ਪਤੰਗ - ਮਹਿੰਦਰ ਸਿੰਘ ਮਾਨ
ਮੇਰਾ ਵੱਡਾ ਭਰਾ ਤਿੰਨ ਦਿਨ ਪਹਿਲਾਂ ਹੀ ਕਨੇਡਾ ਤੋਂ ਇੰਡੀਆ ਆਇਆ ਸੀ। ਉਸ ਨੇ ਮਿਲਣ ਲਈ ਮੈਨੂੰ ਕੱਲ੍ਹ ਟੈਲੀਫੋਨ ਕੀਤਾ ਸੀ। ਮੈਂ ਅੱਜ ਸਵੇਰੇ ਸਮੇਂ ਸਿਰ ਉੱਠ ਕੇ ਆਪਣੇ ਮੁੰਡੇ ਗੁਰਵਿੰਦਰ ਨੂੰ ਜਗਾਇਆ ਤੇ ਨਹਾ ਕੇ ਸਕੂਲ ਜਾਣ ਲਈ ਤਿਆਰ ਹੋਣ ਨੂੰ ਕਿਹਾ। ਫਿਰ ਬਰੇਕ ਫਾਸਟ ਕਰਕੇ ਉਹ ਸਕੂਲ ਚਲਾ ਗਿਆ। ਸਫਾਈ ਕਰਨ ਵਾਲੀ ਨੂੰ ਮੈਂ ਫੋਨ ਕਰਕੇ ਦੱਸ ਦਿੱਤਾ ਕਿ ਉਹ ਸਫਾਈ ਕਰਨ ਲਈ ਦੁਪਹਿਰ ਤੋਂ ਬਾਅਦ
ਹੀ ਆਵੇ। ਮੈਂ ਆਪਣੀ ਐਕਟਿਵਾ ਸਕੂਟਰੀ ਸਟਾਰਟ ਕੀਤੀ ਤੇ ਪੇਕੇ ਪਿੰਡ ਨੂੰ ਤੁਰ ਪਈ। ਪੇਕਾ ਪਿੰਡ ਮੇਰੇ ਘਰ ਤੋਂ ਤੀਹ ਕੁ ਕਿਲੋਮੀਟਰ ਦੀ ਦੂਰੀ ਤੇ ਹੈ। ਮੈਂ ਇੱਕ ਘੰਟੇ ਵਿੱਚ ਆਪਣੇ ਪੇਕੇ ਘਰ ਪਹੁੰਚ ਗਈ। ਮੈਨੂੰ ਜਾਂਦੀ ਨੂੰ ਮੇਰੇ ਵੱਡੇ ਭਰਾ ਨੇ ਗਲ਼ ਨਾਲ ਲਾ ਲਿਆ। ਫਿਰ ਅਸੀਂ ਬੈਠ ਕੇ ਦੁੱਖ-ਸੁੱਖ ਸਾਂਝਾ ਕੀਤਾ। ਚਾਹ ਪੀਣ ਪਿੱਛੋਂ ਉਸ ਨੇ ਗੁਰਵਿੰਦਰ ਦੀ ਪੜ੍ਹਾਈ ਬਾਰੇ ਪੁੱਛਿਆ ਤੇ ਆਖਿਆ,"ਗੁਰਵਿੰਦਰ ਜਿੰਨਾ ਪੜ੍ਹਨਾ ਚਾਹੁੰਦਾ, ਪੜ੍ਹ ਲੈਣ ਦੇ। ਪੈਸਿਆਂ ਦਾ ਫਿਕਰ ਨਾ ਕਰੀਂ, ਜਿੰਨੀ ਲੋੜ ਹੋਈ, ਭੇਜ ਦਿਆ ਕਰਾਂਗਾ। ਨਾਲੇ ਉਸ ਨੂੰ ਪਤੰਗ ਨਾ ਉਡਾਣ ਦੇਵੀਂ। ਅੱਜ ਕੱਲ੍ਹ ਚਾਈਨਾ ਡੋਰ ਬੜਾ ਨੁਕਸਾਨ ਕਰ ਰਹੀ ਆ। ਇਹ ਕਿਸੇ ਦੇ ਗਲ਼ ਤੇ, ਕਿਸੇ ਦੇ ਮੂੰਹ ਤੇ ਫਿਰੀ ਜਾਂਦੀ ਆ। ਆਪਣਾ ਬਚਾਅ ਆਪ ਹੀ ਕਰਨਾ ਪੈਣਾ ਆਂ। ਸਰਕਾਰਾਂ ਇਸ ਦੇ ਵੇਚਣ ਤੇ ਪਾਬੰਦੀ ਲਾ ਹੀ ਨਹੀਂ ਰਹੀਆਂ।"
"ਵੀਰੇ ਮੈਂ ਗੁਰਵਿੰਦਰ ਨੂੰ ਉੱਕਾ ਹੀ ਪਤੰਗ ਉਡਾਣ ਨਹੀਂ ਦਿੰਦੀ ਤੇ ਨਾ ਹੀ ਉਸ ਨੂੰ ਪਤੰਗ ਉਡਾਣ ਵਾਲੇ ਬੱਚਿਆਂ ਨਾਲ ਰਲਣ ਦਿੰਦੀ ਆਂ।" ਮੈਂ ਆਖਿਆ।
"ਠੀਕ ਆ ਭੈਣੇ।" ਕਹਿ ਕੇ ਉਹ ਚੁੱਪ ਕਰ ਗਿਆ।
ਕੁੱਝ ਸਮਾਂ ਹੋਰ ਠਹਿਰ ਕੇ ਮੈਂ ਆਪਣੇ ਵੱਡੇ ਭਰਾ ਤੋਂ ਆਗਿਆ ਲੈ ਕੇ ਸਕੂਟਰੀ ਸਟਾਰਟ ਕਰਕੇ ਵਾਪਸ ਘਰ ਨੂੰ ਤੁਰ ਪਈ।ਘਰ ਪਹੁੰਚ ਕੇ ਮੈਂ ਗੇਟ ਖੋਲ੍ਹਿਆ ਹੀ ਸੀ ਕਿ ਸਫਾਈ ਕਰਨ ਵਾਲੀ ਵੀ ਆ ਗਈ। ਮੇਰੀਆਂ ਨਜ਼ਰਾਂ ਤੇ ਉਸ ਦੀਆਂ ਨਜ਼ਰਾਂ
ਵਿਹੜੇ ਵਿੱਚ ਡਿਗੇ ਹੋਏ ਦੋ ਪਤੰਗਾਂ ਤੇ ਪੈ ਗਈਆਂ। ਇਸ ਤੋਂ ਪਹਿਲਾਂ ਕਿ ਉਹ ਇਨ੍ਹਾਂ ਪਤੰਗਾਂ ਨੂੰ ਆਪਣੇ ਬੱਚਿਆਂ ਲਈ ਚੁੱਕਦੀ, ਮੈਂ ਛੇਤੀ ਨਾਲ ਜਾ ਕੇ ਉਨ੍ਹਾਂ ਨੂੰ ਚੁੱਕ ਲਿਆ ਤੇ ਟੋਟੇ, ਟੋਟੇ ਕਰ ਦਿੱਤਾ। ਉਹ ਦੋ-ਤਿੰਨ ਮਿੰਟ ਖੜ੍ਹੀ ਮੇਰੇ ਵੱਲ ਦੇਖਦੀ ਰਹੀ ਤੇ ਫਿਰ ਕੁੱਝ ਬੋਲੇ ਬਿਨਾਂ ਸਫਾਈ ਕਰਨ ਲੱਗ ਪਈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554