ਸਰਬੰਸਦਾਨੀ ਅਤੇ ਸਰਬੰਸ ਕੁਰਬਾਨੀ ਵਿਚ ਕੀ ਫਰਕ ਏ - ਗੁਰਚਰਨ ਸਿੰਘ ਜਿਉਣ ਵਾਲਾ
ਸਿਰਦਾਰਾਂ ਅਤੇ ਨਚਾਰਾਂ ਵਿਚ ਕੀ ਫਰਕ ਏ? ਜਦੋਂ ਸਾਨੂੰ ਇਸ ਘੁੰਡੀ ਦਾ ਹੀ ਪਤਾ ਨਹੀਂ ਤਾਂ ਸਾਡੀ ਬਹਾਦਰਾਂ ਦੀ ਕੌਮ ਦਾ ਹਾਲ ਤਾਂ ਇਹੀ ਹੋਣਾ ਸੀ ਜੋ ਅੱਜ ਹੈ। ਜਦੋਂ ਸਾਨੂੰ ਗੁਰਦਾਸ ਮਾਨ ਵਰਗੇ ਨਚਾਰ ਸਿੱਖਿਆ ਦੇਣ ਲੱਗ ਪੈਣ ਤਾਂ ਜੁਝਾਰੂਆਂ ਦੀ ਕੌਮ ਨੇ ਥਾਂ-ਥਾਂ ਠੋਕਰਾਂ ਤਾਂ ਖਾਣੀਆਂ ਹੀ ਹੋਈਆਂ। ਨਚਾਰ ਵੀ ਪੈਸੇ ਦੀ ਚਮਕ-ਦਮਕ ਨਾਲ ਕਲਾਕਾਰ ਅਖਵਾਉਣ ਲੱਗ ਪਏ ਅਤੇ ਆਪਣਾ ਰੁਤਬਾ ਬਦਲ ਲਿਆ, ਕੋਈ ਗੱਲ ਨਹੀਂ। ਪਰ ਜਦੋਂ ਯੂਨੀਵਰਸਿਟੀ ਦਾ ਪੜ੍ਹਿਆ-ਲਿਖਿਆ ਲੋਕਾਂ ਨੂੰ ਇਹ ਸਮਝਾਵੇ ਕਿ ਮੇਰੀ ਪਤਨੀ ਦੀ ਗਠੀਏ ਦੀ ਬਿਮਾਰੀ ਮਸਤਾਂ ਦੀ ਨਜ਼ਰ/ਮਿਹਰਬਾਨੀ ਨਾਲ ਹੀ ਠੀਕ ਹੋ ਗਈ ਤਾਂ ਸਿੱਖ ਕੌਮ ਨੂੰ ਬਚਾਉਣ ਵਾਲਾ ਕੋਈ ਨਹੀਂ। ਜਿਸ ਮਸਤ ਨੂੰ ਸਿਵਾਏ ਗਾਲ੍ਹਾਂ ਦੇ ਹੋਰ ਕੁੱਝ ਆਉਂਦਾ ਹੀ ਨਹੀਂ, ਕੱਪੜੇ ਪਾਉਣ ਦਾ ਵੱਲ ਵੀ ਨਹੀਂ, ਆਪਣੇ ਸਰੀਰ ਦੀ ਦੇਖ-ਰੇਖ ਦਾ ਵੀ ਪਤਾ ਨਹੀਂ, ਨਸ਼ਾ ਕਰਦੇ ਦੇ ਦੰਦ ਨਿਕਲ ਗਏ, ਹੱਥਾਂ ਵਿਚ ਚਿਲਮ ਤੇ ਓਹ ਵੀ ਧੁੱਖਦੀ ਨਾਲ ਤੰਬਾਕੂ ਦੇ ਤੇ ਅਖਵਾਵੇ ਆਪਣੇ ਆਪ ਨੂੰ ਤੀਸਰੇ ਪਾਤਸ਼ਾਹ ਦੀ ਬੰਸ ਚੋਂ, ਪਟਿਆਲਾ ਯੂਨੀਵਰਸਿਟੀ ਦਾ ਪੜ੍ਹਿਆ ਬੰਦਾ ਉਸਦੇ ਪੈਰਾਂ ਵਿਚ ਲਿਟ ਜਾਵੇ ਤਾਂ ਫਿਰ ਐਸੇ ਰੋਲ-ਮਾਡਲਾਂ ਨੇ ਆਪਣੇ ਚੇਲਿਆਂ ਨੂੰ ਡੋਬਣਾ ਹੀ ਹੋਇਆ। ਇਸ ਨੇ ਇਕ ਗੀਤ ਗਾਇਆ ਸੀ, “ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ”। ਜੇਕਰ ਯੂਨੀਵਰਸਿਟੀ ਪਟਿਆਲਾ ਦੇ ਐਮ.ਏ ਕਲਾਸਾਂ ਵਾਲਿਆਂ ਨੂੰ ਇਹ ਨਹੀਂ ਪਤਾ ਕਿ “ਸਰਬੰਸਦਾਨੀ” ਤੇ “ਸਰਬੰਸ ਕੁਰਬਾਨੀ” ਵਿਚ ਕੀ ਫਰਕ ਏ ਤਾਂ ਸਾਡਾ ਰੱਬ ਰਾਖਾ।
ਪੰਜਾਬੀ ਬੋਲੀ ਨੂੰ ਗਵਾਰਾਂ ਦੀ ਬੋਲੀ ਦੱਸਣ ਵਾਲੇ ਗੁਰਦਾਸ ਮਾਨ ਦਾ ਹੁਣ ਬਾਹਰਲੇ ਮੁਲਕਾਂ ਵਿਚ ਕਿਸੇ ਨੇ ਮੁੱਲ ਨਹੀਂ ਪਾਉਣਾ। ਇਸੇ ਕਰਕੇ ਸਤਿੰਦਰ ਸਰਤਾਜ ਤੋਂ ਜ਼ਫਰਨਾਮਾ ਗਾਇਨ ਕਰਵਾ ਕੇ ਚਮਕਾਇਆ ਜਾ ਰਿਹਾ ਹੈ। ਪਹਿਲੇ-ਪਹਿਲ ਉਹ ਪੱਗ ਤਾਂ ਬੰਨਦਾ ਸੀ ਪਰ ਵਾਲ ਪਿਛਾਂਹ ਨੂੰ ਲੰਮੇ ਸੁੱਟ ਕੇ, ਕਿਸੇ ਨੇ ਸਮਝਾਇਆ ਹੋਣਾ ਐ ਕਿ ਕਾਕਾ ਜੀ ਅੱਜ ਕੱਲ੍ਹ ਪੰਜਾਬ, ਚਾਹੇ ਚੱੜ੍ਹਦੇ ਵਾਲਾ ਹੋਵੇ ਚਾਹੇ ਛਿਪਦੇ ਵਾਲਾ, ਸੂਫੀ ਗੀਤਾਂ ਦਾ ਕੋਈ ਬਹੁਤਾ ਮੁੱਲ ਨਹੀਂ ਪਾਉਂਦਾ। ਇਸ ਕਰਕੇ ਆਪਣੀਆਂ ਜਟਾਂ ਸੰਭਾਲ ਕੇ ਚੰਗੀ ਟੂਟੀ ਵਾਲੀ ਪੱਗ ਬੰਨ। ਫਿਰ ਕਹੇ ਜਾਂਦੇ ‘ਦਸਮ ਗ੍ਰੰਥ’ ਵਿਚੋਂ ਕੁੱਝ ਚੋਟੀ ਦੀਆਂ ਬਾਣੀਆਂ ਗਾਇਨ ਕਰ। ਗੁਰਦਾਸ ਮਾਨ ਵਾਲਾ ਖਾਲੀ ਥਾਂ ਭਰ ਨਾਲੇ ਆਪਣੀ ਜੇਬ। ਬਹੁਤੇ ਸਿੱਖਾਂ ਨੇ ਬਗੈਰ ਸੋਚੇ ਸਮਝੇ ਆਪਣੀ ਉੱਨ ਲੁਹਾਉਣੀ ਹੀ ਹੁੰਦੀ ਹੈ ਤੇ ਚੁੱਪ-ਚਾਪ ਲਾਹ ਲੈ।
ਮੈਨੂੰ ਡਾ. ਗੰਡਾ ਸਿੰਘ ਹਿਸਟੋਰੀਅਨ ਅਤੇ ਮੇਰੇ ਜਰਮਨ ਦੋਸਤਾਂ ਦੀਆਂ ਗੱਲਾਂ ਯਾਦ ਹਨ ਕਿ ਜੇਕਰ ਕੋਈ ਬੋਲੀ ਸਿੱਖਣੀ ਹੈ ਤਾਂ ਉਸਨੂੰ ਉਸ ਦੇਸ਼ ਵਿਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ। ਮੈਂ ਅੱਜ ਵੀ ਜਰਮਨ ਚੰਗੀ ਤਰ੍ਹਾਂ ਪੜ੍ਹ, ਲਿਖ ਤੇ ਬੋਲ ਸਕਦਾ ਹਾਂ ਭਾਵੇਂ ਮੈਂ ਪਿਛਲੇ 35 ਸਾਲਾਂ ਤੋਂ ਜਰਮਨੀ ਵਿਚ ਨਹੀਂ ਹਾਂ ਕਿਉਂਕਿ ਮੈਂ ਤਿੰਨ ਸਾਲ ਜਰਮਨ ਬੋਲੀ ਯੂਨੀਵਰਸਿਟੀ ਵਿਚ ਸਿੱਖੀ ਅਤੇ 11 ਸਾਲ ਹੋਰ ਉਸ ਮੁਲਕ ਵਿਚ ਰਿਹਾ ਹਾਂ। ਇਸੇ ਹੀ ਤਰ੍ਹਾਂ ਡਾ. ਗੰਡਾ ਸਿੰਘ ਜੀ ਨੇ ਪਰਸ਼ੀਅਨ ਕਿਤਾਬਾਂ ਵਿਚੋਂ ਸਿੱਖ ਹਿਸਟਰੀ ਲੱਭਣ ਲਈ ਈਰਾਨ ਵਿਚ ਜਾ ਕੇ ਰਿਹਾਇਸ਼ ਕੀਤੀ। ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਇਤਹਾਸਕ ਪਰਿਪੇਖ’ ਡਾ. ਕਿਰਪਾਲ ਦੀ ਕਿਤਾਬ ਪੜ੍ਹ ਰਿਹਾ ਸੀ। ਪੰਨਾ 40 ਤੇ ਇਕ ਲਫਜ਼ ਨਜ਼ਰੀਂ ਪਿਆ। ਫਾਰਸੀ ਦਾ ਲਫਜ਼ ‘ਅਲੁਸ਼’ ਗੁਰਮੁਖੀ ਵਿਚ ‘ਅਲੂਫਾ’ ਬਣ ਗਿਆ ਤੇ ਸਾਨੂੰ ਅਲੂਫਾ ਵੀ ਫਾਰਸੀ ਲੱਗਣੀ ਹੈ ਕਿਉਂਕਿ ਨਾ ਸਾਨੂੰ ਲਫਜ਼ ‘ਅਲੁਸ਼’ ਦਾ ਪਤਾ ਤੇ ਨਾ ਹੀ ‘ਅਲੂਫਾ’ ਦਾ। ਜਰਮਨੀ ਵਿਚ ਰਹਿੰਦਿਆਂ ਮੈਂ ਇਹ “ ਜ਼ਫਰਨਾਮਾ ” ਆਪਣੇ ਨਾਲ ਪੜ੍ਹਦੇ ਈਰਾਨੀ ਵਿਦਿਆਰਥੀਆਂ ਨੂੰ ਪੜ੍ਹ ਕੇ ਸੁਣਾਇਆ ਅਤੇ ਪੁੱਛਿਆ ਕਿ ਜੇ ਤੁਹਾਨੂੰ ਸਮਝ ਪਈ ਤਾਂ ਮੈਨੂੰ ਸਮਝਾਓ ਕਿ ਇਸ “ਜ਼ਫਰਨਾਮੇ” ਦਾ ਮਤਲਬ ਕੀ ਹੈ। ਜਵਾਬ ਵਿਚ ਓਹ ਕਹਿੰਦੇ ਕਿ ਸਾਨੂੰ ਤਾਂ ਇਸ ਦੀ ਸਮਝ ਹੀ ਨਹੀਂ ਪਈ ਕਿ ਤੂੰ ਕੀ ਪੜ੍ਹ ਰਿਹਾਂ ਹੈਂ? ਜੇਕਰ ਸਤਿੰਦਰ ਸਰਤਾਜ ਨੂੰ ਫਾਰਸੀ ਵਾਕਿਆ ਹੀ ਪੜ੍ਹਨੀ ਆਉਂਦੀ ਹੈ ਤਾਂ ਕਹੀ ਜਾਂਦੀ ਭਾਈ ਮਨੀ ਸਿੰਘ ਵਾਲੀ ਦਸਮ ਗ੍ਰੰਥ ਦੀ ਬੀੜ ਤੋਂ ਫਾਰਸੀ ਵਿਚ ਲਿਖਿਆ ਜ਼ਫਰਨਾਮਾ ਹੀ ਪੜ੍ਹ ਕੇ ਗਾਇਨ ਕਰਨਾ ਚਾਹੀਦਾ ਸੀ। ਅਸਲ ਵਿਚ ‘ਜ਼ਫਰਨਾਮਾ’ ਗੁਰੂ ਜੀ ਦੀ ਕ੍ਰਿਤ ਹੈ ਹੀ ਨਹੀਂ ਕਿਉਂਕਿ ਕਦੀ ਲਿਖਾਰੀ ਔਰੰਗਜ਼ੇਬ ਨੂੰ ਤਲਵਾਰ ਦਾ ਧਨੀ, ਬਹੁਤ ਸਿਆਣਾ ਅਤੇ ਭਗਵਾਨ ਦਾ ਰੂਪ ਵੀ ਲਿਖਦਾ ਹੈ। ਬੰਦ ਨੰਬਰ 59-64 ਤੱਕ ਲਿਖਾਰੀ ਇਕ ਹਜ਼ਾਰ ਦੇ ਘੋੜੇ ਬਦਲੇ ਸਾਰੀ ‘ਬਰਾੜ’ ਕੌਮ ਔਰੰਗਜ਼ੇਬ ਦੇ ਹਵਾਲੇ ਕਰਨ ਦੀ ਗੱਲ ਕਰਦਾ ਹੈ ਅਤੇ ਕਦੀ ਭੁੱਖ ਨਾਲ ਲਿਤਾੜੇ ਆਪਣੇ 40 ਸਿੰਘਾਂ ਦੀ ਸ੍ਰੀਰਕ ਕਮਜ਼ੋਰੀ ਦੱਸ ਕੇ ਦਸ ਲੱਖ ਫੌਜ ਨਾਲ ਮੁਕਾਬਲਾ ਨਾ ਕਰ ਸਕਣ ਦੀ ਅਸਮਰੱਥਾ ਵੀ ਜ਼ਾਹਰ ਕਰਦਾ ਹੈ। ਜੇਕਰ ਤੇਰਾ ਹੁਕਮ ਆ ਜਾਵੇ ਤਾਂ ਮੈਂ ਆਪਣੀ ਜਾਨ ਲੈ ਕੇ ਹਾਜ਼ਰ ਹੋ ਸਕਦਾ ਹਾਂ। ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਯੋਧੇ ਨਾਲ ਐਸੀਆਂ ਲਿਖਤਾਂ ਮੜਨੀਆਂ ਗੁਰੂ ਜੀ ਦੀ ਸਖਸ਼ੀਅਤ ਨੂੰ ਕਲੰਕਤ ਕਰਨਾ ਹੀ ਕਹਿ ਸਕਦੇ ਹਾਂ। ਸਿੱਖ ਭਰਾਵੋ! ਐਵੇਂ ਨਾ ਫਸੋ ਚਲਾਕੀਆਂ ਵਿਚ, ਅਸਲੀਅਤ ਦੀ ਪਛਾਣ ਕਰੋ।
ਸਤਿੰਦਰ ਸਰਤਾਜ ਸਿੱਖ ਧਰਮ ਬਾਰੇ ਕਿਤਨਾ ਕੁ ਜਾਣਦਾ ਹੈ ਅਗੇ ਵਰਨਣ ਕੀਤੀ ਇਕ ਝਲਕੀ ਤੋਂ ਪਤਾ ਚੱਲ ਜਾਵੇਗਾ। ਹੰਸਾਲੀ ਵਾਲੇ ਬਾਬੇ ਅਜੀਤ ਸਿੰਘ, ਜਿਸ ਦਾ ਮੂੰਹ ਫੋੜੇ-ਫਿਨਸੀਆਂ ਨਾਲ ਭਰਿਆ ਪਿਆ ਹੈ ਤੇ ਦੇਖਣ ਨੂੰ ਵੀ ਦਿਲ ਨਹੀਂ ਕਰਦਾ, ਜੋ ਮਰ ਚੁੱਕਿਆ ਹੈ, ਦੇ ਦਰ ਤੇ ਇਹ ਝੋਲੀ ਅੱਡੀ ਕੋਈ ਦਾਤ ਮੰਗ ਰਿਹਾ ਹੈ।
ਆਓ ਹੁਣ ਗੱਲ ਕਰੀਏ ਅਸਲ ਮੁੱਦੇ ਦੀ, ਅੱਜ ਤੋਂ ਕੋਈ ਚਾਰ ਕੁ ਮਹੀਨੇ ਪਹਿਲਾਂ ਪ੍ਰਿੰਸੀਪਲ ਡਾ. ਦਲਜੀਤ ਸਿੰਘ, ਖਾਲਸਾ ਕੌਲਿਜ ਅੰਮ੍ਰਿਤਸਰ ਦੀ ਇੱਕ ਚਿੱਠੀ ਇੰਟਰਨੈਟ ਤੇ ਪੜ੍ਹਨ ਨੂੰ ਮਿਲੀ। ਕਿਉਂਕਿ ਮੈਂ ਵੀ 67-68 ਵਿਚ ਇਸੇ ਕੌਲਿਜ ਵਿਚ ਪ੍ਰੈਪ ਨਾਨ-ਮੈਡੀਕਲ ਪਾਸ ਕੀਤੀ ਸੀ ਇਸ ਕਰਕੇ ਮਨ ਵਿਚ ਬਹੁਤ ਚਾਓ ਪੈਦਾ ਹੋਇਆ ਕਿ ਇਸ ਚਿੱਠੀ ਨੂੰ ਛੇਤੀ-ਛੇਤੀ ਪੜ੍ਹਾਂ ਕਿ ਕੀ ਲਿਖਿਆ ਹੋਇਆ ਹੈ? ਇਤਨੀ ਵੱਡੀ ਸੰਸਥਾ ਦੇ ਪ੍ਰਿੰਸੀਪਲ ਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਲਿਖਿਆ ਪੜ੍ਹ ਕੇ ਬਹੁਤ ਪ੍ਰੇਸ਼ਾਨੀ ਹੋਈ ਕਿ ਸਾਡੀ ਕੌਮ ਦਾ ਕੀ ਬਣੂੰ? ਜਦੋਂ ਸਾਡੇ ਵਿੱਦਿਅਕ ਅਦਾਰਿਆਂ/ਸੰਸਥਾਵਾਂ ਦੇ ਮੋਢੀ ਹੀ ਇਸ ਦੀ ਮਿੱਟੀ ਪੁੱਟ ਰਹੇ ਹਨ। ਮੈਥੋਂ ਰੁਕਿਆ ਨਾ ਗਿਆ ਅਤੇ ਥੱਲੇ ਦਿੱਤੇ ਨੰਬਰ ਤੇ ਕਾਲ ਕਰਕੇ ਜਾਣ-ਪਹਿਚਾਣ ਕਰਾਉਣ ਤੋਂ ਬਾਅਦ ਪੁੱਛ ਹੀ ਲਿਆ। “ਪ੍ਰਿੰਸੀਪਲ ਜੀਓ! ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪ੍ਰੀਵਾਰ, ਪਿਤਾ, ਮਾਤਾ, ਚਾਰ ਸਾਹਿਬਜ਼ਾਦੇ ਅਤੇ ਆਪਣਾ ਆਪ ਕਿਸ ਨੂੰ ਦਾਨ ਕੀਤਾ ਸੀ ”? ਕੋਈ ਨਾਮ ਦੱਸ ਸਕਦੇ ਹੋ? ਜਵਾਬ ਸੀ “ ਮੈਂ ਤਾਂ ਇਸ ਨੁਕਤੇ ਨੂੰ ਵੀਚਾਰਿਆ ਹੀ ਨਹੀਂ ”। ਮੈਂ ਕਿਹਾ ਜੀ “ ਤੁਸੀਂ ਐਨੇ ਵੱਡੇ ਅਹੁਦੇ ਤੇ ਹੁੰਦੇ ਹੋਏ ਨਹੀਂ ਵੀਚਾਰਦੇ ਤਾਂ ਮੈਂ ਹੋਰ ਕਿਸੇ ਨੂੰ ਕੀ ਆਖਾਂ? ਪਰ ਉਨ੍ਹਾਂ ਬੜੀ ਹਲੀਮੀ ਨਾਲ ਕਿਹਾ,“ ਵੀਰ ਜੀਓ! ਅੱਗੇ ਵਾਸਤੇ ਐਸੇ ਲਫਜਾਂ ਦਾ ਖਿਆਲ ਰੱਖਾਂਗਾ”। ਇਹ ਡਾ. ਦਲਜੀਤ ਸਿੰਘ ਪਟਿਆਲਾ ਯੂਨੀਵਸਿਟੀ ਵਾਲੇ ਡਾ. ਦਲਜੀਤ ਸਿੰਘ ਵਾਲੀਆ ਜੀ ਨਹੀਂ ਹਨ।
ਮਹਾਨ ਕੋਸ਼ ਦੇ ਪੰਨਾ 628 ਤੇ ਜਦੋਂ ਮੈਂ ਦਾਨ ਲਫਜ਼ ਦੇ ਮਤਲਬ ਦੇਖਦਾ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ “ਸਰਬੰਸਦਾਨੀ” ਨਾ ਹੋ ਕੇ “ਸਰਬੰਸ ਕੁਰਬਾਨੀ” ਸਾਬਤ ਹੁੰਦਾ ਹੈ। ਦਾਨ ਦਾ ਮਤਲਬ ਹੈ ਮੁਫਤ ਵਿਚ ਕੁੱਝ ਮਿਲਣਾ।“ ਸਹੰਸਰ ਦਾਨ ਦੇ ਇੰਦ੍ਰ ਰੋਆਇਆ” ਵਾਰ ਰਾਮਕਲੀ ਮ:1 ॥ ਪੰਨਾ 953॥ ਇੰਦਰ ਦੇ ਹਿੰਦੂ-ਮਿੱਥ ਅਨੁਸਾਰ ਸਰਾਪ ਦੇ ਰੂਪ ਵਿਚ ਇਸਤ੍ਰੀ ਭਗ ਦੇ ਹਜ਼ਾਰ ਨਿਸ਼ਾਨ ਸ਼ਰੀਰ ਤੇ ਹੋ ਗਏ। ਰਾਜ ਨੀਤੀ ਦਾ ਇਕ ਅੰਗ, ਕੁੱਝ ਦੇ ਕੇ ਵੈਰੀ ਨੂੰ ਵਸ਼ ਕਰਨ ਦਾ ਉਪਾਓ। ਇਹ ਅਰਥ ਵੀ ਢੁਕਦੇ ਨਹੀਂ ਕਿਉਂਕਿ ਗੁਰੂ ਜੀ ਔਰੰਗਜ਼ੇਬ ਨੂੰ ਵੱਸ ਵਿਚ ਨਹੀਂ ਕਰਨਾ ਚਾਹੁੰਦੇ।
ਤੇਰੀਆ ਸਦਾ ਸਦਾ ਚੰਗਿਆਈਆਂ ॥ ਮੈ ਰਾਤਿ ਦਿਹੈ ਵਡਿਆਈਆਂ ॥ ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ॥ {ਪੰਨਾ 73} ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਗੁਣ, ਤੇਰੀ ਮਿਹਰ ਨਾਲ, ਮੈਂ ਦਿਨੇ ਰਾਤ ਸਾਂਭ ਕੇ ਰੱਖਦਾ ਹਾਂ। ਗੁਰੂ ਨਾਨਕ ਜੀ ਕਹਿੰਦੇ ਹਨ ਪ੍ਰਭੂ ਸਾਡੇ ਮੰਗਣ ਤੋਂ ਬਿਨਾਂ ਹੀ ਹਰੇਕ ਦਾਤਿ ਦੇਈ ਜਾ ਰਿਹਾ ਹੈ ਅਤੇ ਸਾਨੂੰ ਉਸ ਪ੍ਰਮਾਤਮਾ ਦੇ ਸੱਚੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ।
ਮਹਾਨ ਕੋਸ਼ ਦੇ ਪੰਨਾ 342 ਤੇ ਕੁਰਬਾਨ ਦੇ ਮਤਲਬ ਹਨ ‘ਨਿਛਾਵਰ ਕਰਨਾ’, ਸਦਾ ਸਦਾ ਜਾਈਐ ਕੁਰਬਾਨ। ਆਪਣੇ ਸਿਧਾਂਤ ਤੇ ਡਟੇ ਰਹਿਣਾ ਚਾਹੇ ਜਿੰਦ-ਜਾਨ ਚਲੀ ਜਾਏ ਇਸ ਨੂੰ ਕੁਰਬਾਨੀ ਆਖਦੇ ਹਨ ਦਾਨ ਨਹੀਂ। ਸਿੱਖਾਂ ਨੂੰ ਇੱਕ ਇੱਕ ਗਲਤ ਅੱਖਰ ਸਿਖਾ ਕੇ ਆਪਣੇ ਸਿਧਾਂਤ ਨਾਲੋਂ ਤੋੜ ਦਿੱਤਾ ਅਤੇ ਪਤਾ ਵੀ ਨਹੀਂ ਲੱਗਣ ਦਿੱਤਾ। ਅਸੀਂ ਘੱਟ ਗਿਣਤੀ ਹੋਣ ਦੇ ਨਾਤੇ ਹਰ ਹਰਬੇ ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਵੀ ਸੈਨਾਪਤੀ ਗੁਰ ਸੋਭਾ ਗ੍ਰੰਥ ਵਿਚ ਲਿਖਦਾ ਹੈ, “ ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈ ਢਾਕੀ ਚਾਦਰ”। ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਸਾਡੇ ਪ੍ਰਚਾਰਕਾਂ ਨੇ “ਹਿੰਦ ਦੀ ਚਾਦਰ” ਬਣਾ ਧਰਿਆ ਤੇ ਅਸੀਂ ਚੁੱਪ ਕਰ ਗਏ। ਮੇਰੀ ਬੇਨਤੀ ਹੈ ਕਿ “ਸਰਬੰਸਦਾਨੀ” ਨਹੀਂ “ਸਰਬੰਸ ਦੀ ਕੁਰਬਾਨੀ” ਹੈ ਪਰ ਫਿਰ ਵੀ ਚੜ੍ਹਦੀ ਕਲਾ ਹੈ। 1971 ‘ਚ ਪਾਕਿਸਤਾਨੀ ਜਰਨੈਲ ਨਿਆਜ਼ੀ ਨੇ 75-95,000 ਹਥਿਆਰ ਬੰਦ ਫੌਜ ਦੇ ਹੁੰਦਿਆਂ-ਸੁੰਦਿਆਂ ਵੀ ਜਰਨੈਲ ਜਗਜੀਤ ਸਿੰਘ ਅਰੋੜਾ ਕੋਲ ਆਤਮ ਸਮਰਪਨ ਕਰ ਦਿੱਤਾ ਸੀ। ਪਰ ਗੁਰੂ ਜੀ ਕੋਲ ਚਮਕੌਰ ਦੇ ਜੰਗ ਤੋਂ ਬਾਅਦ ਸਿਰਫ ਚਾਰ-ਪੰਜ ਸਿੱਖ ਹੀ ਹਨ ਤੇ ਉਹ ਵੀ ਭੁੱਖਣ-ਭਾਣੇ। ਆਪਣੀ ਜਾਨ ਤੋਂ ਵੱਧ ਪਿਆਰੇ ਸਿੱਖਾਂ ਦੀ ਸ਼ਹਾਦਤ ਅਤੇ ਆਪਣੇ ਦੋ ਵੱਡੇ ਪੁੱਤਰਾਂ ਦੀ ਕੁਰਬਾਨੀ ਤੋਂ ਬਾਅਦ ਵੀ ਆਤਮ ਸਮਰਪਨ ਨਹੀਂ ਕੀਤਾ। ਸਰਬੰਸਦਾਨੀ ਨਹੀਂ, ਯਾਦ ਰੱਖੋ ਸਰਬੰਸ ਦੀ ਕੁਰਬਾਨੀ ਹੈ ਦੇਣ ਵਾਲੇ ਨੂੰ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132.