'ਸੱਥ ਚਰਚਾ' : 'ਭ੍ਰਿਸ਼ਟਾਚਾਰੀ ਬਨਾਮ ਸਮਾਜ ਸੇਵੀ' - ਮੇਜਰ ਸਿੰਘ 'ਬੁਢਲਾਡਾ'
"ਲੈ ਸੁਣਾ, ਸੂਬੇਦਾਰਾ! ਕੋਈ ਖ਼ਬਰ ਖੁਬਰ, ਸੁਣਿਆਂ ਹੁਣ ਵੱਡੇ ਅਫਸਰ ਭਗਵੰਤ ਮਾਨ ਦੇ ਖਿਲਾਫ ਹੋ ਰਿਹੇ ਨੇ,ਕੀ ਗੱਲ ਹੋ ਗਈ ?"
ਬਲਦੇਵ ਸਿਉਂ ਨੇ ਖ਼ਬਰ ਦੀ ਪੂਰੀ ਜਾਣਕਾਰੀ ਲੈਣ ਲਈ ਸਵਾਲ ਕੀਤਾ ।
" ਹੁਣ ਇਹ ਵੱਡੇ ਅਫਸਰ, ਕੀ ਛੋਟੇ ਅਫ਼ਸਰ, ਉਹ ਸਾਰੇ ਅਧਿਕਾਰੀ ਦੁਖੀ ਨੇ ਸਾਰੇ ਨਵੀਂ ਸਰਕਾਰ ਤੋਂ, ਜਿਹਨਾਂ ਦੇ 'ਦੋ ਨੰਬਰ' ਦੀ ਕਮਾਈ ਨਾ ਹੋਣ ਕਰਕੇ ਬਟੂਏ ਢਿੱਲੇ ਜਾ ਖ਼ਾਲੀ ਰਹਿਣ ਲੱਗ ਪਏ।
ਹੁਣ ਇਹ ਕਹਿੰਦੇ ਨੇ ਬਈ, ਵਿਜੀਲੈਂਸ ਜਾ ਕੋਈ ਹੋਰ ਸਾਡੇ ਅਫਸਰਾਂ ਨੂੰ ਤੰਗ ਨਾ ਕਰੇ।
ਜਿਹੜਾ ਵੀ ਅਧਿਕਾਰੀ ਕਿਸੇ ਕੇਸ ਵਿੱਚ ਕੋਈ ਫੜਿਆ ਜਾਂਦਾ, ਇਹਨਾਂ ਦੀਆਂ ਜਥੇਬੰਦੀਆਂ ਹੜਤਾਲ ਕਰਕੇ ਧਰਨਾ ਲਾਕੇ ਬਹਿ ਜਾਂਦੀਆਂ ਨੇ, ਇਵੇਂ ਇਹ ਅਫ਼ਸਰ ਸਰਕਾਰ ਨੂੰ ਦਬਾਉਣਾ ਚਾਹੁੰਦੇ ਨੇ।
ਸੂਬੇਦਾਰ ਨੇ ਅਫ਼ਸਰਾਂ ਦੀ ਹੜਤਾਲ ਵਾਰੇ ਸਮਝਾਇਆ।
"ਸੂਬੇਦਾਰਾਂ! ਇਹਨਾਂ ਦਾ ਪੱਕਾ ਹੱਲ ਕਰਨਾ ਚਾਹੀਦਾ ਮੁੱਖ ਮੰਤਰੀ ਨੂੰ, ਐਂ ਤਾਂ ਇਹ ਤੰਗ ਬਹੁਤ ਕਰਨਗੇ,ਲੋਕ ਦਫ਼ਤਰਾਂ 'ਚ ਚੱਕਰ ਮਾਰ ਮਾਰ ਅੱਕੇ ਪਏ ਨੇ।"
ਇਹਨਾਂ ਤੋਂ ਅੱਕੇ ਹੋਏ ਨਾਜ਼ਰ ਨੇ ਆਮ ਲੋਕਾਂ ਲਈ ਹਾਅ ਦਾ ਨਾਹਰਾ ਮਾਰਦੇ ਕਿਹਾ।
"ਕਰਤਾ ਜੀ ਹੱਲ, ਭਗਵੰਤ ਮਾਨ ਨੇ ਇਹਨਾਂ ਨੂੰ ਅੱਜ ਦੋ ਵਜੇ ਦਾ ਟਾਈਮ ਦਿੱਤਾ ਸੀ, ਕਹਿੰਦਾ ਜਾ ਤਾਂ ਦੋ ਵਜੇ ਹੜਤਾਲ ਖ਼ਤਮ ਕਰਕੇ ਕੰਮ ਤੇ ਆਜੋ, ਨਹੀਂ ਫਿਰ ਸਸਪੈਂਡ ਹੋਣ ਲਈ ਤਿਆਰ ਰਹੋ।"
"ਫਿਰ ਬਈ ਕੀ ਬਣਿਆ ?"
"ਫਿਰ ਕੀ ਕਰਤੀ ਹੜਤਾਲ ਖ਼ਤਮ, ਆਉਣ ਲੱਗਗੀਆਂ ਖਬਰਾਂ। ਮਖੌਲ ਹੀ ਸਮਝ ਰੱਖਿਆ ਨਵੀਂ ਸਰਕਾਰ ਨੂੰ।
ਇਹਨਾਂ ਭ੍ਰਿਸ਼ਟ ਅਫ਼ਸਰਸ਼ਾਹੀ ਨੇ।"
"ਨਜ਼ਾਰਾ ਲਿਆਤਾ ਮੁੱਖ ਮੰਤਰੀ ਨੇ, ਨਰਮ ਪਾਸਾ ਵੇਖਿਆ ਸੀ ਇਹਨਾਂ ਨੇ, ਹੁਣ ਗਰਮ ਪਾਸਾ ਵੀ ਦੇਖਕੇ ਹਟੇ।"
ਨਾਜ਼ਰ ਨੇ ਖੁਸ਼ੀ ਜ਼ਾਹਰ ਕਰਦੇ ਨੇ ਕਿਹਾ।
" ਦੇਖੋ,ਇਕ ਉਹ ਵੀ ਲੋਕ ਨੇ, ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ 'ਸਮਾਜ ਸੇਵੀ', ਦੇਖੋ ਕਿਵੇਂ ਕੰਮ ਕਰ ਰਹੇ ਨੇ, ਬੇਸਹਾਰੇ ਲੋਕਾਂ ਦੇ ਸਹਾਰੇ ਬਣਦੇ, ਦਿਮਾਗ਼ੀ ਤੌਰ ਤੇ ਬਿਮਾਰ ਲੋਕਾਂ ਦੀ ਦੇਖੋ ਕਿਵੇਂ ਸੇਵਾ ਕਰ ਰਹੇ ਨੇ।
ਦੂਜੇ ਪਾਸੇ ਇਹ ਭ੍ਰਿਸ਼ਟ ਲੋਕ ਨੇ, ਚੰਗੀਆਂ ਤਨਖਾਹਾਂ ਮਿਲਣ ਦੇ ਬਾਵਜੂਦ,ਆਮ ਲੋਕਾਂ ਦੀਆਂ ਜੇਬਾਂ ਤੇ ਹਰ ਵੇਲੇ ਨਿਗਾਹ ਰੱਖਦੇ ਨੇ।"
ਹਰਨੇਕ ਸਿਉਂ ਨੇ ਦੁੱਖ ਜ਼ਾਹਰ ਕਰਦੇ ਨੇ ਕਈ ਗਾਲਾਂ ਵੀ ਕੱਢ ਮਾਰੀਆਂ।
" ਅੱਛਾ, ਇੱਕ ਗੱਲ ਹੋਰ ਆ, ਜੇ ਕਿਤੇ ਆਮ ਲੋਕਾਂ ਦੀਆਂ ਜੇਬਾਂ ਤੇ ਅੱਖ ਰੱਖਣ ਵਾਲੇ, ਲੋਕਾਂ ਦੇ ਹਮਦਰਦ ਬਣਕੇ ਲੋਕਾਂ ਦੇ ਕੰਮ ਕਰਨ, ਲੋਕਾਂ ਨੂੰ ਸਹੀ ਗਾਈਡ ਕਰਨ, ਤਾਂ ਲੋਕਾਂ ਨੇ ਅਸੀਸਾਂ ਤਾਂ ਦੇਣੀਆਂ ਹੀ ਦੇਣੀਆਂ, ਲੋਕ ਜਾਨ ਕਿਹੜਾ ਨਾ ਇਹਨਾਂ ਤੋਂ ਵਾਰ ਦੇਣ ਯਾਰ! ਕਈ ਤਾਂ ਐਹੇ ਜੇ ਵੀ ਨੇ, ਜਿੰਨ੍ਹੇ ਕੁ ਨੋਟਾਂ ਦੀ ਇਹ ਆਸ ਰੱਖਦੇ ਨੇ , ਇਸ ਤੋਂ ਕਿਤੇ ਵੱਧ ਤਾਂ ਉਹ ਵੇਸੈ ਹੀ ਖ਼ਰਚ ਦੇਣ ਇਹਨਾਂ ਤੇ; ਦੁੱਖ ਸੁੱਖ ਵਿੱਚ ਵੱਖਰਾ ਸਹਿਯੋਗ ਮੋਢੇ ਨਾਲ ਮੋਢਾ ਜੋੜ ਕੇ ਖੜਨ ਇਹ ਲੋਕ।"
ਅਜਮੇਰ ਸਿੰਘ ਨੇ ਨਵੀਂ ਗੱਲ ਕਰਦੇ ਹੋਏ ਕਿਹਾ।
" ਬਿਲਕੁਲ ਬਾਈ, ਤੇਰੀ ਸੋਲਾਂ ਆਨੇ ਸੱਚੀ ਗੱਲ ਆ।
ਕਈ ਮੁਲਾਜ਼ਮ ਐਸੇ ਹੈਗੇ ਵੀ ਨੇ, ਜਿਹਨਾਂ ਦੀ ਕਦਰ ਕਰਦੇ ਹੋਏ ਲੋਕ ਆਪ ਫੋਨ ਕਰਕੇ ਪੁੱਛਦੇ ਨੇ,ਦੱਸਿਓ ਜੀ ਕੋਈ ਸੇਵਾ ਹੋਵੇ।"
" ਲੈਅ ਤੂੰ ਬਾਬੇ ਧਰਮੇ ਦੇ ਮੁੰਡੇ ਵੱਲ ਵੇਖਲਾ,ਸਾਰੇ ਕਹਿੰਦੇ ਨੇ ਇਹਦੀ ਸੋਚ ਬਹੁਤ ਵਧੀਆ, ਕਿਸੇ ਤੋਂ ਪੈਸਾ ਧੇਲਾ ਲੈਣਾ ਤਾਂ ਦੂਰ ਦੀ ਗੱਲ, ਕਿਸੇ ਤੋਂ ਚਾਹ ਦਾ ਕੱਪ ਵੀ ਨੀਂ ਪੀਂਦਾ।ਜਦੋਂ ਸੇਵਦਾਰ ਸੀ ਉਦੋਂ ਵੀ, ਹੁਣ ਉਹ ਭਾਈ ਤਰੱਕੀ ਕਰਕੇ ਅੱਗੇ ਵੱਧ ਗਿਆ ਲੋਕਾਂ ਨਾਲ ਐਨਾ ਪਿਆਰ ਵਧਾ ਲਿਆ, ਮੈਂ ਤਾਂ ਇਕ ਦਿਨ ਉਹਦੀਆਂ ਸਿਫ਼ਤਾਂ ਸੁਣ ਸੁਣਕੇ ਹੈਰਾਨ ਹੀ ਰਹਿ ਗਿਆ।"
'ਬਿੰਦਰ' ਨੇ ਇਮਾਨਦਾਰ ਮੁਲਾਜ਼ਮ ਦੀ ਸਿਫ਼ਤ ਕਰਦਿਆਂ ਕਿਹਾ।
"ਇਹਦੇ ਵਾਂਗੂ ਤਾਇਆ, ਆ ਨੰਬਰਦਾਰਾਂ ਦੇ 'ਕਰਨੈਲ' ਦੀ ਇਹੋ ਸਿਫ਼ਤ ਆ, ਜਿਹੜਾ ਪੁਲਿਸ ਵਿਚ ਆ, ਮਜ਼ਾਲ ਆ ਕਿਸੇ ਨੂੰ ਉੱਚਾ ਨੀਵਾਂ ਬੋਲਜੇ ਜਾ ਕਿਸੇ ਤੋਂ ਕੁੱਝ ਲੈ ਲਵੇ।"
ਸੁਖਜਿੰਦਰ ਨੇ ਇਕ ਹੋਰ ਚੰਗੇ ਮੁਲਾਜ਼ਮ ਗੱਲ ਸਾਰਿਆਂ ਵਿੱਚ ਰੱਖੀ।
" ਦੇਖੋ ਆਪਾਂ ਸਾਰੇ ਜਾਣਦੇ ਹਾਂ, ਕਿਸੇ ਵੀ ਮਹਿਕਮੇ ਵਿੱਚ ਵਰਗ ਵਿੱਚ, ਸਾਰੇ ਲੋਕ ਮਾੜੇ ਨੀ ਹੁੰਦੇ, ਸਾਰੇ ਚੰਗੇ ਨੀ ਹੁੰਦੇ।
ਅੱਛਾ,ਹੋਰ ਵੇਖਲਾ ਇਹ ਹਰਾਮ ਦੀ ਕਮਾਈ ਪਚਦੀ ਕਿਸੇ ਕਿਸੇ ਦੇ ਆ, ਬਹੁਤਿਆਂ ਦੀ ਉਲਾਦ ਬਹੁਤ ਮਾੜੀ ਨਿੱਕਲਦੀ ਆ, ਫਲਾਣੇ ਨੂੰ ਵੇਖਲਾ, ਕਿਵੇਂ ਸਿੱਧੀਆਂ ਗਾਲਾਂ ਦਿੰਦਾ ਮੁੰਡਾ ਉਹਨੂੰ, ਕਿਸੇ ਨੂੰ ਉਠੇ ਬੈਠੇ ਨੁੰ ਵੀ ਨਹੀਂ ਦੇਖਦਾ।
ਅਖੀਰ ਪਛਤਾਉਂਦੇ ਫਿਰ ਇਹ ਵੀ ਬਹੁਤ ਨੇ,ਪਰ ਸਮਾਂ ਤਾਂ ਲੰਘ ਚੁੱਕਿਆ ਹੁੰਦਾ।"
ਚਾਨਣ ਸਿਉਂ ਨੇ ਚੁੱਪ ਤੋੜਦਿਆਂ ਪਿੰਡ ਦੇ ਭ੍ਰਿਸ਼ਟਾਚਾਰੀ ਰਹੇ ਇਕ ਅਫ਼ਸਰ ਦੀ ਗੱਲ ਦੱਸਦਿਆਂ ਕਿਹਾ।
"ਫ਼ਰੀਦਾ ਤੇਰੀ ਝੋਂਪੜੀ, ਗਲ ਕਟੀਅਨਿ ਕੇ ਪਾਸ।
ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਿਆ ਉਦਾਸ।"
'ਅਜਮੇਰ ਸਿਉਂ' ਨੇ ਬਾਬਾ ਫ਼ਰੀਦ ਦਾ ਦੋਹਾਂ ਸੁਣਾਉਦਿਆਂ ਹੋ ਰਹੀ ਚਰਚਾ ਖ਼ਤਮ ਕਰਦਿਆਂ ਕਿਹਾ।
ਮੇਜਰ ਸਿੰਘ 'ਬੁਢਲਾਡਾ'
94176 42327