ਪੰਜਾਬ ਦਾ ਬਦਲ ਰਿਹਾ ਸੱਭਿਆਚਾਰਕ ਢਾਂਚਾ, ਵੱਧ ਰਹੇ ਬਹੁਪੱਖੀ ਸੰਕਟ - ਬੁੱਧ ਸਿੰਘ ਨੀਲੋਂ
ਵਿਸ਼ਵੀਕਰਨ ਤੇ ਕਾਰਪੋਰੇਟੀ ਹਮਲਿਆਂ ਦੇ ਕਾਰਨ ਪੰਜਾਬ ਦੇ ਬਦਲ ਰਹੇ ਸੱਭਿਆਚਾਰਕ ਢਾਂਚੇ ਨੂੰ ਸਮਝਣਾ ਟੇਡੀ ਖੀਰ ਬਣ ਗਿਆ ਹੈ । ਵਿਸ਼ਵ ਮੰਡੀ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਅਰਥ ਸਾਸ਼ਤਰੀਆਂ, ਸਿੱਖਿਆ ਸਾਸ਼ਤਰੀਆਂ, ਸਮਾਜ ਸ਼ਾਸਤਰੀਆਂ, ਖੇਤੀ ਵਿਗਿਆਨੀਆਂ ਤੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਵਿਸ਼ਵੀਕਰਨ ਦੇ ਫਾਇਦੇ ਗਿਣਾਏ ਸਨ, ਉਹ ਤੀਹ ਸਾਲ ਵਿੱਚ ਉਲਟ ਪੁਲਟ ਗਏ । ਇਸ ਉਲਟ ਪੁਲਟ ਵਿੱਚ ਹੁਣ ਉਹ ਸਾਰੇ ਹੀ ਸਾਸ਼ਤਰੀ ਤੇ ਵਿਦਵਾਨ ਪੰਜਾਬ ਦੇ ਵਿੱਚੋਂ ਪਰਵਾਰਾਂ ਸਮੇਤ ਗਾਇਬ ਹੋ ਗਏ ਹਨ।
ਪੰਜਾਬ ਹੁਣ ਨਾ ਬਾਬੇ ਨਾਨਕ ਵਾਲਾ, ਨਾ ਮਿਸਲਾਂ ਵਾਲਾ, ਨਾ ਰਿਆਸਤਾਂ ਵਾਲਾ, ਨਾ ਅੰਗਰੇਜ਼ਾਂ ਵਾਲਾ, ਨਾ ਸੰਤਾਲੀ ਵਾਲਾ, ਨਾ ਛਿਆਹਟ ਵਾਲਾ, ਨਾ ਉਨੀ ਸੌ ਚੌਰਾਸੀ ਵਾਲਾ ਹੈ ਤੇ ਪੰਜਾਬ ਹੁਣ ਵੀਹ ਸੌ ਵਾਈ ਵਾਲਾ ਹੈ । ਜੋ ਹੁਣ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ, ਬੇਰੁਜ਼ਗਾਰੀ, ਗੈਂਗਸਟਰ, ਚਿੱਟਾ, ਕਰਜ਼ਾ, ਧਰਨਿਆਂ ਤੇ ਮੁਜਾਰਿਆਂ / ਧਰਨਿਆਂ ਦਾ ਨਿੱਤ ਸਾਹਮਣਾ ਕਰ ਰਿਹਾ ਹੈ । ਪੰਜਾਬ ਦੀ ਬੌਧਿਕ ਸ਼ਕਤੀ ਤੇ ਸਰਮਾਇਆ ਪਰਵਾਸ ਕਰ ਰਿਹਾ ਹੈ । ਪੰਜਾਬ ਦੇ ਇਹਨਾਂ ਪ੍ਰਮੁੱਖ ਸੰਕਟਾਂ ਨੂੰ ਹੱਲ ਕਰਨ ਦੇ ਜਿਥੇ ਸਾਨੂੰ ਨਵੀਆਂ ਨੀਤੀਆਂ ਦੀ ਲੋੜ ਹੈ, ਪਰ ਅਸੀਂ ਪੁਰਾਤਨ ਪੰਜਾਬ ਨੂੰ ਯਾਦ ਕਰਕੇ ਨਵੇਂ ਪੰਜਾਬ ਨੂੰ ਉਸਾਰਨ ਦੀ ਵਜਾਏ ਨਵੇਂ ਸੰਕਟਾਂ ਵਿੱਚ ਉਲਝ ਰਹੇ ਹਾਂ ।
ਹੁਣ ਕੋਈ ਪੰਜਾਬ ਨੂੰ ਵਾਰਿਸ ਦੀ ਹੀਰ ਰਾਹੀਂ ਸਮਝ ਰਿਹਾ ਹੈ ਤੇ ਕੋਈ ਵਾਰਿਸ ਪੰਜਾਬ ਨੂੰ ਵਹੀਰ ਬਣਾ ਰਿਹਾ ਹੈ, ਖੱਬੇ ਪੱਖੀ ਤੇ ਅੱਧੇ ਖੱਬੇ ਪੱਖੀ ਇਸਨੂੰ ਪੁਰਾਣੇ ਚੌਖਟਿਆਂ ਵਿੱਚ ਰੱਖ ਕੇ ਦੇਖ ਸਮਝ ਤੇ ਸਮਝਾ ਰਹੇ ਹਨ । ਵਿਸ਼ਵੀਕਰਨ ਦੇ ਤਿੱਖੇ ਹਮਲੇ ਕਰਕੇ ਸਾਰੇ ਦੇਸ਼ਾਂ ਵਿੱਚ ਆਰਥਿਕ ਮੰਦੀ ਦਾ ਸੰਕਟ ਹੈ, ਬਹੁਗਿਣਤੀ ਲੋਕ ਇਕ ਦੂਜੇ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ ।
ਇਨ੍ਹਾਂ ਸੰਕਟਾਂ ਦੇ ਕਾਰਨ ਕਈ ਦੇ ਘਰੇਲੂ ਯੁੱਧ ਦਾ ਸ਼ਿਕਾਰ ਹੋ ਗਏ ਹਨ । ਦੁਨੀਆਂ ਦਾ ਧਾਕੜ ਅਮਰੀਕਾ ਵੀ ਇਸ ਸੰਕਟ ਵਿੱਚ ਫਸਿਆ ਹੋਇਆ ਹੈ । ਲੋਕ ਜਾਨਾਂ ਬਚਾ ਕੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ । ਜਿਹੜਾ ਵੀ ਕੋਈ ਮਨੁੱਖ ਦੂਜੇ ਰਾਜ ਤੇ ਦੇਸ਼ ਵਿੱਚ ਜਾਂਦਾ ਹੈ, ਉਹ ਆਪਣੇ ਨਾਲ ਆਪਣੀ ਭਾਸ਼ਾ, ਸੱਭਿਆਚਾਰ ਤੇ ਸੱਭਿਅਤਾ ਲੈ ਕੇ ਜਾਂਦਾ ਹੈ । ਇਸੇ ਕਰਕੇ ਵੱਖ ਵੱਖ ਦੇਸ਼ਾਂ ਵਿੱਚ ਨਸਲੀ ਘਟਨਾਵਾਂ ਵਾਪਰਦੀਆਂ ਹਨ। ਹਰ ਕੋਈ ਆਪਣੇ ਆਪ ਨੂੰ ਦੇਸ਼ , ਰਾਜ ਤੇ ਖਿੱਤੇ ਦਾ ਮਾਲਕ ਸਮਝਦਾ ਹੈ। ਜਦਕਿ ਕੋਈ ਵੀ ਮਨੁੱਖ ਕਿਸੇ ਰਾਜ ਤੇ ਇਲਾਕੇ ਦਾ ਮਾਲਕ ਨਹੀਂ ਤੇ ਸਭ ਪਰਵਾਸੀ ਹਨ। ਅੰਗਰੇਜ਼ਾਂ ਨੇ ਵੀ ਦੂਜੇ ਦੇਸ਼ਾਂ ਵਿੱਚ ਆਪਣੀ ਭਾਸ਼ਾ ਤੇ ਸੱਭਿਆਚਾਰ ਲਿਆ ਕੇ ਪੁਰਾਣੀਆਂ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਤਬਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਹੁਣ ਪੰਜਾਬ ਵਿੱਚ ਕਈ ਤਰ੍ਹਾਂ ਦੇ ਸੰਕਟ ਸੂਲਾਂ ਵਾਂਗੂੰ ਉਗ ਰਹੇ ਹਨ, ਇਹਨਾਂ ਸੰਕਟਾਂ ਤੋਂ ਨਿਵਰਤੀ ਪਾਉਣ ਲਈ ਉਨ੍ਹਾਂ ਨੂੰ ਹਰ ਕੋਈ ਆਪਣੇ ਤਰੀਕੇ ਛਾਂਗ ਰਿਹਾ ਹੈ । ਹੁਣ ਮੁੱਖ ਮਸਲਾ ਰੁਜ਼ਗਾਰ ਤੇ ਆਪਣੀ ਹੋਂਦ ਨੂੰ ਬਚਾਈ ਰੱਖਣ ਦਾ ਬਣਿਆ ਹੋਇਆ ਹੈ ਪਰ ਵਿਸ਼ਵੀਕਰਨ ਦੀ ਹਨੇਰੀ ਸਭ ਕੁੱਝ ਨੂੰ ਉਜਾੜ ਰਹੀ ਹੈ। ਪਿੰਡਾਂ ਤੋਂ ਸ਼ਹਿਰਾਂ ਵੱਲ ਤੇ ਫੇਰ ਦੂਜੇ ਰਾਜਾਂ ਤੇ ਦੇਸ਼ਾਂ ਨੂੰ ਲੋਕ ਪਰਵਾਸ ਕਰ ਰਹੇ ਹਨ । ਹਰ ਥਾਂ ਤੇ ਸੱਭਿਆਚਾਰਕ ਸੰਕਟ ਪੈਦਾ ਹੁੰਦਾ ਹੈ । ਦੋ ਸੱਭਿਅਤਾਵਾਂ ਆਪਸ ਵਿੱਚ ਸਮਾਉਣ ਦੀ ਵਜਾਏ ਟਕਰਾਅ ਪੈਦਾ ਕਰਦੀਆਂ ਹਨ ਤੇ ਜਿਸ ਨਾਲ ਹਿੰਸਾ ਪੈਦਾ ਹੁੰਦੀ ਹੈ , ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਸਿਆਸੀ ਲੋਕ ਇਸ ਹਿੰਸਾ ਦੇ ਵਿੱਚੋਂ ਵੋਟਾਂ ਵਟੋਰਦੇ ਹਨ ।
ਹੁਣ ਪੰਜਾਬ ਅੰਦਰ ਵੀ ਇਹੋ ਸੰਕਟ ਪੈਦਾ ਹੋ ਰਿਹਾ ਹੈ । ਪੰਜਾਬ ਦੇ ਵਿੱਚ ਬਾਹਰੀ ਰਾਜਾਂ ਤੋਂ ਆਏ ਲੋਕਾਂ ਨੇ ਪੰਜਾਬ ਦੀ ਦਸਤਕਾਰੀ ਅਤੇ ਵੱਖ ਵੱਖ ਕਿੱਤਿਆਂ ਉਪਰ ਉਨ੍ਹਾਂ ਦੀ ਪਕੜ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀ ਹੱਥੀਂ ਕਿਰਤ ਕਰਨ ਦੀ ਰੀਝ ਨੇ ਉਨ੍ਹਾਂ ਦੇ ਹਰ ਪਾਸੇ ਹਾਵੀ ਹੋਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪੰਜਾਹ ਸਾਲ ਪਹਿਲਾਂ ਜਿਹੜੇ ਪਰਵਾਸੀ ਮਜ਼ਦੂਰ ਹਾੜੀ ਤੇ ਸਾਉਣੀ ਦੀ ਫਸਲ ਸਾਂਭਣ ਵੇਲ਼ੇ ਸਾਲ 'ਚ ਦੋ ਮਹੀਨੇ ਪੰਜਾਬ ਆਉਂਦੇ ਸਨ ਤੇ ਫੇਰ ਕੰਮ ਨਬੇੜ ਕੇ ਵਾਪਸ ਪਰਤ ਜਾਂਦੇ ਸਨ, ਪਰ ਉਨ੍ਹਾਂ ਨੇ ਹੁਣ ਪੰਜਾਬ ਵਿੱਚ ਹੀ ਪੱਕਾ ਵਸੇਬਾ ਕਰ ਲਿਆ ਹੈ । ਪੰਜਾਬ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਅਤੇ ਕਾਰੀਗਰੀ ਦੇ ਜ਼ਿਆਦਾਤਰ ਕੰਮ ਇਹਨਾਂ ਨੇ ਸੰਭਾਲ ਲਏ ਹਨ ਅਤੇ ਉੱਚੇ ਪ੍ਰਬੰਧਕੀ ਅਹੁਦਿਆਂ ਤੇ ਵੀ ਇਹੋ ਲੋਕ ਬਿਰਾਜਮਾਨ ਹੋ ਗਏ ਹਨ । ਪੰਜਾਬੀਆਂ ਦੀ ਹੱਥੀਂ ਕਿਰਤ ਕਰਨ ਦੀ ਰੁਚੀ ਪਿਛਲੇ ਚਾਲ਼ੀ ਸਾਲਾਂ ਦੌਰਾਨ ਲਗਾਤਾਰ ਘਟਦੀ ਗਈ ਹੈ। ਇਸੇ ਕਰਕੇ ਹੁਣ ਇਹਨਾਂ ਪਰਵਾਸੀ ਮਜ਼ਦੂਰਾਂ ਨੇ ਇਮਾਰਤਸਾਜ਼ੀ, ਰੋਟੀ ਟੁੱਕ ਪਕਾਉਣ ਵਾਲ਼ੇ ਕਿੱਤੇ, ਫਲ਼ਾਂ ਅਤੇ ਸਬਜ਼ੀਆਂ ਦੇ ਕਾਰੋਬਾਰ ਆਪਣੇ ਹੱਥ ਲੈ ਲਏ ਹਨ । ਸ਼ਹਿਰਾਂ ਨਾਲ਼ ਲਗਦੇ ਪਿੰਡਾਂ ਵਿੱਚ ਇਹਨਾਂ ਮਜ਼ਦੂਰਾਂ ਨੇ ਪੱਕੀਆਂ ਠਾਹਰਾਂ ਬਣਾ ਲਈਆਂ ਹਨ । ਪੰਜਾਬ ਦੀ ਰਹਿਤਲ ਦੀ ਦਸ਼ਾ ਤੇ ਦਿਸ਼ਾ ਵਿੱਚ ਜਿਸ ਕਦਰ ਲਗਾਤਾਰ ਤਬਦੀਲੀ ਹੋ ਰਹੀ ਹੈ, ਲਗਦਾ ਹੈ ਹੁਣ ਉਹ ਦਿਨ ਦੂਰ ਨਹੀਂ ਰਿਹਾ ਜਦੋਂ ਪੰਜਾਬ ਇਕ ਬਹੁ-ਭਾਸ਼ਾਈ ਤੇ ਬਹੁ- ਸੱਭਿਆਚਾਰਾਂ ਦਾ ਮਿਲਗੋਭਾ ਜਿਹਾ ਬਣ ਜਾਵੇਗਾ। ਪੰਜਾਬ ਦੀ ਜਵਾਨੀ ਲਗਾਤਾਰ ਪਰਵਾਸ ਕਰ ਰਹੀ ਹੈ । ਉਸ ਵਿੱਚ ਆਪਣੀ ਜਨਮ ਭੋਇੰ ਵਿਚ ਰਹਿਕੇ ਆਪਣੇ ਪਿਤਾ ਪੁਰਖੀ ਕੰਮ ਕਰਨ ਨਾਲੋਂ ਵਿਦੇਸ਼ਾਂ ਵਿੱਚ ਕੋਈ ਵੀ ਨਿੱਕਾ ਮੋਟਾ ਕੰਮ ਕਰਨ ਦੀ ਦੌੜ ਲੱਗੀ ਹੋਈ ਹੈ । ਉਹ ਇੱਥੋਂ ਜ਼ਮੀਨਾਂ ਵੇਚ ਵੱਟ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ । ਪੰਜਾਬ ਦੀਆਂ ਸਿਆਸੀ ਪਾਰਟੀਆਂ ਅੰਦਰ ਵਧ੍ਹ ਰਹੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਨੇ ਲੋਕਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਪੰਜਾਬ ਦਾ ਸਭਿਆਚਾਰਕ ਤਾਣਾ ਬਾਣਾ ਬੁਰੀ ਤਰ੍ਹਾਂ ਖਿੱਲਰ-ਪੁੱਲਰ ਗਿਆ ਹੈ ।
ਪੰਜਾਬ ਦੇ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦੂਸਰਿਆਂ ਰਾਜਾਂ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ੍ਹ ਰਹੀ ਹੈ। ਮੋਹਾਲੀ ਤੇ ਚੰਡੀਗੜ੍ਹ ਦੇ ਆਸਪਾਸ ਦੇ ਪਿੰਡਾਂ ਤੇ ਨੀਮ ਸ਼ਹਿਰੀ ਕਲੋਨੀਆਂ ਵਿੱਚ ਇਹ ਵਰਤਾਰਾ ਵਰਤਦਾ ਦੇਖਿਆ ਜਾ ਸਕਦਾ ਹੈ । ਚੰਡੀਗੜ੍ਹ, ਮੋਹਾਲੀ, ਖਰੜ, ਜ਼ੀਰਕਪੁਰ, ਕੁਰਾਲ਼ੀ, ਪੰਚਕੂਲਾ ਵਗੈਰਾ ਕਸਬਿਆਂ ਦੀਆਂ ਸੜਕਾਂ ਉਪਰ ਤੁਹਾਨੂੰ ਦੇਸ਼ ਦੇ ਹਰ ਰਾਜ ਦੇ ਨੰਬਰ ਵਾਲ਼ੀ ਗੱਡੀ ਵੇਖਣ ਨੂੰ ਮਿਲ਼ ਜਾਵੇਗੀ । ਦੂਜੇ ਪਾਸੇ ਨਿੱਜੀ ਸਕੂਲਾਂ ਅਤੇ ਕਾਲਜਾਂ ਵਿੱਚ ਆਮ ਤਬਕਿਆਂ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਸਿੱਖਿਆ ਲੈ ਰਹੀ ਹੈ। ਸਿਰਫ਼ ਧਰਮ ਹੀ ਨਹੀਂ, ਮਿਆਰੀ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਨਿਖਿੱਧ ਸਾਬਤ ਹੋਇਆ ਹੈ ਭਾਂਵੇਂ ਕਿ ਆਂਕੜਿਆਂ ਦਾ ਹੇਰਫੇਰ ਕਰਕੇ ਉਸਨੂੰ ਸਾਜ਼ਿਸ਼ਨ ਬਹੁਤ ਅਗਾਂਹਵਧੂ ਵਿਖਾਇਆ ਜਾਂਦਾ ਹੈ । ਪੰਜਾਬੀਆਂ ਦੀ ਆਪਣੀ ਮਾਂ ਬੋਲੀ, ਸਭਿਆਚਾਰ, ਸਮਾਜੀ ਤਾਣੇ ਬਾਣੇ, ਧਰਮ ਤੇ ਸਿਆਸਤ ਪ੍ਰਤੀ ਵਧ੍ਹ ਰਹੀ ਉਦਾਸੀਨਤਾ ਨੇ ਪੰਜਾਬ ਲਈ ਨਵੇਂ ਸੰਕਟਾਂ ਦਾ ਰਾਹ ਖੋਲ੍ਹ ਦਿੱਤਾ ਹੈ।
ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਸੀ ਪਰ ਹਰਿਆਂ, ਚਿੱਟਿਆਂ ਤੇ ਨੀਲਿਆਂ ਇਨਕਲਾਬਾਂ ਨੇ ਇਸਨੂੰ ਹਰ ਪੱਖੋਂ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਹਰੇ ਇਨਕਲਾਬ ਨੇ ਪੰਜਾਬੀਆਂ ਨੂੰ ਚਿੱਟਾ ਖਾਣ ਦਾ ਭੁਸ ਪਾ ਦਿੱਤਾ ਹੈ। ਅੱਜ ਪੰਜਾਬੀ ਗਭਰੂ ਸਹਿਕ ਸਹਿਕ ਕੇ ਮਰ ਰਹੇ ਹਨ ਤੇ ਗੈਰ ਰਾਜਾਂ ਤੋਂ ਦਿਹਾੜੀਆਂ ਕਰਨ ਆਏ ਲੋਕ ਤਰੱਕੀ ਕਰ ਰਹੇ ਹਨ । ਪੰਜਾਬ ਦੇ ਸੱਭਿਆਚਾਰਕ ਮਾਹੌਲ ਵਿੱਚ ਆਏ ਵਿਗਾੜ ਨੇ ਪੰਜਾਬੀਆਂ ਨੂੰ ਕੁਰਾਹੇ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਵਿੱਚ ਵਸਦੇ ਬਾਹਰੀ ਰਾਜਾਂ ਦੇ ਲੋਕਾਂ ਨੇ ਜਿੱਥੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਨੂੰ ਘੁੱਟ ਕੇ ਫੜ੍ਹਿਆ ਹੋਇਆ ਹੈ ਉੱਥੇ ਨਾਲ਼ ਹੀ ਉਨ੍ਹਾਂ ਦੇ ਪਰਿਵਾਰਾਂ ਨੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਵੀ ਅਪਨਾਉਣ ਦਾ ਜਤਨ ਕੀਤਾ ਹੈ । ਉੱਤਰਾਖੰਡ ਤੋਂ ਲੁਧਿਆਣੇ ਆ ਵੱਸੇ ਲੋਕ ਆਪਣੀ ਅਗਲੀ ਪੀੜ੍ਹੀ ਨੂੰ ਆਪਣੀ ਮਾਤ ਭੂਮੀ ਦੇ ਸੱਭਿਆਚਾਰ ਨਾਲ਼ ਜੋੜੀ ਰੱਖਣ ਲਈ ਲੋਕਗੀਤਾਂ ਅਤੇ ਹੋਰ ਵੰਨਗੀਆਂ ਦੀ ਪੇਸ਼ਕਾਰੀ ਕਰਵਾਉਂਦੇ ਹਨ। ਇਸ ਮਕਸਦ ਲਈ ਉਹ ਆਪਣੇ ਇਲਾਕੇ ਦੇ ਗਾਇਕਾਂ, ਕਲਾਕਾਰਾਂ ਨੂੰ ਉਵੇਂ ਹੀ ਸੱਦ ਰਹੇ ਹਨ ਜਿਵੇਂ ਪੰਜਾਬੀ ਗਾਇਕ, ਰਾਗੀ, ਢਾਡੀ, ਪ੍ਰਚਾਰਕ ਤੇ ਕਵੀ ਵਿਦੇਸ਼ਾਂ ਨੂੰ ਉੱਡੇ ਜਾਂਦੇ ਹਨ ।
ਸ਼ਹਿਰਾਂ ਨੇੜੇ ਲੱਗੇ ਕਾਰਖਾਨਿਆਂ ਵਿੱਚ ਸਵੇਰੇ ਸ਼ਾਮ ਆਉਦੇ ਜਾਂਦੇ ਇਹਨਾਂ ਪਰਵਾਸੀ ਕਾਮਿਆਂ ਦੀਆਂ ਹੇੜਾਂ ਨੂੰ ਦੇਖਿਆ ਜਾ ਸਕਦਾ ਹੈ। ਯੂਪੀ ਤੇ ਬਿਹਾਰ ਦੇ ਲੋਕ 'ਛਠ ਪੂਜਾ' ਦਾ ਤਿਉਹਾਰ ਮਨਾਉਂਦੇ ਹਨ। ਜਦੋਂ ਉਹ ਦੇਵੀ ਦੇਵਤਿਆਂ ਦੇ ਬੁੱਤਾਂ ਨੂੰ ਨਹਿਰਾਂ ਅਤੇ ਦਰਿਆਵਾਂ ਵਿੱਚ ਜਲ ਪ੍ਰਵਾਹ ਕਰਨ ਜਾਂਦੇ ਹਨ ਤਾਂ ਉਨ੍ਹਾਂ ਦੇ ਚਿਹਰਿਆਂ ਦਾ ਜਲੌਅ ਦੇਖਣ ਵਾਲ਼ਾ ਹੁੰਦਾ ਹੈ। ਬਹੁਗਿਣਤੀ ਬਾਹਰੀ ਰਾਜਾਂ ਦੇ ਲੋਕ ਹੁਣ ਵਧੀਆ ਪੰਜਾਬੀ ਬੋਲ ਤੇ ਸਮਝ ਲੈਂਦੇ ਹਨ, ਜਦੋਕਿ ਇੱਥੋਂ ਦੇ ਅਸਲੀ ਪੰਜਾਬੀ ਉਨ੍ਹਾਂ ਨਾਲ਼ ਇੱਕ ਬਹੁ-ਭਾਸ਼ਾਈ ਖਿਚੜੀ ਜਿਹੀ ਪਕਾ ਕੇ ਲੱਲ੍ਹੀਆਂ ਲਾਉਂਦੇ ਹਨ ।
ਪੰਜਾਬ ਦੀ ਸਿੱਖਿਆ, ਰਾਜਨੀਤੀ, ਧਰਮ ਤੇ ਸਾਹਿਤ ਵਿੱਚ ਆਏ ਨਿਘਾਰ ਨੇ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੈ। ਰਿਸ਼ਵਤ ਲੈਣ ਅਤੇ ਨਸ਼ੇ ਵੇਚਣ ਦੇ ਜ਼ੁਰਮਾਂ ਹੇਠ ਫੜ੍ਹੇ ਜਾਂਦੇ ਪੰਜਾਬੀ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਦੀਆਂ ਆਏ ਦਿਨ ਛਪਦੀਆਂ ਤੇ ਨਸ਼ਰ ਹੁੰਦੀਆਂ ਖ਼ਬਰਾਂ ਕਾਰਨ ਪੰਜਾਬੀ ਮਜ਼ਾਕ ਦਾ ਪਾਤਰ ਬਣ ਰਹੇ ਹਨ। ਮਹਾਂ ਪੰਜਾਬ ਤੋਂ ਪੰਜਾਬੀ ਸੂਬੀ ਵਿੱਚ ਤਬਦੀਲ ਹੋਣ ਮਗਰੋਂ ਸਿਆਸੀ ਆਗੂਆਂ ਦੀ ਰਾਜਸੀ ਤਮ੍ਹਾਂ ਅਤੇ ਮਚਾਈ ਅੰਨ੍ਹੀਂ ਆਰਥਕ ਲੁੱਟ ਨੇ ਪੰਜਾਬ ਨੂੰ ਕੱਖੋਂ ਹੌਲ਼ਿਆਂ ਕਰ ਦਿੱਤਾ ਹੈ।
ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ ਤਾਂ ਲਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀਆਂ ਉਪਰ ਬਾਹਰਲਿਆਂ ਨੇ ਕੋਈ ਇਤਬਾਰ ਨਹੀਂ ਕਰਨਾ। ਪੰਜਾਬ ਵਿੱਚ ਕੇਂਦਰੀ ਸਰਕਾਰਾਂ ਨੇ ਗੁੱਝੀਆਂ ਸਾਜ਼ਿਸ਼ਾਂ ਰਚ ਕੇ ਜਿਹੜੀਆਂ ਲਹਿਰਾਂ ਪਹਿਲਾਂ ਆਪੇ ਹੀ ਪੈਦਾ ਤੇ ਫਿਰ ਖਤਮ ਕੀਤੀਆਂ ਹਨ, ਉਨ੍ਹਾਂ ਵਿੱਚ ਸ਼ਾਮਲ ਹੁੰਦੇ ਰਹੇ ਸਿਆਸਤਦਾਨਾਂ, ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦੇ ਅਫਸਰਾਂ ਦੇ ਪੋਲ ਵੀ ਤਕਰੀਬਨ ਖੁੱਲ੍ਹ ਗਏ ਹਨ ।
ਹੁਣ ਇਹ ਬਦਲ ਚੁੱਕਿਆ ਪੰਜਾਬ ਕਈ ਭਾਸ਼ਾਵਾਂ ਤੇ ਸੱਭਿਆਚਾਰਾਂ ਦਾ ਮਿਲਗੋਭਾ ਬਣ ਗਿਆ ਹੈ । ਜਿਹੜੇ ਲੋਕ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਮੰਦੇ ਬੋਲ ਬੋਲਦੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ । ਉਹ ਸਵੈ ਪੜਚੋਲ ਕਰਕੇ ਦੱਸਣ ਕਿ ਉਨ੍ਹਾਂ ਨੇ ਆਪਣਾ ਪਿਤਾ ਪੁਰਖੀ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਵਾਲ਼ਾ ਬਾਬੇ ਨਾਨਕ ਦਾ ਦਿੱਤਾ ਸਿਧਾਂਤ ਕਿਉਂ ਤਿਆਗਿਆ ਹੈ ?
ਅਸਲ ਸੱਚਾਈ ਇਹ ਹੈ ਕਿ ਅੱਜ ਇਹ ਬਾਹਰਲੇ ਲੋਕ ਪੰਜਾਬ ਦੀ ਲੋੜ ਬਣ ਗਏ ਹਨ ਕਿਉਂਕਿ ਪੰਜਾਬੀਆਂ ਨੇ ਨਿੱਕੇ ਮੋਟੇ ਤੇ ਔਖੇ ਸਮਝੇ ਜਾਂਦੇ ਕੰਮ ਕਰਨੇ ਛੱਡ ਦਿੱਤੇ ਹਨ ਜਿਵੇਂ ਕਹਿੰਦੇ ਹਨ ਕਿ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਸਗੋਂ ਬੰਦੇ ਦੀ ਸੋਚ ਹੀ ਵੱਡੀ ਜਾਂ ਛੋਟੀ ਹੁੰਦੀ ਹੈ ।
ਪੰਜਾਬ ਦੇ ਵਿਦਵਾਨਾਂ ਤੇ ਲੇਖਕਾਂ ਬਹੁਗਿਣਤੀ ਸਿੱਖਿਆ ਨਾਲ ਸਬੰਧਤ ਹੈ ਤੇ ਉਨ੍ਹਾਂ ਨੇ ਵੱਡੇ ਸ਼ਹਿਰਾਂ ਦੇ ਵਿੱਚ ਆਪਣੇ ਮੱਠ ਉਸਾਰ ਲਏ ਹਨ । ਉਹ ਏਸੀ ਕਮਰਿਆਂ ਦੇ ਬਹਿ ਕੇ ਵੈਬੀਨਾਰ, ਸੈਮੀਨਾਰ ਤੇ ਕਵੀ ਦਰਬਾਰ ਕਰਦੇ ਹਨ ।
ਪੰਜਾਬੀ ਦੇ ਕਿਸੇ ਭਾਸ਼ਾ ਵਿਗਿਆਨੀ ਜਾ ਵਿਦਵਾਨ ਨੇ ਕਦੇ ਆਮ ਲੋਕਾਂ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਬਹੁਗਿਣਤੀ ਵਿਦਵਾਨ ਸੱਤਾ ਦੇ ਦਲਾਲ ਬਣ ਬੈਠੇ ਹਨ ਤੇ ਆਪਣਿਆਂ ਨੂੰ ਪੁਰਸਕਾਰ ਦੇ ਕੇ ਫੰਡ ਉਜਾੜ ਰਹੇ ਹਨ ।
ਅੱਜ ਤੇਜੀ ਨਾਲ਼ ਬਦਲ ਰਹੇ ਪੰਜਾਬ ਨੇ ਭਵਿੱਖ ਵਿੱਚ ਕਿੱਧਰ ਨੂੰ ਮੋੜ ਕੱਟਣਾ ਹੈ, ਹੁਣ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਰਹਿ ਗਿਆ। ਸੱਚ ਬਹੁਤ ਨੇੜੇ ਆਣ ਢੁੱਕਿਆ ਹੈ । ਬਦਲ ਰਹੇ ਪੰਜਾਬ ਅੰਦਰ ਕਿੰਨੀਆਂ ਕੁ ਬੋਲੀਆਂ ਤੇ ਸੱਭਿਆਚਾਰਾਂ ਨੇ ਆਪਣੇ ਪੈਰ ਜਮਾਂ ਲਏ ਹਨ, ਇਹ ਖੋਜ ਦਾ ਵਿਸ਼ਾ ਹੈ । ਪੰਜਾਬ ਦਾ ਆਉਣ ਵਾਲ਼ਾ ਸੱਚ ਕੰਧ ਤੇ ਲਿਖਿਆ ਜਾ ਚੁੱਕਿਆ ਹੈ, ਪਰ ਪੰਜਾਬੀ ਹੜੱਪਾ ਮੁਹਿੰਜੋਦੜੋ ਦੀ ਲਿਪੀ ਵਾਂਙੂੰ ਇਸਨੂੰ ਪੜ੍ਹਨੋਂ ਅਸਮਰਥ ਹਨ। ਲਗਦਾ ਹੈ ਪੰਜਾਬ ਉਸ ਪ੍ਰਾਚੀਨ ਸੱਭਿਅਤਾ ਦੀ ਅਗਲੀ ਕੜੀ ਬਣਨ ਵੱਲ ਵਧ੍ਹ ਰਿਹਾ ਹੈ। ਇਸ ਸੱਚ ਨੂੰ ਹੁਣ ਸਵੀਕਾਰ ਕਰਨਾ ਹੀ ਪਵੇਗਾ।
ਬਾਬਾ ਨਾਨਕ ਨੇ ਪੱਚੀ ਸਾਲ ਆਮ ਤੇ ਖਾਸ ਲੋਕਾਂ ਨਾਲ ਸੰਵਾਦ ਰਚਾਇਆ ਸੀ ਪਰ ਅੱਜ ਦਾ ਕਵੀ ਘਰ ਵਿੱਚ ਬਹਿ ਕੇ ਲੋਕਾਂ ਦਾ ਹਿਤੈਸ਼ੀ ਹੋਣ ਦਾ ਆਪੇ ਖਿਤਾਬ ਲੈ ਰਿਹਾ ਹੈ, ਬਹੁਗਿਣਤੀ ਨੌਜਵਾਨ ਸਾਹਿਤ ਤੇ ਸੱਭਿਆਚਾਰ ਨਾਲੋਂ ਦੂਰ ਜਾ ਰਹੇ ਹਨ । ਪੰਜਾਬ ਦੇ ਅੰਦਰ ਇਕ ਵਾਰ ਫੇਰ ਮੂਲਵਾਦ ਦੇ ਨਾਮ ਹੇਠਾਂ ਨਵਾਂ ਸੰਕਟ ਪੈਦਾ ਹੋਣ ਦੇ ਉਸਾਰ ਵੱਧ ਗਏ ਹਨ । ਪੰਜਾਬ ਦੇ ਬਦਲ ਰਹੇ ਮੁਹਾਂਦਰੇ ਨੂੰ ਸਮਝਣ ਲਈ ਮੁਹੱਬਤ ਦੀ ਲਹਿਰ ਚਲਾਉਣ ਦੀ ਲੋੜ ਹੈ ਜਿਵੇਂ ਪੰਜਾਬੀ ਦੇ ਵਿੱਚ ਬਹੁਗਿਣਤੀ ਭਾਸ਼ਾਵਾਂ ਦੇ ਸ਼ਬਦ ਸਮਾਅ ਗਏ ਹਨ, ਇਸੇ ਹੀ ਤਰ੍ਹਾਂ ਸਾਨੂੰ ਬਦਲ ਰਹੇ ਪੰਜਾਬ ਨੂੰ ਅਪਣਾਉਣ ਲਈ ਦਿਲ ਵੱਡੇ ਤੇ ਘਰਾਂ ਦੇ ਖੋਲ੍ਹਣ ਦੀ ਲੋੜ ਹੈ ।
ਸੰਪਰਕ : 94643 70823