ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28 ਨਵੰਬਰ 2022
ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ- ਖੜਗੇ
ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।
ਨਹਿਰੂ ਤੇ ਇੰਦਰਾ ਗਾਂਧੀ ਦੀ ਆਲੋਚਨਾ ਤੋਂ ਦੁਖੀ ਹਾਂ- ਫਾਰੂਕ ਅਬਦੁੱਲਾ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।
ਗੁਜਰਾਤ ਚੋਣਾਂ: ਭਾਜਪਾ ਵਲੋਂ ਵਾਅਦਿਆਂ ਦੀ ਝੜੀ- ਇਕ ਖ਼ਬਰ
ਯਾਨੀ ਕਿ ਭਾਜਪਾ ਨੇ ਰਿਉੜੀਆਂ ਵਾਲ਼ਾ ਲਿਫ਼ਾਫ਼ਾ ਢੇਰੀ ਕਰ ਦਿਤਾ।
ਬਾਈਡੇਨ ਨੇ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਮੁੜ ਦੁਹਰਾਇਆ- ਇਕ ਖ਼ਬਰ
ਹਾਥੀ ਕੇ ਦਾਂਤ ਖਾਨੇ ਕੇ ਔਰ, ਦਿਖਾਨੇ ਕੇ ਔਰ।
ਸੰਯੁਕਤ ਰਾਸ਼ਟਰ ‘ਚ ਇਰਾਨ ਵਿਰੁੱਧ ਮਤੇ ਦੌਰਾਨ ਭਾਰਤ ਰਿਹਾ ਗ਼ੈਰਹਾਜ਼ਰ- ਇਕ ਖ਼ਬਰ
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗ਼ਰੀਬ ਜੱਟ ਦੀ।
ਹਰਿਆਣਾ ਦੇ ਗ੍ਰਹਿ ਮੰਤਰੀ ਨੇ ਜ਼ੀਰਕ ਪੁਰ ਸੜਕ ਚਾਰ ਮਾਰਗੀ ਕਰਨ ਲਈ ਭਗਵੰਤ ਮਾਨ ਨੂੰ ਚਿੱਠੀ ਲਿਖੀ- ਇਕ ਖ਼ਬਰ
ਧਰਤੀ ਨੂੰ ਕਲੀ ਕਰਾ ਦੇ ਵੇ, ਨੱਚੂੰਗੀ ਸਾਰੀ ਰਾਤ।
ਸਨਅਤੀ ਪਲਾਟ ਅਲਾਟਮੈਂਟ ਘੁਟਾਲੇ ਦੀ ਜਾਂਚ ਵਾਲ਼ੀ ਫ਼ਾਈਲ ਗੁਆਚੀ-ਇਕ ਖ਼ਬਰ
ਸਾਰੇ ਡੈਸਕ ਫੋਲਦਾ ਆਈਂ ਵੇ, ਸਾਡੀ ਫ਼ਾਈਲ ਗੁਆਚੀ।
ਕਾਂਗਰਸ ਨੂੰ ਗੁਜਰਾਤ ‘ਚ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ- ਮੋਦੀ
ਗਲੀਆ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।
ਭਾਜਪਾ ਤੋਂ ਅਸੰਤੁਸ਼ਟ ਹੋਣ ਕਾਰਨ ਕਾਂਗਰਸ ਵਲ ਲੋਕਾਂ ਦਾ ਸਮਰਥਨ ਵਧਿਆ- ਸ਼ਮਸ਼ੇਰ ਗੋਗੀ
ਵੈਰੀਆਂ ਦਾ ਖੂਹ ਵਗਦਾ, ਮੈਨੂੰ ਤੇਰੀ ਵੇ ਜਾਨ ਦਾ ਧੋਖਾ।
ਹਰਿਆਣਾ ਵਿਧਾਨ ਸਭਾ ਲਈ ਚੰਡੀਗੜ੍ਹ ‘ਚ ਥਾਂ ਮੰਗਣੀ ਤਰਕਹੀਣ ਤੇ ਬੇਬੁਨਿਆਦ- ਜਾਖੜ
ਚੰਦ ਕੌਰ ਚੱਕਵਾਂ ਚੁੱਲ੍ਹਾ, ਕਿਤੇ ਯਾਰਾਂ ਨੂਂ ਭਿੜਾ ਕੇ ਮਾਰੂ।
ਸੱਤਾ ਤੋਂ ਲਾਂਭੇ ਹੋਏ ਲੋਕ ਯਾਤਰਾਵਾਂ ਕੱਢ ਰਹੇ ਹਨ- ਮੋਦੀ
ਰੱਥ ਯਾਤਰਾ ਕੀਹਨੇ ਸੀ ਸ਼ੁਰੂ ਕੀਤੀ, ਪਹਿਲਾਂ ਪੀੜ੍ਹੀ ਆਪਣੀ ਹੇਠ ਸੋਟਾ ਫੇਰਿਉ ਜੀ।
ਸ਼੍ਰੋਮਣੀ ਕਮੇਟੀ ਵਲੋਂ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਫ਼ੈਸਲਾ- ਧਾਮੀ
ਚੰਨ ਚੰਨਾਂ ਦੇ ਮਾਮਲੇ, ਚੜ੍ਹਨ ਕੇ ਨਾ ਹੀ ਚੜ੍ਹਨ।
ਕੇਂਦਰ ਨੇ ਚੋਣ ਕਮਿਸ਼ਨ ਨੂੰ ਕੀਤਾ ਕਮਜ਼ੋਰ- ਵਿਰੋਧੀ ਪਾਰਟੀਆਂ
ਰੰਗ ਪੀਲਾ ਕਿਉਂ ਪੈ ਗਿਆ, ਭਾਬੋ ਮੈਨੂੰ ਰੋਜ਼ ਪੁੱਛਦੀ।
ਮੁੱਖ ਮੰਤਰੀ ਦਫ਼ਤਰ ਅੱਗੇ ਪੱਕੇ ਮੋਰਚੇ ਦੀਆਂ ਤਿਆਰੀਆਂ ਜ਼ੋਰ ਨਾਲ਼ ਸ਼ੁਰੂ- ਇਕ ਖ਼ਬਰ
ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਦਾਰੂ ਪੀ ਕੇ ਮਿੱਤਰਾਂ ਨੇ।
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦਾ ਇਕ ਇੰਚ ਵੀ ਹਰਿਆਣੇ ਨੂੰ ਨਹੀਂ ਦੇਣ ਦੇਵੇਗਾ- ਇਕ ਖ਼ਬਰ
ਪੀ ਸ਼ਰਾਬਾਂ ਤਖ਼ਤੋਂ ਲੱਥੇ ਰਾਜੇ ਰਾਜ ਗਵਾ ਕੇ, ਤਾਜ ਲੁਹਾ ਕੇ।