ਖਿਆਲ - ਤਰਸੇਮ ਬਸ਼ਰ
ਉਦੋਂ ਠੰਡ ਨਹੀਂ ਸੀ ਲੱਗਦੀ ਹੁੰਦੀ ।
ਵਿਰਲਾਂ ਥਾਣੀਂ ਆਉਂਦੀਆਂ ਰੌਸ਼ਨੀ ਦੀਆਂ ਕਿਰਨਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਛੱਤ ਧੁੱਪ ਨਾਲ ਭਰੀ ਹੋਈ ਹੈ । ਧੁੱਪੇ ਛੱਤ ਮੈਨੂੰ ਪਾਣੀ ਦੇ ਭਰੇ ਹੋਏ ਸਮੁੰਦਰ ਵਾਂਗ ਜਾਪਦੀ ਹੈ।
ਅਨੰਤ ।
ਮੈਂ ਧੁੱਪੇ ਚਲਾ ਜਾਂਦਾ ਹਾਂ ।
ਛਤ ਕਮਰਿਆਂ ਵਾਂਗ ਠੰਡੀ ਨਹੀਂ।
ਰਾਤ ਦਾ ਪਿਆ ਮੰਜਾ ਵੀ ਨਹੀਂ ।
ਕਮਰੇ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਠੰਢੀ ਯੱਖ਼ ਸਨ , ਛਤ ਵਿਚ ਧੁੱਪੇ ਪਾਈਆਂ ਸਭ ਚੀਜ਼ਾਂ ਨਿਘੀਆਂ ਹਨ ।
ਮੈਂ ਨਿੱਘੇ ਹੋਏ ਮੰਜੇ ਤੇ ਲੇਟ ਜਾਂਦਾ ਹਾਂ ।
ਪਿੰਡੇ ਤੇ ਪੈਂਦੀ ਧੁੱਪ ਜਿਵੇਂ ਅੰਦਰ ਧਸਦੀ ਜਾ ਰਹੀ ਹੈ ।
ਇਹ ਮੇਰੀ ਪਸੰਦ ਦਾ ਮੌਸਮ ਹੈ , ਬਹਾਰ ਨਹੀਂ ਹੈ ਪਰ ਹੈ ਬਹਾਰ ਵਰਗਾ।
ਠੰਡ ਅਤੇ ਨਿੱਘ ਦੇ ਆਪਾ ਵਿਰੋਧ ਵਿਚੋਂ ਨਿਕਲਿਆ ਹੋਇਆ ਹਸੀਨ ਅਹਿਸਾਸ । ਅਚਾਨਕ ਹਵਾ ਦਾ ਇੱਕ ਠੰਡਾ ਬੁਲਾ ਮੇਰੇ ਚਿਹਰੇ ਨਾਲ ਟਕਰਾਉਂਦਾ ਹੈ ,
ਪਤਾ ਨਹੀਂ ਕਦੋਂ, ਹਰੇ ਭਰੇ ਹਰਿਆਲੀ ਨਾਲ ਲੱਦੇ ਹੋਏ ਖ਼ੇਤ ਖ਼ਿਆਲਾਂ ਲਹਿਰਾਉਣ ਲੱਗ ਪੈਂਦੇ ਹਨ ।
ਬਰਸੀਮ ਦਾ ਖੇਤ, ਕਿਆਰੀਆਂ ਵਿਚ ਗਿੱਠ ਗਿੱਠ ਹੋਈ ਕਣਕ, ਸਭ ਕੁਝ ਤਰੇਲ ਨਾਲ ਭਿੱਜਿਆ ਹੋਇਆ ਹੈ, ਪੌਦਿਆਂ ਦੀਆਂ ਲਮਕਦੀਆਂ ਪੱਤੀਆਂ ਨਾਲ ਝੂਲਦੇ ਹੋਏ ਤਰੇਲ ਦੇ ਤੁਪਕੇ ।
ਜਿਥੋਂ ਤੱਕ ਨਿਗ੍ਹਾ ਜਾਵੇ ਹਰਿਆਲੀ ਹੀ ਹਰਿਆਲੀ ਹੈ ।
ਭਿੱਜੀ ਹੋਈ ਠੰਡੀ ਬਰਸੀਮ ਉੱਤੇ ਤੁਰੇ ਫਿਰਦੇ ਨਿੱਕੇ ਨਿੱਕੇ ਪੈਰ ।
ਇਹ ਤਾਂ ਮੈਂ ਹਾਂ ।
ਬਚਪਨ ਵਿੱਚ ਖੜਾ ਮੈਂ ।
ਨਿੱਕਾ ਜਿਹਾ ਮੈਂ ।
ਪੌਦਿਆਂ ਦੀਆਂ ਨੁੱਕਰਾਂ ਨਾਲ ਝੂਲਦੇ ਤਰੇਲ ਦੇ ਇਨ੍ਹਾਂ ਤੁਪਕਿਆਂ ਨੂੰ ਦੇਖ ਕੇ ਮੈਂ ਅਕਸਰ ਸੋਚਦਾ, ਕਿੰਨੇ ਚਲਾਕ ਹਨ , ਝੂਲਦੇ ਰਹਿੰਦੇ ਹਨ ਡਿੱਗਦੇ ਨਹੀਂ ।
ਬਰਸੀਮ ਦੇ ਖੇਤ ਵਿੱਚ ਖੜ੍ਹਾ ਮੈਂ ਸਾਹਮਣੇ ਪਿੰਡ ਦੇ ਘਰਾਂ ਨੂੰ ਤੱਕ ਰਿਹਾ ਹਾਂ ।
ਮੇਰੇ ਦੋਸਤ ਹਨ ਛੋਟੇ-ਬੜੇ ਦੋਸਤ, ਉਹ ਖੇਤਾਂ ਵੱਲ ਦੌੜੇ ਆ ਰਹੇ ਹਨ । ਉਹਨਾਂ ਦੇ ਪੈਰ ਨੰਗੇ ਹਨ, ਮੇਰੇ ਪੈਰ ਵੀ ਨੰਗੇ ਹਨ
ਹਰੀ ਭਿੱਜੀ ਹੋਈ ਬਰਸੀਮ ਵੀ ਠੰਡੀ ਹੈ ਪਰ ਮੇਰੇ ਨਿੱਕੇ ਪੈਰਾਂ ਨੂੰ ਠੰਡ ਦਾ ਕੋਈ ਅਹਿਸਾਸ ਨਹੀ ।
ਉਦੋਂ ਠੰਡ ਨਹੀਂ ਸੀ ਲੱਗਦੀ ਹੁੰਦੀ । ਦੋਸਤਾਂ ਨਾਲ ਖੇਡਦਿਆ ਉਦੋਂ ਭੁੱਖ ਵੀ ਨਹੀਂ ਸੀ ਲੱਗਦੀ ਹੁੰਦੀ । ਉਦੋਂ ਚਿੰਤਾ ਵੀ ਨਹੀਂ ਸੀ ਹੁੰਦੀ । ਉਦੋਂ...........
ਅਚਾਨਕ, ਹਵਾ ਦਾ ਜੋਰਦਾਰ ਤੇ ਠੰਡਾ ਬੁਲਾ ਆਇਆ , ਮੈਨੂੰ ਠੰਡ ਦਾ ਅਹਿਸਾਸ ਹੋਇਆ । ਠੰਡ ਦੇ ਇਸ ਅਹਿਸਾਸ ਨੇ ਮੈਨੂੰ ਖ਼ਿਆਲਾਂ ਦੀ ਦੁਨੀਆਂ ਤੋਂ ਬਾਹਰ ਲਿਆਂਦਾ ਸੀ ।
ਧੁੱਪ ਤੇਜ਼ ਸੀ ਪਰ ਹਵਾ ਠੰਢੀ ਸੀ ।
ਲੋਈ ਦੀ ਬੁੱਕਲ ਮਾਰਦਿਆਂ ਮੈਂ ਸੋਚ ਰਿਹਾ ਸੀ ਕੀ ਵਾਕਈ ਉਦੋਂ ਠੰਡ ਨਹੀਂ ਸੀ ਲਗਦੀ ।
ਤਰਸੇਮ ਬਸ਼ਰ
9814163071