ਤਾਂ ਕਿ ਸਨਦ ਰਹੇ ... - ਵਿਜੈ ਬੰਬੇਲੀ

ਮੁੱਦੇ ਵੱਲ ਆਉਣ ਤੋਂ ਪਹਿਲਾਂ ਇੱਕ ਕਥਾ ਸੁਣਾਵਾਂਗਾ: ਜਾਪਾਨ ਦੀ ਮਿਨਾਮਾਤਾ ਖਾੜੀ ਨੇੜੇ ਮਛੇਰਿਆਂ ਦੀ ਨਿੱਕੀ ਜਿਹੀ ਬਸਤੀ ਸੀ। ਮਛੇਰਿਆਂ ਨੇ ਰੋਜ਼ ਵਾਂਗ ਇਸ ਖਾੜੀ ਵਿਚੋਂ ਮੱਛੀਆਂ ਫੜੀਆਂ ਅਤੇ ਮੰਡੀ ਵਿਚ ਵੇਚ ਦਿੱਤੀਆਂ। ਮੱਛੀ ਖਾਂਦੇ ਸਾਰ ਹੀ ਸੈਂਕੜੇ ਜਾਪਾਨੀ ਮਰਨ ਕਿਨਾਰੇ ਹੋ ਗਏ। ਜਦੋਂ ਬਾਕੀ ਮੱਛੀਆਂ ਦੇ ਢਿੱਡ ਪਾੜੇ ਗਏ ਤਾਂ ਲੋਕ ਭੈ-ਭੀਤ ਹੋ ਗਏ। ਮੱਛੀਆਂ ਵਿਚ ਉਹ ਜ਼ਹਿਰੀਲਾ ਪਾਰਾ ਸੀ ਜਿਹੜਾ ਮਿਨਾਮਾਤਾ ਕੰਢੇ ਲੱਗੇ ਕਾਰਖਾਨਿਆਂ ਨੇ ਸਾਗਰ ਵਿਚ ਗੰਦਗੀ ਵਜੋਂ ਕਦੇ ਡੋਲ੍ਹਿਆ ਸੀ। ਚੌਗਿਰਦਾ ਮਾਹਿਰ ਡਾ. ਡੇਵਿਡ ਸੁਜ਼ੂਕੀ ਦਿਲਚਸਪ ਵਰਨਣ ਕਰਦੇ ਹਨ : 40ਵਿਆਂ ਵਿਚ ਜਦੋਂ ਅਜੇ ਉਹ ਜਵਾਨੀ ਵਿਚ ਪੈਰ ਧਰ ਰਹੇ ਸਨ ਤਾਂ ਓਨਤੇਰੀਓ ਦੀ ਝੀਲ ਤੇ ਕੱਪ ਲੈ ਕੇ ਚਲੇ ਜਾਂਦੇ ਤੇ ਸਾਫ ਪਾਣੀ ਪੀ ਲੈਂਦੇ ਸਨ। ਇਹ ਝੀਲ ਆਸਟਰੇਲੀਆ ਵਿਚ ਹੈ। ਮੈਂ ਅਤੇ ਮੇਰੇ ਹਾਣੀ ਹੁਣ ਚੌਗਿਰਦਾ ਬਿਲਕੁਲ ਹੀ ਬਦਲਿਆ ਹੋਇਆ ਦੇਖ ਰਹੇ ਹਾਂ। ਹੁਣ ਇਸ ਝੀਲ ਦੇ ਕੰਢੇ ਚਿਤਾਵਨੀਆਂ ਵਾਲੇ ਬੋਰਡ ਲਿਖ ਕੇ ਲਾਏ ਹੋਏ ਹਨ। ਦਰਅਸਲ, ਸਮੁੰਦਰ ਵਿਚੋਂ ਭੋਜਨ ਲਈ ਫੜੀ ਇੱਕ ਟਨ ਮੱਛੀ ਬਦਲੇ ਉਸ ਵਿਚ ਤਿੰਨ ਟਨ ਕੂੜਾ ਕਰਕਟ ਸੁੱਟ ਦਿੱਤਾ ਜਾਂਦਾ ਹੈ ਅਤੇ ਸ਼ੁਧ ਪਾਣੀ ਵਿਚ ਲਖੂਖਾ ਲਿਟਰ ਵਿਹੁਲੇ ਪਦਾਰਥ।
ਸ਼ਰਾਬ ਦੇ ਕਾਰਖਾਨਿਆਂ ਵਿਚੋਂ ਨਿਕਲੀ ਤਰਲ ਗੰਦਗੀ ਤੇ ਰੋੜ੍ਹ ਨੂੰ ਲਾਹਣ ਦਾ ਨਾਂ ਦਿੱਤਾ ਗਿਆ ਹੈ। ਇਹ ਵਿਹੁਲਾ ਬਦਬੂਦਾਰ ਪਦਾਰਥ ਹੈ। ਇਸ ਗੰਦਗੀ ਨੂੰ ਬਾਹਰ ਸੁੱਟਣ ਤੋਂ ਪਹਿਲਾਂ ਸੋਧਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਕਿੰਨੇ ਕੁ ਕਾਰਖਾਨੇ ਇਨ੍ਹਾਂ ਨੇਮਾਂ ਦੀ ਪਾਲਣਾ ਕਰ ਰਹੇ ਹਨ? ਇਹ ਕਾਰਜ ਬਹੁਤ ਜ਼ਿਆਦਾ ਮਿਕਦਾਰ ਵਿਚ ਪਾਣੀ ਦੀ ਖ਼ਪਤ ਮੰਗਦਾ ਹੈ। ਇਸੇ ਲਈ ਹੁਣ ਜੀਵੀ-ਸੋਧਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਰ ਅਮਲ ਮਨਫ਼ੀ ਹੈ। ਸਾਧਾਰਨ ਜਿਹੀ ਡਿਸਟਿਲਰੀ ਜਿਹੜੀ ਪ੍ਰਤੀ ਦਿਨ 40,000 ਲਿਟਰ ਸ਼ਰਾਬ ਬਣਾਉਂਦੀ ਹੈ, ਇਸ ਵਿਹੁਲੇ ਲਾਹਣ ਦੀ 4 ਤੋਂ 6 ਲੱਖ ਲਿਟਰ ਮਾਤਰਾ ਪੈਦਾ ਕਰ ਦਿੰਦੀ ਹੈ। ਇਹੀ ਹਾਲ ਕਾਗਜ਼ ਮਿੱਲਾਂ ਅਤੇ ਰਸਾਇਣ ਵਾਲੇ ਹੋਰ ਕਾਰਖਾਨਿਆਂ ਦਾ ਹੈ।
ਵਾਤਾਵਰਨ ਸੁਰੱਖਿਆ ਅਧਿਨਿਯਮ (ਜੀਵੀ ਆਕਸੀਜਨ ਮੰਗ) ਇਸ ਰੋੜ੍ਹ ਨੂੰ ਪਾਣੀ ਵਿਚ ਰੋੜ੍ਹਨ ਲਈ 30 ਮਿਲੀਗ੍ਰਾਮ ਪ੍ਰਤੀ ਲਿਟਰ ਅਤੇ ਜ਼ਮੀਨੀ ਰੋੜ੍ਹ ਲਈ 100 ਮਿਲੀਗ੍ਰਾਮ ਪ੍ਰਤੀ ਲਿਟਰ ਦੀ ਆਗਿਆ ਦਿੰਦੀ ਹੈ ਪਰ ਸਾਡੇ ਕਾਰਖਾਨੇ ਇਹ ਮਾਤਰਾ 50,000 ਮਿਲੀਗ੍ਰਾਮ ਪ੍ਰਤੀ ਲਿਟਰ ਦੀ ਭਿਆਨਕ ਦਰ ਨਾਲ ਜਲ-ਵਹਿਣਾਂ ਵਿਚ ਡੋਲ੍ਹ ਜਾਂ ਧਰਤੀ ਅੰਦਰ ਭੇਜ ਰਹੇ ਹਨ। ਇਸੇ ਤਰ੍ਹਾਂ ‘ਰਸਾਇਣੀ ਆਕਸੀਜਨ ਮੰਗ’ ਦੀ ਆਗਿਆ 250 ਮਿਲੀਗ੍ਰਾਮ ਪ੍ਰਤੀ ਲਿਟਰ ਹੈ ਪਰ ਇਹ 85,000 ਮਿਲੀਗ੍ਰਾਮ ਪ੍ਰਤੀ ਲਿਟਰ ਹੈ। ਇਹ ਕਾਰਖਾਨੇ ਫਿਰ ਵੀ ਚਲ ਰਹੇ ਹਨ, ਕੋਈ ਕਾਨੂੰਨ ਨਹੀਂ, ਕੋਈ ਸਜ਼ਾ ਨਹੀਂ। ਇੱਕ ਵਾਤਾਵਰਨ ਮਾਹਿਰ ਨੇ ਕਿਹਾ ਸੀ, “ਇਨ੍ਹਾਂ ਕਾਰਖਾਨੇਦਾਰਾਂ ਨੂੰ ਵਸਤਾਂ ਬਣਾਉਣ ਦੇ ਲਾਇਸੈਂਸ ਤਾਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਦਿੱਤੇ ਹੋਏ ਹਨ ਪਰ ਇਨ੍ਹਾਂ ਨੂੰ ਜੀਵਨ ਨਸ਼ਟ ਕਰਨ ਦੇ ਲਾਇਸੈਂਸ ਕਿਸ ਨੇ ਦਿੱਤੇ ਹਨ?”
ਦੂਜੀ ਗਾਥਾ ਸਾਡੀ ਆਪਣੀ ਹੈ :
ਹਰ ਭਾਰਤੀ ਪਰਿਵਾਰ ਹਰ ਰੋਜ਼ ਔਸਤ ਰੂਪ ਵਿਚ ਅੱਧੀ ਟੋਕਰੀ ਗੰਦਗੀ ਪੈਦਾ ਕਰਦਾ ਹੈ। ਇਸ ਵਿਚ ਮਲ-ਮੂਤਰ ਤੋਂ ਇਲਾਵਾ, ਰਹਿੰਦ-ਖੂੰਹਦ, ਘਰਾਂ ਦੀ ਗੰਦਗੀ ਆਦਿ ਸ਼ਾਮਲ ਹਨ। ਕਰੀਬ 20 ਕਰੋੜ ਪਰਿਵਾਰ ਹਰ ਰੋਜ਼ 10 ਕਰੋੜ ਟੋਕਰੀਆਂ ਗੰਦਗੀ ਦੀਆਂ ਪੈਦਾ ਕਰ ਰਹੇ ਹਨ। ਇੱਕ ਸਾਲ ਵਿਚ ਗੰਦਗੀ ਦੇ 40 ਅਰਥ ਟੋਕਰੇ ਢੇਰਾਂ ਉੱਪਰ ਪੁੱਜ ਜਾਂਦੇ ਹਨ। ਇਹ ਕਚਰਾ ਜਿੱਥੇ ਜੀਅ ਥਾਏਂ ਖਲਾਰ ਦਿੱਤਾ ਜਾਂਦਾ ਹੈ। ਬਹੁਤ ਵਾਰੀ ਇਹ ਜਲ ਸੋਮਿਆਂ ਦਾ ਹਿੱਸਾ ਬਣ ਜਾਂਦਾ ਹੈ। ਇਸ ਗੰਦਗੀ ਕਾਰਨ ਹੀ ਗੰਗਾ ਮਲੀਨ ਹੋ ਚੁੱਕੀ ਹੈ ਅਤੇ ਮੂਸੀ ਨਦੀ (ਹੈਦਰਾਬਾਦ) ਆਖਿ਼ਰੀ ਸੁਆਸ ਲੈ ਰਹੀ ਹੈ। ਸ੍ਰੀਨਗਰ ਦੀ ਆਰਥਿਕ ਸਾਹਰਗ ਡੱਲ ਝੀਲ ਵੀ ਮਰਨ ਕਿਨਾਰੇ ਹੈ। ਮਨੀਪੁਰ ਦੀ ਲੋਕਤਾਰ ਝੀਲ ਦਾ ਵੀ ਇਹੋ ਹਸ਼ਰ ਹੋ ਰਿਹਾ ਹੈ। ਉੜੀਸਾ ਦੀ ਝਿਲਕਾ ਝੀਲ ਨੂੰ ਵੀ ਖ਼ਤਰਾ ਹੈ। ਇਹੀ ਹਾਲ ਕੂਮ ਨਦੀ ਅਤੇ ਹੈਦਰਾਬਾਦ ਤੇ ਸਿੰਕਦਰਾਬਾਦ ਨੂੰ ਵੰਡਦੇ ਹੁਸੈਨ ਸਾਗਰ ਦਾ ਹੈ। ਭਾਰਤ ਦੇ ਪਵਿੱਤਰ ਮੰਨੇ ਜਾਂਦੇ ਗੰਗਾ, ਜਮਨਾ, ਕਾਵੇਰੀ ਤੇ ਗੋਦਾਵਰੀ ਦਰਿਆਵਾਂ ਦਾ ਜਲ ਵੀ ਬੇਹੱਦ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ਕੰਢੇ 98 ਸ਼ਹਿਰ ਅਤੇ ਕਸਬੇ ਹਨ। ਇਸ ਦੀ 2,525 ਕਿਲੋਮੀਟਰ ਲੰਬਾਈ ਵਿਚ ਲਗਭਗ 29 ਅਰਬ ਘਣ ਮੀਟਰ ਗੰਦਾ ਪਾਣੀ ਹਰ ਰੋਜ਼ ਡਿਗਦਾ ਹੈ। ਕੇਵਲ 16 ਸ਼ਹਿਰ ਅਜਿਹੇ ਹਨ ਜਿਨ੍ਹਾਂ ਕੋਲ ਸੀਵਰ ਵਰਗੀ ਵਿਵਸਥਾ ਹੈ; ਬਾਕੀ 82 ਸ਼ਹਿਰਾਂ ਤੇ ਨਗਰਾਂ ਦਾ ਮਲ-ਮੂਤਰ ਤੇ ਕਚਰਾ ਸਿੱਧਾ ਹੀ ਨਦੀ ਵਿਚ ਸੁੱਟਿਆ ਜਾ ਰਿਹਾ ਹੈ।
ਬਿਨਾ ਸ਼ੱਕ ਇਹ ਭਾਈਚਾਰਕ ਸਮੱਸਿਆ ਹੈ, ਪੂਰਾ ਭਾਈਚਾਰਾ ਮਿਲ ਕੇ ਹੀ ਹੱਲ ਕਰ ਸਕਦਾ ਹੈ ਪਰ ਮੁੱਖ ਫਰਜ਼ ਰਾਜ-ਪ੍ਰਬੰਧਕਾਂ ਦਾ ਹੈ। ਪੰਜਾਬ ਦੇ ਸਮੁੱਚੇ ਜਲ-ਵਹਿਣਾਂ ਅਤੇ ਧਰਤੀ ਹੇਠਲੇ ਪਾਣੀ ਦੀ ਹੋਣੀ, ਕਿਤੇ ਫੇਰ ਸਹੀ। ਅਜੇ, ਜ਼ੀਰਾ ਸੰਘਰਸ਼ ’ਤੇ ਹੀ ਧਿਆਨ ਇਕਾਗਰ ਕਰੀਏ, ਅੱਜ ਇਹੀ ਕਰਨਾ ਬਣਦਾ ਹੈ।
ਬਹੁਤਾ ਕਸੂਰ ਧੜਵੈਲ ਮੁਲਕਾਂ ਅਤੇ ਸਥਾਨਕ ਰਾਜ-ਪ੍ਰਬੰਧਾਂ ਦਾ ਹੈ। ਮਾਨਵਵਾਦੀ ਲਾਪਤੇਵ ਅਨੁਸਾਰ- “ਨਫ਼ੇ ਲਈ, ਦੌਲਤ ਲਈ ਅਤੇ ਹੋਰ ਦੌਲਤ ਹਥਿਆਉਣ ਲਈ ਫਿਰ ਦੂਜਿਆਂ ਉੱਪਰ ਇਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਅਕਸਰ ਕੁਦਰਤੀ-ਨਿਆਂ ਦੀਆਂ ਸੰਸਾਰਵਿਆਪੀ ਸਪੱਸ਼ਟ ਧਾਰਨਾਵਾਂ ਨੂੰ ਵੀ ਧੁੰਦਲਾ ਕਰ ਦਿੰਦੀ ਹੈ।”
ਧਨ ਕੁਬੇਰਾਂ ਦੇ ਪ੍ਰਿਤਪਾਲਕ ਸਾਡੇ ਹਾਕਮ ਇਸੇ ਡਗਰ ’ਤੇ ਹੀ ਤਾਂ ਤੁਰੇ ਹੋਏ ਹਨ।
ਸੰਪਰਕ : 94634-39075