਲਤਨਤ’ ਦੇ ਵਾਇਸਰਾਏ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਜਿਸ ਦਾ ਮੰਤਵ ਉਸ ਸੂਬੇ ਨੂੰ ‘ਬਸਤੀ’ ਬਣਾਉਣਾ ਹੁੰਦਾ ਹੈ। ਰਾਜਪਾਲ ਤੇ ਮੁੱਖ ਮੰਤਰੀ ਦਾ ਰਿਸ਼ਤਾ ਉਨ੍ਹਾਂ ਸੂਬਿਆਂ ਵਿੱਚ ਖ਼ਾਸ ਤੌਰ ’ਤੇ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ ਜਿੱਥੇ ਉਨ੍ਹਾਂ ਪਾਰਟੀਆਂ ਜਾਂ ਗੱਠਜੋੜ ਦਾ ਰਾਜ ਹੋਵੇ ਜਿਨ੍ਹਾਂ ਦੀ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਨਾਲ ਬਹੁਤੀ ਦਾਲ ਨਹੀਂ ਗ਼ਲਦੀ। ਕੇਂਦਰ ਵਿੱਚ ਭਾਵੇਂ ਸੱਤਾ ਕਿਸੇ ਵੀ ਪਾਰਟੀ ਦੀ ਹੋਵੇ, ਅਕਸਰ ਇਹੋ ਜਿਹੇ ਹਾਲਾਤ ਟਕਰਾਅ ਦਾ ਰੂਪ ਧਾਰਨ ਕਰ ਲੈਂਦੇ ਹਨ।
ਜਦੋਂ ਦਿੱਲੀ ਦੀ ਸੱਤਾ ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਮੋਰਚੇ ਯੂਪੀਏ ਦੇ ਹੱਥਾਂ ਵਿਚ ਸੀ ਤਦ ਝਾਰਖੰਡ ਦੇ ਰਾਜਪਾਲ ਸੱਯਦ ਸਿਬਤੇ ਰਾਜ਼ੀ ਜੋ ਬਜ਼ੁਰਗ ਕਾਂਗਰਸ ਆਗੂ ਰਹੇ ਸਨ, ਨੇ 2005 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਤੋਂ ਬਾਅਦ ਭਾਜਪਾ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਨੂੰ ਨਾਮਨਜ਼ੂਰ ਕਰ ਦਿੱਤਾ ਸੀ, ਹਾਲਾਂਕਿ ਭਾਜਪਾ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ ਸੀ ਤੇ ਉਹ ਪੰਜ ਵਿਧਾਇਕਾਂ ਦੀ ਹਮਾਇਤ ਜੁਟਾਉਣ ਲਈ ਆਜ਼ਾਦ ਵਿਧਾਇਕਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਂਜ, ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਅਤੇ ਅਦਾਲਤ ਦੇ ਸਮੇਂ ਸਿਰ ਦਖ਼ਲ ਦੇਣ ਸਦਕਾ ਰਾਜਪਾਲ ਵੱਲੋਂ ਜੇਐੱਮਐੱਮ ਕਾਂਗਰਸ ਗੱਠਜੋੜ ਦੀ ਸਰਕਾਰ ਕਾਇਮ ਕਰਨ ਦੇ ਮਨਸੂਬਿਆਂ ’ਤੇ ਪਾਣੀ ਫਿਰ ਗਿਆ ਸੀ।
ਇਸੇ ਤਰ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਡੂਰੱਪਾ ਨੇ ਸ਼ਿਕਾਇਤ ਕੀਤੀ ਸੀ ਕਿ ਉੱਥੋਂ ਦੇ ਰਾਜਪਾਲ ਹੰਸ ਰਾਜ ਭਾਰਦਵਾਜ ‘ਕੇਂਦਰ ਦੇ ਏਜੰਟ’ ਵਜੋਂ ਕੰਮ ਕਰ ਰਹੇ ਹਨ। ਜਦੋਂ ਗੁਜਰਾਤ ਵਿਚ ਨਰਿੰਦਰ ਮੋਦੀ ਮੁੱਖ ਮੰਤਰੀ ਸਨ ਤਾਂ ਤਤਕਾਲੀ ਰਾਜਪਾਲ ਕਮਲਾ ਬੈਣੀਵਾਲ ਵਿਧਾਨ ਸਭਾ ਵੱਲੋਂ ਪਾਸ ਕੀਤੀ ਗਈ ਕਾਰਵਾਈ ਦੱਬ ਕੇ ਬੈਠ ਗਏ ਸਨ।
       ਭਾਜਪਾ ਆਪਣੇ ਆਪ ਨੂੰ ਹਮੇਸ਼ਾਂ ‘ਵੱਖਰੀ ਤਰ੍ਹਾਂ ਦੀ ਪਾਰਟੀ’ ਵਜੋਂ ਪੇਸ਼ ਕਰਦੀ ਰਹੀ ਹੈ, ਪਰ ਇਸ ਨੇ ਨਾ ਕੇਵਲ ਕਾਂਗਰਸ ਵੱਲੋਂ ਸਥਾਪਤ ਕੀਤੀਆਂ ਪਿਰਤਾਂ ਨੂੰ ਹੀ ਅਪਣਾ ਲਿਆ ਸਗੋਂ ਇਸ ਖੇਡ ਨੂੰ ਇੱਕ ਵੱਖਰੇ ਹੀ ਮੁਕਾਮ ’ਤੇ ਪਹੁੰਚਾ ਦਿੱਤਾ ਹੈ ਜਿਸ ਤੋਂ ਸਮਝ ਪੈਂਦੀ ਹੈ ਕਿ ਭਾਜਪਾ ਰਾਜਪਾਲਾਂ ਤੋਂ ਇਹ ਤਵੱਕੋ ਕਰਦੀ ਹੈ ਕਿ ਉਹ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨਾਲ ਹਰ ਵੇਲੇ ਆਢਾ ਲਾ ਕੇ ਰੱਖਣ। ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਜਿਵੇਂ ਖੱਬੇ ਮੋਰਚੇ ਦੀ ਸਰਕਾਰ ਨਾਲ ਟਕਰਾਅ ਵਿੱਢਿਆ ਹੋਇਆ ਹੈ, ਵਿਧਾਨਕ ਇਤਿਹਾਸ ਵਿਚ ਉਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਦੀਆਂ ਨਿਯੁਕਤੀਆਂ ਹੋਣ ਜਾਂ ਇੱਕ ਮੰਤਰੀ ਦੇ ਆਚਰਣ ਬਾਰੇ ਉਨ੍ਹਾਂ ਦੀ ਜਨਤਕ ਟੀਕਾ ਟਿੱਪਣੀ ਦਾ ਮਾਮਲਾ ਹੋਵੇ, ਰਾਜਪਾਲ ਖ਼ਾਨ ਹਮੇਸ਼ਾਂ ਰਾਜ ਸਰਕਾਰ ਨਾਲ ਸਿੰਗ ਫਸਾਈਂ ਰੱਖਦੇ ਹਨ। ਮਹਾਰਾਸ਼ਟਰ ਵਿਚ ਜਦੋਂ ਮਹਾਵਿਕਾਸ ਅਗਾੜੀ ਗੱਠਜੋੜ ਦੀ ਸਰਕਾਰ ਚੱਲ ਰਹੀ ਸੀ ਤਾਂ ਰਾਜਪਾਲ ਬੀ ਐੱਸ ਕੋਸ਼ਿਆਰੀ ਸਰਕਾਰ ਨੂੰ ਠਿੱਠ ਕਰਨ ਦਾ ਕੋਈ ਮੌਕਾ ਸੁੱਕਾ ਨਹੀਂ ਜਾਣ ਦਿੰਦੇ ਸਨ, ਪਰ ਜਿਉਂ ਹੀ ਭਾਜਪਾ ਦੀ ਅਗਵਾਈ ਵਾਲੇ ਮੋਰਚੇ ਨੇ ਸੱਤਾ ਸੰਭਾਲ ਲਈ ਤਾਂ ਰਾਜਪਾਲ ਸ਼ਾਂਤ ਹੋ ਕੇ ਬੈਠ ਗਏ।
       ਇਸੇ ਸੰਦਰਭ ਵਿਚ ਤਾਮਿਲ ਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਜਿਵੇਂ ਡੀਐੱਮਕੇ ਦੀ ਸਰਕਾਰ ਨੂੰ ਜਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਪਤਾ ਚੱਲਦਾ ਹੈ ਕਿ ਹਾਲਾਤ ਕਿਸ ਹੱਦ ਤੱਕ ਨਿੱਘਰ ਚੁੱਕੇ ਹਨ। ਰਵੀ ਕੇਂਦਰ ਸਰਕਾਰ ਅਤੇ ਨੈਸ਼ਨਲ ਸੋਸ਼ਲਿਸਟ ਕੌਂਸਿਲ ਆਫ ਨਾਗਾਲੈਂਡ (ਆਇਜ਼ੈਕ ਮੁਈਵਾਹ) ਵਿਚਕਾਰ ਵਾਰਤਾਕਾਰ ਰਹੇ ਸਨ ਅਤੇ ਫਿਰ ਨਾਗਾਲੈਂਡ ਦੇ ਰਾਜਪਾਲ ਵੀ ਰਹੇ ਹਨ। ਉਹ ਇਸ ਸਿਆਸੀ ਯੁੱਧ ਵਿਚ ਡੀਐੱਮਕੇ ਦੇ ਪ੍ਰਮੁੱਖ ਵਿਰੋਧੀ ਬਣ ਕੇ ਉੱਤਰੇ ਹਨ ਤਾਂ ਕਿ ਪਾਰਟੀ ਦੇ ਮੁਹਾਂਦਰੇ ਅਤੇ ਦ੍ਰਾਵਿੜ ਵਿਚਾਰਧਾਰਾ ਨੂੰ ਜੜੋਂ ਉਖੇੜਿਆ ਜਾ ਸਕੇ ਜਿਸ ਦੇ ਸੰਕਲਪ ਦੀ ਬੁਨਿਆਦ 1916 ਵਿਚ ਜਸਟਿਸ ਪਾਰਟੀ ਨੇ ਰੱਖੀ ਸੀ।
ਸ੍ਰੀ ਰਵੀ ਨੇ ਸਤੰਬਰ 2021 ਵਿਚ ਚੇਨਈ ਦੀ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਇਕ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ ਜਿਸ ਵਿਚ ਅੰਡਰਗ੍ਰੈਜੂਏਟ ਮੈਡੀਕਲ ਅਤੇ ਡੈਂਟਲ ਕੋਰਸਾਂ ਵਿਚ ਸਰਕਾਰੀ ਸੀਟਾਂ ਨੂੰ ਕੌਮੀ ਯੋਗਤਾ-ਕਮ-ਦਾਖਲਾ ਪ੍ਰੀਖਿਆ (ਨੀਟ) ਤੋਂ ਛੋਟ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਸੀ।
       ਤਾਜ਼ਾ ਘਟਨਾਕ੍ਰਮ 9 ਜਨਵਰੀ ਨੂੰ ਵਾਪਰਿਆ ਜਦੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੁੰਦੇ ਸਾਰ ਹੀ, ਰਾਜਪਾਲ ਰਵੀ ਨੇ ਰਾਜ ਸਰਕਾਰ ਵੱਲੋਂ ਤਿਆਰ ਕੀਤੇ ਗਏ ਭਾਸ਼ਣ ਦਾ ਇੱਕ ਪੈਰ੍ਹਾ ਪੜ੍ਹਨ ਤੋਂ ਮਨ੍ਹਾ ਕਰ ਦਿੱਤਾ। 1993-95 ਦੇ ਪੁਰਾਣੇ ਵੇਲਿਆਂ ਵਿਚ ਜਦੋਂ ਮੁੱਖ ਮੰਤਰੀ ਜੇ ਜੈਲਲਿਤਾ ਅਤੇ ਤਤਕਾਲੀ ਰਾਜਪਾਲ ਐੱਮ ਚੇਨਾ ਰੈਡੀ ਦਰਮਿਆਨ ਅਣ ਬਣ ਹੋ ਗਈ ਸੀ ਤਦ ਵੀ ਇਹੋ ਜਿਹੇ ਹਾਲਾਤ ਦੇਖਣ ਨੂੰ ਨਹੀਂ ਮਿਲੇ ਸਨ। ਰਾਜਪਾਲ ਵੱਲੋਂ ਜਿਹੜਾ ਕੁੰਜੀਵਤ ਪੈਰ੍ਹਾ ਪੜ੍ਹਨ ਤੋਂ ਛੱਡ ਦਿੱਤਾ ਸੀ, ਉਸ ਵਿਚ ਹੀ ਦ੍ਰਾਵਿੜ ਵਿਚਾਰਧਾਰਾ ਦਾ ਨਿਚੋੜ ਹੈ ਅਤੇ ਇਸ ਦੀ ਬੁਨਿਆਦ ‘‘ਸਮਾਜਿਕ ਨਿਆਂ, ਆਤਮ ਸਨਮਾਨ, ਸਰਬਸਾਂਝੇ ਵਿਕਾਸ, ਸਮਾਨਤਾ, ਔਰਤਾਂ ਦੇ ਅਧਿਕਾਰਾਂ, ਧਰਮਨਿਰਪੱਖਤਾ ਅਤੇ ਸਭਨਾਂ ਨਾਲ ਕਰੁਣਾ ਦੇ ਆਦਰਸ਼ਾਂ ’ਤੇ ਟਿਕੀ ਹੋਈ ਹੈ।’’
       ਡੀਐੱਮਕੇ ਦੇ ਸਮਾਜਿਕ ਨਿਆਂ ਦੇ ਸੰਕਲਪ ਨੇ ਮੱਧ ਵਰਗੀ ਅਤੇ ਪੱਛੜੀਆਂ ਜਾਤੀਆਂ ਦੇ ਬਹੁਤ ਸਾਰੇ ਹਿੱਸਿਆਂ ਨੂੰ ਤਾਂ ਮਜ਼ਬੂਤ ਬਣਾਇਆ ਹੈ, ਪਰ ਇਸ ਵਿਚ ਦਲਿਤਾਂ ਲਈ ਬਹੁਤੀ ਜਗ੍ਹਾ ਨਹੀਂ ਹੈ। ਇਸ ਦੇ ਪੁਰਸ਼ਵਾਦੀ ਅਨਸਰਾਂ ਵੱਲੋਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਇਸੇ ਪੈਰ੍ਹੇ ਵਿਚ ਪੇਰੀਆਰ ਈਵੀ ਰਾਮਾਸਾਮੀ, ਬਾਬਾ ਸਾਹਿਬ ਅੰਬੇਡਕਰ, ਕੇ ਕਾਮਰਾਜ, ਸੀਐੱਨ ਅੰਨਾਦੁਰਾਈ ਅਤੇ ਐੱਮ ਕਰੁਣਾਨਿਧੀ ਦੀਆਂ ਘਾਲਣਾਵਾਂ ਨੂੰ ਉਭਾਰਿਆ ਗਿਆ ਸੀ ਜਿਨ੍ਹਾਂ ਦੀਆਂ ਨੀਤੀਆਂ ਤੇ ਯੋਜਨਾਵਾਂ ਨੇ ਬਿਨਾਂ ਸ਼ੱਕ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਜ਼ਿੰਦਗੀ ਵਿਚ ਸੁਧਾਰ ਲਿਆਂਦਾ ਹੈ। ਸ੍ਰੀ ਰਵੀ ‘ਤਾਮਿਲ ਨਾਡੂ ਦੇ ਲੋਕਾਂ ਲਈ ਸ਼ਾਸਨ ਦੇ ਦ੍ਰਾਵਿੜੀ ਮਾਡਲ’ ਬਾਰੇ ਸਤਰਾਂ ਪੜ੍ਹੇ ਬਗੈਰ ਹੀ ਲੰਘ ਗਏ।
       ਇਸ ਤੋਂ ਪਹਿਲਾਂ ਚਾਰ ਜਨਵਰੀ ਨੂੰ ਰਾਜ ਭਵਨ ਵਿਖੇ ਕਰਵਾਏ ਗਏ ਇੱਕ ਸਮਾਗਮ ਵਿਚ ਰਾਜਪਾਲ ਨੇ ਪ੍ਰਸਤਾਵ ਦਿੱਤਾ ਸੀ ਕਿ ‘ਤਮਿੜਗਾਮ’ ਤਾਮਿਲ ਨਾਡੂ ਲਈ ਜ਼ਿਆਦਾ ਢੁੱਕਵਾਂ ਨਾਂ ਹੈ ਜਿਸ ਤੋਂ ਡੀਐੱਮਕੇ ਭੜਕ ਗਈ। ਸ਼ਾਇਦ ਰਾਜਪਾਲ ਨੂੰ ‘ਨਾਡੂ’ ਸ਼ਬਦ ਜ਼ਿਆਦਾ ਅੱਖੜਦਾ ਸੀ ਜਿਸ ਦਾ ਅਰਥ ਹੁੰਦਾ ਹੈ ਭੂਮੀ ਜਾਂ ਵਤਨ ਜਿਸ ਦਾ ਭਾਵ ਦੇਸ਼ ਜਾਂ ਇੱਕ ਰਾਸ਼ਟਰੀ ਰਾਜ ਵਜੋਂ ਲਿਆ ਜਾ ਸਕਦਾ ਹੈ।
      ਇਹ ਗੱਲ ਸਹੀ ਹੈ ਕਿ ਦ੍ਰਾਵਿੜ ਲਹਿਰ ਦੌਰਾਨ ਰਾਸ਼ਟਰਵਾਦ ਅਤੇ ਅਰਧ ਰਾਸ਼ਟਰਵਾਦ ਬਾਰੇ ਬਹਿਸ ਮੁਬਾਹਿਸੇ ਹੁੰਦੇ ਰਹੇ ਹਨ ਅਤੇ ਇੱਕ ਸਮੇਂ ਡੀਐੱਮਕੇ ਨੇ ਸ਼੍ਰੀਲੰਕਾ ਦੇ ਲਿਬਰੇਸ਼ਨ ਟਾਈਗਰਜ਼ ਆਫ ਤਮਿਲ ਈਲਮ (ਲਿੱਟੇ) ਨਾਲ ਸਾਂਝ ਪਾ ਲਈ ਸੀ ਜਿਸ ਦੀ ਉਸ ਨੂੰ ਭਾਰੀ ਕੀਮਤ ਵੀ ਤਾਰਨੀ ਪਈ ਸੀ। ਕੇਰਲਾ ਤੇ ਪੱਛਮੀ ਬੰਗਾਲ ਦੀ ਤਰ੍ਹਾਂ ਤਾਮਿਲ ਨਾਡੂ ਦੇ ਲੋਕਾਂ ਨੇ ਅਜੇ ਤਾਈਂ ਆਰਐੱਸਐੱਸ-ਭਾਜਪਾ ਦੇ ਅਜਾਰੇਦਾਰ ਹਿੰਦੂ ਰਾਸ਼ਟਰ ਦੀ ਸੋਚ ਨੂੰ ਮੂੰਹ ਨਹੀਂ ਲਾਇਆ ਅਤੇ ਕਾਫ਼ੀ ਸਮਾਂ ਪਹਿਲਾਂ ਹੀ ਇਸ ਨੂੰ ਵੱਖਵਾਦੀ ਮੰਗ ਦੀ ਪੈਰਵੀ ਕਰਨ ਦੀ ਨਿਰਾਰਥਕਤਾ ਦਾ ਅਹਿਸਾਸ ਹੋ ਗਿਆ ਸੀ ਅਤੇ ਇਸ ਨੇ ਫੈਡਰਲ ਭਾਰਤ ਦੇ ਵਿਚਾਰ ਨੂੰ ਪ੍ਰਵਾਨ ਕਰ ਲਿਆ ਸੀ ਅਤੇ ਜਦੋਂ ਤਾਮਿਲਾਂ ਉੱਪਰ ਹਿੰਦੀ ਠੋਸਣ ਦੇ ਕੇਂਦਰਵਾਦੀ ਏਜੰਡੇ ਨੂੰ ਡੱਕਣ ਦਾ ਸਵਾਲ ਉਠਿਆ ਸੀ ਤਾਂ ਇਸ ਵਿਚਾਰ ’ਤੇ ਉਦੋਂ ਡਟ ਕੇ ਪਹਿਰਾ ਵੀ ਦਿੱਤਾ ਸੀ।
      ਡੀਐੱਮਕੇ ਦੀ ਪੱਤ੍ਰਿਕਾ ‘ਮੁਰਾਸੋਲੀ‘ ਵਿਚ ਰਵੀ ਦੇ ਤਮਿੜਗਾਮ ਵਿਚਾਰ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਤਾਮਿਲ ਨਾਡੂ ਦਾ ਨਾਂ ਇੱਕ ਸੰਪ੍ਰਭੂਤਾ ਦਾ ਭਾਵ ਰੱਖਦਾ ਹੈ। ਕੀ ਤੁਹਾਨੂੰ ਰਾਜਸਥਾਨ ਦੀ ਧੁਨੀ ਪਾਕਿਸਤਾਨ, ਅਫ਼ਗਾਨਿਸਤਾਨ, ਉਜ਼ਬੇਕਿਸਤਾਨ ਜਾਂ ਤੁਰਕਮੇਨਿਸਤਾਨ ਨਾਲ ਮੇਲ ਖਾਂਦੀ ਲੱਗਦੀ ਹੈ? ਕੀ ਤੁਹਾਨੂੰ ਤੇਲਗੂ ਦੇਸਮ ਪਾਰਟੀ ਦੇ ਨਾਂ ਵਿਚ ‘ਦੇਸਮ’ ਸ਼ਬਦ ਹੋਣ ’ਤੇ ਕੋਈ ਪਰੇਸ਼ਾਨੀ ਮਹਿਸੂਸ ਹੁੰਦੀ ਹੈ?
       ਹਾਲਾਂਕਿ, ਪਿਛਲੇ ਕਈ ਦਹਾਕਿਆਂ ਤੋਂ ਤਾਮਿਲ ਨਾਡੂ ਭਾਜਪਾ ਲਈ ਦੂਰ ਦੀ ਕੌੜੀ ਬਣਿਆ ਹੋਇਆ ਹੈ, ਪਰ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੀਆਂ ਨਜ਼ਰਾਂ ਇਸ ’ਤੇ ਲੱਗੀਆਂ ਹੋਈਆਂ ਹਨ ਜਿਸ ਕਰ ਕੇ ਇਹ ਸਮਝ ਨਹੀਂ ਪੈ ਰਹੀ ਕਿ ਰਾਜਪਾਲ ਨੂੰ ਐਨੀ ਤੱਦੀ ਕਿਉਂ ਪਈ ਸੀ? ਪ੍ਰਧਾਨ ਮੰਤਰੀ ਮੋਦੀ ਪਰਵਾਸੀ ਭਾਈਚਾਰੇ ਸਾਹਮਣੇ ਅਤੇ ਕੌਮਾਂਤਰੀ ਮੰਚਾਂ ’ਤੇ ਸੰਗਮ ਕਵਿਤਾ ਦੀਆਂ ਸਤਰਾਂ ਪੜ੍ਹਦੇ ਹਨ ਅਤੇ ਮੁਕਾਮੀ ਮੀਟਿੰਗਾਂ ਤੇ ਰੈਲੀਆਂ ਵਿਚ ਵੇਸ਼ਤੀ ਪੁਸ਼ਾਕ ਪਹਿਨਦੇ ਹਨ। ਪਿਛਲੇ ਸਾਲ ਨਵੰਬਰ ਮਹੀਨੇ ਕਰਵਾਏ ਗਏ ‘ਕਾਸ਼ੀ ਤਮਿਲ ਸੰਗਮਮ’ ਸਮਾਗਮ ਵਿਚ ਤਾਮਿਲ ਨਾਡੂ ਨਾਲ ਮੋਦੀ ਦੇ ਰਾਬਤੇ ਨੂੰ ਉਭਾਰਿਆ ਗਿਆ ਸੀ। ਇਸ ਸਮਾਗਮ ਨੂੰ ਭਾਜਪਾ ਵੱਲੋਂ ਮੋੜਵਾਂ ਬਿਰਤਾਂਤ ਘੜਨ ਦੀ ਕੋਸ਼ਿਸ਼ ਵਜੋਂ ਦੇਖਿਆ ਗਿਆ ਸੀ ਜਿਸ ਦਾ ਆਧਾਰ ਦ੍ਰਾਵਿੜੀ ਜਾਤੀਵਾਦੀ ਤੇ ਵੰਡਪਾਉੂ ਦ੍ਰਿਸ਼ਟੀਕੋਣ ਦੇ ਟਾਕਰੇ ’ਤੇ ਹਿੰਦੂਮਤ ਨੂੰ ਉੱਤਰ ਤੇ ਦੱਖਣ ਨੂੰ ਇਕਜੁੱਟ ਕਰਨ ਦੀ ਤਾਕਤ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਰਾਜਪਾਲ ਦੀ ਇਸ ਦਖ਼ਲਅੰਦਾਜ਼ੀ ਕਰ ਕੇ ਭਾਜਪਾ ਦੀ ਸਾਰੀ ਬਿਸਾਤ ਹੀ ਵਿਗੜ ਸਕਦੀ ਹੈ।