ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ - ਜੀ ਪਾਰਥਾਸਾਰਥੀ
ਪਾਕਿਸਤਾਨੀ ਫ਼ੌਜ ਦੇ ਕਿਸੇ ਮੌਜੂਦਾ ਜਾਂ ਸਾਬਕਾ ਅਫ਼ਸਰ ਵੱਲੋਂ ਭਾਰਤ ਦੀ ਤਾਰੀਫ਼ ਦੇ ਸ਼ਬਦ ਅਕਸਰ ਘੱਟ ਹੀ ਸੁਣਨ ਨੂੰ ਮਿਲਦੇ ਹਨ। ਇਸ ਕਰ ਕੇ ਪਾਕਿਸਤਾਨ ਦੇ ਇਕ ਵੱਕਾਰੀ ਅਖ਼ਬਾਰ ‘ਐਕਸਪ੍ਰੈੱਸ ਟ੍ਰਿਬਿਊਨ’ ਵਿਚ ਉੱਥੋਂ ਦੀ ਹਵਾਈ ਸੈਨਾ ਦੇ ਸਾਬਕਾ ਡਿਪਟੀ ਮੁਖੀ ਸ਼ਹਿਜ਼ਾਦ ਅਸਲਮ ਚੌਧਰੀ ਵੱਲੋਂ ਲੰਘੀ 13 ਜਨਵਰੀ ਨੂੰ ਲਿਖਿਆ ਲੇਖ ਪੜ੍ਹ ਕੇ ਹੈਰਾਨੀ ਹੋਈ ਜਿਸ ਵਿਚ ਭਾਰਤ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਗਈ ਹੈ। ਸੇਵਾਮੁਕਤ ਹੋਣ ਮਗਰੋਂ ਏਅਰ ਮਾਰਸ਼ਲ ਚੌਧਰੀ ਸ੍ਰੀਲੰਕਾ ’ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਵੀ ਰਹੇ ਸਨ ਜਦੋਂ ਲਿੱਟੇ ਸ੍ਰੀਲੰਕਾ ਸਰਕਾਰ ਲਈ ਇਕ ਗੰਭੀਰ ਚੁਣੌਤੀ ਬਣੇ ਹੋਏ ਸਨ। ਸ੍ਰੀ ਚੌਧਰੀ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਸ਼ਲਾਘਾ ਕਰਦੇ ਹੋਏ ਲਿਖਿਆ ਕਿ ਇਸ ਸਦਕਾ ਜਿੱਥੇ ਭਾਰਤ ਰੂਸ ਤੋਂ ‘ਤਰਜੀਹੀ ਆਧਾਰ ’ਤੇ’ ਭਾਰੀ ਮਾਤਰਾ ਵਿਚ ਤੇਲ ਹਾਸਲ ਕਰ ਰਿਹਾ ਹੈ ਉੱਥੇ ਚੀਨ ਵੱਲੋਂ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਅਮਰੀਕਾ ਨਾਲ ਵੀ ਤਾਲਮੇਲ ਕਰ ਰਿਹਾ ਹੈ। ਉਨ੍ਹਾਂ ਇਸ ਲੇਖ ਵਿਚ ਦਰਜ ਕੀਤਾ : ‘‘ ਇਹ ਮੰਨਣਾ ਪਵੇਗਾ ਕਿ ਭਾਰਤ ਨੇ ਆਪਣੇ ਸੰਵਿਧਾਨ ਦੀ ਧਾਰਾ 370 ਜੋ ਜੇ ਵਿਵਾਦਤ ਨਾ ਵੀ ਸਹੀ ਤਾਂ ਖਿੱਤੇ ਨੂੰ ਵਿਸ਼ੇਸ਼ ਦਰਜਾ ਦਿੰਦੀ ਸੀ, ਰੱਦ ਕਰ ਕੇ ਜੰਮੂ ਕਸ਼ਮੀਰ ’ਤੇ ਪਾਕਿਸਤਾਨ ਨੂੰ ਧੋਬੀ ਪਟਕਾ ਦੇ ਦਿੱਤਾ ਹੈ।’’
ਉਨ੍ਹਾਂ ਭਾਰਤ ਦੀ ਸੂਚਨਾ ਤਕਨਾਲੋਜੀ, ਇਸ ਦੇ ਮੋਹਰੀ ਸਨਅਤਕਾਰਾਂ ਦੀ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਨਮੋਹਨ ਸਿੰਘ ਦੀ ਖਾਸ ਤੌਰ ’ਤੇ ਸ਼ਲਾਘਾ ਕੀਤੀ ਹੈ। ਸ੍ਰੀ ਚੌਧਰੀ ਨੇ ਇਹ ਵੀ ਲਿਖਿਆ ਹੈ ਕਿ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਧਾਰਾ 370 ਦੀ ਮਨਸੂਖੀ ਦਾ ਕੀ ਮਤਲਬ ਹੈ।
ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ‘ਐਕਸਪ੍ਰੈੱਸ ਟ੍ਰਿਬਿਉੂਨ’ ਦੇ ਇਸ ਲੇਖ ਦੇ ਮਾਆਨੇ ਕੀ ਹਨ। ਇਹ ਗੱਲ ਯਾਦ ਰੱਖਣੀ ਪਵੇਗੀ ਕਿ ਪਾਕਿਸਤਾਨ ਦੇ ਹਾਲ ਹੀ ਵਿਚ ਸੇਵਾਮੁਕਤ ਹੋਏ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਅਮਰੀਕਾ ਨਾਲ ਚੰਗੇ ਸਬੰਧ ਸਨ। ਬਾਇਡਨ ਪ੍ਰਸ਼ਾਸਨ ਨਾਲ ਰਾਬਤਾ ਕਰਨ ਲਈ ਉਹ ਪਾਕਿਸਤਾਨ ਦੇ ਅਹਿਮ ਸੂਤਰ ਵਜੋਂ ਕੰਮ ਕਰ ਰਹੇ ਸਨ ਤੇ ਨਾਲ ਹੀ ਉਹ ਭਾਰਤ ਨਾਲ ਵੀ ਚੰਗੇ ਸਬੰਧ ਕਾਇਮ ਕਰਨ ਦੇ ਚਾਹਵਾਨ ਸਨ। ਹਾਲਾਂਕਿ ਇਹ ਕਿਆਸ ਲਾਉਣਾ ਔਖਾ ਹੈ ਕਿ ਅਜਿਹੇ ਮਨੋਭਾਵ ਜ਼ਾਹਰ ਕਰ ਕੇ ਏਅਰ ਮਾਰਸ਼ਲ ਚੌਧਰੀ ਕੀ ਹਾਸਲ ਕਰਨਾ ਚਾਹੁੰਦੇ ਹਨ, ਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿੱਥੇ ਪਾਕਿਸਤਾਨੀ ਫ਼ੌਜੀ ਨਿਜ਼ਾਮ ਭਾਰਤ ਨਾਲ ਸਬੰਧਾਂ ਦੇ ਸਵਾਲ ’ਤੇ ਆਪਣੀ ਸਰਕਾਰ ਦੀਆਂ ਨੀਤੀਆਂ ਤੇ ਅਨੁਮਾਨਾਂ ’ਤੇ ਭਰਵੇਂ ਭਰੋਸੇ ਦਾ ਐਲਾਨ ਕਰ ਸਕਦੀ ਹੈ, ਪਰ ਉਹ ਜ਼ਮੀਨੀ ਹਕੀਕਤਾਂ ਤੇ ਆਪਣੀਆਂ ਸੀਮਤਾਈਆਂ ਤੋਂ ਬੇਲਾਗ ਵੀ ਨਹੀਂ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਰਮਦਲੀ ਵਿਅਕਤੀ ਹਨ, ਪਰ ਇਸ ਸਮੇਂ ਕਈ ਸਿਆਸੀ ਮੁਸ਼ਕਿਲਾਂ ਵਿਚ ਘਿਰੇ ਹੋਏ ਹਨ। ਇਸ ਸਾਲ ਦੇ ਅੰਤ ਵਿਚ ਪਾਰਲੀਮਾਨੀ ਚੋਣਾਂ ਹੋਣੀਆਂ ਹਨ ਤੇ ਇਮਰਾਨ ਖ਼ਾਨ ਦੀ ਲੋਕਪ੍ਰਿਅਤਾ ਵਿਚ ਕੋਈ ਕਮੀ ਨਹੀਂ ਆ ਰਹੀ। ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਕਿਸੇ ਵੇਲੇ ਸ਼ਰੀਫ਼ ਦੇ ਸਿਆਸੀ ਸਹਿਯੋਗੀ ਰਹੇ ਸਨ, ਪਰ ਉਨ੍ਹਾਂ ਨੂੰ ਅਸਤੀਫ਼ਾ ਦੇ ਕੇ ਇਮਰਾਨ ਖ਼ਾਨ ਨਾਲ ਸਾਂਝ ਪਾਉਣ ਤੋਂ ਰੋਕਣ ਦੀਆਂ ਪ੍ਰਧਾਨ ਮੰਤਰੀ ਦੀਆਂ ਕੋਸਿਸ਼ਾਂ ਬੇਕਾਰ ਸਾਬਿਤ ਹੋਈਆਂ। ਇਸ ਕਰ ਕੇ ਸੂਬਾਈ ਅਸੈਂਬਲੀ ਲਈ ਨਵੇਂ ਸਿਰਿਓਂ ਚੋਣਾਂ ਕਰਵਾਉਣੀਆਂ ਪੈਣਗੀਆਂ ਅਤੇ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਨ ਦੇ ਆਸਾਰ ਨਜ਼ਰ ਆ ਰਹੇ ਹਨ। ਸਾਫ਼ ਜ਼ਾਹਰ ਹੈ ਕਿ ਪਾਰਲੀਮਾਨੀ ਚੋਣਾਂ ਤੋਂ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਸਾਰਥਕ ਤੇ ਨਤੀਜਾਮੁਖੀ ਗੱਲਬਾਤ ਸੰਭਵ ਨਹੀਂ ਹੋ ਸਕੇਗੀ। ਇਸੇ ਕਰ ਕੇ ਪ੍ਰਧਾਨ ਮੰਤਰੀ ਸ਼ਰੀਫ਼ ਨੂੰ ਉਨ੍ਹਾਂ ਦੇ ਦਫ਼ਤਰ ਤੋਂ ਇਹ ਸੁਨੇਹਾ ਮਿਲ ਗਿਆ ਹੈ ਕਿ ਭਾਰਤ ਬਾਰੇ ਸਖ਼ਤ ਸੁਰ ਰੱਖੀ ਜਾਵੇ। ਪ੍ਰਧਾਨ ਮੰਤਰੀ ਨੇ ਇਸ ਦੀ ਪਾਲਣਾ ਕਰਦਿਆਂ ਜੰਮੂ ਕਸ਼ਮੀਰ ਬਾਰੇ ਰਵਾਇਤੀ ਪਾਕਿਸਤਾਨ ਸੁਰ ਅਖਤਿਆਰ ਕਰਦੇ ਹੋਏ ਧਾਰਾ 370 ਬਹਾਲ ਕਰਨ ਦੀ ਮੰਗ ਕੀਤੀ ਹੈ ਜਦਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਤੇ ਰਾਜ ਮੰਤਰੀ ਹਿਨਾ ਰਬਾਨੀ ਖਾਰ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਜੇ ਇਤਰਾਜ਼ਯੋਗ ਗਿਣਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।
ਉਧਰ, ਇਮਰਾਨ ਖ਼ਾਨ ਖੈਬਰ ਪਖਤੂਨਖਵ੍ਹਾ ਸੂਬੇ ਦੀ ਅਸੈਂਬਲੀ ਭੰਗ ਕਰਵਾਉਣ ਵਿਚ ਕਾਮਯਾਬ ਹੋ ਗਏ ਹਨ। ਇਸੇ ਦੌਰਾਨ, ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਤੇ ਸੰਸਾਰ ਬੈਂਕ ਤੇ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਜਿਹੇ ਕੌਮਾਂਤਰੀ ਦਾਨੀਆਂ ਵਿਚਕਾਰ ਮਤਭੇਦ ਨਜ਼ਰ ਆ ਰਹੇ ਹਨ। ਉਂਝ, ਜਨੇਵਾ ਵਿਖੇ ਕੌਮਾਂਤਰੀ ਦਾਨੀ ਕਾਨਫਰੰਸ ਦੌਰਾਨ ਇਨ੍ਹਾਂ ਦੋਵੇਂ ਅਦਾਰਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਗੱਲਬਾਤ ਬਹੁਤ ਹੀ ਸਫਲ ਰਹਿਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਕਾਨਫਰੰਸ ਵਿਚ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ 9.7 ਅਰਬ ਡਾਲਰ ਦੀ ਇਮਦਾਦ ਦਾ ਵਚਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ‘‘ਇਸਲਾਮਿਕ ਡਿਵੈਲਪਮੈਂਟ ਬੈਂਕ ਨੇ 4.2 ਅਰਬ ਡਾਲਰ, ਸੰਸਾਰ ਬੈਂਕ ਨੇ 2 ਅਰਬ ਡਾਲਰ, ਸਾਉੂਦੀ ਅਰਬ 1 ਅਰਬ ਡਾਲਰ, ਏਸ਼ੀਅਨ ਇਨਫਰਾਸਟਰੱਕਚਰ ਡਿਵੈਲਪਮੈਂਟ ਬੈਂਕ 1 ਅਰਬ ਡਾਲਰ, ਏਸ਼ੀਅਨ ਡਿਵੈਲਪਮੈਂਟ ਬੈਂਕ 50 ਕਰੋੜ ਡਾਲਰ, ਅਮਰੀਕਾ 10 ਕਰੋੜ ਡਾਲਰ, ਚੀਨ 10 ਕਰੋੜ ਡਾਲਰ , ਇਟਲੀ 2.3 ਕਰੋੜ ਡਾਲਰ, ਜਪਾਨ 7.7 ਕਰੋੜ ਡਾਲਰ, ਕਤਰ 2.5 ਕਰੋੜ ਡਾਲਰ, ਬਰਤਾਨੀਆ 3 ਕਰੋੜ 60 ਲੱਖ ਡਾਲਰ ਅਤੇ ਫਰਾਂਸ ਨੇ 1 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।‘‘ ਇਹ ਵੀ ਸਾਫ਼ ਹੋ ਗਿਆ ਹੈ ਕਿ ਦਾਨੀ ਸੰਸਥਾਵਾਂ ਤੇ ਮੁਲਕਾਂ ਵੱਲੋਂ ਇਹ ਰਕਮਾਂ ਉਦੋਂ ਹੀ ਜਾਰੀ ਕੀਤੀਆਂ ਜਾਣਗੀਆਂ ਜਦੋਂ ਪਾਕਿਸਤਾਨ ਵੱਲੋਂ ਆਈਐੱਮਐੱਫ ਨਾਲ ਗੱਲਬਾਤ ਮੁਕੰਮਲ ਕਰ ਲਈ ਜਾਵੇਗੀ ਜਿਸ ਦੇ ਕਈ ਸਵਾਲਾਂ ਦੇ ਜਵਾਬ ਆਉਣੇ ਅਜੇ ਬਾਕੀ ਹਨ।
ਪਾਕਿਸਤਾਨ ਵਿਚ ਇਸ ਸਾਲ ਦੇ ਅੰਤ ਤੱਕ ਕੌਮੀ ਅਤੇ ਸੂਬਾਈ ਅਸੈਂਬਲੀਆਂ ਲਈ ਚੋਣਾਂ ਦੀ ਤਿਆਰੀ ਦੇ ਆਸਾਰ ਬਣਦੇ ਜਾ ਰਹੇ ਹਨ। ਆਬਾਦੀ ਦੇ ਲਿਹਾਜ਼ ਤੋਂ ਪੰਜਾਬ ਸਭ ਤੋਂ ਵੱਡਾ ਸੂਬਾ ਹੈ। ਇਮਰਾਨ ਖ਼ਾਨ ਦੀ ਪਾਰਟੀ ਸਿੰਧ ਸੂਬੇ ਅੰਦਰ ਵੀ ਪੈਰ ਜਮਾ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਜੇ ਤੱਕ ਲੰਡਨ ਤੋਂ ਪਾਕਿਸਤਾਨ ਨਹੀਂ ਪਰਤ ਸਕੇ ਤੇ ਉਨ੍ਹਾਂ ਖਿਲਾਫ਼ ਲੱਗੇ ਦੋਸ਼ ਅਜੇ ਤੱਕ ਵਾਪਸ ਨਹੀਂ ਲਏ ਜਾ ਸਕੇ। ਪਾਕਿਸਤਾਨ ਦੀ ਸਿਆਸੀ ਬਿਸਾਤ ’ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਤੇ ਪੰਜਾਬ ਦੇ ਰੌਂਅ ਨੂੰ ਭਾਂਪਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿੱਥੋਂ ਮਰਕਜ਼ੀ ਸੱਤਾ ਦਾ ਰਾਹ ਹੋ ਕੇ ਜਾਂਦਾ ਹੈ। ਫਿਲਹਾਲ, ਹੁਕਮ ਦਾ ਯੱਕਾ ਇਮਰਾਨ ਖ਼ਾਨ ਦੇ ਹੱਥ ਵਿਚ ਜਾਪਦਾ ਹੈ। ਇਮਰਾਨ ਖ਼ਾਨ ਦੀ ਸੁਰ ਭਾਰਤ ਵਿਰੋਧੀ ਮੰਨੀ ਜਾਂਦੀ ਹੈ, ਪਰ ਜਨਰਲ ਬਾਜਵਾ ਦੇ ਹੁੰਦਿਆਂ ਉਹ ਭਾਰਤ ਨਾਲ ਸਬੰਧ ਬਿਹਤਰ ਬਣਾਉਣ ਦੇ ਰਾਹ ’ਤੇ ਚੱਲਦੇ ਰਹੇ ਸਨ। ਇਸ ਕਰ ਕੇ 2020-21 ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਆਈਐੱਸਆਈ ਦੇ ਤਤਕਾਲੀ ਮੁਖੀ ਅਤੇ ਇਮਰਾਨ ਖ਼ਾਨ ਦੇ ਚਹੇਤੇ ਫ਼ੈਜ਼ ਹਮੀਦ ਵਿਚਕਾਰ ਗੁਪਤ ਵਾਰਤਾ ਹੋਈ ਸੀ। ਸ੍ਰੀ ਡੋਵਾਲ 1980ਵਿਆਂ ਵਿਚ ਇਸਲਾਮਾਬਾਦ ਵਿਖੇ ਭਾਰਤੀ ਹਾਈ ਕਮਿਸ਼ਨ ਵਿਚ ਸਮਾਂ ਬਿਤਾ ਚੁੱਕੇ ਹਨ।
ਫਿਲਹਾਲ, ਇਸ ਕਿਸਮ ਦੀ ਗੱਲਬਾਤ ਹੋਣ ਦੇ ਬਹੁਤੇ ਆਸਾਰ ਨਜ਼ਰ ਨਹੀਂ ਆ ਰਹੇ। ਪਾਕਿਸਤਾਨ ਅੰਦਰ ਇਹ ਆਮ ਪ੍ਰਭਾਵ ਬਣਿਆ ਹੋਇਆ ਹੈ ਕਿ ਸ਼ਾਹਬਾਜ਼ ਸ਼ਰੀਫ਼ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰ ਕੇ ਇਮਰਾਨ ਖ਼ਾਨ ਅਗਲੀਆਂ ਪਾਰਲੀਮਾਨੀ ਚੋਣਾਂ ਵਿਚ ਹੂੰਝਾਫੇਰੂ ਜਿੱਤ ਦਰਜ ਕਰ ਸਕਦੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਬਾਇਡਨ ਪ੍ਰਸ਼ਾਸਨ ਲਈ ਇਹ ਵੱਡਾ ਝਟਕਾ ਹੋਵੇਗਾ ਜੋ ਜ਼ਾਹਰਾ ਤੌਰ ’ਤੇ ਇਮਰਾਨ ਖ਼ਾਨ ਨੂੰ ਬਹੁਤਾ ਪਸੰਦ ਨਹੀਂ ਕਰਦੇ। ਇਮਰਾਨ ਖ਼ਾਨ ਨੇ ਆਪਣੀ ਸਰਕਾਰ ਡਿੱਗਣ ਤੋਂ ਪਹਿਲਾਂ ਆਖਰੀ ਅਹਿਮ ਦੌਰਾ ਮਾਸਕੋ ਦਾ ਕੀਤਾ ਸੀ। ਆਈਐੱਮਐੱਫ ਅਤੇ ਸੰਸਾਰ ਬੈਂਕ ਜਿਹੇ ਅਦਾਰਿਆਂ ਨੂੰ ਪਾਕਿਸਤਾਨ ਲਈ ਇਮਦਾਦ ਦੇ ਵੱਡੇ ਪ੍ਰੋਗਰਾਮ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਧਿਆਨ ਨਾਲ ਵਾਚਣਾ ਪਵੇਗਾ। ਇਸ ਤੋਂ ਇਲਾਵਾ ਇਸ ਵੇਲੇ ਪਾਕਿਸਤਾਨ ਦਾ ਸਭ ਤੋਂ ਵੱਡਾ ਦਾਨੀ ਮੁਲ਼ਕ ਸਾਉੂਦੀ ਅਰਬ ਵੀ ਨਹੀਂ ਚਾਹੇਗਾ ਕਿ ਇਮਰਾਨ ਖ਼ਾਨ ਦੁਬਾਰਾ ਸੱਤਾ ਵਿਚ ਪਰਤਣ।
ਨਵੀਂ ਦਿੱਲੀ ਨੇ ਸਪੱਸ਼ਟ ਕੀਤਾ ਹੈ ਕਿ ‘ਉਹ ਪਾਕਿਸਤਾਨ ਨਾਲ ਆਮ ਵਰਗੇ ਤੇ ਦੋਸਤਾਨਾ ਸਬੰਧ ਕਾਇਮ ਕਰਨ ਦੀ ਇੱਛੁਕ ਹੈ ਜਿਨ੍ਹਾਂ ਵਿਚ ਅਤਿਵਾਦ, ਦੁਸ਼ਮਣੀ ਤੇ ਹਿੰਸਾ ਲਈ ਕੋਈ ਥਾਂ ਨਾ ਹੋਵੇ।’ ਪਾਕਿਸਤਾਨ ਨੂੰ ਇਸ ਵੇਲੇ ਤਹਿਰੀਕ-ਏ-ਤਾਲਿਬਾਨ, ਪਾਕਿਸਤਾਨ ਤੋਂ ਸਭ ਤੋਂ ਵੱਡਾ ਖ਼ਤਰਾ ਹੈ ਜਿਸ ਨੂੰ ਕਾਬੁਲ ਦੀ ਸੱਤਾ ’ਚ ਬੈਠੇ ਤਾਲਿਬਾਨ ਤੋਂ ਵੀ ਹਮਾਇਤ ਮਿਲ ਰਹੀ ਹੈ ਤੇ ਨਾਲ ਹੀ ਬਲੋਚਿਸਤਾਨ ਵਿਚ ਵੀ ਸੰਘਰਸ਼ ਜਾਰੀ ਹੈ। ਚੋਣਾਂ ਦੇ ਦਿਨ ਜਿਉਂ ਜਿਉਂ ਨੇੜੇ ਆ ਰਹੇ ਹਨ ਤਾਂ ਪਾਕਿਸਤਾਨ ਦੀ ਸਿਆਸੀ ਅਸਥਿਰਤਾ ਤੇ ਬੇਯਕੀਨੀ ਵੀ ਵਧਦੀ ਜਾ ਰਹੀ ਹੈ, ਪਰ ਜਿੱਥੋਂ ਤੱਕ ਭਾਰਤ ਨਾਲ ਭਵਿੱਖ ਦੇ ਸਬੰਧਾਂ ਦਾ ਸਵਾਲ ਹੈ ਤਾਂ ਇਸ ਮਾਮਲੇ ਵਿਚ ਨਵੇਂ ਨਿਯੁਕਤ ਹੋਏ ਥਲ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਦੀ ਪਹੁੰਚ ਬਹੁਤ ਅਹਿਮ ਸਾਬਿਤ ਹੋਵੇਗੀ।