ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
17 ਜਨਵਰੀ 2023
ਭਗਵੰਤ ਮਾਨ ਦੀ ਘੁਰਕੀ ਤੋਂ ਬਾਅਦ ਪੀ.ਸੀ.ਐੱਸ. ਅਫ਼ਸਰ ਵਾਪਿਸ ਡਿਊਟੀ ‘ਤੇ ਆਏ- ਇਕ ਖ਼ਬਰ
ਆਕੜਦੇ ਹੋ! ਸਾਨ੍ਹ ਹੁੰਨੇ ਆਂ! ਹੁਣ ਮੋਕ ਮਾਰਦੇ ਹੋ! ਗਊ ਦੇ ਜਾਏ ਜੁ ਹੋਏ।
120 ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਹਰਿਆਣੇ ਦੇ ਜਲੇਬੀ ਬਾਬਾ ਨੂੰ 14 ਸਾਲ ਕੈਦ- ਇਕ ਖ਼ਬਰ
ਪੈਰੋਲ ਤਾਂ ਵੱਟ ‘ਤੇ ਪਈ ਐ ਤੇ ਜਲਦੀ ਹੀ ਢੋਲ ਢਮੱਕਿਆਂ ਨਾਲ ਬਾਹਰ ਆ ਜਾਵੇਗਾ।
2022 ‘ਚ ਦਿੱਲੀ ਰਿਹਾ ਭਾਰਤ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ- ਇਕ ਖ਼ਬਰ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
ਪੰਜਾਬ ‘ਚ ਖਾਨਾਜੰਗੀ ਦਾ ਖ਼ਦਸ਼ਾ- ਸੁਖਬੀਰ ਬਾਦਲ
ਲਾ ਦਿਉ ਸਾਰਾ ਜ਼ੋਰ ਕਰ ਲਿਉ 25 ਸਾਲ ਰਾਜ ਫੇਰ।
ਪੰਜਾਬ ਦੀ ਅਫ਼ਸਰਸ਼ਾਹੀ ਬਗ਼ਾਵਤ ਦੇ ਰਾਹ ‘ਤੇ- ਇਕ ਖ਼ਬਰ
ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੋਂਗੇ।
ਦਿੱਲੀ ਤੇ ਹਰਿਆਣੇ ਤੋਂ ਬਾਅਦ ਬੀ.ਜੇ.ਪੀ. ਹੁਣ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ- ਸੁਖਬੀਰ ਬਾਦਲ
ਬਾਦਲ ਸਾਬ ਲੋਕ ਤਾਂ ਕਹਿੰਦੇ ਆ ਪਈ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਬੀ.ਜੇ.ਪੀ.ਪਾਸ ਐ।
ਸਿਮਰਨਜੀਤ ਸਿੰਘ ਮਾਨ ਵਲੋਂ ਕੇਂਦਰ ‘ਤੇ ਸਿੱਖਾਂ ਨਾਲ਼ ਵਿਤਕਰੇ ਦੇ ਦੋਸ਼-ਇਕ ਖ਼ਬਰ
ਉਹੀਓ ਤੇਰੀ ਤੁਣਤੁਣੀ, ਉਹੀਓ ਤੇਰਾ ਰਾਗ।
ਦਿੱਲੀ ਪੁਲਿਸ ਦੀ ਢਿੱਲੀ ਕਾਰਵਾਈ ‘ਤੇ ਸੁਪਰੀਮ ਕੋਰਟ ਵਰ੍ਹਿਆ- ਇਕ ਖ਼ਬਰ
ਦੋ ਪਈ ਕਿਧਰ ਗਈਆਂ ਸਦਕਾ ਢੂਈ ਦਾ।
ਅਫ਼ਸਰਾਂ ਦੀ ਸਮੂਹਿਕ ਛੁੱਟੀ ਲਈ ਮਾਨ ਸਰਕਾਰ ਜ਼ਿੰਮੇਵਾਰ- ਸੁਖਬੀਰ ਬਾਦਲ
ਸੱਸ ਪਿੱਟਣੀ ਮੈਂ ਲਹਿੰਗਾ ਪਾ ਕੇ, ਜੱਗ ਭਾਵੇਂ ਲਾਵੇ ਤੋਹਮਤਾਂ।
ਬੀਬੀ ਬਾਦਲ ਵਲੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਵਿਰੋਧ ਕਰਨ ਦਾ ਸੱਦਾ- ਇਕ ਖ਼ਬਰ
ਡੱਡੂਆਂ ਨੇ ਪਾਇਆ ਭੰਗੜਾ, ਕਾਟੋ ਸਾਜ਼ ਵਜਾਵੇ।
ਰਾਜਪਾਲਾਂ ਨੂੰ ਵਰਕਰਾਂ ਵਜੋਂ ਵਰਤ ਰਹੀ ਹੈ ਕੇਂਦਰ ਸਰਕਾਰ- ਖੜਗੇ
ਸੱਸ ਦੀ ਦੁਖੱਲੀ ਜੁੱਤੀ ਨੂੰ, ਸਹੁਰਾ ਨਿੱਤ ਪਟਿਆਲੇ ਜਾਵੇ।
ਅਫ਼ਸਰਾਂ ਦੇ ਹੱਕ ‘ਚ ਭਾਜਪਾ ਵਲੋਂ ਮਾਨ ਸਰਕਾਰ ਵਿਰੁੱਧ ਮੁਜਾਹਰੇ-ਇਕ ਖ਼ਬਰ
ਝੂਠੀਆਂ ਜ਼ਮੀਰਾਂ ਵਾਲ਼ੇ, ਖਾਲੀ ਹੱਥ ਜਾਂਦੇ ਦੇਖ ਲੈ।
ਅਕਾਲੀ ਦਲ ਬਾਦਲ ਵਲੋਂ ਲਾਏ ਬਹੁਤੇ ਹਲਕਾ ਇੰਚਾਰਜ ਦਾਹੜੀ ਤੇ ਕੇਸ ਕੱਟਣ ਦੇ ਸ਼ੌਕੀਨ- ਝੂੰਦਾਂ ਕਮੇਟੀ
ਤੇੜ ਲਾ ਕੇ ਖੱਦਰ ਦਾ ਸਾਫ਼ਾ, ਚੰਦਰਾ ਸ਼ੌਕੀਨ ਹੋ ਗਿਆ।
ਗ਼ਰੀਬੀ ਪੱਖੋਂ ਭਾਰਤ 117 ਦੇਸ਼ਾਂ ਦੀ ਸੂਚੀ ‘ਚੋਂ 102ਵੇਂ ਨੰਬਰ ‘ਤੇ ਅਪੜਿਆ- ਇਕ ਖ਼ਬਰ
ਖੇਤ ਤਾਂ ਆਪਣਾ ਡੱਬਰਿਆਂ ਖਾ ਲਿਆ, ਮੇਰਾ ਕਾਲਜਾ ਧੜਕੇ।
ਰਿਸ਼ਵਤਖੋਰ ਅਫ਼ਸਰਸ਼ਾਹੀ ਨਾਲ ਨਰਮੀ ਨਹੀਂ ਵਰਤੀ ਜਾ ਸਕਦੀ- ਬਾਜਵਾ
ਲਿਖਿਆ ਵਿਚ ਕੁਰਾਨ ਕਿਤਾਬ ਦੇ ਜੀ, ਗੁਨਾਹਗ਼ਾਰ ਖੁਦਾ ਦਾ ਚੋਰ ਹੈ ਜੀ।
---------------------