ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
12 ਦਸੰਬਰ 2022
ਭਾਜਪਾ ਦੀਆਂ ਨਵਿਆਂ ਨੂੰ ਅਹੁਦੇਦਾਰੀਆਂ, ਪੁਰਾਣਿਆਂ ਨੂੰ ਦਿਖਾ ਰਹੀਆਂ ਬੂਹੇ ਬਾਰੀਆਂ- ਇਕ ਖ਼ਬਰ
ਨਵਿਆਂ ਦੇ ਸੰਗ ਲੱਗ ਕੇ, ਭੁੱਲ ਗਈ ਯਾਰ ਪੁਰਾਣੇ।
ਯਮੁਨਾ ਦਾ ਪਾਣੀ: ਪੰਜਾਬ ਨੂੰ ਦੇਣ ਤੋਂ ਕੇਂਦਰ ਦੀ ਕੋਰੀ ਨਾਂਹ-ਇਕ ਖ਼ਬਰ
ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ।
ਮੁੱਖ ਮੰਤਰੀ ਦਾ ਹਰਾ ਪੈੱਨ ਅਜੇ ਤੱਕ ਗ਼ਰੀਬਾਂ ਦੇ ਹੱਕ’ਚ ਨਹੀਂ ਚੱਲਿਆ- ਵੜੈਚ
ਅਜੇ ਦਿੱਲੀਉਂ ਹਰੀ ਸਿਆਹੀ ਨਹੀਂ ਆਈ ਬਈ।
ਗੁਜਰਾਤ ਵਿਚ ‘ਆਪ’ ਨੇ ਕਾਂਗਰਸ ਦੀ ਖੇਡ ਵਿਗਾੜੀ- ਚਿਦੰਬਰਮ
ਟੁੱਟ ਪੈਣੇ ਦਰਜੀ ਨੇ ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ।
ਪੰਜ ਪੰਜ ਮਰਲੇ ਦੇ ਸਰਕਾਰੀ ਪਲਾਟਾਂ ਦੀ ਉਮੀਦ ‘ਚ ਲੰਘ ਚੱਲੀ ਜ਼ਿੰਦਗੀ-ਇਕ ਖ਼ਬਰ
ਸਰਟੀਫ਼ੀਕੇਟ ਚੈੱਕ ਕਰ ਲਉ ਬਈ ਕਿਤੇ ਚੰਨ ਉੱਤੇ ਤਾਂ ਨਹੀਂ ਪਲਾਟ ਕੱਟੇ ਹੋਏ।
ਲੋਕਾਂ ਦੇ ਹੱਕਾਂ ਦੇ ਘਾਣ ਖ਼ਿਲਾਫ਼ ਹਮੇਸ਼ਾਂ ਲੜਦੀ ਰਹਾਂਗੀ- ਮਮਤਾ ਬੈਨਰਜੀ
ਉਹ ਘਰ ਰਤਨੀ ਦਾ, ਜਿੱਥੇ ਚੱਲਣ ਪੁਰਾਣੇ ਚਰਖ਼ੇ।
‘ਆਪ’ ਦੇ ਰਾਜ ‘ਚ ਪੰਜਾਬ ਦੇ ਲੋਕਾਂ ਦੀ ਲੁੱਟ- ਪ੍ਰਨੀਤ ਕੌਰ
ਬੀਬੀ ਜੀ ਜਿਹੜੇ ਸੁਰੱਖਿਅਤ ਘੁਰਨਿਆਂ ਵਲ ਨੂੰ ਭੱਜ ਰਹੇ ਐ, ਉਹ ਕੌਣ ਨੇ?
ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ ‘ਚੋਂ ਛੁਡਵਾਉਣ ਲਈ ਯਤਨ ਜਾਰੀ- ਭਾਈ ਚੰਗਾਲ
ਸੱਸ ਮਰੀ ‘ਤੇ ਚੁਬਾਰਾ ਪਾਉਣਾ, ਔਖੀ ਸੌਖੀ ਦਿਨ ਕੱਟਦੀ।
ਬੀਬੀ ਜਾਗੀਰ ਕੌਰ ਅਤੇ ਜਗਮੀਤ ਸਿੰਘ ਬਰਾੜ ਦੀ ਬਾਦਲ ਦਲ ਤੇ ਬਾਦਲਾਂ ਨੂੰ ਸਿੱਧੀ ਚੁਣੌਤੀ-ਇਕ ਖ਼ਬਰ
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ, ਕਣਕਾਂ ਨਿਸਰ ਪਈਆਂ।
ਜੰਮੂ-ਕਸ਼ਮੀਰ ‘ਚ ਬੇਰੁਜ਼ਗਾਰੀ ‘ਚ ਰਿਕਾਰਡ ਤੋੜ ਵਾਧਾ- ਇਕ ਖ਼ਬਰ
ਬਹੁਤ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ, ਜੋ ਚੀਰਾ ਤੋ ਕਤਰਾ ਏ ਖੂੰ ਨਿਕਲਾ। (ਗ਼ਾਲਿਬ)
ਗੁਜਰਾਤ ਨੇ ਖੋਖਲੇ ਵਾਅਦੇ, ਰਿਉੜੀ ਅਤੇ ਮਾੜੀ ਸਿਆਸਤ ਨੂੰ ਨਕਾਰ ਦਿਤਾ- ਸ਼ਾਹ
ਸ਼ਾਹ ਜੀ ਕੀ ਇਹੀ ਫਾਰਮੂਲਾ ਹਿਮਾਚਲ ਪ੍ਰਦੇਸ਼ ‘ਤੇ ਲਾਗੂ ਨਹੀਂ ਹੁੰਦਾ?
ਭਾਜਪਾ ਖਿਲਾਫ਼ ਇਕਜੁੱਟ ਹੋਵੇ ਵਿਰੋਧੀ ਧਿਰ- ਨਿਤੀਸ਼
ਕਿਹੜੀ ਵਿਰੋਧੀ ਧਿਰ ਨਿਤੀਸ਼ ਸਾਹਿਬ?
ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਕੱਢਿਆ- ਇਕ ਖ਼ਬਰ
ਕਿਉਂ ਕੀਤੀ ਅਸਾਂ ਨਾਲ ਬਸ ਵੇ, ਕੋਈ ਦੋਸ਼ ਅਸਾਡਾ ਦੱਸ ਵੇ।
ਭਾਜਪਾ ਨੇ ਕੈਪਟਨ ਨੂੰ ਵਫ਼ਾਦਾਰੀ ਦਾ ਤੋਹਫ਼ਾ ਦਿਤਾ- ‘ਆਪ’
ਸ਼ਾਹ ਮੁਹੰਮਦਾ ਆਖਦੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾ ਆਏ।
ਪ੍ਰਿਅੰਕਾ ਗਾਂਧੀ ਦੀ ਰਣਨੀਤੀ ਨਾਲ ਹਿਮਾਚਲ ‘ਚ ਹੋਈ ਕਾਂਗਰਸ ਦੀ ਜਿੱਤ- ਕਾਂਗਰਸ ਬੁਲਾਰਾ
ਤੀਲੀ ਵਾਲ਼ੀ ਖਾਲ ਟੱਪ ਗਈ, ਲੌਂਗ ਵਾਲ਼ੀ ਨੇ ਭਨਾ ਲਏ ਗੋਡੇ।
ਭਾਜਪਾ ਕੋਰ ਕਮੇਟੀ ਨੂੰ ਵੀ ਦਲ ਬਦਲੂਆਂ ਦਾ ਰੰਗ ਚੜ੍ਹਿਆ- ਇਕ ਖ਼ਬਰ
ਖ਼ਰਬੂਜ਼ੇ ਨੂੰ ਦੇਖ ਖ਼ਰਬੂਜਾ ਰੰਗ ਫੜਦੈ ਬਈ।
ਗੁਜਰਾਤ ਚੋਣਾਂ ਲਈ ਬਣਾਈ ਨੀਤੀ ਸਾਡੇ ਕੰਮ ਨਹੀਂ ਆਈ- ਕਾਂਗਰਸ
ਨੀ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।