ਪੋਲ ਕਿਸ ਦੀ ਖੁੱਲੀ - ਹਰਦੇਵ ਸਿੰਘ ਧਾਲੀਵਾਲ
ਸ਼੍ਰੋਮਣੀ ਅਕਾਲੀ ਦਲ ਦੇ ਘਮਸਾਣ ਬਾਰੇ ਅਤੇ ਪੋਲ ਖੋਲ ਰੈਲੀਆਂ ਦੀ ਅਸਲੀਅਤ ਨੂੰ ਦੱਸਣ ਲਈ ਮੈਂ ਅਕਾਲੀ ਦਲ ਦੀ ਮੁੱਢ ਤੋਂ ਗੱਲ ਕਰਦਾ ਹਾਂ। 14 ਦਸਬੰਰ 1920 ਨੂੰ ਅਕਾਲੀ ਦਲ ਦੀ ਨੀਂਂਹ ਰੱਖੀ ਗਈ। ਕਿਉਂਕਿ ਭਾਈਚਾਰਕ ਸ਼੍ਰੋਮਣੀ ਕਮੇਟੀ ਬਣ ਗਈ ਸੀ ਅਤੇ ਗੁਰਦੁਆਰਿਆਂ ਦੇ ਘੋਲ ਲਈ ਇੱਕ ਜਮਾਤ ਦੀ ਲੋੜ ਸੀ। ਕਈ ਸੱਜਣ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਜ. ਕਰਤਾਰ ਸਿੰਘ ਝੱਬਰ ਨੂੰ ਕਹਿੰਦੇ ਹਨ, ਪਰ ਪਹਿਲੇ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਹੀ ਸਨ। ਇਸ ਲਹਿਰ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਕੁਰਬਾਨੀ ਸਵਾਲੇ ਸ. ਖੜਕ ਸਿੰਘ ਜੀ ਨੂੰ ਮਿਲੀ। ਭਾਵੇਂ ਸ.ਬ. ਮਹਿਤਾਬ ਸਿੰਘ, ਜ. ਤੇਜਾ ਸਿੰਘ ਸਮੁੰਦਰੀ, ਮਾ. ਤਾਰਾ ਸਿੰਘ, ਗਿਆਨੀ ਸ਼ੇਰ ਸਿੰਘ, ਭਗਤ ਜਸਵੰਤ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਪ੍ਰੋ. ਤੇਜਾ ਸਿੰਘ, ਤਿੰਨੇ ਝਬਾਲੀਏ ਵੀਰ, ਕਪਤਾਨ ਰਾਮ ਸਿੰਘ ਤੇ ਜੱ. ਗੋਪਾਲ ਸਿੰਘ ਸਾਗਰੀ ਆਦਿ ਸਿੱਖ ਜਗਤ ਵਿੱਚ ਚਮਕਾ ਦਿੱਤੇ। ਸਤੰਬਰ 1923 ਤੋਂ 25 ਤੱਕ ਲਹੌਰ ਕਿਲੇ ਦੀ ਕੈਦ ਕੱਟਦੇ ਰਹੇ। ਲਹੌਰ ਕਿਲੇ ਦੀ ਕੈਦ ਵਾਲਿਆਂ ਵਿਰੁੱਧ ਬਗਾਬਤ ਦਾ ਮੁਕੱਦਮਾ ਸੀ। ਪਰ ਕਾਰਨ ਇਹ ਸੀ ਕਿ ਮਹਾਰਾਜਾ ਨਾਭਾ ਨੂੰ ਜਲਾਵਤਨ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਰਬਸੰਮਤੀ ਨਾਲ ਮਤੇ ਪਾਸ ਕਰ ਦਿੱਤੇ ਕਿ ਮਹਾਰਾਜਾ ਬਹਾਲ ਕੀਤਾ ਜਾਏ। ਸਰਕਾਰ ਇਹ ਬਰਦਾਸਤ ਨਾ ਕਰ ਸਕੀ। ਇਹ ਲਹਿਰ 1920 ਤੋਂ 25 ਤੱਕ ਚੱਲੀ। ਇਸ ਵਿੱਚ ਕੌਮ ਨੇ ਅੱਗੇ ਵੱਧ ਕੇ ਬੇਅੰਤ ਕੁਰਬਾਨੀਆਂ ਕੀਤੀਆਂ। ਨਨਕਾਣਾ ਸਾਹਿਬ ਦੇ ਸਾਕੇ ਵਿਖੇ ਸ. ਲਛਮਣ ਸਿੰਘ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਤਕਰੀਬਨ ਸਾਰਾ ਜੱਥਾ ਹੀ ਸ਼ਹੀਦ ਹੋਇਆ। ਇਸ ਤੇ ਅੰਗਰੇਜ ਸਰਕਾਰ ਹਿੱਲ ਗਈ, ਤੁਰਤ ਪ੍ਰਬੰਧ ਦਿੱਤਾ ਗਿਆ। ਇਸ ਤੋਂ ਬਾਅਦ ਗੁਰਦੁਆਰਾ ਐਕਟ ਹੋਂਦ ਵਿੱਚ ਆਇਆ। ਅਕਾਲੀ ਦਲ ਰਾਹੀਂ ਗੁਰਦੁਆਰਿਆਂ ਨੇ ਇਹ ਸੰਘਰਸ਼ ਜਿੱਤ ਲਿਆ ਤੇ ਅਕਾਲੀ ਸਿਰਲੱਥ ਕੁਰਬਾਨੀ ਵਾਲੇ ਮੰਨੇ ਗਏ। ਅਵਾਜ ਉਠੀ ਕਿ ਅਕਾਲੀ ਦਲ ਖਤਮ ਕਰ ਦਿਓ, ਪਰ ਕਾਬਜ ਧੜੇ ਦੇ ਸ. ਮੰਗਲ ਸਿੰਘ ਨੇ ਨਾਹ ਕਰ ਦਿੱਤੀ। ਉਹ ਮਾਸਟਰ ਜੀ ਦੇ ਸਮਰਥਕ ਸਨ।
ਵਿਰੋਧੀ ਧੜੇ ਦੇ ਮੁੱਖੀ ਸ. ਬਹਾਦਰ ਮਹਿਤਾਬ ਸਿੰਘ ਸਨ। ਪਰ 1926 ਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਉਹ 53 ਸੀਟਾਂ ਜਿੱਤ ਸਕੇ। ਉਨ੍ਹਾਂ ਨੇ ਕੇਂਦਰੀ ਅਕਾਲੀ ਦਲ ਸਾਥੀਆਂ ਦੀ ਰਾਇ ਨਾਲ ਬਣਾ ਲਿਆ ਸੀ। ਸ. ਮਹਿਤਾਬ ਸਿੰਘ ਘਰੇਲੂ ਕਾਰਨਾਂ ਤੇ ਵਕਾਲਤ ਕਰਕੇ ਪਿੱਛੇ ਹਟ ਗਏ। ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ 69 ਸੀਟਾਂ ਜਿੱਤ ਗਿਆ। ਤੇਜਾ ਸਿੰਘ ਸਮੁੰਦਰੀ ਦੇ ਚਲਾਣੇ ਦਾ ਉਨ੍ਹਾਂ ਨੂੰ ਲਾਭ ਹੋਇਆ। ਪਰ ਪਾਰਟੀਬਾਜੀ ਦੇ ਬਾਵਜੂਦ ਵੀ ਅਸਲ ਮਸਲੇ ਤੇ ਇਕੱਠੇ ਹੋ ਜਾਂਦੇ ਸਨ। 1941 ਵਿੱਚ ਗਿਆਨ ਕਰਤਾਰ ਸਿੰਘ ਨੇ ਮਾਸਟਰ ਜੀ ਤੇ ਗਿਆਨੀ ਸ਼ੇਰ ਸਿੰਘ ਦਾ ਸਮਝੌਤਾ ਕਰਵਾ ਦਿੱਤਾ। ਅਕਾਲੀ ਦਲ ਵਿੱਚ ਉਸ ਸਮੇਂ ਵੀ ਦੋ ਧੜੇ ਸਨ। ਊਧਮ ਸਿੰਘ ਨਾਗੋਕੇ ਦਾ ਧੜਾ ਕਾਂਗਰਸ ਨਾਲ ਚੱਲਦਾ ਸੀ, ਜਦੋਂ ਕਿ ਗਿਆਨੀਆਂ ਦਾ ਧੜਾ ਅਜ਼ਾਦ ਪੰਜਾਬ ਤੇ ਸਿੱਖ ਸਟੇਟ ਦੀ ਗੱਲ ਵੀ ਕਰਦਾ ਸੀ। 1940 ਵਿੱਚ ਗਿਆਨੀਆਂ ਦੇ ਧੜੇ ਦੇ ਜੱ. ਪ੍ਰੀਤਮ ਸਿੰਘ ਗੁੱਜਰਾਂ ਅਕਾਲੀ ਦਲ ਦੇ ਪ੍ਰਧਾਨ ਬਣੇ। ਉਨ੍ਹਾਂ ਨੇ 1944 ਵਿੱਚ ਗਿਆਨੀ ਸ਼ੇਰ ਸਿੰਘ ਦੇ ਚਲਾਣੇ ਪਿੱਛੋਂ ਲਹੌਰ ਕਾਨਫਰੰਸ ਤੇ ਖਾਲਿਸਤਾਨ ਦਾ ਮਤਾ ਰੱਖ ਦਿੱਤਾ, ਪਰ ਨਾਗੋਕੇ ਗਰੁੱਪ ਨੇ ਮਾਸਟਰ ਜੀ ਨੂੰ ਮਜਬੂਰ ਕਰਕੇ ਇਹ ਮਤਾ ਵਾਪਸ ਕਰਵਾਇਆ। 1948 ਤੱਕ ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਸਨ। ਅਜ਼ਾਦੀ ਪਿੱਛੋਂ ਨਾਗੋਕਾ ਧੜਾ ਕਾਂਗਰਸ ਵਿੱਚ ਪੱਕੇ ਤੌਰ ਤੇ ਸ਼ਾਮਲ ਹੋ ਗਿਆ। 1951 ਵਿੱਚ ਮਾਸਟਰ ਜੀ ਦੀ ਰਾਇ ਤੇ ਗਿਆਨੀ ਕਰਤਾਰ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ। ਕਾਂਗਰਸ ਇਸ ਨੂੰ ਸਿੱਖ ਸੂਬਾ ਕਹਿ ਕੇ ਵਿਰੋਧਤਾ ਕਰਦੀ ਸੀ।
1960 ਤੱਕ ਤਾ ਮਾਸਟਰ ਜੀ ਸਰਵੋ ਸਰਬਾ ਰਹੇ। ਪਰ 1961 ਦੇ ਮੋਰਚੇ ਪਿਛੋਂ ਸੰਤ ਭਰਾ ਹਾਵੀ ਹੋ ਗਏ ਤੇ ਬਗਾਵਤ ਕਰ ਦਿੱਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਬਣ ਗਏ। ਸ਼੍ਰੋਮਣੀ ਅਕਾਲੀ ਦਲ ਸੰਤ ਦਲ ਬਣ ਗਿਆ। ਮਾਸਟਰ ਜੀ ਦੇ ਚਲਾਣੇ ਪਿੱਛੋਂ ਸੰਤ ਦਲ ਵਿੱਚ ਹੀ ਮਾਸਟਰ ਜੀ ਦਾ ਦਲ ਸ਼ਾਮਲ ਹੋ ਗਿਆ। 1972 ਵਿੱਚ ਦੋਵੇਂ ਸੰਤ ਚਲਾਣਾ ਕਰ ਗਏ ਤਾਂ ਅਕਾਲੀ ਦਲ ਦੇ ਪ੍ਰਧਾਨ ਮੋਹਨ ਸਿੰਘ ਤੁੜ ਬਣ ਗਏ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜ. ਟੋਹੜਾ ਕੋਲ ਆ ਗਈ। ਫੇਰ ਜ. ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਬਣੇ। 1980 ਵਿੱਚ ਫਰਕ ਆ ਗਿਆ ਤਾਂ ਸੰਤ ਹਰਚੰਦ ਸਿੰਘ ਲੌਗੋਵਾਲ ਪ੍ਰਧਾਨ ਬਣ ਗਏ। ਉਨ੍ਹਾਂ ਦੀ ਸ਼ਹਾਦਤ ਤੋਂ ਪਿੱਛੋਂ ਸ. ਸੁਰਜੀਤ ਸਿੰਘ ਬਰਨਾਲਾ ਪ੍ਰਧਾਨ ਬਣੇ, ਉਹ ਪਹਿਲੀ ਵਾਰੀ ਅਕਾਲੀ ਦਲ ਦਾ ਪ੍ਰਧਾਨ ਤੇ ਮੁੱਖ ਮੰਤਰੀ ਦਾ ਅਹੁਦਾ ਲੈ ਬੈਠੇ, ਜਿਹੜਾ ਕਿ ਬਿਲਕੁਲ ਗਲਤ ਸੀ। 1986 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਵੱਖ ਹੋ ਗਏ ਤੇ ਬਾਦਲ ਦਲ ਦੇ ਪ੍ਰਧਾਨ ਬਣ ਗਏ। ਕੁੱਝ ਸਮਾਂ ਪਾ ਕੇ ਇਹ ਪ੍ਰਧਾਨਗੀ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਤੇ ਆਪ ਸਰਪ੍ਰਸਤ ਦੀ ਨਵੀਂ ਨਿਯੁਕਤੀ ਕੱਢ ਲਈ। ਸ. ਸੁਖਬੀਰ ਸਿੰਘ ਪਹਿਲੇ ਦਾਹੜੀ ਚਾਹੜੀ ਵਾਲੇ ਪ੍ਰਧਾਨ ਹਨ, ਉਨ੍ਹਾਂ ਨੇ ਅੰਮ੍ਰਿਤ ਵੀ ਸ਼ਾਇਦ ਤੁਰਤ ਹੀ ਛਕਿਆ। ਉਨ੍ਹਾਂ ਦੇ ਕਦੇ ਗਾਤਰੇ ਵਾਲੀ ਕਿਰਪਾਨ ਨਹੀਂ ਦੇਖੀ। ਅਕਾਲੀ ਦਲ, ਅਕਾਲੀ ਦਲ ਨਾਲੋਂ ਪੰਜਾਬ ਪਾਰਟੀ ਵੱਧ ਬਣ ਗਿਆ।
2007 ਵਿੱਚ ਸਰਸੇ ਵਾਲੇ ਸਾਧ ਨੇ ਸਲਾਬਤਪੁਰੇ ਵੱਡਾ ਇਕੱਠ ਕੀਤਾ ਦਸਵੇਂ ਪਾਤਸ਼ਾਹ ਵਰਗੀ ਪੁਸ਼ਾਕ ਧਾਰਨ ਕੀਤੀ ਤੇ ਅੰਮ੍ਰਿਤ ਦੀ ਨਕਲ ਕਰਕੇ ਜਾਮ ਏ ਹਿੰਸਾ ਲੋਕਾਂ ਨੂੰ ਵਰਤਾਇਆ। ਇਸ ਤੇ ਤਲਵੰਡੀ ਸਾਬੋ ਵੱਡਾ ਇਕੱਠ ਹੋਇਆ ਤੇ ਆਮ ਲੋਕ ਸਲਾਬਤਪੁਰੇ ਨੂੰ ਗੁੱਸੇ ਨਾਲ ਚੱਲ ਪਏ। ਮਿਥੀ ਹੋਈ ਗੱਲ ਅਨੁਸਾਰ ਸਾਰਿਆਂ ਨੂੰ ਭਾਈ ਰੂਪੇ ਹੀ ਰੋਕ ਲਿਆ। ਕਿਹਾ ਜਾਂਦਾ ਸੀ ਕਿ ਸਾਧ ਦੀ ਪੁਸ਼ਾਕ ਸ. ਸੁਖਬੀਰ ਸਿੰਘ ਦੀ ਹਦਾਇਤ ਤੇ ਮੋਹਾਲੀ ਤੋਂ ਤਿਆਰ ਹੋਈ ਸੀ। ਸਰਸੇ ਵਾਲੇ ਸਾਧ ਨੇ 2012 ਦੀ ਚੋਣ ਵਿੱਚ ਖੁੱਲ ਕੇ ਅਕਾਲੀ ਦਲ ਦੀ ਮਦਤ ਕੀਤੀ। 2015 ਵਿੱਚ ਉਸ ਨੇ ਆਪਣੀ ਫਿਲਮ ਬਣਾਈ, ਪਰ ਧਾਰਮਿਕ ਅੱਕਦੇ ਕਾਰਨ ਇਹ ਪੰਜਾਬ ਵਿੱਚ ਚੱਲ ਨਾ ਸਕੀ। ਉਹ ਚਾਹੁੰਦਾ ਸੀ ਕਿ ਉਸ ਦੀ ਫਿਲਮ ਹਰ ਹਾਲਤ ਵਿੱਚ ਚੱਲੇ। ਬਾਦਲ ਪਰਿਵਾਰ ਨੇ ਸਾਧ ਨੂੰ ਮੁਆਫੀ ਜੱਥੇਦਾਰ ਅਕਾਲ ਤਖਤ ਤੇ ਜੋਰ ਪੁਆ ਕੇ ਦੁਆਈ। ਜ. ਗੁਰਮੁੱਖ ਸਿੰਘ ਨੇ ਕਿਹਾ ਸੀ ਕਿ ਉਹ ਜ. ਗਿਆਨੀ ਗੁਰਬਚਨ ਸਿੰਘ ਤੇ ਅਨੰਦਪੁਰ ਸਾਹਿਬ ਦੇ ਜੱਥੇਦਾਰ ਨਾਲ ਬਾਦਲ ਸਾਹਿਬ ਦੀ ਕੋਠੀ ਚੰਡੀਗੜ੍ਹ ਗਏ, ਉੱਥੇ ਹੀ ਲਿਖਿਆ ਮੁਆਫੀਨਾਮਾ ਮਿਲਿਆ। ਉਸ ਸਮੇਂ ਗੁਰਮੁੱਖ ਸਿੰਘ ਨੇ ਦਲੇਰੀ ਦਿਖਾਈ। ਇਸ ਤੇ ਸਾਰੇ ਪੰਥ ਵਿੱਚ ਰੌਲਾ ਪੈਣ ਤੇ ਮੁਆਫੀਨਾਮਾ ਜੱਥੇਦਾਰ ਸਾਹਿਬ ਨੇ ਰੱਦ ਕਰ ਦਿੱਤਾ। ਬਾਦਲ ਪਰਿਵਾਰ ਦੇ ਵਿਰੁੱਧ ਪੰਜਾਬ ਦੇ ਲੋਕਾਂ ਵਿੱਚ ਵਿਦਰੋਹ ਹੈ। ਸ. ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਜ. ਗੁਰਬਚਨ ਸਿੰਘ ਨੂੰ ਹਟਾਉਣ ਦਾ ਸੁਝਾਅ ਦਿੱਤਾ ਸੀ ਪਰ ਬਾਦਲ ਪਰਿਵਾਰ ਦੀਆਂ ਨਜਦੀਕੀਆਂ ਕਾਰਨ ਢੀਂਡਸੇ ਦੀ ਗੱਲ ਨਾ ਮੰਨੀ। ਬਹੁਤ ਚੰਗਾ ਕੀਤਾ ਉਨ੍ਹਾਂ ਨੇ ਜਨਰਲ ਸਕੱਤਰੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਅਸਤੀਫੇ ਦੇ ਦਿੱਤੇ, ਭਾਵੇਂ ਅਕਾਲੀ ਦਲ ਦੇ ਮੈਂਬਰ ਹਨ।
ਅਸਲ ਵਿੱਚ ਗਿਆਨੀ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਦੇ 2015 ਦੇ ਬਿਆਨ ਤੇ ਜਸਟਿਸ ਦੀ ਇਨਕੁਆਰੀ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਇਹ ਮਾੜਾ ਕਾਰਨਾਮਾ ਬਾਦਲ ਪਰਿਵਾਰ ਨੇ ਸਾਧ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਇਜਾਜਤ ਦਿੱਤੀ, ਭਾਵੇਂ ਹੁਣ ਗੁਰਮੁੱਖ ਸਿੰਘ ਆਦਿ ਮੁਕਰ ਗਏ ਹਨ, ਪਰ ਪਹਿਲੇ ਬਿਆਨ ਸੱਚੇ ਸਨ। ਅਸਲ ਵਿੱਚ ਬਾਦਲ ਪਰਿਵਾਰ ਦੀ ਪੋਲ ਖੁੱਲ ਹੀ ਗਈ ਹੈ। ਇਹ ਗੱਲ ਨੰਗੀ ਹੋ ਗਈ ਹੈ। ਸ. ਸੁਖਬੀਰ ਸਿੰਘ ਬਾਦਲ ਪੋਲ ਖੋਲ ਰੈਲੀਆਂ ਕਰ ਗਏ ਹਨ, ਜਦੋਂ ਕਿ ਪੋਲ ਉਨ੍ਹਾਂ ਦੀ ਖੁੱਲੀ ਹੈ। ਸ. ਰਣਜੀਤ ਸਿੰਘ ਬਰਮਪੁਰਾ, ਸ. ਸੇਵਾ ਸਿੰਘ ਸੇਖਵਾਂ ਤੇ ਜ. ਰਤਨ ਸਿੰਘ ਅਜਨਾਲਾ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਨਫਰੰਸ ਕੀਤੀ। ਕਹਿੰਦੇ ਹਨ ਕਿ ਉਹ ਵੀ ਅਸਤੀਫਾ ਦੇਣਾ ਚਾਹੁੰਦੇ ਸਨ, ਪਰ ਕੋਸ਼ਿਸ਼ ਕਰਕੇ ਅਸਤੀਫਾ ਰੋਕ ਲਿਆ। ਪਰ ਉਨ੍ਹਾਂ ਨੇ ਆਪਣੀ ਨਰਾਜਗੀ ਪ੍ਰਗਟ ਕਰ ਦਿੱਤੀ। ਪੰਜਾਬ ਦੇ ਲੋਕ ਸਮਝ ਗਏ ਹਨ। ਕਈ ਨਲਾਇਕ ਅਜੇ ਵੀ ਬਾਦਲ ਪਰਿਵਾਰ ਦੀ ਗੁਲਾਮੀ ਕਰ ਰਹੇ ਹਨ। ਹੁਣ ਰੁੱਸਿਆ ਨੂੰ ਮਨਾਉਣ ਦੀ ਮੁਹਿੰਮ ਚੱਲੀ ਹੈ। ਪਰ ਪੰਜਾਬ ਦਾ ਹਰ ਵਿਅਕਤੀ ਜੋ ਥੋੜੀ ਜਿਹੀ ਵੀ ਸਮਝ ਰੱਖਦਾ ਹੈ, ਉਹ ਜਾਣ ਗਿਆ ਹੈ ਕਿ ਪੋਲ ਖੁੱਲ ਗਈ ਹੈ। ਮੇਰੀ ਸਮਝ ਵਿੱਚ ਪੰਜਾਬੀ ਮੁਆਫ ਨਹੀਂ ਕਰਨਗੇ।
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279
07 Oct. 2018