ਗੁਜਰਾਤ : ਭਾਜਪਾ ਦੀ ਵੱਡੀ ਜਿੱਤ ਦੇ ਕਾਰਨ - ਸ਼ਿਵ ਇੰਦਰ ਸਿੰਘ
ਗੁਜਰਾਤ ਵਿਚ ਭਾਜਪਾ ਨੇ ਲਗਾਤਾਰ ਸੱਤਵੀਂ ਵਾਰ ਚੋਣਾਂ ਜਿੱਤ ਕੇ ਰਿਕਾਰਡ ਸਿਰਜਿਆ ਹੈ ਅਤੇ ਆਪਣਾ 27 ਸਾਲ ਪੁਰਾਣਾ ਕਿਲ੍ਹਾ ਬਰਕਰਾਰ ਰੱਖਿਆ ਹੈ। ਭਾਜਪਾ ਨੇ 182 ਮੈਂਬਰੀ ਵਿਧਾਨ ਸਭਾ ਵਿਚੋਂ 156 ਸੀਟਾਂ ਜਿੱਤੀਆਂ ਹਨ ਅਤੇ 53 ਫ਼ੀਸਦ ਵੋਟ ਹਾਸਲ ਕੀਤੇ ਹਨ। ਕਾਂਗਰਸ ਨੂੰ ਸਿਰਫ਼ 17 ਸੀਟਾਂ ਹਾਸਲ ਹੋਈਆਂ ਤੇ ਉਸ ਦਾ ਵੋਟ 27 ਫ਼ੀਸਦ ਰਿਹਾ। ਗੁਜਰਾਤ ਵਿਚ ਦੂਜੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ‘ਆਪ’ ਨੇ 5 ਸੀਟਾਂ ਲੈ ਕੇ ਵਿਧਾਨ ਸਭਾ ਵਿਚ ਹਾਜ਼ਰੀ ਲਗਾਈ ਹੈ ਤੇ 13 ਫ਼ੀਸਦ ਦੇ ਕਰੀਬ ਵੋਟ ਹਾਸਲ ਕੀਤੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 99 ਸੀਟਾਂ ਜਿੱਤੀਆਂ ਅਤੇ 49.1 ਫੀਸਦ ਵੋਟ ਪ੍ਰਾਪਤ ਕੀਤੇ ਸਨ। ਉਸ ਸਮੇਂ ਕਾਂਗਰਸ ਨੇ 77 ਸੀਟਾਂ ਲੈ ਕੇ ਭਾਜਪਾ ਨੂੰ ਤਕੜੀ ਟੱਕਰ ਦਿੱਤੀ ਸੀ। ਭਾਜਪਾ ਨੇ 2002 ਦੇ ਫਿ਼ਰਕੂ ਦੰਗਿਆਂ ਤੋਂ ਬਾਅਦ ਹੋਈਆਂ ਚੋਣਾਂ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਜਿੱਤੀਆਂ 127 ਸੀਟਾਂ ਦੇ ਰਿਕਾਰਡ ਨੂੰ ਤਾਂ ਮਾਤ ਪਾਈ ਹੀ ਹੈ, 1985 ਵਿਚ ਕਾਂਗਰਸ ਵਲੋਂ ਮਾਧਵਸਿੰਹ ਸੋਲੰਕੀ ਦੀ ਅਗਵਾਈ ਵਿਚ ਜਿੱਤੀਆਂ 149 ਸੀਟਾਂ ਦਾ ਰਿਕਾਰਡ ਵੀ ਤੋੜ ਦਿੱਤਾ।
ਚੋਣਾਂ ਤੋਂ ਬਾਅਦ ਭਾਜਪਾ ਨੇ ਇਸ ਨੂੰ ਮੋਦੀ ਦੀ ਹਰਮਨਪਿਆਰਤਾ ਅਤੇ ਗੁਜਰਾਤ ਸਰਕਾਰ ਦੇ ‘ਵਿਕਾਸਮੁਖੀ’ ਕੰਮਾਂ ਦੀ ਜਿੱਤ ਆਖਦੇ ਹੋਏ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਰਿਕਾਰਡਤੋੜ ਜਿੱਤ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਮੀਡੀਆ ਸਿਰਫ਼ ਗੁਜਰਾਤ ਚੋਣਾਂ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਿਹਾ ਹੈ ਪਰ ਉਹ ਭਾਜਪਾ ਦੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ, ਦਿੱਲੀ ਨਗਰ ਨਿਗਮ ਚੋਣਾਂ ਤੇ ਜ਼ਿਮਨੀ ਚੋਣਾਂ ਦੀ ਹਰ ਉੱਤੇ ਉਨਾਂ ਧਿਆਨ ਕੇਂਦਰਿਤ ਨਹੀਂ ਕਰ ਰਿਹਾ।
ਗੁਜਰਾਤ ਚੋਣਾਂ ਵਿਚ ਭਾਜਪਾ ਦੇ ਜਿੱਤ ਦੇ ਕਾਰਨਾਂ ਅਤੇ ਉਸ ਦੇ ਪੈਣ ਵਾਲੇ ਅਸਰਾਂ ਦੀ ਚਰਚਾ ਉਦੋਂ ਹੋਰ ਜ਼ਰੂਰੀ ਹੋ ਜਾਂਦੀ ਹੈ ਜਦੋਂ ਗੁਜਰਾਤੀਆਂ ਦੇ ਮੂੰਹੋਂ ਬੇਰੁਜ਼ਗਾਰੀ, ਮਹਿੰਗਾਈ, ਜੀਐੱਸਟੀ ਦੀ ਮਾਰ ਦੀਆਂ ਗੱਲਾਂ ਸੁਣਾਈ ਦਿੰਦੀਆਂ ਹੋਣ, ਕੱਪੜਾ ਵਪਾਰੀਆਂ ਦੇ ਰੋਸ, ਸਾਲ ਕੁ ਪਹਿਲਾਂ ਪਾਟੀਦਾਰ ਅੰਦੋਲਨ, ਕੱਛ ਖੇਤਰ ਦੇ ਕਿਸਾਨ ਦੀਆਂ ਸਮੱਸਿਆਵਾਂ, ਕਿਸਾਨ ਖੁਦਕੁਸ਼ੀਆਂ, ਪਸ਼ੂ ਪਾਲਕਾਂ ਦੇ ਅੰਦੋਲਨ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲੀਆਂ ਹੋਣ, ਮਾੜੀਆਂ ਸਿਹਤ ਸਹੂਲਤਾਂ, ਸਿੱਖਿਆ ਦਾ ਨਿੱਜੀਕਰਨ ਤੇ ਮਹਿੰਗੀ ਸਿੱਖਿਆ, ਸ਼ਹਿਰੀਕਰਨ ਨਾਲ ਪੈਦਾ ਹੋਈਆਂ ਦਿੱਕਤਾਂ ਗੁਜਰਾਤ ਵੜਦੇ ਸਾਰ ਦਿਖ ਜਾਂਦੀਆਂ ਹੋਣ, ਜਿੱਥੋਂ ਕਮਜ਼ੋਰ ਜਾਤੀਆਂ ਦੀ ਮਾੜੀ ਹਾਲਤ, ਛਾੜਾ ਆਦਿਵਾਸੀ ਕਬੀਲੇ ਵੱਲੋਂ ਘਾਹ ਖਾ ਕੇ ਗੁਜ਼ਾਰਾ ਕਰਨ ਦੀਆਂ ਖ਼ਬਰਾਂ ਆਉਂਦੀਆਂ ਹੋਣ। ਜਿੱਥੇ ਮਾਨਵ ਵਿਕਾਸ ਸੂਚਕ ਅੰਕ ਵਿਚ ਗੁਜਰਾਤ ਦਾ ਨੰਬਰ 21ਵਾਂ ਹੋਵੇ। ਜਦੋਂ ਬੱਚਿਆਂ ਦੇ ਕੁਪੋਸ਼ਣ ਦੇ ਮਾਮਲੇ ਵਿਚ ਗੁਜਰਾਤ ਮਹਾਰਾਸ਼ਟਰ ਤੇ ਬਿਹਾਰ ਤੋਂ ਬਾਅਦ ਤੀਜੇ ਨੰਬਰ ਉੱਤੇ ਹੋਵੇ ਉਦੋਂ ਇਸ ਜਿੱਤ ਦੇ ਕਾਰਨਾਂ ਨੂੰ ਦੇਖਣਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ।
ਇਸ ਜਿੱਤ ਦੇ ਮੁੱਖ ਦੋ ਕਾਰਨ ਫਿ਼ਰਕੂ ਧਰੁਵੀਕਰਨ ਅਤੇ ਹਰ ਤਰ੍ਹਾਂ ਦੀਆਂ ਸਿਆਸੀ ਚਤੁਰਾਈਆਂ ਹਨ। ਅੱਜ ਜੋ ਮਾਹੌਲ ਪੂਰੇ ਮੁਲਕ ਵਿਚ ਸਿਰਜਿਆ ਜਾ ਰਿਹਾ ਹੈ ਉਸ ਤਹਿਤ ਬਹੁਗਿਣਤੀ ਦੇ ਮਨਾਂ ਵਿਚ ਘੱਟਗਿਣਤੀ ਮੁਸਲਮਾਨਾਂ ਖਿ਼ਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ। ਇਕ ਖ਼ਾਸ ਸ਼ਖ਼ਸ ਨੂੰ ‘ਗੰਗਾ ਜਲ’ ਵਾਂਗ ਪਵਿੱਤਰ ਕਿਹਾ ਜਾਣ ਲੱਗਿਆ ਹੈ। ਇਹ ਮਾਹੌਲ 2002 ਵਿਚ ਹੀ ਤਿਆਰ ਹੋ ਗਿਆ ਸੀ ਜੋ ਅੱਗੇ ਜਾ ਕੇ ਹੋਰ ਵਧਿਆ। 2014 ਤੋਂ ਪਹਿਲਾਂ ਜਦੋਂ ਕੋਈ ਗੁਜਰਾਤ ਨਾਲ ਜੁੜਿਆ ਵਿਦਵਾਨ ਜਾਂ ਪੱਤਰਕਾਰ ਦਿੱਲੀ ਬੈਠੇ ‘ਕੌਮੀ ਵਿਦਵਾਨਾਂ/ਪੱਤਰਕਾਰਾਂ’ ਨੂੰ ਗੁਜਰਾਤ ਵਿਚਲੀ ਫਿ਼ਰਕੂ ਨਫ਼ਰਤ ਦੀ ਹਕੀਕਤ ਤੋਂ ਜਾਣੂ ਕਰਾਉਂਦਾ ਤਾਂ ਦਿੱਲੀ ਬੈਠੇ ‘ਮਹਾਂਪੁਰਸ਼ਾਂ’ ਨੂੰ ਇਹ ਗੱਲਾਂ ਅਤਿਕਥਨੀ ਜਿਹੀ ਲੱਗਦੀਆਂ। 2014 ਤੋਂ ਬਾਅਦ ਉਹੀ ‘ਗੁਜਰਾਤ ਮਾਡਲ’ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਣ ਲੱਗਾ।
ਗੁਜਰਾਤੀ ਸਮਾਜ ਵਿਚ ਬਣਾਏ ਵੰਡਪਾਊ ਮਾਹੌਲ ਦੇ ਸਿਰ ’ਤੇ ਭਾਜਪਾ ਨੇ 2002 ਵਿਚ ਵੱਡੀ ਜਿੱਤ ਹਾਸਲ ਕੀਤੀ। ‘ਹਿੰਦੂ ਰਾਸ਼ਟਰ ਮੇਂ ਆਪ ਕਾ ਸਵਾਗਤ ਹੈ’ ਦੇ ਬੋਰਡ ਲੱਗ ਜਾਂਦੇ ਹਨ। ਮੁਸਲਮਾਨ ਤਾਂ ਸਹਿਮਦੇ ਹੀ ਹਨ, ਦੂਜੀਆਂ ਪਾਰਟੀਆਂ ਵੀ ਮੁਸਲਮਾਨ ਨਾਲ ਹੁੰਦੇ ਧੱਕੇ ਖਿ਼ਲਾਫ਼ ਬੋਲਣ ਤੋਂ ਡਰਨ ਲੱਗਦੀਆਂ ਹਨ ਕਿ ਕਿਤੇ ਬਹੁਗਿਣਤੀ ਫਿ਼ਰਕੇ ਦੇ ਲੋਕ ਨਾਰਾਜ਼ ਨਾ ਹੋ ਜਾਣ। ਇਸੇ ਮਾਹੌਲ ਅਤੇ ਵੱਡੇ ਪੂੰਜੀਪਤੀਆਂ ਦੀ ਮਿਹਰ ਸਦਕਾ 2007 ਵਿਚ ਭਾਜਪਾ ਫਿਰ ਸੱਤਾ ਵਿਚ ਆਉਂਦੀ ਹੈ। ਪਟੇਲਾਂ ਨੇ ਮੋਦੀ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਹੱਲ ਉਦੋਂ ਪਟੇਲਾਂ ਦੀਆਂ ਦੋ ਵੱਡੀਆਂ ਬਰਾਦਰੀਆਂ ਲੇਵਾ ਤੇ ਕੜਵਾ ਨੂੰ ਆਪਸ ਵਿਚ ਲੜਾ ਕੇ ਕੱਢ ਲਿਆ ਗਿਆ। 2012 ਵਿਚ ਭਾਜਪਾ ਹਿੰਦੂਤਵ ਦੇ ਨਾਲ ਨਾਲ ਕਾਰਪੋਰੇਟੀ ‘ਵਿਕਾਸ’ ਅਤੇ ਗੁਜਰਾਤੀ ‘ਗੌਰਵ’ ਦੇ ਸਿਰ ’ਤੇ ਸੱਤਾ ਵਿਚ ਆਈ। ਜੇ ਮਾੜੀ-ਮੋਟੀ ਪਾਟੀਦਾਰ ਭਾਈਚਾਰੇ ਅਤੇ ਕੁਝ ਹੋਰ ਜਾਤੀਆਂ ਵੱਲੋਂ ਚੁਣੌਤੀ ਮਿਲੀ, ਉਸ ਦਾ ਹੱਲ ਉਨ੍ਹਾਂ ਭਾਈਚਾਰਿਆਂ ਦੀਆਂ ਉਪ-ਜਾਤਾਂ ਵਿਚ ਦਰਾੜ ਪਾ ਕੇ ਕੱਢ ਲਿਆ। 2014 ਦੀਆਂ ਲੋਕ ਸਭਾ ਚੋਣਾਂ ਵਿਚ ‘ਗੁਜਰਾਤ ਮਾਡਲ’ ਪੂਰੇ ਮੁਲਕ ਵਿਚ ਮਸ਼ਹੂਰ ਕਰ ਕੇ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤੇ ਗੁਜਰਾਤ ਵਿਚੋਂ 26 ਦੀਆਂ 26 ਲੋਕ ਸਭਾ ਸੀਟਾਂ ਭਾਜਪਾ ਨੇ ਜਿੱਤੀਆਂ। 2017 ਦੀ ਵਿਧਾਨ ਸਭਾ ਚੋਣ ਵੇਲੇ ਭਾਵੇਂ ਮੋਦੀ ਪ੍ਰਧਾਨ ਮੰਤਰੀ ਬਣ ਚੁਕੇ ਸਨ ਪਰ ਚੋਣਾਂ ਉਨ੍ਹਾਂ ਨੂੰ ਅੱਗੇ ਰੱਖ ਕੇ ਹੀ ਲੜੀਆਂ ਗਈਆਂ। ਉਸ ਸਮੇਂ ਭਾਜਪਾ ਨੂੰ ਤਕੜੀ ਟੱਕਰ ਮਿਲ ਰਹੀ ਸੀ। ਕਾਂਗਰਸ ਕੋਲ ਉਸ ਸਮੇਂ ਪਟੇਲ ਭਾਈਚਾਰੇ ਵਿਚੋਂ ਹਾਰਦਿਕ ਪਟੇਲ, ਪਛੜੇ ਭਾਈਚਾਰੇ ਵਿਚੋਂ ਅਲਪੇਸ਼ ਠਾਕੁਰ ਅਤੇ ਦਲਿਤ ਭਾਈਚਾਰੇ ਵਿਚੋਂ ਜਗਨੇਸ਼ ਮੇਵਾਣੀ ਸਨ (ਜਗਨੇਸ਼ ਨੇ 2017 ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਉਸ ਨੂੰ ਕਾਂਗਰਸ ਦੀ ਹਮਾਇਤ ਸੀ)। ਉਦੋਂ ਨਰਿੰਦਰ ਮੋਦੀ ਅਤੇ ਭਾਜਪਾ ਨੇ ਹਿੰਦੂਤਵ ਦੇ ਨਾਲ ਨਾਲ ‘ਵਿਕਾਸ’ ਤੇ ‘ਡਬਲ ਇੰਜਣ ਸਰਕਾਰ’ ਦੇ ਨਾਮ ’ਤੇ ਵੋਟਾਂ ਮੰਗੀਆਂ। ਫਿਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਭਾਜਪਾ ਨੇ ਸਾਰੀਆਂ 26 ਸੀਟਾਂ ਜਿੱਤੀਆਂ ਸਨ।
ਇਨ੍ਹਾਂ ਚੋਣਾਂ ਦੌਰਾਨ ਇਕ ਸ਼ਖ਼ਸ ਮੀਡੀਆ ਨਾਲ ਗੱਲ ਕਰਦਿਆਂ ਆਖ ਰਿਹਾ ਸੀ ਕਿ ਉਹ ਮਹਿੰਗਾਈ ਤੋਂ ਪ੍ਰੇਸ਼ਾਨ ਹੈ, ਉਸ ਦੇ ਮੁੰਡਿਆਂ ਕੋਲ ਵੀ ਰੁਜ਼ਗਾਰ ਨਹੀਂ ਪਰ ਉਹ ਬੇਰੁਜ਼ਗਾਰੀ ਤੇ ਮਹਿੰਗਾਈ ਹੱਥੋਂ ਮਰਨਾ ਤਾਂ ਪਸੰਦ ਕਰੇਗਾ ਪਰ ਮੁਸਲਮਾਨਾਂ ਹੱਥੋਂ ਮਰਨਾ ਪਸੰਦ ਨਹੀਂ ਕਰੇਗਾ। ਮੋਦੀ ਸਾਨੂੰ ਮੁਸਲਮਾਨਾਂ ਤੋਂ ਬਚਾਉਂਦੇ ਹਨ। ਗੁਜਰਾਤ ਦੇ ਕਈ ਪਿੰਡਾਂ ਵਿਚ ਨੌਜਵਾਨਾਂ ਨੇ ਆਪਣੇ ਪਿੰਡਾਂ ਦੀਆਂ ਜੂਹਾਂ ਉੱਤੇ ‘ਹਿੰਦੂ ਪਿੰਡ ਵਿਚ ਤੁਹਾਡਾ ਸਵਾਗਤ ਹੈ’ ਦੇ ਬੋਰਡ ਲਗਾਏ ਹਨ। ਇਨ੍ਹਾਂ ਨੌਜਵਾਨਾਂ ਕੋਲ ਨਾ ਕੋਈ ਰੁਜ਼ਗਾਰ ਹੈ, ਨਾ ਹੀ ਉਹ ਬਹੁਤ ਪੜ੍ਹੇ ਲਿਖੇ ਹਨ। ਪਿੰਡਾਂ ਵਿਚ ਮੁਢਲੀਆਂ ਸਹੂਲਤਾਂ ਵੀ ਨਹੀਂ ਹਨ ਪਰ ਉਹ ਇਸ ਗੱਲੋਂ ਖੁਸ਼ ਹਨ ਕਿ ਉਨ੍ਹਾਂ ਦੇ ਪਿੰਡ ਵਿਚ ਹੁਣ ਸਿਰਫ਼ ਹਿੰਦੂ ਹੀ ਰਹਿੰਦੇ ਹਨ। ਉਨ੍ਹਾਂ ਨੂੰ ਆਸ ਹੈ ਕਿ ਮੋਦੀ ਜੀ ਸਾਰੇ ਹਿੰਦੋਸਤਾਨ ਨੂੰ ਉਨ੍ਹਾਂ ਦੇ ਪਿੰਡ ਵਰਗਾ ਬਣਾ ਦੇਣਗੇ। ਇਹ ਦੋ ਮਿਸਾਲਾਂ ਦੱਸਦੀਆਂ ਹਨ ਕਿ ਗੁਜਰਾਤ ਕਿਵੇਂ ਹਿੰਦੂਤਵ ਪ੍ਰਯੋਗਸ਼ਾਲਾ ਬਣ ਕੇ ਸਾਹਮਣੇ ਆਇਆ ਹੈ।
ਐਤਕੀਂ ਚੋਣਾਂ ਦੀ ਕਮਾਨ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਹੱਥ ਲੈ ਲਈ ਸੀ। ਜਿੱਤਣ ਲਈ ਹਿੰਦੂਤਵ ਪੱਤੇ ਦੇ ਨਾਲ ਨਾਲ ਸਿਆਸੀ ਜੁਗਤਾਂ ਵਰਤੀਆਂ ਗਈਆਂ। ਚੋਣਾਂ ਪੂਰੀ ਤਰ੍ਹਾਂ ਮੋਦੀ ਦੇ ਨਾਮ ’ਤੇ ਲੜੀਆਂ ਗਈਆਂ। ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਅਹਿਸਾਸ ਸੀ ਕਿ ਪਿਛਲੀ ਵਾਰ ਵਾਂਗ ਵੱਡੀ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਚੋਣਾਂ ਤੋਂ ਪਹਿਲਾਂ ਹੀ ਵਿਉਂਤਬੰਦੀ ਕੀਤੀ ਗਈ। ਇਸ ਵਾਰ ਅਲਪੇਸ਼ ਠਾਕੁਰ ਭਾਜਪਾ ਨਾਲ ਸੀ ਅਤੇ ਚੋਣਾਂ ਤੋਂ ਪਹਿਲਾਂ ਹੀ ਹਾਰਦਿਕ ਪਟੇਲ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਿਆ ਸੀ। ਸਥਾਪਤੀ ਵਿਰੋਧੀ ਮਾਹੌਲ ਦਬਾਉਣ ਲਈ ਚੋਣਾਂ ਤੋਂ ਸਾਲ ਪਹਿਲਾਂ ਹੀ ਵਿਜੈ ਰੁਪਾਨੀ ਨੂੰ ਪੂਰੇ ਮੰਤਰੀ ਮੰਡਲ ਸਮੇਤ ਹਟਾ ਕੇ ਭੁਪੇਂਦਰ ਪਟੇਲ ਨੂੰ ਮੁੱਖ ਮੰਤਰੀ ਬਣਾ ਕੇ ਪਟੇਲਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ ਕੀਤੀ ਗਈ। ਇਸੇ ਤਰ੍ਹਾਂ ਟਿਕਟਾਂ ਦੀ ਵੰਡ ਵੀ ਸੋਚ ਸਮਝ ਕੇ ਕੀਤੀ ਗਈ। ਭਾਜਪਾ ਨੇ ਕਾਂਗਰਸ ਵਿਚੋਂ ਆਏ ਕਈ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਅਤੇ ‘ਪਰਿਵਾਰਵਾਦ’ ਦੀ ਪ੍ਰਵਾਹ ਨਹੀਂ ਕੀਤੀ। ਮੁਸ਼ਕਿਲ ਖੜ੍ਹੀ ਕਰਨ ਵਾਲਿਆਂ ਦੀਆਂ ਕਈ ਟਿਕਟਾਂ ਕੱਟੀਆਂ ਗਈਆਂ। ਕੁਝ ਅਸੰਤੁਸ਼ਟ ਵਰਗਾਂ ਅਤੇ ਅੰਦੋਲਨ ਕਰਨ ਵਾਲਿਆਂ ਨੂੰ ਭਰੋਸੇ ਵਿਚ ਲੈ ਕੇ ਮਨਾਇਆ ਗਿਆ। ਫਿ਼ਰਕੂ ਪੱਤਾ ਰੱਜ ਕੇ ਖੇਡਿਆ। ਬਿਲਕੀਸ ਬਾਨੋ ਦੇ ਦੋਸ਼ੀਆਂ ਨੂੰ ‘ਸਦਾਚਾਰੀ’ ਬ੍ਰਾਹਮਣ ਕਹਿਣ ਵਾਲੇ ਸੀਕੇ ਰਾਉਲਜੀ ਅਤੇ ਨਰੋਦਾ ਪਾਟੀਆ ਕਤਲੇਆਮ ਦੇ ਦੋਸ਼ੀ ਮਨੋਜ ਕੁਲਕਰਨੀ ਦੀ ਧੀ ਪਾਇਲ ਕੁਲਕਰਨੀ ਨੂੰ ਟਿਕਟ ਦਿੱਤੀ। ਦੋਵੇਂ ਜਿੱਤ ਗਏ। ਭਾਜਪਾ ਆਗੂਆਂ ਦੇ ਭਾਸ਼ਣਾਂ ਵਿਚ ਦੱਸਿਆ ਗਿਆ- ‘2002 ਵਿਚ ਦੰਗਾਕਾਰੀਆਂ ਨੂੰ ਸਬਕ ਸਿਖਾਇਆ ਗਿਆ।’ ਪ੍ਰਧਾਨ ਮੰਤਰੀ ਨੇ ਮੇਧਾ ਪਾਟੇਕਰ ਵਰਗੀ ਕਾਰਕੁਨ ਦਾ ਨਾਮ ਕਿਸੇ ਅਪਰਾਧੀ ਵਾਂਗ ਜਾਂ ਵਿਕਾਸ ਵਿਰੋਧੀ, ਗੁਜਰਾਤ ਵਿਰੋਧੀ ਲਿਆ। ਸਾਂਝੇ ਸਿਵਲ ਕੋਡ ਵਰਗੇ ਮੁੱਦੇ ਪ੍ਰਚਾਰ ਵਿਚ ਲਿਆਂਦੇ। ਭਾਜਪਾ ਤੋਂ ਨਿਰਾਸ਼ ਆਦਿਵਾਸੀ ਭਾਈਚਾਰੇ ਨੂੰ ਆਪਣੇ ਵੱਲ ਕਰਨ ਲਈ ਇਹ ਪੱਤਾ ਖੇਡਿਆ ਕਿ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਅਸੀਂ ਬਣਾਈ ਹੈ, ਕਾਂਗਰਸ ਨੇ ਉਸ ਦਾ ਵਿਰੋਧ ਕੀਤਾ ਸੀ।
ਮੋਦੀ ਨੇ ਗੁਜਰਾਤ ਵਿਚ 30 ਤੋਂ ਵੱਧ ਵੱਡੀਆਂ ਰੈਲੀਆਂ ਕੀਤੀਆਂ। 50 ਕਿਲੋਮੀਟਰ ਰੋਡ ਸ਼ੋਅ ਕੀਤਾ। ਰੈਲੀਆਂ ਵਿਚ ਉਨ੍ਹਾਂ ‘ਧਰਤੀ ਪੁੱਤਰ’, ‘ਗੁਜਰਾਤ ਗੌਰਵ’ ਵਰਗੀਆਂ ਗੱਲਾਂ ਵੀ ਕੀਤੀਆਂ। ਭਾਜਪਾ ਨੇ ਪੋਸਟਰਾਂ ਵਿਚ 1995 ਤੋਂ 2001 ਵਾਲੇ ਸਮੇਂ ਦਾ ਜ਼ਿਕਰ ਕਰਨ ਦੀ ਥਾਂ 2001 ਦੇ ਸਮੇਂ (ਜਦੋਂ ਮੋਦੀ ਪਹਿਲੀ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣੇ) ਤੋਂ ਆਪਣਾ ਸੁਨਹਿਰੀ ਯੁੱਗ ਆਖਿਆ। ਦੂਜੇ ਪਾਸੇ, ਕਾਂਗਰਸ ਇਸ ਵਾਰ ਖ਼ੁਦ ਨੂੰ ਹਾਰੀ ਹੋਈ ਮੰਨ ਕੇ ਚੋਣ ਲੜ ਰਹੀ ਸੀ।
ਕੇਂਦਰੀ ਲੀਡਰਾਂ ਨੇ ਸਥਾਨਕ ਇਕਾਈ ਦੀ ਬਾਂਹ ਨਹੀਂ ਫੜੀ। ਰਾਹੁਲ ਗਾਂਧੀ ਨੇ ਸਿਰਫ਼ ਦੋ ਰੈਲੀਆਂ ਕੀਤੀਆਂ। ਟਿਕਟਾਂ ਦੀ ਵੰਡ ਵੇਲੇ ਹੀ ਕਲੇਸ਼ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਦੇ ਵੋਟ ਬੈਂਕ ਨੂੰ ਖ਼ੋਰਾ ਲਾਇਆ ਹੈ।
ਸਿਆਸਤ ਨੂੰ ਸਮਝਣ ਵਾਲੇ ਕੁਝ ਲੋਕ ਹੈਰਾਨ ਹਨ ਕਿ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਭਾਜਪਾ ਕਿਵੇਂ ਜਿੱਤੀ। ਭਾਜਪਾ ਦੇ ਕੁਝ ਨੇਤਾਵਾਂ ਦਾ ਦਾਅਵਾ ਹੈ ਕਿ ਮੁਸਲਿਮ ਵੋਟ ਵੀ ਉਨ੍ਹਾਂ ਨੂੰ ਪਈ ਹੈ ਪਰ ਇਹ ਗੱਲ ਹਕੀਕਤ ਤੋਂ ਪਰ੍ਹੇ ਜਾਪਦੀ ਹੈ। ਗੁਜਰਾਤ ਵਿਚ ਮੁਸਲਮਾਨ ਆਬਾਦੀ 10 ਫ਼ੀਸਦ ਦੇ ਕਰੀਬ ਹੈ। 12 ਸੀਟਾਂ ਅਜਿਹੀਆਂ ਹਨ ਜਿੱਥੇ ਮੁਸਲਿਮ ਆਬਾਦੀ 20 ਤੋਂ 30 ਫ਼ੀਸਦ ਹੈ। ਇਨ੍ਹਾਂ ਵਿਚੋਂ 10 ਸੀਟਾਂ ਭਾਜਪਾ ਨੇ ਜਿੱਤੀਆਂ ਹਨ। 53 ਸੀਟਾਂ ਅਜਿਹੀਆਂ ਹਨ ਜਿੱਥੇ ਮੁਸਲਿਮ ਆਬਾਦੀ 10 ਤੋਂ 15 ਫ਼ੀਸਦ ਹੈ। ਇਨ੍ਹਾਂ ਵਿਚੋਂ ਭਾਜਪਾ ਨੇ 50 ਸੀਟਾਂ ਜਿੱਤੀਆਂ ਹਨ। ਭਾਜਪਾ ਨੇ ਇਕ ਵੀ ਮੁਸਲਮਾਨ ਨੂੰ ਟਿਕਟ ਨਹੀਂ ਦਿੱਤੀ ਸੀ, ਕਾਂਗਰਸ ਨੇ 6 ਅਤੇ ‘ਆਪ’ ਨੇ 4 ਮੁਸਲਿਮ ਉਮੀਦਵਾਰਾਂ ਨੂੰ ਟਿਕਟ ਦਿੱਤੀ। ਅਸਦ-ਉਦ-ਦੀਨ ਓਵੈਸੀ ਦੀ ਏਆਈਐੱਮਆਈਐੱਮ ਨੇ 13 ਉਮੀਦਵਾਰ ਮੈਦਾਨ ਵਿਚ ਉਤਾਰੇ ਜਿਨ੍ਹਾਂ ਵਿਚੋਂ ਦੋ ਹਿੰਦੂ ਸਨ। ਇਸ ਵਾਰ ਸਿਰਫ਼ ਇਕੋ ਮੁਸਲਮਾਨ ਉਮੀਦਵਾਰ ਵਿਧਾਨ ਸਭਾ ਪਹੁੰਚਿਆ ਹੈ, ਉਹ ਕਾਂਗਰਸ ਦਾ ਇਮਰਾਨ ਖੇੜਾਵਾਲਾ ਹੈ ਜੋ ਜਮਾਲਪੁਰ ਖਾੜੀਆ ਤੋਂ ਜਿੱਤਿਆ ਹੈ। ਆਮ ਕਰ ਕੇ ਮੁਸਲਿਮ ਵੋਟ ਸੰਗਠਿਤ ਹੋ ਕੇ ਕਾਂਗਰਸ ਨੂੰ ਪੈਂਦੀ ਹੈ ਪਰ ਇਸ ਵਾਰ ਇਹ ਵੋਟ ਖਿੰਡ ਗਈ ਪ੍ਰਤੀਤ ਹੁੰਦੀ ਹੈ। ਮੁਸਲਿਮ ਆਬਾਦੀ ਵਾਲੇ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਮੁਸਲਮਾਨ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਖੜ੍ਹੇ ਕੀਤੇ ਗਏ ਤਾਂ ਜੋ ਮੁਸਲਿਮ ਵੋਟ ਵੰਡੀ ਜਾਵੇ। 182 ਵਿਧਾਨ ਸਭਾ ਸੀਟਾਂ ਵਾਲੇ ਗੁਜਰਾਤ ਵਿਚ 230 ਦੇ ਕਰੀਬ ਮੁਸਲਿਮ ਉਮੀਦਵਾਰਾਂ ਨੇ ਚੋਣ ਲੜੀ।
ਭਾਜਪਾ ਦੀ ਵੱਡੀ ਗੁਜਰਾਤ ਜਿੱਤ ਨਾਲ ਜਿੱਥੇ ਮੋਦੀ ਦਾ ਸਿਆਸੀ ਕੱਦ ਵਧੇਗਾ ਉਥੇ ਭਾਜਪਾ ਅਤੇ ਸੰਘ ਆਪਣੇ ਹਿੰਦੂਤਵੀ, ਕੇਂਦਰੀਕਰਨ ਤੇ ਕਾਰਪੋਰੇਟ ਪੱਖੀ ਏਜੰਡੇ ਨੂੰ ਹੋਰ ਜ਼ੋਰ-ਸ਼ੋਰ ਨਾਲ ਅੱਗੇ ਵਧਾਉਣਗੇ ਜੋ ਜਮਹੂਰੀਅਤ, ਧਰਮ-ਨਿਰਪੱਖਤਾ ਤੇ ਬਹੁਲਵਾਦ ਵਿਚ ਯਕੀਨ ਰੱਖਣ ਵਾਲੀਆਂ ਤਾਕਤਾਂ ਲਈ ਚੁਣੌਤੀ ਹੈ।
ਸੰਪਰਕ : 99154-11894