ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
23 ਜਨਵਰੀ 2023
ਭਗਵੰਤ ਮਾਨ ਨੂੰ ਆਪ ਸਰਕਾਰ ਚਲਾਉਣੀ ਚਾਹੀਦੀ ਹੈ ਨਾ ਕਿ ਕਿਸੇ ਰੀਮੋਟ ਕੰਟਰੋਲ ਨਾਲ਼- ਰਾਹੁਲ ਗਾਂਧੀ
ਰਾਹੁਲ ਜੀ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ ਫਿਰ ਸਲਾਹ ਦਿਉ।
ਅਪਣੇ ਬਿੱਗ ਬੌਸ ਨੂੰ ਖੁਸ਼ ਕਰਨ ਲਈ ਰਾਜਪਾਲ ਕਬੀਲੇ ਦੇ ਸਰਦਾਰ ਵਾਂਗ ਰਵਈਆ ਅਪਨਾਅ ਰਹੇ ਹਨ- ਸਿਸੋਦੀਆ
ਖ਼ੁਸ਼ ਮਾਹੀ ਨੂੰ ਕਰਨ ਦੀ ਮਾਰੀ, ਸੁਰਮਾ ਪਾਈ ਰੱਖਦੀ।
ਮੁੱਖ ਮੰਤਰੀ ਵਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ- ਇਕ ਖ਼ਬਰ
ਨਾ ਰਹੇ ਬਾਂਸ, ਨਾ ਵੱਜੇ ਬੰਸਰੀ।
ਮਨਪ੍ਰੀਤ ਬਾਦਲ ਨੂੰ ਸੱਤਾ ਦੀ ਭੁੱਖ ਹੈ- ਰਾਜਾ ਵੜਿੰਗ
ਰਾਜਾ ਵੜਿੰਗ ਜੀ ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ।
ਮਨਪ੍ਰੀਤ ਬਾਦਲ ਨੇ ਕਾਂਗਰਸ ਦਾ ਪੱਲਾ ਛੱਡ ਕੇ ਭਾਜਪਾ ਦਾ ਹੱਥ ਫੜਿਆ- ਇਕ ਖ਼ਬਰ
ਮੇਰੀ ਬਾਂਹਿਂ ਨਾ ਛੋੜੀਂ ਜੀ ਮੈਂ ਲਾਗੀ ਲੜ ਤੇਰੇ, ਲੜ ਤੇਰੇ।
ਸਿੱਖਾਂ ਵਿਚ ਅਕਾਲੀ ਫੂਲਾ ਸਿੰਘ ਵਰਗੇ ਕਿਰਦਾਰਾਂ ਦੀ ਘਾਟ- ਗਿਆਨੀ ਹਰਪ੍ਰੀਤ ਸਿੰਘ
ਗੁਰਮੁਖ ਪਿਆਰਿਓ ਤੁਹਾਡੇ ਕੋਲ ਹੁਣ ਮੌਕਾ ਹੈ, ਕਰੋ ਇਹ ਘਾਟ ਪੂਰੀ।
ਬਾਦਲ ਅਕਾਲੀ ਦਲ ਨੇ ਪੰਥਕ ਸਲਾਹਕਾਰ ਬੋਰਡ ਬਣਾਇਆ- ਇਕ ਖ਼ਬਰ
ਜੋ ਸੌਦਾ ਸਾਧ ਅਤੇ ਭਾਜਪਾ ਨਾਲ਼ ਨੇੜਤਾ ਦੀਆਂ ਸੰਭਾਵਨਾਵਾਂ ਤਲਾਸ਼ੇਗਾ।
ਭਾਜਪਾ ਤੋਂ ਬਾਅਦ ਹੁਣ ਬਸਪਾ ਵਲੋਂ ਵੀ ਅਕਾਲੀ ਦਲ ਨਾਲ ਗੱਠਜੋੜ ਤੋੜਨ ਦੇ ਸੰਕੇਤ- ਇਕ ਖ਼ਬਰ
ਮੇਰੀ ਲਗਦੀ ਕਿਸੇ ਨਾ ਦੇਖੀ ਕਿ ਟੁੱਟਦੀ ਨੂੰ ਜੱਗ ਜਾਣਦਾ।
ਸੁਖਬੀਰ ਬਾਦਲ ਨੇ ਸੌਦਾ ਸਾਧ ਨੂੰ ਪੈਰੋਲ ਦਿਤੇ ਜਾਣ ਦੀ ਕੀਤੀ ਨਿਖੇਧੀ- ਇਕ ਖ਼ਬਰ
ਨਾਮ ਦਾਨ ਦੇ ਸਾਬਣ ਨਾਲ਼ ਧੋ ਲੈ, ਪਾਪਾਂ ਵਾਲ਼ੀ ਮੈਲ਼ੀ ਜਿੰਦੜੀ।
ਕੇਂਦਰ ਦੇ ਇਸ਼ਾਰੇ ‘ਤੇ ਸੂਬਿਆਂ ਨੂੰ ਪਰੇਸ਼ਾਨ ਕਰ ਰਹੇ ਹਨ ਰਾਜਪਾਲ- ਭਗਵੰਤ ਮਾਨ
ਚੁੱਕੀ ਹੋਈ ਪੰਚਾਂ ਦੀ, ਠਾਣੇਦਾਰ ਦੇ ਬਰਾਬਰ ਬੋਲੇ।
ਪੰਜਾਬ ਦੇ ਆਗੂਆਂ ਨੂੰ ਬਾਈਪਾਸ ਕਰਨ ਲੱਗੀ ਭਾਜਪਾ ਹਾਈ ਕਮਾਨ- ਇਕ ਖ਼ਬਰ
ਨਵਿਆਂ ਦੇ ਸੰਗ ਲੱਗ ਕੇ, ਭੁੱਲ ਗਈ ਯਾਰ ਪੁਰਾਣੇ।
ਸੌਦਾ ਸਾਧ ਨੇ ਮੁੜ ਪਾਈ ਪੈਰੋਲ ਦੀ ਅਰਜ਼ੀ- ਇਕ ਖ਼ਬਰ
ਟਿੱਲੇ ਵਾਲ਼ਿਆਂ ਮਿਲਾ ਦੇ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲ ਲਗਦਾ।
ਮਨਪ੍ਰੀਤ ਬਾਦਲ ਨੇ ਪਹਿਲਾਂ ਅਕਾਲੀ ਦਲ ਦਾ ਭੋਗ ਪਾਇਆ ਹੁਣ ਸਾਡਾ ਪਾ ਗਿਐ- ਪਰਤਾਪ ਸਿੰਘ ਬਾਜਵਾ
ਉਡ ਕੇ ਚਿੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।
ਨਿਆਂਪਾਲਿਕਾ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਸਰਕਾਰ- ਕਪਿਲ ਸਿੱਬਲ
ਮੇਰੀ ਸੇਜ ‘ਤੇ ਸੌਂ ਗਿਆ ਨੀਂ, ਉਹ ਰਾਂਝਣ ਮੱਲੋਜ਼ੋਰੀਂ।
ਪੰਜਾਬ ਕਾਂਗਰਸ ਦੀ ਮੌਜੂਦਾ ਲੀਡਰਸ਼ਿੱਪ ਸਿੱਧੂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ-ਇਕ ਖ਼ਬਰ
ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।