ਸਰਮਾਏ ਦਾ ਸਾਮਰਾਜ - ਸਵਰਾਜਬੀਰ

ਵਿਸ਼ਵੀਕਰਨ ਨੇ ਸਰਮਾਏ ਦਾ ਅਜਿਹਾ ਸਾਮਰਾਜ (Empire) ਪੈਦਾ ਕੀਤਾ ਹੈ ਕਿ ਮਨੁੱਖਤਾ ਦੀ ਸਾਰੀ ਕਿਰਤ ਤੇ ਸਿਰਜਣ ਸ਼ਕਤੀ ਇਸ ਦੇ ਅਧੀਨ ਹੋ ਗਈ ਹੈ। ਇਸ ਸਾਮਰਾਜ ਵਿਚ ਮਨੁੱਖ ਬਹੁਤ ਤੇਜ਼ੀ ਨਾਲ ਟੁੱਟ ਰਿਹਾ ਹੈ। ਜਾਗੀਰਦਾਰੀ ਸਮਾਜ ਵਿਚ ਮਨੁੱਖ ਨੂੰ ਆਪਣੀ ਦਰਜਾ-ਬ-ਦਰਜਾ ਹੋਂਦ ਦਾ ਪਤਾ ਸੀ: ਦੱਬੇ-ਕੁਚਲੇ ਲੋਕ ਜਾਂ ਤਾਂ ਆਪਣੀ ਸਮਾਜਿਕ-ਆਰਥਿਕ ਸਥਿਤੀ ਸਵੀਕਾਰ ਕਰ ਲੈਂਦੇ ਜਾਂ ਉਸ ਵਿਰੁੱਧ ਲੜਦੇ ਜਾਂ ਦੁਚਿੱਤੀ ਵਿਚ ਰਹਿੰਦੇ ਸਨ। ਉੱਭਰ ਰਹੀ ਸਰਮਾਏਦਾਰੀ ਨੇ ਜਾਗੀਰਦਾਰੀ ਬੰਧਨ ਤੋੜੇ। ਨਵੇਂ ਨਿਜ਼ਾਮ ਵਿਚ ਮਨੁੱਖ ਕਿਤੇ ਵੀ ਕੰਮ ਕਰਨ ਅਤੇ ਆਪਣੀ ਕਿਰਤ-ਸ਼ਕਤੀ ਨੂੰ ਆਪਣੇ ਤਰੀਕੇ ਨਾਲ ਵੇਚਣ ਲਈ ਆਜ਼ਾਦ ਸੀ। ਆਜ਼ਾਦ ਹੋਈ ਕਿਰਤ-ਸ਼ਕਤੀ ਨੂੰ ਸਰਮਾਏਦਾਰ ਜਮਾਤ ਨੇ ਆਪਣਾ ਸਰਮਾਇਆ ਵਧਾਉਣ ਲਈ ਵਰਤਿਆ, ਵਿਗਿਆਨਕ ਖੋਜਾਂ ਹੋਈਆਂ, ਕਾਰਖਾਨੇ ਲੱਗੇ, ਕੋਲਾ, ਲੋਹਾ ਤੇ ਹੋਰ ਧਾਤਾਂ ਦਾ ਖਣਨ ਤੇਜ਼ੀ ਨਾਲ ਹੋਇਆ ਅਤੇ ਨਵੀਂ ਦੁਨੀਆ ਉਸਰੀ। ਵਿਕਾਸ ਵਿਚ ਵੱਡੀਆਂ ਛਾਲਾਂ ਮਾਰ ਗਏ ਦੇਸ਼ਾਂ ਦੀ ਕੁਦਰਤੀ ਖ਼ਜ਼ਾਨਿਆਂ ਲਈ ਭੁੱਖੀ ਸਰਮਾਏਦਾਰ ਜਮਾਤ ਨੇ ਏਸ਼ੀਆ ਤੇ ਅਫ਼ਰੀਕਾ ਦੇ ਦੇਸ਼ਾਂ ਨੂੰ ਗ਼ੁਲਾਮ ਬਣਾਇਆ। ਲੁੱਟ ਦੇ ਪੈਸੇ ਨਾਲ ਯੂਰਪ ਵਿਗਿਆਨਕ ਖੋਜ, ਸਨਅਤਾਂ, ਕਲਾ, ਸੱਭਿਆਚਾਰ ਅਤੇ ਸੋਚ-ਸਮਝ ਦਾ ਘਰ ਬਣ ਗਿਆ। ਉਨ੍ਹਾਂ ਸਮਿਆਂ ਵਿਚ ਇਹ ਸੋਚ ਵੀ ਉੱਭਰੀ ਕਿ ਸਨਅਤਾਂ ਵਿਚ ਕੰਮ ਕਰ ਰਹੀ ਮਜ਼ਦੂਰ ਜਮਾਤ ਮਨੁੱਖਤਾ ਨੂੰ ਸਰਮਾਏਦਾਰੀ ਨਿਜ਼ਾਮਾਂ ਤੋਂ ਆਜ਼ਾਦ ਕਰਵਾ ਲਵੇਗੀ। ਰੂਸ, ਚੀਨ ਤੇ ਹੋਰ ਦੇਸ਼ਾਂ ਵਿਚ ਹੋਏ ਇਨਕਲਾਬਾਂ ਨਾਲ ਇਹ ਸੁਪਨਾ ਪੂਰਾ ਹੁੰਦਾ ਵੀ ਦਿਸਿਆ ਪਰ ਸਰਮਾਏ ਦਾ ਸਾਮਰਾਜ ਏਨੀ ਤੇਜ਼ੀ ਨਾਲ ਵਧਿਆ ਕਿ ਇਨ੍ਹਾਂ ਦੇਸ਼ਾਂ ਵਿਚ ਪੈਦਾ ਹੋਈ ਸਾਂਝੀਵਾਲਤਾ ਅਤੇ ਸਮਾਜਿਕ ਤੇ ਆਰਥਿਕ ਬਰਾਬਰੀ ਦੇ ਸੁਪਨੇ ਖੇਰੂੰ ਖੇਰੂੰ ਹੋ ਗਏ।
ਜਿਵੇਂ ਬਸਤੀਵਾਦੀ ਸਮਿਆਂ ਦੌਰਾਨ ਬਸਤੀਵਾਦ ਨੇ ਗ਼ੁਲਾਮ ਹੋਏ ਦੇਸ਼ਾਂ ਦੇ ਲੋਕਾਂ ਤੋਂ ਮਨੁੱਖਤਾ ਖੋਹ ਲਈ ਸੀ, ਉਸੇ ਤਰ੍ਹਾਂ ਸਰਮਾਏ ਦਾ ਮੌਜੂਦਾ ਸਾਮਰਾਜ ਸਾਰੀ ਦੁਨੀਆ ਦੇ ਲੋਕਾਂ ਨੂੰ ਮਨੁੱਖਤਾ ਤੋਂ ਵਿਛੁੰਨਿਆ ਕਰਨ ਦੇ ਰਾਹੇ ਪਿਆ ਹੋਇਆ ਹੈ। ਬਸਤੀਵਾਦ ਦੌਰਾਨ ਗ਼ੁਲਾਮ ਹੋਏ ਦੇਸ਼ਾਂ ਦੇ ਲੋਕਾਂ ਕੋਲ ਆਪਣੀ ਗ਼ੁਲਾਮੀ ਦਾ ਜੂਲਾ ਲਾਹ ਦੇਣ ਅਤੇ ਆਪਣੀ ਮਨੁੱਖਤਾ ਨੂੰ ਪੁਨਰ-ਸਿਰਜਣ ਦਾ ਸੁਪਨਾ ਸੀ ਪਰ ਸਰਮਾਏ ਦੇ ਅਜੋਕੇ ਸਾਮਰਾਜ ਨੇ ਮਨੁੱਖ ਨੂੰ ਧੁਰ ਅੰਦਰੋਂ ਤੋੜ ਕੇ ਅੰਤਾਂ ਦਾ ਇਕੱਲਾ ਕਰ ਦਿੱਤਾ ਹੈ, ਘਰ-ਪਰਿਵਾਰ, ਯਾਰੀਆਂ-ਦੋਸਤੀਆਂ, ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਨਾਲ ਮਨੁੱਖ ਦਾ ਮੋਹ, ਭਾਈਚਾਰਕ ਸਾਂਝਾਂ, ਇਨ੍ਹਾਂ ਚੀਜ਼ਾਂ ਦੇ ਕੋਈ ਅਰਥ ਨਹੀਂ ਰਹੇ। ਇਸ ਸਾਮਰਾਜ ਦੇ ਅਰਥ ਕੁਝ ਸਿਖ਼ਰਲੇ ਅਮੀਰਾਂ ਲਈ ਪੈਸਾ ਅਤੇ ਬਾਕੀਆਂ ਲਈ ਪੈਸੇ ਰਾਹੀਂ ਕਾਇਮ ਕੀਤਾ ਗਿਆ ਅੱਖਾਂ ਚੁੰਧਿਆ ਦੇਣ ਵਾਲਾ ਇਕ ਅਜਿਹਾ ਹਕੀਕੀ ਦ੍ਰਿਸ਼ (Spectacle) ਹੈ ਜਿਸ ਵਿਚ ਲੋਕਾਈ ਲਈ ਇਹ ਭਰਮ ਪੈਦਾ ਕੀਤਾ ਗਿਆ ਹੈ ਕਿ ਇਹ ਸਭ ਕੁਝ ਤੁਹਾਡਾ ਹੈ, ਜੇ ਤੁਸੀਂ ਸਮਰੱਥ ਹੋ ਤਾਂ ਇਸ ਦੀ ਸਿਖ਼ਰ ’ਤੇ ਪਹੁੰਚ ਸਕਦੇ ਹੋ ਅਤੇ ਕੁਝ ਵਿਅਕਤੀ ਸਿਖ਼ਰ ’ਤੇ ਪਹੁੰਚਦੇ ਵੀ ਹਨ ਪਰ ਲੋਕਾਈ ਦੇ ਬਹੁਤ ਵੱਡੇ ਹਿੱਸੇ ਨੂੰ ਹੱਡ-ਭੰਨਵੀਂ ਮਿਹਨਤ ਕਰਨ ਦੇ ਨਾਲ ਨਾਲ ਇੰਨਾ ਨਿਮਾਣਾ ਤੇ ਨਿਤਾਣਾ ਬਣਾ ਦਿੱਤਾ ਗਿਆ ਹੈ ਕਿ ਉਹ ਆਪਣੇ ਸਮਾਜਿਕ, ਸੱਭਿਆਚਾਰਕ ਤੇ ਮਨੁੱਖੀ ਵਾਸਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ।
       ਇਹ ਸਾਮਰਾਜ ਸਭ ਦੇ ਸਾਹਮਣੇ ਹੈ, ਦੁਨੀਆ ਦੇ ਮਹਾਂਨਗਰਾਂ ’ਚ ਆਸਮਾਨ ਛੂੰਹਦੀਆਂ ਇਮਾਰਤਾਂ ਤੋਂ ਲੈ ਕੇ ਧਾਤਾਂ ਦੀਆਂ ਖਾਣਾਂ ਦੀ ਡੂੰਘਾਈ ਤਕ ਪਸਰਿਆ ਹੋਇਆ। ਜੇ ਇਹ ਸਰਮਾਇਆ ਸਾਰੀ ਲੋਕਾਈ ਵਿਚ ਨਿਆਂਪੂਰਨ ਢੰਗ ਨਾਲ ਵੰਡਿਆ ਜਾਵੇ ਤਾਂ ਹਰ ਮਨੁੱਖ ਨੂੰ ਮਾਣ-ਸਨਮਾਨ ਨਾਲ ਜਿਊਣ ਦੇ ਵਸੀਲੇ ਮਿਲ ਸਕਦੇ ਹਨ ਪਰ ਇਸ ਸਾਮਰਾਜ ਦੀ ਅਣਮਨੁੱਖਤਾ ਇਸ ਵਿਚਲੀ ਵਿਆਪਕ ਨਾ-ਬਰਾਬਰੀ ਵਿਚ ਪਈ ਹੈ। ਔਕਸਫੈਮ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਦੇ ਇਕੱਠੇ ਕੀਤੇ ਅੰਕੜੇ ਅਨੇਕ ਵਾਰ ਦੁਹਰਾਏ ਜਾ ਚੁੱਕੇ ਹਨ ਜਿਵੇਂ ਕਿ ਦੁਨੀਆ ਦੇ 10 ਫ਼ੀਸਦੀ ਸਿਖ਼ਰਲੇ ਅਮੀਰਾਂ ਕੋਲ ਸੰਸਾਰ ਦੇ ਕੁੱਲ ਸਰਮਾਏ ਦਾ 76 ਫ਼ੀਸਦੀ ਹਿੱਸਾ ਹੈ, 1995 ਤੋਂ ਬਾਅਦ ਕਮਾਈ ਗਈ ਦੌਲਤ ਦਾ ਇਕ-ਤਿਹਾਈ (33%) ਹਿੱਸਾ ਸਿਖ਼ਰਲੇ ਇਕ ਫ਼ੀਸਦੀ ਅਮੀਰਾਂ ਨੂੰ ਪ੍ਰਾਪਤ ਹੋਇਆ ਜਦੋਂਕਿ ਹੇਠਲੇ ਦਰਜੇ ਦੇ 50 ਫ਼ੀਸਦੀ ਨੂੰ ਇਸ ’ਚੋਂ ਸਿਰਫ਼ 2 ਫ਼ੀਸਦੀ ਹੀ ਮਿਲਿਆ ਹੈ। ਇਸ ਦੇ ਅਰਥ ਇਹ ਹਨ ਕਿ ਹੇਠਲੇ 50 ਫ਼ੀਸਦੀ ਲੋਕ ਚੰਗੇ ਘਰਾਂ ਦੇ ਨਿਰਮਾਣ, ਵਧੀਆ ਸਿਹਤ ਸਹੂਲਤਾਂ ਅਤੇ ਬੱਚਿਆਂ ਲਈ ਉੱਚ-ਪੱਧਰੀ ਵਿੱਦਿਆ ਬਾਰੇ ਸੋਚ ਹੀ ਨਹੀਂ ਸਕਦੇ। ਉਨ੍ਹਾਂ ਦੇ ਜੀਵਨ ਨੂੰ ਥੁੜ੍ਹਾਂ ਮਾਰੇ ਅਲਪ-ਜੀਵਨ ਵਿਚ ਬਦਲਿਆ ਜਾ ਰਿਹਾ ਹੈ।
ਯੂਰਪ ਦੇ ਦੇਸ਼ਾਂ ਵਿਚ ਨਾ-ਬਰਾਬਰੀ ਸਭ ਤੋਂ ਘੱਟ ਹੈ, ਉੱਥੇ ਸਿਖ਼ਰਲੇ 10 ਫ਼ੀਸਦੀ ਅਮੀਰਾਂ ਨੂੰ ਯੂਰਪ ਦੀ ਆਮਦਨ ਦਾ 36 ਫ਼ੀਸਦੀ ਹਿੱਸਾ ਮਿਲਦਾ ਹੈ ਜਦੋਂਕਿ 64 ਫ਼ੀਸਦੀ ਹਿੱਸਾ ਬਾਕੀ 90 ਫ਼ੀਸਦੀ ਵਿਚ ਵੰਡਿਆ ਜਾਂਦਾ ਹੈ। ਇਹ ਨਾ-ਬਰਾਬਰੀ ਉੱਤਰੀ ਅਫ਼ਰੀਕਾ ਅਤੇ ਮੱਧ-ਪੂਰਬ ਏਸ਼ੀਆ ਦੇ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਹੈ ਜਿੱਥੇ ਦੇਸ਼ ਦੇ ਸਿਖ਼ਰਲੇ 10 ਫ਼ੀਸਦੀ ਅਮੀਰ ਆਮਦਨ ਦੇ 58 ਫ਼ੀਸਦੀ ਹਿੱਸੇ ’ਤੇ ਕਾਬਜ਼ ਹੁੰਦੇ ਹਨ। ਭਾਰਤ ਵਿਚ ਵੀ ਕੁੱਲ ਆਮਦਨ ਦਾ 57 ਫ਼ੀਸਦੀ ਹਿੱਸਾ ਸਿਖ਼ਰਲੇ 10 ਫ਼ੀਸਦੀ ਅਮੀਰਾਂ ਨੂੰ ਮਿਲਦਾ ਹੈ ਜਦੋਂਕਿ ਹੇਠਲੇ 50 ਫ਼ੀਸਦੀ ਨੂੰ ਸਿਰਫ਼ 13 ਫ਼ੀਸਦੀ ਪ੍ਰਾਪਤ ਹੁੰਦਾ ਹੈ। ਕੋਈ ਵੀ ਦੇਸ਼ ਸਿਖ਼ਰਲੇ ਅਮੀਰਾਂ ’ਤੇ ਦੌਲਤ ਕਰ (Wealth Tax) ਲਗਾਉਣ ਲਈ ਤਿਆਰ ਨਹੀਂ ਹੈ।
       ਇਨ੍ਹਾਂ ਦਿਨਾਂ ਵਿਚ ਇਹ ਵਿਸ਼ਾ ਚਰਚਾ ਵਿਚ ਹੈ ਕਿ ਕਿਵੇਂ ਵਧ ਰਹੀ ਬੇਰੁਜ਼ਗਾਰੀ ਤੇ ਸਮਾਜਿਕ ਨਾ-ਬਰਾਬਰੀ ਲੋਕਾਂ ਦੇ ਸਿਆਸੀ ਨਿਜ਼ਾਮ ਤੇ ਅਰਥਚਾਰੇ ਵਿਚ ਯਕੀਨ ਨੂੰ ਠੇਸ ਪਹੁੰਚਾ ਕੇ ਰਿਆਸਤ/ਸਟੇਟ ਅਤੇ ਅਰਥਚਾਰਿਆਂ ਨੂੰ ਅਸਥਿਰਤਾ ਅਤੇ ਅਰਾਜਕਤਾ ਦੇ ਮਾਹੌਲ ਵੱਲ ਧੱਕ ਸਕਦੀਆਂ ਹਨ ਪਰ ਸਿਖ਼ਰਲੇ ਅਮੀਰਾਂ ਅਤੇ ਕਾਰਪੋਰੇਟ ਅਦਾਰਿਆਂ ਨੂੰ ਇਸ ਦੀ ਕੋਈ ਚਿੰਤਾ ਨਹੀਂ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲਨ ਮਸਕ ਦੀ ਕੰਟਰੋਲ ਹੇਠ ਆਈ ਕੰਪਨੀ ਟਵਿੱਟਰ ਵਿਚੋਂ 10,000 ਕਰਮਚਾਰੀਆਂ ਦੀ ਛੁੱਟੀ ਕੀਤੀ ਗਈ ਹੈ। ਇੰਟਰਨੈੱਟ ’ਤੇ ਕਾਰੋਬਾਰ ਕਰਨ ਵਾਲੀ ਕੰਪਨੀ ਐਮੇਜ਼ਨ ਨੇ 11,000 ਕਰਮਚਾਰੀ ਨੌਕਰੀ ’ਚੋਂ ਕੱਢੇ ਹਨ। ਜੇ ਸਿਰਫ਼ ਤਕਨੀਕੀ ਕੰਪਨੀਆਂ ਦੀ ਹੀ ਗੱਲ ਕੀਤੀ ਜਾਵੇ ਤਾਂ ਟਵਿੱਟਰ, ਐਮੇਜ਼ਨ, ਫੇਸਬੁੱਕ-ਵੱਟਸਐਪ (ਮੈਟਾ ਕੰਪਨੀ), ਗੂਗਲ, ਐਪਲ, ਮਾਈਕਰੋਸਾਫਟ ਆਦਿ ਨੇ ਇਸ ਸਾਲ ਕੁੱਲ ਮਿਲਾ ਕੇ 50 ਤੋਂ 60 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਹ ਤਾਂ ਪੜ੍ਹੇ-ਲਿਖੇ ਅਤੇ ਸਾਧਨ-ਸੰਪੰਨ ਲੋਕਾਂ ਦੀ ਗੱਲ ਹੈ ਜਦੋਂਕਿ ਸਾਧਨ-ਵਿਹੂਣਿਆਂ ਕੋਲ ਤਾਂ ਗਵਾਉਣ ਲਈ ਵੀ ਕੁਝ ਨਹੀਂ ਜਿਹੜੇ ਰੋਜ਼ਾਨਾ ਦਿਹਾੜੀ ’ਤੇ ਨਿਰਭਰ ਹਨ।
      ਕਦੇ ਇਹ ਉਮੀਦ ਰੱਖੀ ਜਾਂਦੀ ਸੀ ਕਿ ਸਨਅਤੀ ਕਾਮੇ ਸਰਮਾਏਦਾਰੀ ਨਿਜ਼ਾਮ ਨੂੰ ਪਲਟਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਉਣਗੇ। 2002 ਵਿਚ ਇਤਾਲਵੀ ਚਿੰਤਕਾਂ ਅੰਟੋਨੀਓ ਨੇਗਰੀ ਅਤੇ ਮਾਈਕਲ ਹਰਡਟ ਨੇ ਆਪਣੀ ਕਿਤਾਬ ‘ਸਾਮਰਾਜ (Empire)’ ਵਿਚ ਇੰਟਰਨੈੱਟ ਅਤੇ ਗਿਆਨ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਨਵੇਂ ਤਰੀਕੇ ਦੀ ਪ੍ਰੋਲਤਾਰੀ ਕਹਿੰਦਿਆਂ ਉਨ੍ਹਾਂ ਨੂੰ ਮਲਟੀਚਿਊਡ (Multitude) ਦਾ ਨਾਂ ਦਿੱਤਾ। ਮਲਟੀਚਿਊਡ ਦੇ ਸ਼ਾਬਦਿਕ ਅਰਥ ‘ਸਮੂਹ’, ‘ਇਕੱਠ’, ‘ਭੀੜ’ ਆਦਿ ਹਨ। ਇਨ੍ਹਾਂ ਚਿੰਤਕਾਂ ਅਨੁਸਾਰ ਸਨਅਤੀ ਮਜ਼ਦੂਰਾਂ ਦੁਆਰਾ ਸਮਾਜ ਬਦਲਣ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਦੌਰ ਖ਼ਤਮ ਹੋ ਗਿਆ ਹੈ, ਹੁਣ ਇੰਟਰਨੈੱਟ ਅਤੇ ਗਿਆਨ-ਖੇਤਰ ਵਿਚ ਕੰਮ ਕਰ ਰਹੇ ਕਾਮਿਆਂ ਦਾ ਇਹ ‘ਸਮੂਹ’ ਸਮਾਜ ਬਦਲਣ ਵਿਚ ਅਹਿਮ ਭੂਮਿਕਾ ਨਿਭਾਏਗਾ। ਅਜਿਹੀ ਭਵਿੱਖਬਾਣੀ ਨਾਲ ਗਿਆਨ-ਖੇਤਰ ਦੇ ਕਾਮਿਆਂ ਦੁਆਰਾ ਸਮਾਜ ਵਿਚ ਤਬਦੀਲੀਆਂ ਲਿਆਉਣ ਵਾਲੀ ਭੂਮਿਕਾ ਨਿਭਾਉਣ ਬਾਰੇ ਆਸ ਤਾਂ ਬੱਝਦੀ ਹੈ ਪਰ ਇਹ ਆਉਣ ਵਾਲੇ ਦਿਨ ਹੀ ਦੱਸਣਗੇ ਕਿ ਇਹ ਕਾਮੇ ਕਿਸੇ ਜਥੇਬੰਦ ਢੰਗ ਨਾਲ ਆਪਣੇ ’ਤੇ ਹੋ ਰਹੇ ਹਮਲਿਆਂ ਦਾ ਸਾਹਮਣਾ ਕਰ ਸਕਦੇ ਹਨ ਜਾਂ ਨਹੀਂ। ਨੇਗਰੀ ਤੇ ਹਰਡਟ ਨੇ ਇਹ ਭਵਿੱਖਬਾਣੀ ਵੀ ਕੀਤੀ ਸੀ ਪਰਵਾਸੀ ਮਜ਼ਦੂਰ ਇਸ ਵਰਤਾਰੇ ਵਿਚ ਵੱਡੀ ਭੂਮਿਕਾ ਨਿਭਾਉਣਗੇ, ਉਨ੍ਹਾਂ ਲਿਖਿਆ ਸੀ, ‘‘ਸੰਸਾਰ ’ਤੇ ਇਕ ਹਊਆ (Specter) ਮੰਡਰਾ ਰਿਹਾ ਹੈ ਤੇ ਉਹ ਹੈ ਪਰਵਾਸ ਦਾ ਹਊਆ।’’ ਨੇਗਰੀ ਤੇ ਹਰਡਟ ਨੇ ਇਹ ਧਾਰਨਾ ਵੀ ਦਿੱਤੀ ਸੀ ਕਿ ਸਰਮਾਏ ਦੇ ਸਾਮਰਾਜ ਵਿਚ ਰਿਆਸਤ/ਸਟੇਟ ਦੀ ਭੂਮਿਕਾ ਘਟ ਜਾਵੇਗੀ ਪਰ ਇਸ ਤੋਂ ਉਲਟ ਹਰ ਦੇਸ਼ ਵਿਚ ਰਿਆਸਤ/ਸਟੇਟ ਜ਼ਿਆਦਾ ਮਜ਼ਬੂਤ ਤੇ ਦਮਨਕਾਰੀ ਹੋਈ ਹੈ।
      ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਹੋਂਦਹੀਣੀ ਬਣਾਈ ਜਾ ਰਹੀ ਲੋਕਾਈ ਦੇ ਇਸ ਵੱਡੇ ਹਿੱਸੇ ਕੋਲ ਰਾਹ ਕੀ ਹੈ? ਜਦ ਕੋਈ ਰਾਹ ਦਿਖਾਈ ਨਹੀਂ ਦਿੰਦਾ ਤਾਂ ਲੋਕ ਪਿੱਛੇ ਵੱਲ ਪਰਤਦੇ ਹਨ, ਧਰਮ ਵੱਲ ਪਰਤਦੇ ਹਨ। ਧਰਮਾਂ ਦੀ ਮੁੱਢਲੀ ਸੋਚ ਤਾਂ ਮਨੁੱਖ ਦੀ ਬਾਂਹ ਫੜਨੀ ਸੀ ਪਰ ਹੁਣ ਲੋਕਾਈ ਸਾਹਮਣੇ ਧਰਮ ਨਹੀਂ, ਧਾਰਮਿਕ ਕੱਟੜਤਾ ਅਤੇ ਬੁਨਿਆਦਪ੍ਰਸਤੀ (Fundamentalism) ਦਾ ਭੋਜਨ ਪਰੋਸਿਆ ਜਾਂਦਾ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਖੇਤਰੀ, ਜਾਤੀਵਾਦੀ, ਨਸਲੀ ਜਾਂ ਸਥਾਨਿਕ ਕੱਟੜਤਾ ਦਾ। ਅਜਿਹੀ ਕੱਟੜਤਾ ਸਰਮਾਏ ਦੇ ਸਾਮਰਾਜ ਵਿਰੁੱਧ ਜੰਗ ਦਾ ਮੁਹਾਜ਼ ਖੜ੍ਹਾ ਨਹੀਂ ਕਰ ਸਕਦੀ। ਇਹ ਮੁਹਾਜ਼ ਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਤੇ ਸਹਿਣਸ਼ੀਲਤਾ ਲਈ ਲੜਨ ਵਾਲੀਆਂ ਤਾਕਤਾਂ ਨੇ ਖੜ੍ਹਾ ਕਰਨਾ ਹੈ।
       ਇਹ ਸਵਾਲ ਵੀ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਹੋਂਦਹੀਣੀ ਬਣਾਈ ਜਾ ਰਹੀ ਲੋਕਾਈ ਆਪਣੇ ਆਪ ਨੂੰ ਅਜਿਹੀ ਜਮਾਤ ਵਿਚ ਬਦਲ ਸਕਦੀ ਹੈ ਜੋ ਸਾਂਝੀਵਾਲਤਾ ਅਤੇ ਸਮਾਜਿਕ ਤੇ ਆਰਥਿਕ ਬਰਾਬਰੀ ਪ੍ਰਾਪਤ ਕਰਨ ਲਈ ਸੰਘਰਸ਼ ਕਰ ਸਕੇ; ਜੋ ਹਰ ਤਰ੍ਹਾਂ ਦੀ ਕੱਟੜਤਾ ਦਾ ਸਾਹਮਣਾ ਕਰ ਸਕੇ। ਮਨੁੱਖਤਾ ਤੋਂ ਬੇਗਾਨਾ ਕੀਤਾ ਜਾ ਰਿਹਾ ਮਨੁੱਖ ਆਪਣੀ ਮਨੁੱਖਤਾ ਨੂੰ ਕਿਵੇਂ ਬਚਾ ਸਕਦਾ ਹੈ ? ਭੇਤ ਇਹ ਹੈ ਕਿ ਅਜਿਹਾ ਬਚਾਅ ਉਸ ਨੇ ਹੀ ਕਰਨਾ ਹੈ, ਕਿਸੇ ਮਸੀਹਾ ਨੇ ਨਹੀਂ। ਸਾਂਝੀਵਾਲਤਾ ਦੀ ਸਿਰਜਣਾ ਬੀਤੇ, ਵਰਤਮਾਨ ਤੇ ਭਵਿੱਖ ਦੀ ਸਾਂਝ ਰਾਹੀਂ ਹੋਣੀ ਹੈ; ਅਤੀਤ ਵੱਲ ਪਰਤਣ ਨਾਲ ਨਹੀਂ।
     ਇਤਿਹਾਸ ਦਾ ਅਜੋਕਾ ਬਾਬ ਮਨੁੱਖਤਾ ਦੇ ਇਤਿਹਾਸ ਦਾ ਅਜਿਹਾ ਬਾਬ ਹੈ ਜਿਸ ਵਿਚ ਓਨਾ ਲਹੂ ਦੇਸ਼ਾਂ, ਕੌਮਾਂ ਆਦਿ ਦੀਆਂ ਲੜਾਈਆਂ ਰਾਹੀਂ ਨਹੀਂ ਵਹਾਇਆ ਜਾ ਰਿਹਾ ਜਿੰਨਾ ਸਾਰੇ ਸੰਸਾਰ ਵਿਚ ਲੋਕਾਈ ਦੇ ਵੱਡੇ ਹਿੱਸੇ ਦਾ ਉਨ੍ਹਾਂ ਦੀ ਕਿਰਤ ਦੀ ਲਗਾਤਾਰ ਲੁੱਟ ਰਾਹੀਂ ਚੂਸਿਆ ਜਾ ਰਿਹਾ ਹੈ, ਪਲ-ਦਰ-ਪਲ, ਦਿਨ-ਬਦਿਨ, ਲੋਕਾਈ ਦੇ ਵੱਡੇ ਹਿੱਸੇ ਦੇ ਹਰ ਪਲ ’ਤੇ ਸਰਮਾਏ ਦੇ ਸਾਮਰਾਜ ਦਾ ਕਬਜ਼ਾ ਹੈ, ਮਨੁੱਖ ਨੇ ਏਨੀ ਵੱਡੀ ਪੱਧਰ ’ਤੇ ਮਾਨਸਿਕ ਗ਼ੁਲਾਮੀ ਪਹਿਲਾਂ ਕਦੇ ਨਹੀਂ ਸੀ ਦੇਖੀ। ਇਸ ਗ਼ੁਲਾਮੀ ਵਿਰੁੱਧ ਲੜਾਈ ਲੜਨ ਲਈ ਸਾਰੀਆਂ ਮਾਨਵਵਾਦੀ ਧਿਰਾਂ ਨੂੰ ਇਕ ਮੁਹਾਜ਼ ’ਤੇ ਇਕੱਠੇ ਹੋਣ ਦੀ ਲੋੜ ਹੈ।