ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
06 ਨਵੰਬਰ 2022
ਕੇਜਰੀਵਾਲ ਨੇ ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਕੀਤਾ ਦੋਸ਼-ਮੁਕਤ-ਇਕ ਖ਼ਬਰ
ਵਾਹ ਬਈ ਵਾਹ! ਇੰਨੀ ਛੇਤੀ ਤਾਂ ਗਿਰਗਿਟ ਵੀ ਰੰਗ ਨਹੀਂ ਬਦਲਦਾ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਬੀ ਜਗੀਰ ਕੌਰ ਦੀ ਹਮਾਇਤ-ਇਕ ਖ਼ਬਰ
ਦੁਸ਼ਮਨ ਦਾ ਦੁਸ਼ਮਨ ਸਾਡਾ ਦੋਸਤ।
ਹਰ ਹਾਲਤ ‘ਚ ਚੋਣ ਲੜਾਂਗੀ- ਬੀਬੀ ਜਗੀਰ ਕੌਰ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।
ਆਈ.ਐਸ.ਆਈ. ਨਾਲ ਕੰਮ ਕਰਨ ਵਾਲੀ ਅਮਰੀਕਨ ਔਰਤ ਨੂੰ ਹੋਈ 20 ਸਾਲ ਦੀ ਸਜ਼ਾ-ਇਕ ਖ਼ਬਰ
ਆਈ.ਐਸ.ਆਈ. ਨਾਲ ਕੰਮ ਕਰਨ ਵਾਲੀ ਬਰਤਾਨਵੀ ਔਰਤ ਕਰ-ਦਾਤਾਵਾਂ ਦੇ ਪੈਸੇ ਨਾਲ ਉਡਾ ਰਹੀ ਹੈ ਗੁਲਛਰੇ।
ਸਰਕਾਰੀ ਫ਼ਾਰਮੂਲਾ: ਪਰਾਲ਼ੀ ਦਾ ਧੂੰਆਂ ਉੱਠਿਆਂ ਤਾਂ ਨੰਬਰਦਾਰਾਂ ਦੀ ਖੈਰ ਨਹੀਂ- ਇਕ ਖ਼ਬਰ
ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ।
ਬੀਬੀ ਜਗੀਰ ਕੌਰ ਦੇ ਮਾਮਲੇ ‘ਚ ਅਕਾਲੀ ਦਲ ਨੇ ਭਾਜਪਾ ਘੇਰੀ, ਲਾਲ ਪੁਰਾ ‘ਤੇ ਲਾਏ ਦੋਸ਼-ਇਕ ਖ਼ਬਰ
ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ‘ਤੇ।
13 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮਾਲ ਪਟਵਾਰੀ ਗ੍ਰਿਫ਼ਤਾਰ-ਇਕ ਖ਼ਬਰ
ਛੂਟਤੀ ਨਹੀਂ ਹੈ ਕਾਫ਼ਰ, ਮੂੰਹ ਕੋ ਲਗੀ ਹੂਈ।
‘ਜਥੇਦਾਰ’ ਨੇ ਮੇਰੇ ਵਲੋਂ ਲਿਖੀ ਚਿੱਠੀ ਦਾ ਮੁੜ ਕੋਈ ਜਵਾਬ ਨਹੀਂ ਦਿਤਾ-ਪੰਜੋਲੀ
ਮੇਰੇ ਢੋਲ ਦੀ ਚਿੱਠੀ ਨਾ ਲਿਆਇਆ, ਮਰ ਜੇਂ ਤੂੰ ਡਾਕ ਵਾਲਿਆ।
ਕਾਂਗਰਸ ਡੁੱਬਦਾ ਜਹਾਜ਼, ਜਿਸ ਦਾ ਕੋਈ ਭਵਿੱਖ ਨਹੀਂ- ਅਮਿਤ ਸ਼ਾਹ
ਤੂੰ ਤਾਂ ਅਮਲੀ ਹੋ ਗਿਆ ਭਾਰਾ, ਘਰ ਤੇਰੇ ਨਹੀਉਂ ਵਸਣਾ।
ਬਾਦਲ ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ ਨੂੰ ਮੁਅੱਤਲ ਕਰ ਦਿਤਾ ਗਿਆ- ਇਕ ਖ਼ਬਰ
ਕਾਹਨੂੰ ਮਾਰਦੈਂ ਜੱਟਾ ਲਲਕਾਰੇ, ਵੇ ਔਖੀ ਹੋ ਜੂ ਕੈਦ ਕੱਟਣੀ।
ਮੁਖ਼ਤਾਰ ਅੰਸਾਰੀ ਨੂੰ ਪੰਜਾਬ ‘ਚ ਰੱਖਣ ਲਈ ਵਕੀਲਾਂ ‘ਤੇ ਖਰਚੇ ਗਏ 55 ਲੱਖ ਰੁਪਏ- ਇਕ ਖ਼ਬਰ
ਐਰ ਗ਼ੈਰ ਨੂੰ ਸ਼ੱਕਰ ਦਾ ਦਾਣਾ, ਭਗਤੇ ਨੂੰ ਖੰਡ ਪਾ ਦਿਉ।
ਡੇਰਾ ਮੁਖੀ ਨੂੰ ਪੈਰੋਲ ਦਿਵਾਉਣ ਵਿਚ ਸਰਕਾਰ ਦਾ ਕੋਈ ਹੱਥ ਨਹੀਂ- ਖੱਟਰ
ਦੋ ਘੁੱਟ ਪੀ ਕੇ ਦਾਰੂ, ਪੈਰ ‘ਤੇ ਮੁਕਰ ਗਿਆ।
ਕੈਪਟਨ ਅਮਰਿੰਦਰ ਦਾ ਦੌਰ ਹੁਣ ਖ਼ਤਮ ਹੋ ਗਿਐ- ਰਾਜਾ ਵੜਿੰਗ
ਇਹ ਜੱਗ ਸਰਾਏ ਹਮੇਸ਼ਗੀ ਦਾ, ਕੀਹਨੇ ਰੱਖਿਆ ਏ ਤੰਬੂ ਤਾਣ ਯਾਰੋ।
ਅਕਾਲੀ ਦਲ ਲਈ ਚੁਣੌਤੀ ਬਣਿਆ ਸ਼੍ਰੋਮਣੀ ਕਮੇਟੀ ਦਾ ਇਜਲਾਸ- ਇਕ ਖ਼ਬਰ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲੀ, ਕੈਂਠੇ ਵਾਲ਼ਾ ਤਿਲਕ ਪਿਆ।
ਅਕਾਲੀ ਆਗੂ ਡਾ.ਚੀਮਾ ਅਤੇ ਰੱਖੜਾ ਬੀਬੀ ਜਗੀਰ ਕੌਰ ਨੂੰ ਉਸਦੇ ਘਰ ਜਾ ਕੇ ਮਿਲੇ- ਇਕ ਖ਼ਬਰ
ਅਸੀਂ ਦਰ ਤੇਰੇ ‘ਤੇ ਆਏ, ਖ਼ੈਰ ਪਾ ਦੇ ਸਾਨੂੰ ਦਾਤੀਏ।
ਰਿਸ਼ਵਤ ਮੰਗਣ ਦੇ ਦੋਸ਼ ਵਿਚ ਵਿਜੀਲੈਂਸ ਇੰਸਪੈਕਟਰ ਗ੍ਰਿਫ਼ਤਾਰ-ਇਕ ਖ਼ਬਰ
ਕੀ ਭਾਲ਼ਦਾ ਏਂ ਉੱਥੋਂ ਫ਼ਕਰਦੀਨਾ, ਜਿੱਥੇ ਵਾੜ ਹੀ ਖੇਤ ਨੂੰ ਖਾਂਵਦੀ ਏ।