ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ - ਕਰਮ ਬਰਸਟ
ਪੰਜਾਬ ਦੀਆਂ ਫਿਜ਼ਾਵਾਂ ਵਿਚੋਂ ਇਕ ਵਾਰ ਫਿਰ 1978ਵਿਆਂ ਵਾਲੇ ਦੌਰ ਵਰਗੀ ਗੰਧ ਆਉਣੀ ਸ਼ੁਰੂ ਹੋ ਚੁੱਕੀ ਹੈ। ਵੱਖ ਵੱਖ ਵੰਨਗੀ ਦੀਆਂ ਬੁਨਿਆਦਪ੍ਰਸਤ ਸ਼ਕਤੀਆਂ, ਅਮਨ ਕਾਨੂੰਨ ਕਾਇਮ ਰੱਖਣ ਵਾਲੀ ਮਸ਼ੀਨਰੀ ਦੇ ਲਾਲਚੀ ਅਧਿਕਾਰੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਗਠਜੋੜ ਉੱਭਰਦਾ ਦਿਖਾਈ ਦੇ ਰਿਹਾ ਹੈ। ਭੜਕਾਊ ਅਨਸਰਾਂ ਦੀ ਸਮੁੱਚੀ ਹਾਲਤ ਅਜੇ ਬੇਸ਼ਕ ਹਾਸ਼ੀਏ ਉੱਤੇ ਹੀ ਜਾਪਦੀ ਹੈ ਪਰ ਦੇਖਿਆ ਜਾਵੇ ਤਾਂ ਇਸ ਦੀ ਧਮਕ ਦੂਰ ਤੱਕ ਸੁਣਾਈ ਦਿੰਦੀ ਹੈ। ਡੇਢ ਸਾਲ ਚੱਲੇ ਬੇਮਿਸਾਲ ਕਿਸਾਨ ਮੋਰਚੇ ਦੌਰਾਨ ਵੱਖ ਵੱਖ ਤਬਕਿਆਂ ਦੀ ਵਿਸ਼ਾਲ ਏਕਤਾ ਉੱਭਰੀ ਸੀ। ਉਸ ਸੰਘਰਸ਼ ਵਿਚ ਪੰਜਾਬ ਦੇ ਨੌਜਵਾਨਾਂ ਦੀ ਵਿਸ਼ੇਸ਼ ਭੂਮਿਕਾ ਰਹੀ ਸੀ। ਇਹ ਗੱਲ ਮੰਨਣ ਵਿਚ ਵੀ ਝਿਜਕ ਨਹੀਂ ਹੋਣੀ ਚਾਹੀਦੀ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਮਾਲੀ ਮਦਦ ਕਰਨ ਵਿਚ ਤਕੜੀ ਭੂਮਿਕਾ ਨਿਭਾਈ ਸੀ। ਇਹ ਵੀ ਸਪੱਸ਼ਟ ਤੌਰ ’ਤੇ ਸਾਹਮਣੇ ਆ ਗਿਆ ਸੀ ਕਿ ਕੁਝ ਵਿਅਕਤੀਆਂ ਨੇ ਕਿਸਾਨ ਮੋਰਚੇ ਨੂੰ ਧਰਮ ਆਧਾਰਿਤ ਅੰਦੋਲਨ ਵਿਚ ਬਦਲਣ ਲਈ ਵੀ ਪੂਰੀ ਵਾਹ ਲਾਈ। ਕਿਸਾਨ ਅੰਦੋਲਨ ਦੀ ਸੁਯੋਗ ਲੀਡਰਸ਼ਿਪ ਨੇ ਕਿਵੇਂ ਨਾ ਕਿਵੇਂ ਮੌਕਾ ਸੰਭਾਲ ਕੇ ਅੰਦੋਲਨ ਨੂੰ ਧਰਮ ਨਿਰਪੱਖ ਲੀਹਾਂ ਤੋਂ ਥਿੜਕਣ ਨਹੀਂ ਦਿੱਤਾ ਅਤੇ ਆਪਣੀ ਏਕਤਾ ਕਾਇਮ ਰੱਖਦੇ ਹੋਏ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਹੀ।
ਇਹ ਵੀ ਸੱਚ ਹੈ ਕਿ ਜ਼ਮੀਨੀ ਪੱਧਰ ਅਤੇ ਸੋਸ਼ਲ ਮੀਡੀਆ ਉਪਰ ਉਹ ਤਾਕਤਾਂ ਲਗਾਤਾਰ ਸਰਗਰਮੀ ਰੱਖ ਰਹੀਆਂ ਹਨ ਜੋ ਕਿਸਾਨ ਲਹਿਰ ਨੂੰ ਹਿੰਸਕ ਦਿਸ਼ਾ ਦੇਣ ਲਈ ਤਤਪਰ ਸਨ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਕਾਰਜਸ਼ੀਲ ਹਨ। ਪੰਜਾਬ ਵਿਚ ਬੇਸ਼ਕ ਦਹਿਸ਼ਤਗਰਦੀ ਨਾਲ ਸਬੰਧਿਤ ਵੱਡੀਆਂ ਘਟਨਾਵਾਂ ਨਹੀਂ ਵਾਪਰੀਆਂ ਪਰ ਲੁਧਿਆਣਾ ਦੀਆਂ ਕਚਹਿਰੀਆਂ ਵਿਚ ਹੋਏ ਬੰਬ ਧਮਾਕੇ, ਪੁਲੀਸ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਉਪਰ ਹੋਏ ਰਾਕਟ ਹਮਲੇ ਅਤੇ ਅੰਮ੍ਰਿਤਸਰ ਵਿਚ ਇਕ ਪੁਲੀਸ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਫਿੱਟ ਕਰਨ ਵਰਗੀਆਂ ਅਸਫਲ ਕਾਰਵਾਈਆਂ ਵਿਚੋਂ ਖਾੜਕੂ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਧੁਨੀ ਸਪੱਸ਼ਟ ਸੁਣਾਈ ਦੇ ਰਹੀ ਹੈ। ‘ਸਿੱਖ ਕੌਮ’ ਦੀ ਗੁਲਾਮੀ ਦਾ ਨਵਾਂ ਬਿਰਤਾਂਤ ਵੀ ਸਿਰਜਿਆ ਜਾ ਰਿਹਾ ਹੈ। ਇਸ ਦੇ ਮੁਕਾਬਲੇ ਸ਼ਿਵ ਸੈਨਾ ਵਰਗੀਆਂ ਮੂਲਵਾਦੀ ਜਥੇਬੰਦੀਆਂ ਵੀ ਹਰਕਤ ਕਰ ਰਹੀਆਂ ਹਨ। ਹੁਣੇ ਹੀ ਸ਼ਿਵ ਸੈਨਾ ਦੇ ਘੱਟ ਜਾਣੇ ਜਾਂਦੇ ਧੜੇ ਦੇ ਆਗੂ ਦੀ ਹੱਤਿਆ ਨਾਲ ਭਾਵੇਂ ਸਮਾਜਿਕ ਮਾਹੌਲ ਦੇ ਫ਼ੌਰੀ ਤੌਰ ’ਤੇ ਹੋਰ ਦੂਸ਼ਿਤ ਹੋ ਜਾਣ ਦੀਆਂ ਸੰਭਾਵਨਾਵਾਂ ਨਹੀਂ ਹਨ ਪਰ ਇਸ ਘਟਨਾ ਦੀ ਮੱਧਮ ਗੂੰਜ ਦੂਰ ਤੱਕ ਸਫਰ ਕਰ ਸਕਦੀ ਹੈ। ਹਾਲ ਹੀ ਵਿਚ ਡੇਰਾ ਪ੍ਰੇਮੀ ਦੇ ਕਤਲ ਨੇ ਵੀ ਚਰਚਾ ਛੇੜ ਦਿੱਤੀ ਹੈ। ਮੋਟੇ ਤੌਰ ’ਤੇ ਪੰਜਾਬ ਦੇ ਅਮਨ ਕਾਨੂੰਨ ਦੀ ਹਾਲਤ ਸਰਕਾਰ ਦੇ ਕੰਟਰੋਲ ਵਿਚ ਹੈ ਪਰ ਇਸ ਹਾਲਤ ਨੂੰ ਵਡੇਰੇ ਪ੍ਰਸੰਗ ਤੋ ਅੱਖੋਂ ਪਰੋਖੇ ਕਰ ਕੇ ਦੇਖਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਫਰਵਰੀ 2022 ਦੀਆਂ ਚੋਣਾਂ ਦੌਰਾਨ ਚੁਣ ਕੇ ਆਈ ਨਵੀਂ ਵਿਧਾਨ ਸਭਾ ਵੱਲ ਨਜ਼ਰ ਮਾਰੀਏ ਤਾਂ ਸਿਫ਼ਤੀ ਤਬਦੀਲੀ ਦੀ ਆਸ ਬੱਝੀ ਸੀ। ਪੰਜਾਬ ਦੇ ਚੋਣ ਇਤਿਹਾਸ ਵਿਚ ਪਹਿਲੀ ਵਾਰ ਸਭ ਤੋਂ ਛੋਟੀ ਉਮਰ ਦਾ ਆਗੂ ਭਗਵੰਤ ਮਾਨ ਵਿਧਾਇਕਾਂ ਦੀ ਬਹੁਤ ਵੱਡੀ ਬਹੁਗਿਣਤੀ ਨਾਲ ਮੁੱਖ ਮੰਤਰੀ ਬਣਿਆ (ਬੇਸ਼ਕ 1970 ਵਿਚ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਸੀ ਪਰ ਉਹ ਨਿਰੋਲ ਸਿਆਸੀ ਜੋੜ-ਤੋੜ ਵਾਲੀ ਘੱਟਗਿਣਤੀ ਵਾਲੀ ਥੋੜ੍ਹ-ਚਿਰੀ ਸਰਕਾਰ ਸੀ)। ਪੰਜਾਬ ਦੀ ਮੌਜੂਦਾ ਵਿਧਾਨ ਸਭਾ ਦੇ ਵਿਧਾਇਕਾਂ ਦੀ ਔਸਤ ਉਮਰ 50 ਸਾਲ ਹੈ ਜੋ ਰਿਕਾਰਡ ਹੈ। 117 ਵਿਚੋਂ 85 ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ ਜਿਨ੍ਹਾਂ ਵਿਚੋਂ 12 ਤਾਂ ਐੱਮਬੀਬੀਐੱਸ ਡਾਕਟਰ ਹਨ; 11 ਦੀ ਉਮਰ 35 ਸਾਲ ਤੋਂ ਘੱਟ ਅਤੇ 39 ਦੀ ਉਮਰ 35 ਤੋ 45 ਸਾਲ ਦੇ ਵਿਚਕਾਰ ਹੈ। ਕੈਬਨਿਟ ਮੰਤਰੀਆਂ ਦੀ ਔਸਤ ਉਮਰ 47 ਸਾਲ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੀ ਜਨਤਾ ਨੇ ਹਰ ਪ੍ਰਕਾਰ ਅਤੇ ਸਿਆਸੀ ਰੰਗ ਦੀ ਬੁੱਢੀ ਲੀਡਰਸ਼ਿਪ ਨੂੰ ਨਕਾਰ ਕੇ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ। ਇਸ ਲਈ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਨੂੰ ਬੁੱਢੀ ਅਤੇ ਪਰਿਵਾਰ-ਪ੍ਰਸਤ ਲੀਡਰਸ਼ਿਪ ਜੱਫਾ ਮਾਰੀ ਬੈਠੀ ਹੈ। ਇਸੇ ਲਈ ਇਸ ਸਰਕਾਰ ਕੋਲੋਂ ਪੰਜਾਬ ਦੇ ਨੌਜਵਾਨ ਵਰਗ ਨੂੰ ਜਿ਼ਆਦਾ ਉਮੀਦਾਂ ਹਨ।
ਭਾਰਤ ਵਿਚ ਹੀ ਨਹੀਂ, ਦੁਨੀਆ ਭਰ ਵਿਚ ਨੌਜਵਾਨਾਂ ਦੇ ਸਰਬ ਪੱਖੀ ਵਿਕਾਸ, ਉਨ੍ਹਾਂ ਨੂੰ ਸਮਾਜਿਕ ਉਸਾਰੀ ਵਿਚ ਸਰਗਰਮ ਕਰਨ ਦੀਆਂ ਗੱਲਾਂ ਹੁੰਦੀਆਂ ਹਨ। ਸੰਯੁਕਤ ਰਾਸ਼ਟਰ ਸੰਘ ਵਲੋਂ 1985 ਦੇ ਵਰ੍ਹੇ ਨੂੰ ‘ਯੁਵਕ ਵਰ੍ਹੇ’ ਵਜੋਂ ਮਨਾਉਣਾ ਇਸੇ ਦਿਸ਼ਾ ਵੱਲ ਇਕ ਕਦਮ ਸੀ ਜੋ ਹੁਣ ਹਰ ਦੋ ਸਾਲਾਂ ਬਾਅਦ ਸੰਸਾਰ ਪੱਧਰ ’ਤੇ ਮਨਾਇਆ ਜਾਂਦਾ ਹੈ।
ਕਹਿਣ ਨੂੰ ਤਾਂ ਸਾਡੇ ਦੇਸ਼ ਦੇ ਰਾਜਨੀਤਕ ਨੇਤਾ ਨੌਜਵਾਨਾਂ ਦੀ ਸੋਭਾ ਵਿਚ ਬੜੇ ਵਧੀਆ ਸ਼ਬਦ ਵਰਤਦੇ ਹਨ, ਉਹਨਾਂ ਨੂੰ ‘ਦੇਸ਼ ਦਾ ਕੌਮੀ ਸਰਮਾਇਆ’, ‘ਯੁਵਾ ਸ਼ਕਤੀ’ ਅਤੇ ‘ਅੱਜ ਦੇ ਬੱਚੇ ਕੱਲ੍ਹ ਦੇ ਨੇਤਾ’ ਕਹਿ ਕੇ ਵਡਿਆਇਆ ਜਾਂਦਾ ਹੈ ਪਰ ਕੀ ਯੁਵਾ ਸ਼ਕਤੀ ਨੂੰ ਸਾਂਭਣ ਅਤੇ ਕੌਮੀ ਸਰਮਾਏ ਦੀ ਉਸਾਰੂ ਕੰਮਾਂ ਵਾਸਤੇ ਵਰਤੋਂ ਕਰਨ ਲਈ ਭੋਰਾ ਭਰ ਵੀ ਮੌਕੇ ਮੁਹੱਈਆ ਕੀਤੇ ਜਾਂਦੇ ਹਨ? ਇਸ ਤੱਥ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਵਿਚ ਲਾਉਣਾ ਸਮਾਜ ਦਾ ਫਰਜ਼ ਹੈ। ਨੌਜਵਾਨਾਂ ਵਿਚ ਸੁਤੰਤਰ ਸੋਚਣੀ ਦਾ ਵਿਕਾਸ ਕਰਨਾ ਵਿਵਸਥਾ ਦੀ ਜਿ਼ੰਮੇਵਾਰੀ ਹੈ। ਜੇ ਕਿਸੇ ਸਮਾਜ ਦੇ ਨੌਜਵਾਨ ਪਛੜੇ ਹੋਏ ਹਨ ਜਾਂ ਆਪਣੀ ਸ਼ਕਤੀ ਢਾਹੂ ਪਾਸੇ ਲਾ ਰਹੇ ਹਨ ਤਾਂ ਇਹ ਕਸੂਰ ਨੌਜਵਾਨਾਂ ਦਾ ਨਹੀਂ ਸਗੋਂ ਸਮਾਜਿਕ ਵਿਵਸਥਾ ਦਾ ਹੈ ਜੋ ਉਨ੍ਹਾਂ ਨੂੰ ਸਹੀ ਸੋਧ ਨਹੀਂ ਦਿੰਦੀ, ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਬਣਦੀ ਹੈ, ਵਿਵਸਥਾ ਜੋ ਉਸ ਦੀ ਰੂਹ ਦੇ ਹਾਣ ਦੀ ਨਹੀਂ ਹੈ। ਨੌਜਵਾਨਾਂ ਨੂੰ ਗਿਆਨ ਅਤੇ ਸਮਾਜਿਕ ਸੋਝੀ ਦੇਣ ਲਈ ਪਰਿਵਾਰ ਅਤੇ ਆਲੇ-ਦੁਆਲੇ ਤੋਂ ਬਾਅਦ ਸਕੂਲਾਂ ਅਤੇ ਕਾਲਜਾਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਸਾਡੀ ਵਿਦਿਅਕ ਪ੍ਰਣਾਲੀ ਨੌਜਵਾਨਾਂ ਅੰਦਰ ਰਚਨਾਤਮਕ, ਉਸਾਰੂ ਅਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਵਾਲੀਆਂ ਰੁਚੀਆਂ ਪੈਦਾ ਨਹੀਂ ਕਰਦੀ। ਨਾ ਹੀ ਉਨ੍ਹਾਂ ਅੰਦਰ ਤਰਕਸ਼ੀਲ ਸੋਚਣੀ ਅਤੇ ਵਿਸ਼ਲੇਸ਼ਣਾਤਮਕ ਰਵੱਈਆ ਪੈਦਾ ਕਰਦੀ ਹੈ। ਬਸਤੀਵਾਦੀ ਪਿਛੋਕੜ ਵਾਲੀ ਸਾਡੀ ਵਿਦਿਅਕ ਪ੍ਰਣਾਲੀ ਉਨ੍ਹਾਂ ਨੂੰ ਲਕੀਰ ਦੇ ਫਕੀਰ ਅਤੇ ਲਾਈਲੱਗ ਬਣਾਉਣ ਵੱਲ ਰੁਚਿਤ ਹੈ। ਵਿਸ਼ਿਆਂ ਦੀ ਚੋਣ ਜਾਂ ਪੜ੍ਹਾਉਣ ਦੇ ਪੱਖ ਤੋਂ ਉਨ੍ਹਾਂ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਪਿਛੋਕੜ ਦਾ ਧਿਆਨ ਨਹੀਂ ਰੱਖਿਆ ਜਾਂਦਾ। ਮਾਤ ਭਾਸ਼ਾ ਵਿਚ ਪੜ੍ਹਾਈ ਦੀ ਅਣਹੋਂਦ ਵਿਸ਼ਿਆਂ ਨੂੰ ਹੋਰ ਨੀਰਸ, ਬੇਸੁਆਦਲੇ ਅਤੇ ਅਕਾਊ ਬਣਾ ਦਿੰਦੀ ਹੈ।
ਆਰਥਿਕ ਸੰਕਟ ਅਤੇ ਧੁੰਦਲਾ ਭਵਿੱਖ ਨੌਜਵਾਨਾਂ ਵਿਚ ਮਾਨਸਿਕ ਸੰਕਟ ਨੂੰ ਜਨਮ ਦਿੰਦਾ ਹੈ। ਖਾਸ ਪੜਾਅ ’ਤੇ ਜਾ ਕੇ ਇਹ ਸੰਕਟ ਤਿੰਨ ਤਰ੍ਹਾਂ ਦੀਆਂ ਪ੍ਰਵਿਰਤੀਆਂ ਨੂੰ ਜਨਮ ਦਿੰਦਾ ਹੈ। ਇਕ ਵਿਚ ਤਾਂ ਉਹ ਨਿਰਾਸ਼ ਹੋ ਕੇ ਜ਼ਿੰਦਗੀ ਤੋਂ ਹੀ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਖੁਦਕਸ਼ੀ ਕਰ ਲੈਂਦਾ ਹੈ। ਦੂਜੀ ਪ੍ਰਵਿਰਤੀ ਵਿਚ ਨੌਜਵਾਨ ਸਥਾਪਿਤ ਕਦਰਾਂ-ਕੀਮਤਾਂ ਨਾਲ ਸਮਝੌਤਾ ਕਰ ਲੈਂਦਾ ਹੈ ਜਿਸ ਵਿਚ ਉਹ ਹਰ ਗਲਤ ਜਾਂ ਠੀਕ ਗੱਲ ਨੂੰ ‘ਚਲ ਹੋਊ ਛੱਡ’ ਕਹਿ ਕੇ ਪਾਸਾ ਵਟ ਲੈਂਦਾ ਹੈ। ਇਹ ਰਾਹ ਸਮਾਜ ਤੋਂ ਮਾਯੂਸ ਹੋਣ ਦਾ ਰਾਹ ਹੈ। ਇਸ ਰਾਹ ਦਾ ਧਾਰਨੀ ਬੰਦਾ ਮਨੁੱਖ ਨਹੀਂ ਰਹਿੰਦਾ ਬਲਕਿ ਪਸ਼ੂ ਤੋਂ ਵੀ ਭੈੜਾ ਸਾਬਤ ਹੁੰਦਾ ਹੈ। ਤੀਜੀ ਪ੍ਰਵਿਰਤੀ ਬਹੁਤ ਘਾਤਕ ਹੈ। ਪਹਿਲੀਆਂ ਵਿਚ ਤਾਂ ਨੌਜਵਾਨ ਆਪਣੇ ਆਪ ਦਾ ਹੀ ਨੁਕਸਾਨ ਕਰਦਾ ਹੈ, ਸਮਾਜ ਲਈ ਘਾਤਕ ਨਹੀਂ ਹੁੰਦਾ ਪਰ ਇਸ ਪ੍ਰਵਿਰਤੀ ਵਿਚ ਉਹ ਆਪਣੀ ਨਿਰਾਸ਼ਤਾ, ਬੇਚੈਨੀ ਅਤੇ ਅਸਫਲਤਾ ਤੋਂ ਦੁਖੀ ਹੋ ਕੇ ਹਿੰਸਕ ਰੁਚੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਆਪਣੇ ਹੀ ਸਿਰਜੇ ਤਰਕ ਰਾਹੀਂ ਸਮਾਜ ਕੋਲੋਂ ਬਦਲਾ ਲੈਂਦਾ ਹੈ। ਹੌਲੀ ਹੌਲੀ ਉਹ ਅਜਿਹੀ ਅੰਨ੍ਹੀ ਗਲੀ ਵਿਚ ਵੜ ਜਾਂਦਾ ਹੈ ਜਿਥੋਂ ਨਿਕਲਣ ਦੀ ਸੰਭਾਵਨਾ ਬਹੁਤ ਘੱਟ ਰਹਿ ਜਾਂਦੀ ਹੈ।
ਪੰਜਾਬ ਦੀ ਮੌਜੂਦਾ ਹਾਲਤ ਗੰਭੀਰ ਦਿਸ਼ਾ ਵੱਲ ਇਸ਼ਾਰਾ ਕਰ ਰਹੀ ਹੈ। ਖਾਂਦੇ ਪੀਂਦੇ ਘਰਾਂ ਦਾ ਪੜ੍ਹਿਆ ਜਾਂ ਅਧਪੜ੍ਹ ਨੌਜਵਾਨ ਇਸੇ ਪ੍ਰਵਿਰਤੀ ਦਾ ਸ਼ਿਕਾਰ ਬਣਨ ਵੱਲ ਵਧ ਰਿਹਾ ਹੈ। ਅਜਿਹੇ ਨੌਜਵਾਨਾਂ ਨੂੰ ਹਮਦਰਦੀ ਭਰਪੂਰ ਦਰੁਸਤ ਨੀਤੀ ਰਾਹੀਂ ਸਮਾਜ ਦੇ ਉਸਾਰੂ ਕੰਮਾਂ ਵਿਚ ਲਾ ਕੇ ਹੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਹਨੇਰੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਵਿਗਿਆਨਕ ਬੋਧ ਅਤੇ ਤਰਕਸ਼ੀਲ ਸੋਚਣੀ ਨਾਲ ਲੈਸ ਕਰਨਾ ਹੀ ਅਜੋਕੇ ਸਮੇਂ ਦੀ ਅਹਿਮ ਲੋੜ ਹੈ। ਮਨੁੱਖ ਵਿਚ ਤਰਕਸ਼ੀਲ ਸੋਚਣੀ ਹੋਣਾ ਹੀ ਇਕ ਮਿਆਰ ਹੈ ਜੋ ਉਸ ਨੂੰ ਪਸ਼ੂ ਜਗਤ ਨਾਲੋਂ ਵਖਰਿਆਉਂਦਾ ਹੈ, ਉਸ ਅੰਦਰ ਹਕੀਕੀ ਬੰਦਿਆਂ ਵਾਲੀਆਂ ਹਰਕਤਾਂ ਪੈਦਾ ਕਰਦਾ ਹੈ। ਅਫਸੋਸ ਦੀ ਗੱਲ ਹੈ ਕਿ ਦੁਨੀਆ ਭਰ ਵਿਚ ਆਧੁਨਿਕ ਗਿਆਨ ਵਿਗਿਆਨ ਦੇ ਬੇਮਿਸਾਲ ਪਸਾਰੇ ਦੇ ਬਾਵਜੂਦ ਅਸੀਂ ਆਪਣੇ ਨੌਜਵਾਨਾਂ ਵਿਚ ਸਮਾਜਿਕ ਸੋਝੀ ਪੈਦਾ ਨਹੀਂ ਕਰ ਸਕੇ। ਸਾਡਾ ਸਮਾਜ ਮੱਧਯੁੱਗੀ ਕਦਰਾਂ-ਕੀਮਤਾਂ ਦਾ ਸ਼ਿਕਾਰ ਹੈ। ਵਹਿਮ, ਭਰਮ ਅਤੇ ਅੰਧਵਿਸ਼ਵਾਸ ਭਾਰੂ ਹਨ। ਲੋਕਾਂ ਨੂੰ ਧਰਮ, ਜਾਤ ਅਤੇ ਭਾਸ਼ਾ ਦੇ ਨਾਂ ਉਤੇ ਬੜੀ ਅਸਾਨੀ ਨਾਲ ਲੜਾਇਆ ਜਾ ਸਕਦਾ ਹੈ।
ਪੰਜਾਬ ਦੀ ਨੌਜਵਾਨ ਪੀੜ੍ਹੀ ਦੀਆਂ ਸਮੱਸਿਆਵਾਂ ਦਾ ਫੌਰੀ ਹੱਲ ਬੇਹੱਦ ਜ਼ਰੂਰੀ ਹੈ। ਜੇ ਮੌਜੂਦਾ ਹਾਲਾਤ ਹੀ ਰਹੇ, ਇਹ ਨੌਜਵਾਨਾਂ ਲਈ ਤਾਂ ਮਾਰੂ ਹੈ ਹੀ, ਦੇਸ਼ ਲਈ ਵੀ ਮਾਰੂ ਸਾਬਤ ਹੋਵੇਗੀ। ਪੰਜਾਬ ਦੀ ਨੌਜਵਾਨ ਲਹਿਰ ਦਾ ਬਹੁਤ ਹੀ ਸ਼ਾਨਾਂਮੱਤਾ ਇਤਿਹਾਸ ਰਿਹਾ ਹੈ। ਬੀਤੇ ਸਮਿਆਂ ਵਿਚ ਉਨ੍ਹਾਂ ਨੇ ਸਿਰਫ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਘੋਲਾਂ ਦੀ ਹਮਾਇਤ ਨਹੀਂ ਕੀਤੀ ਸਗੋਂ ਪਿੰਡ ਪਿੰਡ ਵਿਚ ਲੋਕ-ਪੱਖੀ ਡਰਾਮਿਆਂ ਅਤੇ ਨਾਟਕਾਂ ਰਾਹੀਂ ਅਗਾਂਹਵਧੂ ਸਾਹਿਤ ਤੇ ਸਭਿਆਚਾਰ ਦਾ ਵੀ ਪ੍ਰਚਾਰ ਕੀਤਾ ਸੀ। ਇਸ ਵੇਲੇ ਢਾਹੂ ਪਾਸੇ ਵੱਲ ਜਾ ਰਹੇ ਨੌਜਵਾਨਾਂ ਨੂੰ ਮੁੜ ਕੇ ਪੁਰਾਣੀ ਲੀਹ ’ਤੇ ਲਿਆਂਦਾ ਜਾ ਸਕਦਾ ਹੈ, ਲੋੜ ਸਿਰਫ ਗਹਿਰ ਗੰਭੀਰ ਸੋਚਣੀ ਅਤੇ ਇਮਾਨਦਾਰੀ ਦੀ ਹੈ। ਸਮਾਜਿਕ ਮਸਲਿਆਂ ਨੂੰ ਸਹੀ ਪ੍ਰਸੰਗ ਵਿਚ ਰੱਖ ਕੇ ਢੁੱਕਵੇਂ ਹੱਲ ਦੀ ਲੋੜ ਹੈ। ਕੀ ਮੌਜੂਦਾ ਸਰਕਾਰ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਨੌਜਵਾਨ ਪੀੜ੍ਹੀ ਨੂੰ ਅੰਨ੍ਹੀ ਗਲੀ ਵਿਚੋਂ ਬਾਹਰ ਕੱਢਣ ਲਈ ਸੰਜੀਦਾ ਉਪਰਾਲੇ ਕਰਨਗੇ? ਇਹ ਉਨ੍ਹਾਂ ਲਈ ਵੱਡੀ ਚੁਣੌਤੀ ਹੈ।
ਸੰਪਰਕ : 94170-73831