ਮਾਛੀਵਾੜੇ ਦੇ ਜੰਗਲ ਵਿੱਚ - ਬੁੱਧ ਸਿੰਘ ਨੀਲੋਂ
ਮੈਂ ਕਈ ਦਿਨ ਤੋਂ ਮਾਛੀਵਾੜੇ ਦੇ ਕੰਕਰੀਟ
ਜੰਗਲਾਂ ਵਿੱਚ ਘੁੰਮਦਾ ਫਿਰਦਾ ਹਾਂ
ਮੈਨੂੰ ਗੁਰੂ ਜੀ ਤਾਂ ਟਿੰਡ ਦਾ ਸਰਾਣਾ ਲਾਈ
ਪਏ ਦਿਖਦੇ ਹਨ, ਪਰ ਕੋਈ
ਗੁਰੂ ਦਾ ਸਿੱਖ ਨਜ਼ਰ ਨਹੀਂ ਆਇਆ
ਮੈਂ ਗੁਰੂ ਜੀ ਚਰਨਾਂ ਵੱਲ ਬੈਠਾ
ਉਨ੍ਹਾਂ ਨਾਲ ਮਨ ਹੀ ਮਨ ਗੱਲਾਂ ਕਰਦਾ ਹਾਂ
ਗੁਰੂ ਜੀ ਦੇ ਜਖ਼ਮੀ ਪੈਰ ਹਨ
ਮੁੱਖ ਨੂਰੋ ਨੂਰ ਹੈ
ਇੱਕ ਅਵੱਲਾ ਸਰੂਰ ਹੈ।
ਸੂਰਜ ਵਾਂਗੂੰ ਦਗਦਾ ਮੁੱਖ
ਹਵਾ ਵਿੱਚ ਆਵਾਜ਼ ਗੂੰਜਦੀ ਹੈ
"ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦੇ ਕਹਿਣਾ“
ਕੋਈ ਗਾ ਰਿਹਾ ਹੈ
ਮੈਂ ਸਾਹ ਰੋਕ ਕਿ ਬੈਠਾ ਹਾਂ।
ਕਿਤੇ ਗੁਰੂ ਜੀ ਦੀ ਅੱਖ ਨਾ ਖੁਲ੍ਹ ਜਾਵੇ
ਮੈਂ ਬੁੱਢੇ ਦਰਿਆ ਵੱਲ ਜਾਂਦਾ ਹਾਂ
ਉਸਦਾ ਗੰਦਾ ਪਾਣੀ
ਮੈਨੂੰ ਜ਼ਹਿਰ ਵਰਗਾ ਲੱਗਦਾ ਹੈ
ਬੁੱਢਾ ਦਰਿਆ ਮੈਨੂੰ
ਸਵਾਲ ਕਰਦਾ ਹੈ
ਕਿ ਮੈਨੂੰ ਕਿਉਂ ਪਲੀਤ ਕਰ ਦਿੱਤਾ
ਮੇਰਾ ਕੀ ਕਸੂ੍ਰ ਹੈ ?
ਮੇਰੇ ਕੋਲ ਜਵਾਬ ਨਹੀਂ
ਫੇਰ ਕੋਈ ਗਾ ਰਿਹਾ ਹੈ
ਗੁਰੂ ਜੀ ਜਾਗਦੇ ਹਨ
ਮੈਂ ਸੌ ਜਾਂਦਾ ਹਾਂ
ਮੈਂ ਕਦੋਂ ਜਾਗਾਂਗਾ ?
ਪਤਾ ਨਹੀਂ ?
ਤੁਸੀਂ ਕਦੋਂ ਗੂੜ੍ਹੀ ਨੀਂਦ ਵਿੱਚੋਂ ਜਾਗੋਗੇ ??
ਮੈਂ ਨਹੀਂ ਜਾਣਦਾ
ਪਰ ਮੈਂ ਆਪਣਾ-ਆਪਾ ਛਾਣਦਾ ਹਾਂ
ਮੈਂ ਕਿਸੇ ਦੀ ਉਡੀਕ ਵਿੱਚ ਹਾਂ।
ਕੋਈ ਮੇਰੇ ਨਾਲ ਨਾਲ ਤੁਰ ਰਿਹਾ ਹੈ
ਮੈਂ ਜੰਗਲ 'ਚ ਗੁਆਚ ਗਿਆ ਹਾਂ
ਮਾਛੀਵਾੜਾ ਮੇਰੇ ਨਾਲ ਗੱਲਾਂ ਕਰਦਾ ਹੈ
ਮੈਂ ਜੰਗਲ ਵਿੱਚ ਹਾਂ
ਜੰਗਲ ਮੇਰੇ ਵਿੱਚ ਹੈ !
ਮੈਂ ਮਾਛੀਵਾੜੇ ਨੂੰ ਸਜਦਾ ਕਰਦਾ ਹਾਂ !
ਬੁੱਧ ਸਿੰਘ ਨੀਲੋਂ
ਸੰਪਰਕ : 9464370823