ਬਾਬਰ ਹਿੰਦ 'ਤੇ ਚੜ੍ਹ ਕੇ ਆਇਆ – ਬੁੱਧ ਸਿੰਘ ਨੀਲੋਂ

ਮਨੁੱਖ ਨੇ ਜਦੋਂ ਦਾ ਸਫ਼ਰ ਸ਼ੁਰੂ ਕੀਤਾ ਹੈ, ਡੰਡੀਆਂ ਪੰਗਡੰਡੀਆਂ ਬਣੀਆਂ। ਰਸਤੇ ਸੜਕਾਂ ਬਣ ਗਏ। ਮਨੁੱਖ ਦੇ ਵਿਕਾਸ ਦਾ ਇਹ ਸਫ਼ਰ ਲੰਮਾ ਹੈ। ਤੁਰਨ ਤੋਂ ਲੈਕੇ ਮਨੁੱਖ ਨੇ ਗਧੇ, ਘੋੜੇ , ਬਲਦ ਗੱਡੇ ਤੋਂ ਗੱਡੀਆਂ ਤੱਕ ਦਾ ਸਫ਼ਰ ਕੀਤਾ। ਜਿਹੜਾ ਰਾਕਟਾਂ, ਹਵਾਈ ਤੇ ਸਮੁੰਦਰੀ ਜਹਾਜ਼ਾਂ ਤੱਕ ਅੱਗੇ ਵਧਿਆ । ਵਿਕਾਸ ਕਦੇ ਵੀ ਆਮ ਮਨੁੱਖ ਦਾ ਨਹੀਂ ਹੁੰਦਾ ਸਗੋ ਇਹ ਵਿਕਾਸ ਸਰਮਾਏਦਾਰਾਂ ਲਈ ਹੁੰਦਾ, ਪਰ ਅਸੀਂ ਸੁੱਖ-ਸਹੂਲਤਾਂ ਦੇ ਭੁਲੇਖੇ ਵਿੱਚ ਖੀਵੇ ਹੋ ਜਾਂਦੇ ਹਾਂ । ਕਿਉਂ ਕਿ ਭਰਮਬਾਜ਼ ਹਾਂ ਅਸੀਂ ।
ਇਹ ਰੇਲ ਪਟੜੀਆਂ, ਸੜਕਾਂ, ਹਵਾਈ ਤੇ ਸਮੁੰਦਰੀ ਜਹਾਜ਼ਾਂ ਨੇ ਮਨੁੱਖੀ ਵਿਕਾਸ ਦੇ ਨਾਲੋਂ ਸਰਮਾਏਦਾਰਾਂ ਦਾ ਵਧੇਰੇ ਵਿਕਾਸ ਕੀਤਾ। ਪਰ ਇਸ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ । ਇਹ ਸਮਝ ਤਾਂ ਨਹੀਂ ਲੱਗੀ ਕਿਉਂਕਿ ਅਸੀਂ ਲੰਮਾ ਸਮਾਂ ਗੁਲਾਮੀ ਭੁਗਤੀ ਹੈ ਤੇ ਭੁਗਤ ਰਹੇ ਹਾਂ ।
ਅਸੀਂ ਇਸ ਗੁਲਾਮੀ ਤੋਂ ਮੁਕਤ ਹੋਣ ਦੇ ਲਈ ਕਦੇ ਚਾਰਾਜੋਈ ਹੀ ਨਹੀਂ ਕੀਤੀ। ਭਾਵੇਂ ਅਸੀਂ ਆਪਣੇ ਆਪ ਨੂੰ ਜੁਝਾਰੂ ਤੇ ਖਾੜਕੂ ਹੋਣ ਦਾ ਮਾਣ ਮਹਿਸੂਸ ਕਰ ਰਹੇ ਹਾਂ। ਅਸੀਂ ਤਾਂ ਬਾਲਣ ਵਾਂਗੂੰ ਸਦਾ ਵਰਤੇ ਜਾਂਦੇ ਰਹੇ ਹਾਂ । ਆਜ਼ਾਦੀ ਤੋਂ ਪਹਿਲਾਂ ਦੇਸ ਭਗਤ ਸੂਰਮੇ ਚੂਰਮੇ … ਫੇਰ ਅੰਨਦਾਤਾ ... ਜਦੋਂ ਹੱਕ ਮੰਗੇ ਫੇਰ ਨਕਸਲਬਾੜੀ, ਖਾੜਕੂ ਤੇ ਹੁਣ ਗੈਗਸਟਰ … ਸਫਰ ਤੇ ਜ਼ਫਰ ਜਾਰੀ ਹੈ … ਤਬਦੀਲੀ ਬਹੁਤ ਨਿਆਰੀ ਹੈ।
ਹੁਣ ਵੀ ਅਸੀਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਗ਼ੁਲਾਮ ਹਾਂ ਪਰ ਇਹ ਗ਼ੁਲਾਮੀ ਸਾਨੂੰ ਨਜ਼ਰ ਨਹੀਂ ਆਉਂਦੀ।
-----
ਮੇਰਾ ਦਾਗਿਸਤਾਨ ਦਾ ਲੇਖਕ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਹ ਜਦੋਂ ਆਪਣੇ ਪਿਤਾ ਦੇ ਰਸਤਿਆਂ ਤੇ ਤੁਰ ਕੇ ਸ਼ਹਿਰ ਜਾਂਦਾ ਸੀ ਤਾਂ ਉਸ ਨੂੰ ਇੱਕ ਬਜ਼ੁਰਗ ਨੇ ਆਖਿਆ ਸੀ ਕਿ 'ਰਸੂਲ ਏਸ ਰਸਤੇ ਤਾਂ ਤੇਰਾ ਪਿਤਾ ਜਾਂਦਾ ਸੀ ਤੂੰ ਕੋਈ ਹੋਰ ਰਸਤਾ ਬਣਾ।'
ਰਸੂਲ ਨੂੰ ਇਹ ਗੱਲ ਇਸ ਲਈ ਆਖੀ ਸੀ ਅਸੀਂ ਅਕਸਰ ਪ੍ਰੰਪਰਾਵਾਦੀ ਹਾਂ ਅਸੀਂ ਪ੍ਰੰਪਰਾਵਾਂ ਨੂੰ ਹੀ ਹਮੇਸ਼ਾਂ ਅੱਗੇ ਰੱਖਦੇ ਹਾਂ। ਭਾਵੇਂ ਕਈ ਇਹ ਵੀ ਆਖ ਕੇ ਆਪਣੀ ਪਿੱਠ ਥਾਪੜਦੇ ਹਨ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਪਰ ਬਿਨਾਂ ਰਾਹ ਤੋਂ ਤੁਰਿਆ ਤਾਂ ਮੰਜ਼ਿਲ ਹੀ ਨਹੀਂ ਮਿਲਦੀ । ਪਰ … ਸੋਚ ਤੇ ਗੁਲਾਮ ਹੀ ਰਹਿੰਦੀ ਹੈ।
-----
ਇਹ ਵੀ ਸੱਚ ਨਹੀਂ ਕਿ ਹਰ ਰਾਹ ਤੇ ਸੜਕ ਮੰਜ਼ਿਲ ਤੱਕ ਜਾਂਦਾ ਹੋਵੇ। ਕਈ ਵਾਰ ਅਸੀਂ ਭਰਮ ਦੇ ਵਿੱਚ ਭਟਕਦੇ ਹੋਏ ਭਟਕਣ ਦਾ ਹੀ ਸਫ਼ਰ ਕਰਦੇ ਹਾਂ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁ ਗਿਣਤੀ ਲੋਕ ਭਟਕਣ ਦਾ ਹੀ ਸਫ਼ਰ ਕਰਦੇ ਹਨ।
ਇਸੇ ਕਰਕੇ ਉਹ ਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਉਸੇ ਸਫ਼ਰ 'ਤੇ ਤੁਰੀਆਂ ਰਹਿੰਦੀਆਂ ਹਨ। ਮਨੁੱਖ ਨੇ ਆਪਣੀ ਢਿੱਡ ਦੀ ਅੱਗ ਬੁਝਾਉਣ ਦੇ ਲਈ ਅੰਨ ਦੀ ਭਾਲ ਕੀਤੀ। ਅੰਨ ਉਗਾਇਆ, ਮਨੁੱਖ ਨੂੰ ਅੰਨਦਾਤਾ ਆਖਣ ਵਾਲਿਆਂ ਨੇ ਉਸ ਦੀ ਏਨੀ ਪ੍ਰਸੰਸਾ ਕੀਤੀ ਕਿ ਉਹ ਅੰਨਦਾਤਾ ਹੁਣ ਆਪਣੇ ਗਲ ਵਿੱਚ ਫਾਹੇ ਲੈ ਰਿਹਾ ਹੈ । ਸੜਕਾਂ ਤੇ ਧਰਨੇ ਦੇ ਰਿਹਾ ਹੈ।
ਪਰ ਕਦੇ ਮਨੁੱਖ ਨੇ ਇਹ ਨਹੀਂ ਸੋਚਿਆ ਤੇ ਸਮਝਿਆ ਕਿ ਅੰਨਦਾਤਾ ਮਰਦਾ ਕਿਉਂ ਹੈ? ਅਸੀਂ ਜਦੋਂ ਦੇ ਘਰਾਂ ਤੋਂ ਕੋਠੀਆਂ ਤੱਕ ਪੁੱਜੇ ਹਾਂ, ਸਾਈਕਲਾਂ, ਸਕੂਟਰਾਂ ਤੋਂ ਮੋਟਰ ਗੱਡੀਆਂ ਤੱਕ ਆਏ ਹਾਂ ਤੇ ਸਾਡੀ ਜ਼ਿੰਦਗੀ ਦੀ ਜੀਵਨ ਸ਼ੈਲੀ ਬਦਲ ਗਈ ਹੈ। ਅਸੀਂ ਚੁੱਲੇ ਮੂਹਰੇ ਤੋਂ ਉਠ ਕੇ ਡੈਨਿੰਗ ਟੇਬਲ ਤੱਕ ਪੁੱਜ ਗਏ ਹਾਂ। ਦੁੱਧ ਦੀ ਥਾਂ ਤੇ ਦਾਰੂ ਆ ਗਈ ਹੈ। ਚਿੱਟੇ ਨੇ ਸਾਡੀ ਮੱਤ ਨੀ ਜੁਆਨੀ ਖਾ ਲਈ ।
ਸਾਡੇ ਰਸਮ ਰਿਵਾਜ਼ ਬਦਲ ਗਏ ਹਨ। ਅਸੀਂ ਵਿਆਹ ਤੇ ਅੰਤਿਮ ਅਰਦਾਸਾਂ ਦਾ ਫਰਕ ਮਿਟਾ ਦਿੱਤਾ ਹੈ। ਅਸੀਂ ਨੱਕ ਦੇ ਗੁਲਾਮ ਹੋ ਗਏ ਤੇ ਵੱਡਾ ਕਰਨ ਦੇ ਚੱਕਰ ਫਸ ਗਏ । ਭਾਵੇਂ ਇਹ ਸਭ ਕੁੱਝ ਕੁ ਲੋਕਾਂ ਨੇ ਸ਼ੁਰੂ ਕੀਤਾ ਸੀ, ਪਰ ਇਸ ਬੀਮਾਰੀ ਦਾ ਸ਼ਿਕਾਰ ਸਾਰਾ ਪੰਜਾਬ ਹੋ ਗਿਆ। ਇਸ ਬੀਮਾਰੀ ਤੋਂ ਕੋਈ ਵੀ ਘਰ ਨਾ ਬਚਿਆ।
ਅਸੀਂ ਚਾਨਣੀ ਕਨਾਤਾਂ ਤੋਂ ਮੈਰਿਜ ਪੈਲਿਸਾਂ ਤੱਕ ਆ ਗਏ ਹਾਂ। ਵਿਆਹ ਵੱਡੇ ਕਰਨ ਦੇ ਨਾਲ ਸਾਡਾ ਸਿਰ ਉੱਚਾ ਨਹੀਂ ਹੋਇਆ, ਸਗੋਂ ਸਾਡੀ ਘੁਲਾੜੀ ਵਿੱਚ ਬਾਂਹ ਆਈ ਹੈ। ਅਸੀਂ ਮੈਰਿਜ ਪੈਲਿਸਾਂ ਦੇ ਵਿੱਚ ਆਪਣੀ ਖ਼ੁਦਕੁਸ਼ੀ ਦਾ ਐਲਾਨ ਕਰਦੇ ਹਾਂ। ਇਸੇ ਕਰਕੇ ਅਸੀਂ ਕਰਜ਼ੇ ਦੀਆਂ ਪੰਡਾਂ ਹੇਠ ਆ ਕੇ ਮਰਦੇ ਹਾਂ।
ਕਦੇ ਸੋਚਿਆ ਹੈ ਕਿ ਕਿਸੇ ਰੇਹੜੀ ਤੇ ਫੜੀ ਵਾਲੇ ਨੇ ਖ਼ੁਦਕੁਸ਼ੀ ਕੀਤੀ ਹੈ? ਹੁਣ ਕਿਰਤੀ ਕਿਸਾਨ ਨਹੀਂ 'ਜੱਟ' ਖੁਦਕਸ਼ੀ ਕਰਕੇ ਮਰ ਰਹੇ ਹਨ। ਕਿਸਾਨ ਤਾਂ ਕਿਰਤੀ ਸੀ। ਉਹ ਕਿਰਤ ਕਰਦਾ ਸੀ। ਠੀਕ ਐ ਕਿਰਤ ਦਾ ਮੁੱਲ ਸਰਕਾਰਾਂ ਨੇ ਨਹੀਂ ਪਾਇਆ। ਖ਼ੁਦਕੁਸ਼ੀਆਂ ਦਾ ਰਿਵਾਜ਼ ਵੀ ਹੁਣੇ ਹੀ ਵਧਿਆ ਹੈ, ਜਦੋਂ ਦੇ ਅਸੀਂ ਚਿੱਟੇ ਤੇ ਵਿਸ਼ਵੀਕਰਨ ਦੇ ਘੋੜੇ 'ਤੇ ਸਵਾਰ ਹੋਏ ਹਾਂ।
ਅਸੀਂ ਫਲ੍ਹਿਆਂ ਨਾਲ ਖੇਤੀਬਾੜੀ ਕਰਦੇ ਹੁਣ ਫਾਹਿਆਂ ਤੱਕ ਪੁੱਜੇ ਹਾਂ। ਜਦੋਂ ਸਾਡੇ ਪੁਰਖੇ ਫਲ੍ਹਿਆਂ ਦੇ ਨਾਲ ਅੰਨ ਪੈਦਾ ਕਰਦੇ ਸੀ, ਕਦੇ ਸੁਣਿਆ ਸੀ ਕਿ ਕਿਸੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਐ? ਸਬਰ ਸੰਤੋਖ ਸੀ, ਹੁਣ ਭੁੱਖ ਤੇ ਲਾਲਚ ਵੱਧ ਗਿਆ ਹੈ । ਵਧਿਆ ਕੁੱਝ ਮਾੜਾ ਹੁੰਦਾ ਹੈ । ਚੁਪ ਤੇ ਭੁੱਖ ਵੱਧ ਗਈ ਹੈ ਤਾਂ ਹੁਣ ਮਨੁੱਖ ਪ੍ਰੇਸ਼ਾਨ ਹੈ।
ਇਹ ਤਾਂ ਜਦੋਂ ਦੀ ਸਰਕਾਰ ਨੇ 'ਖ਼ੁਦਕੁਸ਼ੀ ਗਰਾਂਟ' ਸ਼ੁਰੂ ਕੀਤੀ ਐ, ਇਹ ਰਿਵਾਜ਼ ਵਧ ਗਿਆ ਸੀ। ਪਰ ਕਦੇ ਅਸੀਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਨਹੀਂ ਦੇਖਿਆ ਕਿ ਅਸੀਂ ਜਿਸ ਰਸਤੇ ਤੁਰ ਰਹੇ ਹਾਂ ਇਹ ਕਿਸੇ ਮੰਜ਼ਿਲ ਵੱਲ ਨਹੀਂ ਜਾਂਦਾ। ਸਗੋਂ ਮੌਤ ਵੱਲ ਜਾਂਦਾ ਹੈ । ਕਈ ਵਾਰ ਤਾਂ ਇੰਝ ਹੁੰਦਾ ਹੈ ਕਿ ਅਸੀਂ ਕੋਹਲੂ ਦੇ ਬਲਦ ਦੇ ਵਾਂਗ ਇੱਕ ਥਾਂ 'ਤੇ ਘੁੰਮੀ ਜਾਂਦੇ ਹਾਂ ਤੇ ਅਸੀਂ ਆਖਦੇ ਹਾਂ ਕਿ ਸਾਨੂੰ ਮੰਜ਼ਿਲ ਨਹੀਂ ਮਿਲੀ।
ਸਾਡੀ ਜੀਵਨ ਸ਼ੈਲੀ ਹੀ ਬਦਲੀ ਹੈ ਪਰ ਸੋਚ ਨੀ ਬਦਲੀ । ਅਸੀਂ ਜਦੋਂ ਦਾ ਕਿਰਤ ਦਾ ਪੱਲਾ ਛੱਡਿਆ ਹੈ, ਉਦੋਂ ਤੋਂ ਹੀ ਇਹ ਸਭ ਕੁੱਝ ਸ਼ੁਰੂ ਹੋਇਆ ਹੈ।
ਅਸੀਂ ਰਸਤਿਆਂ ਦੀ ਤਲਾਸ਼ ਵਿੱਚ ਨਿਕਲਣ ਦੀ ਵਜਾਏ ਉਹੀ ਰਸਤਿਆਂ ਉੱਤੇ ਤੁਰੇ ਜਾ ਰਹੇ ਹਾਂ, ਇਸੇ ਕਰਕੇ ਸਾਡੇ ਆਲੇ-ਦੁਆਲੇ ਰਸਮਾਂ ਰਿਵਾਜ਼ਾਂ ਦੀ ਭੀੜ ਵਧ ਗਈ ਹੈ।
ਹੁਣ ਅਸੀਂ 'ਨੱਕ' ਬਚਾਉਣ ਲਈ ਆਪਣੇ ਗਲੇ ਵਢਾਉਣ ਤੱਕ ਦਾ ਸਫ਼ਰ ਕਰ ਲਿਆ ਹੈ। ਇਹ ਪਤਾ ਨਹੀਂ ਅਸੀਂ ਇਸ ਸਫ਼ਰ ਦੇ ਰਾਹੀ ਕਦੋਂ ਤੱਕ ਬਣੇ ਰਹਿਣਾ ਹੈ? ਜਦੋਂ ਦੀਆਂ ਸਾਡੀਆਂ ਸੜਕਾਂ ਕੌਮੀ ਮਾਰਗ ਬਣੀਆਂ ਹਨ, ਇਨਾਂ ਦੁਆਲੇ ਵਾੜਾਂ ਕਰ ਦਿੱਤੀਆਂ ਹਨ, ਇਨਾਂ ਵਾੜਾਂ ਕਾਰਨ ਸੜਕਾਂ ਦੇ ਨਾਲ-ਨਾਲ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਵਿਹਲੇ ਹੋ ਗਏ ਹਨ।
ਵੱਡੀਆਂ ਸੜਕਾਂ ਕਿਸੇ ਨੂੰ ਕਿਸੇ ਮੰਜ਼ਿਲ ਤੱਕ ਨਹੀਂ ਲਿਜਾਂਦੀਆਂ ਹਨ। ਸੜਕਾਂ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਂ ਸ਼ਹਿਰਾਂ ਤੱਕ ਜਾਂਦੀਆਂ ਹਨ। ਪਰ ਹਰ ਸੜਕ ਉੱਤੇ ਤੁਰਿਆ ਕੋਈ ਮੰਜ਼ਿਲ 'ਤੇ ਨਹੀਂ ਪੁੱਜਦਾ।
ਮੰਜ਼ਿਲ 'ਤੇ ਪੁੱਜਣ ਲਈ ਪਹਿਲਾਂ ਟੀਚੇ ਮਿੱਥਣੇ ਪੈਂਦੇ ਹਨ। ਪਰ ਹੁਣ ਇਸ ਸਮੇਂ ਕੋਈ ਟੀਚੇ ਹੀ ਨਹੀਂ ਮਿੱਥਦਾ, ਸਿਰਫ਼ ਦੌੜ ਰਿਹਾ ਹੈ। ਦੌੜ ਜਾਰੀ ਹੈ।
ਹੁਣ ਇਹ ਦੌੜ ਬਦੇਸ਼ ਜਾਣ ਦੀ ਹੈ. ਅਸੀਂ ਕਿਰਤੀ ਤੋਂ ਸਿਆਸਤਦਾਨਾਂ ਨੇ ਮੰਗਤੇ ਬਣਾ ਦਿੱਤੇ।.ਅਸੀਂ ਮੰਗਤਿਆਂ ਵਾਂਗ ਲਾਇਨਾਂ ਵਿੱਚ ਖੜ੍ਹੇ ਹਾ..ਸਾਨੂੰ ਨਿੱਕੀਆਂ ਨਿੱਕੀਆਂ ਗਰਜ਼ਾਂ ਨੇ ਫਰਜ਼ ਭੁਲਾ ਦਿੱਤੇ। ਅਸੀਂ ਬਹਾਦਰ ਤੋਂ ਚਾਪਲੂਸ ਬਣ ਕੇ ਸਿਆਸਤਦਾਨ ਦੇ ਮਗਰ ਮੂਹਰੇ ਪੂੰਛ ਹਲਾਉਣ ਜੋਗੇ ਰਹਿ ਗਏ ਹਾਂ । ਅਸੀਂ ਝੋਲੀ ਚੱਕ ਬਣ ਕੇ ਉਨ੍ਹਾਂ ਮਗਰ ਤੁਰੇ ਫਿਰਦੇ ਹਾਂ । ਅਸੀਂ ਸੜਕਾਂ ਉਤੇ ਘੁੰਮ ਦੇ ਹਾਂ । ਸੜਕਾਂ ਦੇ ਨਾਲ ਨਾਲ ਅਸੀਂ ਵੀ ਸੜਕ ਬਣ ਗਏ ਹਾਂ, ਸਾਡੇ ਉਪਰ ਦੀ ਲੰਘ ਕੇ ਵਿਧਾਨ ਸਭਾ ਤੇ ਸੰਸਦ ਭਵਨ ਵਿੱਚ ਜਾਣ ਸਿਆਸਤਦਾਨ ਉਥੇ ਸੌ ਕੇ ਮੁੜਦੇ ਹਨ ਤੇ ਨੋਟ ਕਮਾਉਦੇ ਹਨ।
ਅਸੀਂ ਉਹਨਾਂ ਦੇ ਸੰਸਦ ਭਵਨ ਵਿੱਚ ਸੌਣ ਦਾ ਮਜ਼ਾਕ ਉਡਾਉਦੇ ਪਰ ਆਪ ਅਸੀਂ ਕਦੋਂ ਜਾਗੇ ਹਾਂ ? ਕਦੇ ਕਿਸੇ ਨੇ ਸੋਚਿਆ ਹੈ...?
ਬਾਬਰ ਨੂੰ ਜਾਬਰ ਆਖਣ ਵਾਲੇ ਦਰਬਾਰੀ ਹੋ ਗਏ, ਪੁਜਾਰੀ, ਵਪਾਰੀ ਤੇ ਅਧਿਕਾਰੀ ਹੋ ਗਏ। ਲਿਖਾਰੀ ਇਨਾਮ ਤੇ ਪੁਰਸਕਾਰ ਹਥਿਆਉਂਣ ਵਾਲੀ ਲਾਈਨ ਵਿੱਚ ਖੜੇ ਆ। ਭਲਾ ਲਿਖਣਾ ਇਨਾਮ ਲੈਣ ਲਈ ਹੁੰਦਾ ਹੈ ? ਹੁਣ ਪੁਰਸਕਾਰ ਲੈਣ ਜਾਂ ਢੁਕਣ ਵਾਸਤੇ ਲਿਖਿਆ ਜਾਂਦਾ ਹੈ। ਮਸਲੇ ਸਭ ਵਿਗੜ ਗਏ ਹਨ।
------
ਹਰ ਮਨੁੱਖ ਜਦੋਂ ਹਰ ਤਰ੍ਹਾਂ ਦਾ ਟੈਕਸ ਭਰਦਾ ਹੋਵੇ.. ਹਾਕਮ ਬੈਠ ਕੇ ਚਰਦਾ ਹੋਵੇ ਫੇਰ ਕੋਈ ਕੀ ਕਰੇ?
ਖੈਰ ਤੁਸੀਂ ਕਦੋਂ ਤੱਕ ਸਰਕਾਰ ਦਾ ਟੈਕਸ ਭਰ ਕੇ ਭੁੱਖ ਦੇ ਨਾਲ ਮਰਦੇ ਰਹੋਗੇ?..... ਸੋਚੋ... ਹਰ ਚੀਜ਼ ਤੇ ਟੈਕਸ . ਟੋਲ ਟੈਕਸ, ਹਰ ਥਾਂ ਟੈਕਸ ਦੇ ਕੇ ਸਮਾਨ ਖਰੀਦ ਦੇ ਹੋ.ਫਿਰ ਉਹ ਟੈਕਸ ਕਿਥੇ ਜਾਂਦਾ ? ਸਿਆਸਤਦਾਨਾਂ. ਅਧਿਕਾਰੀਆਂ ਦੇ ਘਰ, ਬਦੇਸ਼ੀ ਬੈਂਕਾਂ ਦੇ ਵਿੱਚ, ਜਦੋਂ ਤੱਕ ਸਿਆਸੀ ਟੋਲਾ, ਅਧਿਕਾਰੀ, ਵਪਾਰੀ, ਪੁਜਾਰੀ ਤੇ ਅਪਰਾਧ ਮਾਫੀਆ ਦਾ ਗੱਠਜੋੜ ਹੈ ਉਦੋਂ ਤੱਕ ਤੁਹਾਡੀ ਮੁਕਤੀ ਨਹੀ ਹੋਣੀ.. ਤੁਸੀਂ ਪਛਾਣਨ ਦਾ ਯਤਨ ਕਰੋ ਕਿ ਇਹਨਾਂ ਪੰਜਾਂ ਦੇ ਜੋੜ ਦਾ ਕੀ ਤੋੜ ਹੈ ?.... ਇਹ ਸਭ ਰਿਸ਼ਤੇਦਾਰ ਲੁੱਟਣ ਲਈ ਕੱਠੇ ... ਤੇ ਤੁਸੀਂ ਮਰਨ ਲਈ ਕੱਲੇ ਕੱਲੇ।
ਲੋਕੋ ਹੋ ਜਾਓ ਇਕੱਠੇ, ਬਹੁਤ ਖਾ ਲੈ ਮੁਫਤ ਦੇ ਪੱਠੇ।
ਛੱਡ ਦਿਓ ਮੈਂ ਮੈਂ ਕਰਨਾ, ਬਣੋ ਨਾ ਖੇਤ ਦਾ ਡਰਨਾ,
ਜਾਗੋ, ਲੁੱਟਣ ਵਾਲੇ ਆ ਗਏ।
ਮਾਰਨ ਵਾਲੇ .. ਤਾੜਨ ਵਾਲੇ .. ਸਾੜਨ ਵਾਲੇ ਆ ਗਏ ਨੇ!
ਬਾਬਰ ਹਿੰਦ ਤੇ ਚੜ੍ਹਦੇ ਆ ਰਹੇ ਨੇ । ਕਦੋਂ ਤੱਕ ਘੇਸਲ ਵੱਟ ਰੱਖੋਗੇ?
ਸੰਪਰਕ : 9464370823