ਸੰਪਤੀ ਦੇ ਸਾਂਝੇ ਸਰੋਤਾਂ ਦੀ ਅਹਿਮੀਅਤ - ਰਾਮਚੰਦਰ ਗੁਹਾ
ਲਖਨਊ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਧਾਕਮਲ ਮੁਕਰਜੀ ਨੇ 1922 ਵਿਚ ਇਕ ਕਿਤਾਬ ‘ਪ੍ਰਿੰਸੀਪਲਜ਼ ਆਫ ਕੰਪੈਰੇਟਿਵ ਇਕੋਨੌਮਿਕਸ’ ਪ੍ਰਕਾਸ਼ਿਤ ਕਰਵਾਈ ਸੀ। ਪੂਰੀ ਇਕ ਸਦੀ ਬਾਅਦ ਇਸ ਕਿਤਾਬ ਨੂੰ ਪੜ੍ਹ ਕੇ ਮੈਂ ਇਸ ਗੱਲੋਂ ਦੰਗ ਰਹਿ ਗਿਆ ਕਿ ਉਸ ਲਿਖਤ ਵਿਚ ਭਾਰਤ ਦੇ ਪਿੰਡਾਂ ਦੇ ਸਮਾਜਿਕ ਤੇ ਆਰਥਿਕ ਜੀਵਨ ’ਤੇ ਕੁਦਰਤੀ ਮਾਹੌਲ ਦੇ ਅਸਰ ਵੱਲ ਕਿੰਨਾ ਜ਼ੋਰ ਦਿੱਤਾ ਗਿਆ ਸੀ। ਸ੍ਰੀ ਮੁਖਰਜੀ ਸ਼ਾਇਦ ਪਹਿਲੇ ਭਾਰਤੀ ਵਿਦਵਾਨ ਸਨ ਜਿਨ੍ਹਾਂ ਖੇਤੀ ਤੇ ਕਿਸਾਨੀ ਦੀ ਹੰਢਣਸਾਰਤਾ ਲਈ ਸੰਪਤੀ ਦੇ ਸਾਂਝੇ ਸਰੋਤਾਂ ਦੀ ਅਹਿਮੀਅਤ ਨੂੰ ਕਬੂਲ ਕੀਤਾ ਸੀ। ਖੇਤੀ ਜੋਤਾਂ ਉਪਰ ਨਿੱਜੀ ਜਾਂ ਪਰਿਵਾਰਕ ਇਕਾਈਆਂ ਵੱਲੋਂ ਕਾਸ਼ਤ ਕੀਤੀ ਜਾਂਦੀ ਸੀ ਜਦੋਂਕਿ ਨਹਿਰਾਂ, ਜੰਗਲਾਂ ਤੇ ਚਰਾਦਾਂ ਤੇ ਜਲਗਾਹਾਂ ਦੀ ਰਵਾਇਤੀ ਤੌਰ ’ਤੇ ਪਿੰਡ ਵੱਲੋਂ ਸਮੂਹਿਕ ਰੂਪ ਵਿਚ ਦੇਖ-ਰੇਖ ਕੀਤੀ ਜਾਂਦੀ ਸੀ। ਇਸ ਪਹਿਲੂ ਤੋਂ ਸ੍ਰੀ ਮੁਖਰਜੀ ਲਿਖਦੇ ਹਨ ‘ਹਾਲਾਂਕਿ ਸਮੁਦਾਏ ਦੇ ਬਰਖਿਲਾਫ਼ ਨਿੱਜੀ ਮਾਲਕੀ ਦਾ ਵਿਸ਼ੇਸ਼ਾਧਿਕਾਰ ਦਿੱਤਾ ਗਿਆ ਸੀ ਪਰ ਉਸ ਦੀ ਵਰਤੋਂ ਕਦੇ ਵੀ ਨਿਰੋਲ ਨਿੱਜੀ ਮੰਤਵਾਂ ਤੱਕ ਮਹਿਦੂਦ ਨਹੀਂ ਹੁੰਦੀ ਸੀ।’
ਬਸਤੀਵਾਦੀ ਕਾਲ ਤੋਂ ਪਹਿਲਾਂ ਹਿੰਦੋਸਤਾਨ ਦੇ ਪਿੰਡਾਂ ਅੰਦਰ ਸਮੂਹਿਕ ਮਾਲਕੀ ਦਾ ਚਲਨ ਸੀ ਤੇ ਸਿੰਜਾਈ ਦੇ ਸਾਧਨਾਂ ਦੀ ਵਰਤੋਂ ਦੀ ਬਹੁਤ ਜ਼ਿਆਦਾ ਅਹਿਮੀਅਤ ਸੀ। ਮੁਖਰਜੀ ਦਾ ਖਿਆਲ ਸੀ ਕਿ ਸਿੰਜਾਈ ਪ੍ਰਬੰਧਨ ਇਨਸਾਨਾਂ ਨੂੰ ਇਕ ਸਮਾਜ ਵਿਰੋਧੀ ਵਿਅਕਤੀਵਾਦ ਦਾ ਤਿਆਗ ਕਰਨ ਲਈ ਮਜਬੂਰ ਕਰਦਾ ਸੀ ਤੇ ਵਰਨਾ ਉਨ੍ਹਾਂ ਨੂੰ ਇਸ ਦੇ ਸਿੱਟੇ ਭੁਗਤਣੇ ਪੈਂਦੇ ਸਨ ... ਇਹ ਬੰਦਿਆਂ ਨੂੰ ਹੋਰਨਾਂ ਲੋਕਾਂ ਨਾਲ ਕਰੀਬੀ ਆਰਥਿਕ ਰਿਸ਼ਤੇ ਕਾਇਮ ਕਰਨ ਲਈ ਮਜਬੂਰ ਕਰਦਾ ਸੀ।’ ਇਸ ਤਰ੍ਹਾਂ, ‘ਹਿੰਦੁਸਤਾਨ ਦੇ ਪੇਂਡੂ ਭਾਈਚਾਰਿਆਂ ਅੰਦਰ ਪਾਣੀ ਦੀ ਸਪਲਾਈ ਦੇ ਮਹੀਨ ਸਮੁਦਾਇਕ ਰਿਸ਼ਤੇ ਮੌਜੂਦ ਸਨ ਤਾਂ ਕਿ ਕਾਸ਼ਤਕਾਰਾਂ ਦੇ ਆਪਸੀ ਟਕਰਾਓ ਤੋਂ ਬਚਾਓ ਕੀਤਾ ਜਾ ਸਕੇ। ਸੰਪਤੀ ਦੀ ਜ਼ਾਲਿਮਾਨਾ ਵਰਤੋਂ ਦੀ ਰੋਕਥਾਮ ਲਈ ਹਿੰਦੋਸਤਾਨ ਅੰਦਰ ਤਲਾਬਾਂ ਅਤੇ ਸਿੰਜਾਈ ਦੇ ਵਿਤਰਣ ਚੈਨਲਾਂ ਦੀ ਇਕ ਤਰ੍ਹਾਂ ਦੀ ਮੁਕਾਮੀ ਸਮੁਦਾਇਕ ਮਾਲਕੀ ਕਾਇਮ ਕਰ ਦਿੱਤੀ ਗਈ ਸੀ ਜੋ ਖੇਤੀਬਾੜੀ ਉਤਪਾਦਨ ਦੇ ਸਭ ਤੋਂ ਅਹਿਮ ਸਾਧਨਾਂ ’ਚੋਂ ਇਕ ਸੀ।’
ਮੁਖਰਜੀ ਨੇ ਇਹ ਤਰਕ ਦਿੱਤਾ ਕਿ ਬਰਤਾਨਵੀ ਬਸਤੀਵਾਦੀ ਸ਼ਾਸਨ ਵੱਲੋਂ ਸਮੂਹਿਕ ਸੰਪਤੀ ਦੀਆਂ ਇਨ੍ਹਾਂ ਮੁਕਾਮੀ ਵਿਵਸਥਾਵਾਂ ਦੀ ਵੁੱਕਤ ਘਟਾ ਦਿੱਤੀ ਗਈ। ਜੰਗਲੀ ਖੇਤਰਾਂ ਦੀ ਦੇਖ-ਰੇਖ ਸਰਕਾਰੀ ਜੰਗਲਾਤ ਵਿਭਾਗ ਨੂੰ ਸੌਂਪ ਦਿੱਤੀ ਗਈ ਜੋ ਤਜਾਰਤੀ ਮੰਤਵਾਂ ਲਈ ਕੰਮ ਕਰਦਾ ਸੀ ਪਰ ਆਪਣੇ ਗੁਜ਼ਰ-ਬਸਰ ਲਈ ਜੰਗਲ ’ਤੇ ਨਿਰਭਰ ਰਹਿਣ ਵਾਲੇ ਦਿਹਾਤ ਦੇ ਲੋਕਾਂ ਨੂੰ ਅਪਰਾਧੀ ਕਰਾਰ ਦਿੰਦਾ ਸੀ। ਤਲਾਅ ਤੇ ਨਹਿਰਾਂ ਵੀ ਸਰਕਾਰੀ ਵਿਭਾਗ ਅਧੀਨ ਕਰ ਦਿੱਤੀਆਂ ਗਈਆਂ ਜਿਨ੍ਹਾਂ ਦੀ ਦੇਖ-ਰੇਖ ਲਈ ਸਰਕਾਰ ਵੱਲੋਂ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ। ਸ੍ਰੀ ਮੁਖਰਜੀ ਲਿਖਦੇ ਹਨ ਕਿ ਇਸ ਤਬਦੀਲੀ ਕਰਕੇ ਲੋਕਾਂ ਦੀ ਪਹਿਲਕਦਮੀ ਠੱਪ ਹੋ ਕੇ ਰਹਿ ਗਈ... ਪਹਿਲਾਂ ਮੁਕਾਮੀ ਮਸ਼ੀਨਰੀ ਜ਼ਰੀਏ ਜਨਤਕ ਕਾਰਜ ਨਿਭਾਏ ਜਾਂਦੇ ਸਨ ਪਰ ਹੁਣ ਕਿਸੇ ਜ਼ਿੰਮੇਵਾਰੀ ਤੇ ਅਖਤਿਆਰ ਤੋਂ ਬਿਨਾਂ ਰਸਮ ਮਾਤਰ ਰਹਿਣ ਕਰਕੇ ਠੱਪ ਹੋ ਕੇ ਰਹਿ ਗਏ।’
ਰਾਧਾਕਮਲ ਮੁਖਰਜੀ ਨੂੰ ਅੱਜ ਸ਼ਾਇਦ ਹੀ ਕੋਈ ਜਾਣਦਾ ਹੋਵੇਗਾ ਪਰ ਫਿਰ ਵੀ ਉਨ੍ਹਾਂ ਦੀਆਂ ਲਿਖਤਾਂ ਉਸ ਵਾਤਾਵਰਨੀ ਸੰਕਟ ਦੀ ਬਾਤ ਪਾਉਂਦੀਆਂ ਹਨ ਜਿਸ ਦਾ ਅੱਜ ਭਾਰਤ ਤੇ ਦੁਨੀਆ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। 1930 ਵਿਚ ਲਿਖੇ ਗਏ ਇਕ ਲੇਖ ’ਤੇ ਗੌਰ ਕਰੋ ਜੋ ‘ਸਮਾਜ ਸ਼ਾਸਤਰ ਪ੍ਰਤੀ ਇਕ ਵਾਤਾਰਵਰਨਕ ਪਹੁੰਚ’ ਦੇ ਸਿਰਲੇਖ ਹੇਠ ‘ਸੋਸ਼ਿਓਲੋਜੀਕਲ ਰੀਵਿਊ’ ਰਸਾਲੇ ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿਚ ਇਹ ਦਲੀਲ ਦਿੱਤੀ ਗਈ ਸੀ ਕਿ ਰਵਾਇਤੀ ਸਮਾਜ ਸ਼ਾਸਤਰ ਦਾ ਸਾਰਾ ਦਾਰੋਮਦਾਰ ਲਗਭਗ ਆਦਮੀਆਂ ਉਪਰ ਆਦਮੀਆਂ ਦੇ ਪ੍ਰਭਾਵ ਤੱਕ ਮਹਿਦੂਦ ਹੈ ਜਦੋਂਕਿ ਦਰੱਖਤਾਂ, ਪਸ਼ੂਆਂ, ਜ਼ਮੀਨ ਤੇ ਪਾਣੀ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ।’ ਉਨ੍ਹਾਂ ਲਿਖਿਆ ਕਿ ‘ਇਤਿਹਾਸ ਤੇ ਅਰਥਸ਼ਾਸਤਰ ਨੂੰ ਬੇਲੋੜੀ ਅਹਿਮੀਅਤ ਦਿੱਤੀ ਜਾਂਦੀ ਹੈ।’ ਦੂਜੇ ਪਾਸੇ, ਭੂਗੋਲ ਅਤੇ ਚੌਗਿਰਦੇ ਮੁਤੱਲਕ ਕੰਮ ਕਰਨ ਵਾਲਿਆਂ ਦੇ ਕਾਰਜ ਸਮਾਜ ਦੇ ਨਾਲ ਭੌਤਿਕ ਵਾਤਾਵਰਨ ਖ਼ਾਸਕਰ ਕਿੱਤਿਆਂ ਤੇ ਪਰਿਵਾਰਕ ਜੀਵਨ ’ਤੇ ਪੈਣ ਵਾਲੇ ਇਨ੍ਹਾਂ ਦੇ ਪ੍ਰਭਾਵਾਂ ਦੇ ਸੰਦਰਭ ਵਿਚ ਅਹਿਮੀਅਤ ਨੂੰ ਸਾਫ਼ ਤੌਰ ’ਤੇ ਦਰਸਾਉਂਦੇ ਹਨ।’
ਇੰਝ, ਸ੍ਰੀ ਮੁਖਰਜੀ ਹੁਣ ਆਪਣੇ ਸਾਥੀ ਸਮਾਜ ਸ਼ਾਸਤਰੀਆਂ ਨੂੰ ਦੱਸਦੇ ਹਨ ਕਿ ‘ਬਨਸਪਤੀ ਅਤੇ ਪਸ਼ੂ ਚੌਗਿਰਦੇ ਦਾ ਇਕ ਅਹਿਮ ਹਿੱਸਾ ਉਸ ਉਥਲ-ਪੁਥਲ ਨਾਲ ਸੰਬੰਧ ਰੱਖਦਾ ਹੈ ਜੋ ਕਿਸੇ ਇਲਾਕੇ ਤੇ ਸਮੇਂ ਅੰਦਰ ਵੱਖ-ਵੱਖ ਬਨਸਪਤੀਆਂ ਤੇ ਪਸ਼ੂਆਂ ਦੀ ਕੁਦਰਤੀ ਤਰਤੀਬ ਵਿਚ ਮਨੁੱਖੀ ਤੇ ਮਵੇਸ਼ੀ ਆਬਾਦੀ ਕਰਕੇ ਆਉਂਦੀਆਂ ਹਨ।’ ਆਪਣੇ ਪੁਸ਼ਤੈਨੀ ਇਲਾਕੇ ਦਾ ਜ਼ਿਕਰ ਕਰਦਿਆਂ ਮੁਖਰਜੀ ਲਿਖਦੇ ਹਨ ਕਿ ਕਿਵੇਂ ਪਸ਼ੂਆਂ ਨੂੰ ਲੋੜੋਂ ਵੱਧ ਚਰਾਉਣ ਅਤੇ ਪਸ਼ੂਧਨ ਦੀ ਬਹੁਤਾਤ ਕਰਕੇ ਭਾਰਤ ਦੇ ਦਰਿਆਈ ਮੈਦਾਨੀ ਇਲਾਕਿਆਂ ਵਿਚ ਹਰਿਆਵਲ ਤਬਾਹ ਹੋ ਜਾਂਦੀ ਹੈ ਅਤੇ ਮੌਸਮੀ ਬੂਟੀਆਂ ਦੀ ਘਾਟ ਪੈਦਾ ਹੋ ਜਾਂਦੀ ਹੈ।’
ਇਨਸਾਨਾਂ ਅੰਦਰ ਕੁਦਰਤ ਦੀ ਤਰਤੀਬ ਨੂੰ ਬਦਲਣ ਦੀ ਅਥਾਹ ਸਮੱਰਥਾ ਹੁੰਦੀ ਹੈ। ਭਾਰਤ ਅਤੇ ਹੋਰਨਾਂ ਥਾਵਾਂ ’ਤੇ ਜੰਗਲਾਂ ਦੀ ਕਟਾਈ, ਖੇਤੀਬਾੜੀ, ਪਸ਼ੂ ਪਾਲਣ ਅਤੇ ਵਿਦੇਸ਼ੀ ਸਾਜ਼ੋ-ਸਾਮਾਨ ਦੀ ਦਰਿਆਫ਼ਤ ਕਰਕੇ ਅਜਿਹਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜਿਸ ਦੀ ਲਪੇਟ ਵਿਚ ਸਮੁੱਚੀਆਂ ਬਨਸਪਤ ਪ੍ਰਜਾਤੀਆਂ ਤੇ ਫ਼ਿਰਕੇ ਆ ਜਾਂਦੇ ਹਨ।’ ਜੇ ਇਸ ਉਥਲ-ਪੁਥਲ ਨੂੰ ਨੱਥ ਨਹੀਂ ਪਾਈ ਜਾਂਦੀ ਤਾਂ ਇਸ ਨਾਲ ਬਹੁਤ ਸਾਰੀਆਂ ਅਹਿਮ ਤੇ ਮੂਲ ਬਨਸਪਤੀਆਂ ਤੇ ਪ੍ਰਜਾਤੀਆਂ ਖ਼ਤਮ ਹੋ ਜਾਂਦੀਆਂ ਹਨ ਤੇ ਜ਼ਮੀਨ ਦਾ ਉਪਜਾਊਪਣ ਨਸ਼ਟ ਹੋ ਜਾਂਦਾ ਹੈ, ਜੰਗਲਾਂ ਦਾ ਸਫ਼ਾਇਆ, ਮਾਰੂਥਲਾਂ ਤੇ ਖੁਸ਼ਕਸ਼ਾਲੀ ਦਾ ਪਸਾਰ ਹੋ ਜਾਂਦਾ ਹੈ ਜਿਸ ਕਰਕੇ ਕਿਸੇ ਖਿੱਤੇ ਅੰਦਰ ਮਨੁੱਖੀ ਜੀਵਨ ਦੀਆਂ ਸੰਭਾਵਨਾਵਾਂ ’ਤੇ ਬੁਰਾ ਅਸਰ ਪੈਂਦਾ ਹੈ।
ਸ੍ਰੀ ਮੁਖਰਜੀ ਦੇ ਲੇਖਾਂ ਵਿਚ ਜੀਵਨ ਦੇ ਜਾਲ ਵਿਚ ਮਨੁੱਖੀ ਤੇ ਕੁਦਰਤੀ ਜਗਤ ਦੀ ਅੰਤਰ-ਨਿਰਭਰਤਾ ਦੇ ਜੋ ਖ਼ਿਆਲ ਬੁਣੇ ਗਏ ਸਨ, ਉਹ ਅਜੋਕੇ ਵਾਤਾਵਰਨ ਵਿਦਵਾਨਾਂ ਤੇ ਕਾਰਕੁਨਾਂ ਵੱਲੋਂ ਆਮ ਵਰਤੇ ਜਾਂਦੇ ਹਨ। 1930ਵਿਆਂ ਵਿਚ ਇਹ ਅਲੋਕਾਰੀ ਜਾਪਦੇ ਸਨ। ਰਾਧਾਕਮਲ ਮੁਖਰਜੀ ਸਮਾਜ ਵਿਚ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਤੇ ਸਨਅਤੀਕਰਨ ਦੇ ਪੇਸ਼ੇਨਜ਼ਰ ਜ਼ਬਤ ਦੇ ਇਖਲਾਕ ’ਤੇ ਜ਼ੋਰ ਦਿੰਦੇ ਸਨ ਜਦੋਂਕਿ ਇਹ ਦੋਵੇਂ ਕਾਰਕ ਆਪਣੇ ਵਿਕਾਸ ਤੇ ਪਸਾਰ ਦੇ ਸਾਹਮਣੇ ਕਿਸੇ ਕੁਦਰਤੀ ਬੰਦਿਸ਼ ਨੂੰ ਪ੍ਰਵਾਨ ਨਹੀਂ ਕਰਦੇ।
ਸ੍ਰੀ ਮੁਖਰਜੀ ਨੇ 1934 ਵਿਚ ‘ਇੰਡੀਅਨ ਜਰਨਲ ਆਫ ਇਕੋਨੌਮਿਕਸ’ ਵਿਚ ਇਕ ਲੇਖ ਪ੍ਰਕਾਸ਼ਿਤ ਕੀਤਾ ਸੀ ਜਿਸ ਵਿਚ ਆਪਣੇ ਸਾਥੀ ਦਾਨਿਸ਼ਵਰਾਂ ਨੂੰ ਉਨ੍ਹਾਂ ਬੰਦਿਸ਼ਾਂ ਪ੍ਰਤੀ ਸਜਗ ਹੋਣ ਲਈ ਕਿਹਾ ਗਿਆ ਸੀ ਜੋ ਚੌਗਿਰਦੇ ਵੱਲੋਂ ਰੋਜ਼ੀ ਰੋਟੀ ਦੇ ਕਿੱਤਿਆਂ ਉਪਰ ਲਾਈਆਂ ਜਾਂਦੀਆਂ ਹਨ। ਇਸ ਲੇਖ ਵਿਚ ਉਨ੍ਹਾਂ ਦਲੀਲ ਦਿੱਤੀ ਸੀ ਕਿ ਕੁਦਰਤ ਦੇ ਕਾਨੂੰਨਾਂ ਦੀ ਅਵਹੇਲਨਾ ਆਰਥਿਕ ਗਤੀਵਿਧੀਆਂ ਲਈ ਘਾਤਕ ਸਾਬਿਤ ਹੋ ਸਕਦਾ ਹੈ। ਇਸ ਦਾ ਸਿਰਲੇਖ ਸੀ ‘ਆਬਾਦੀ, ਜ਼ਮੀਨ ਅਤੇ ਪਾਣੀ ਦਾ ਵਿਗੜਿਆ ਸੰਤੁਲਨ’। ਇਸ ਵਿਚ ਸਿੰਧ-ਗੰਗਾ ਦੇ ਮੈਦਾਨਾਂ ਵਿਚ ਜੰਗਲਾਂ ਤੇ ਚਰਾਂਦਾਂ ਦੀ ਬਰਬਾਦੀ ਦੇ ਮੁੱਦੇ ’ਤੇ ਧਿਆਨ ਕੇਂਦਰਤ ਕਰਵਾਇਆ ਗਿਆ ਸੀ ਜਿਸ ਕਰਕੇ ਬਹੁਤ ਸਾਰੇ ਖੇਤਰ ਕਾਸ਼ਤਕਾਰੀ ਤੇ ਆਬਾਦੀ ਦੇ ਲਾਇਕ ਨਹੀਂ ਰਹਿ ਗਏ ਸਨ ਅਤੇ ਬਾਰਸ਼ਾਂ ਵਿਚ ਬਹੁਤ ਕਮੀ ਆ ਗਈ ਸੀ। ਇਸ ਦੇ ਸਿੱਟੇ ਵਜੋਂ ਪਾਣੀ ਅਤੇ ਚਾਰੇ ਦੀ ਘਾਟ ਕਰਕੇ ਪਸ਼ੂਧਨ ’ਤੇ ਬਹੁਤ ਬੁਰਾ ਅਸਰ ਦੇਖਣ ਨੂੰ ਮਿਲਿਆ ਸੀ ਤੇ ਦੁੱਧ ਦੀ ਪੈਦਾਵਾਰ ਘਟ ਗਈ ਸੀ ਤੇ ਕਾਸ਼ਤਕਾਰੀ ਲਈ ਪਸ਼ੂਆਂ ਦੀ ਉਪਲਬਧਤਾ ਘਟ ਗਈ ਸੀ। ਸ੍ਰੀ ਮੁਖਰਜੀ ਲਿਖਦੇ ਹਨ ਕਿ ‘ਇਹ ਕੋਈ ਅਣਹੋਣੀ ਨਹੀਂ ਹੋਵੇਗੀ ਕਿ ਜੋ ਕੁਝ ਪਸ਼ੂਧਨ ਨਾਲ ਮਾਲਾਮਾਲ ਸਿੰਧ ਘਾਟੀ ਅੰਦਰ ਹੋਇਆ, ਉਹ ਗੰਗਾ ਦੇ ਮੈਦਾਨਾਂ ਵਿਚ ਵੀ ਹੋ ਸਕਦਾ ਹੈ। ਸਿੰਧ ਦੇ ਪੂਰਬ ਵੱਲ ਫੈਲੇ ਵਿਸ਼ਾਲ ਮਾਰੂਥਲੀ ਖਿੱਤੇ ਅੰਦਰ ਪੁਰਾਤਨ ਨਦੀਆਂ ਦੇ ਮੁਹਾਣਾਂ ਅਤੇ ਰੇਤ ਅੰਦਰ ਸਮਾਏ ਸ਼ਹਿਰਾਂ ਦੇ ਨਿਸ਼ਾਨ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਕਿਸੇ ਵੇਲੇ ਇਹ ਖਿੱਤਾ ਉਪਜਾਊ ਹੁੰਦਾ ਸੀ।’
ਅਜੋਕੇ ਵਿਦਵਾਨਾਂ ਦੀ ਤਰ੍ਹਾਂ ਰਾਧਾਕਮਲ ਮੁਖਰਜੀ ਕਿਸੇ ਖ਼ਾਸ ਵਿਸ਼ੇ ਦੀ ਮੁਹਾਰਤ ਤਕ ਮਹਿਦੂਦ ਨਹੀਂ ਸਨ। ਵਿਸ਼ਿਆਂ ਦੀਆਂ ਬੰਦਿਸ਼ਾਂ ਤੋਂ ਪਰ੍ਹੇ, ਉਨ੍ਹਾਂ ਦੀਆਂ ਲਿਖਤਾਂ ਵਿਚ ਇਤਿਹਾਸ, ਦਰਸ਼ਨ ਅਤੇ ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਦੀ ਰੇਂਜ ਮਿਲਦੀ ਹੈ। ਹੋਰਨਾਂ ਭਾਰਤੀ ਅਰਥ ਸ਼ਾਸਤਰੀਆਂ ਤੋਂ ਉਲਟ ਉਨ੍ਹਾਂ ਨੇ ਕੁਦਰਤੀ ਵਿਗਿਆਨਾਂ ਖ਼ਾਸਕਰ ਚੌਗਿਰਦੇ ਦੇ ਉਭਰਦੇ ਖੇਤਰ ਵਿਚ ਖ਼ਾਸ ਰੁਚੀ ਲਈ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਦੀ ਸੂਚੀ ਵਿਚ ਸੰਤਾਲੀ ਕਿਤਾਬਾਂ ਸ਼ਾਮਲ ਹਨ। ਉਨ੍ਹਾਂ ਦੀ ਪਹਿਲੀ ਕਿਤਾਬ ‘ਦਿ ਫਾਊਂਡੇਸ਼ਨ ਆਫ ਇੰਡੀਅਨ ਇਕੋਨੌਮਿਕਸ’ (1916) ਤੋਂ ਲੈ ਕੇ ‘ਰੀਜਨਲ ਸੋਸ਼ਿਓਲੌਜੀ ’ (1926), ‘ਦਿ ਚੇਂਜਿੰਗ ਫੇਸ ਆਫ ਬੰਗਾਲ’ (1938), ‘ਸੋਸ਼ਲ ਇਕੋਲੌਜੀ ’(1940), ‘ਦਿ ਇੰਡੀਅਨ ਵਰਕਿੰਗ ਕਲਾਸ’ (1945), ‘ਦਿ ਸੋਸ਼ਲ ਫੰਕਸ਼ਨ ਆਫ ਆਰਟ’ (1948), ‘ਦਿ ਸੋਸ਼ਲ ਸਟ੍ਰਕਚਰ ਆਫ ਵੈਲਿਊਜ਼’ (1949) ਅਤੇ ‘ਡਾਇਨਮਿਕਸ ਆਫ ਮੌਰੈਲਜ਼’ (1951), ‘ਦਿ ਹਿਸਟਰੀ ਆਫ ਇੰਡੀਅਨ ਸਿਵਿਲਾਈਜ਼ੇਸ਼ਨ’ (ਦੋ ਜਿਲਦਾਂ, 1956), ‘ਦਿ ਫਿਲਾਸਫੀ ਆਫ ਸੋਸ਼ਲ ਸਾਇੰਸਜ਼’ (1960), ਅਤੇ ‘ਦਿ ਫਲਾਵਰਿੰਗ ਆਫ ਇੰਡੀਅਨ ਆਰਟ’ (1964) ਮੁੱਖ ਤੌਰ ’ਤੇ ਸ਼ਾਮਲ ਹਨ।
ਸ੍ਰੀ ਮੁਖਰਜੀ ਨੇ ਆਪਣੀਆਂ ਲਿਖਤਾਂ ਆਪਣੇ ਸਮਿਆਂ ਨੂੰ ਮੁੱਖ ਰੱਖ ਕੇ ਲਿਖੀਆਂ ਸਨ। ਮਿਸਾਲ ਦੇ ਤੌਰ ’ਤੇ ਹਿੰਦੋਸਤਾਨੀ ਕਲਾ ਇਤਿਹਾਸ ਵਿਚ ਪਾਏ ਉਨ੍ਹਾਂ ਦੇ ਯੋਗਦਾਨ ਦਾ ਚੇਤਾ ਸ਼ਾਇਦ ਹੀ ਕਿਸੇ ਨੂੰ ਹੋਵੇਗਾ। ਪੇਸ਼ੇਵਾਰ ਅਰਥ ਸ਼ਾਸਤਰੀਆਂ ਤੇ ਸਮਾਜ ਸ਼ਾਸਤਰੀਆਂ ਵੱਲੋਂ ਉਨ੍ਹਾਂ ਦੀਆਂ ਲਿਖਤਾਂ ਵੱਲ ਬਹੁਤ ਘੱਟ ਤਵੱਜੋ ਦਿੱਤੀ ਗਈ ਹੈ। ਹਾਲਾਂਕਿ ਮਨੁੱਖੀ ਚੌਗਿਰਦੇ ਦੇ ਖੇਤਰ ਵਿਚ ਉਹ ਵਾਕਈ ਮੋਹਰੀ ਸਨ ਅਤੇ ਆਪਣੇ ਆਲੇ-ਦੁਆਲੇ ਬਾਰੇ ਉਨ੍ਹਾਂ ਜੋ ਕੁਝ ਵੀ ਲਿਖਿਆ ਸੀ, ਉਹ ਮੁੱਲਵਾਨ ਸਨ।
ਸ੍ਰੀ ਮੁਖਰਜੀ ਦੇ ਅਧਿਐਨ ਸਦਕਾ ਉਨ੍ਹਾਂ ਦੇ ਮਨ ਵਿਚ ਕੁਦਰਤ ਦੇ ਜੀਵਨ ਜਾਲ ਦੀਆਂ ਜਟਿਲਤਾਵਾਂ ਪ੍ਰਤੀ ਅਥਾਹ ਸਤਿਕਾਰ ਪੈਦਾ ਹੋ ਗਿਆ ਸੀ। ਉਹ ਉਸ ਜ਼ਮਾਨੇ ਦੇ ਵਾਤਾਵਰਨਵਾਦੀ ਸਨ ਜਦੋਂ ਵਾਤਾਵਰਨਵਾਦ ਦਾ ਜਨਮ ਵੀ ਨਹੀਂ ਹੋਇਆ ਸੀ ਤੇ ਵਾਤਾਵਰਨਕ ਸਮਾਜ ਸ਼ਾਸਤਰੀ ਤੇ ਚੌਗਿਰਦਕ ਵਾਤਾਵਰਨਵਾਦੀ ਸਨ ਜਦੋਂ ਹਾਲੇ ਇਨ੍ਹਾਂ ਵਿਸ਼ਿਆਂ ਬਾਰੇ ਕੋਈ ਵਿਦਵਾਨ ਦੇਖਣ ਸੁਣਨ ਨੂੰ ਨਹੀਂ ਮਿਲਦਾ ਸੀ। ਸ੍ਰੀ ਮੁਖਰਜੀ ਨੇ ਇਕੇਰਾਂ ਲਿਖਿਆ ਸੀ ਕਿ ‘ਅਰਥ ਸ਼ਾਸਤਰ ਜਾਂ ਸਮਾਜ ਸ਼ਾਸਤਰ ਦੇ ਕਾਨੂੰਨਾਂ ਨੂੰ ਜੀਵਨ ਦੇ ਸਮਤੋਲ ਦੇ ਵਧੇਰੇ ਵਿਆਪਕ ਕਾਨੂੰਨਾਂ ਅਧੀਨ ਕਾਰਜਸ਼ੀਲ ਕਰਨ ਦੀ ਲੋੜ ਹੈ।’ ਵਿਦਵਾਨਾਂ ਨੂੰ ਬੌਧਿਕ ਕਾਰਨਾਂ ਕਰਕੇ ਕੁਦਰਤ ਵੱਲ ਵਧੇਰੇ ਤਵੱਜੋ ਦੇਣ ਦੀ ਲੋੜ ਹੈ, ਜਦੋਂਕਿ ਨਾਗਰਿਕਾਂ ਨੂੰ ਮਹਿਜ਼ ਆਪਣੀ ਹੋਂਦ ਬਰਕਰਾਰ ਰੱਖਣ ਲਈ ਕੁਦਰਤੀ ਬੰਦਿਸ਼ਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਵੇਲਿਆਂ ਵਿਚ ਕੁਦਰਤੀ ਬੰਦਿਸ਼ਾਂ ਤੋਂ ਬੇਪ੍ਰਵਾਹ ਹੋ ਕੇ ਤੇਜ਼ ਰਫ਼ਤਾਰ ਆਰਥਿਕ ਵਿਕਾਸ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਸੀ ਪਰ ਪ੍ਰਚੱਲਤ ਧਾਰਾ ਤੋਂ ਉਲਟ ਮੁਖਰਜੀ ਨੇ ਦਲੀਲ ਦਿੱਤੀ ਸੀ ਕਿ ‘ਇਨਸਾਨ ਨੂੰ ਕੁਝ ਹੱਦ ਤੱਕ ਕੁਦਰਤ ਦੇ ਮੱਠੀ ਰਫ਼ਤਾਰ ਵਾਲੇ ਤੌਰ ਤਰੀਕਿਆਂ ਦੀ ਨਕਲ ਕਰਨ ਦੀ ਲੋੜ ਹੈ।’ ਉਨ੍ਹਾਂ ਲਿਖਿਆ ਕਿ ‘ਭਾਵੇਂ ਆਦਮੀ ਅਗਿਆਨਤਾ ਜਾਂ ਲਾਲਚ ਜ਼ਰੀਏ ਅਕਸਰ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰ ਦਿੰਦਾ ਹੈ ਪਰ ਬਿਨਾਂ ਸ਼ੱਕ ਕੁਦਰਤ ਅਤੇ ਸਮਾਜ ਦੀਆਂ ਸ਼ਕਤੀਆਂ ਦੇ ਮਹੀਨ ਕਾਰਕਾਂ ਦਰਮਿਆਨ ਸੰਬੰਧ ਤੇ ਸਮਤੋਲ ਪੈਦਾ ਕਰਨ ਨੂੰ ਸਮਾਜਿਕ ਤਰੱਕੀ ਦਾ ਨਾਂ ਦਿੱਤਾ ਜਾਂਦਾ ਹੈ। ਜੀਵਨ ਦੇ ਜਾਲ ਦੀ ਜਟਿਲਤਾ ਦਾ ਗਿਆਨ ਤੇ ਇਹਤਰਾਮ ਹੀ ਹੈ ਜੋ ਇਨਸਾਨ ਨੂੰ ਉਸ ਦੀ ਸਿਰਮੌਰ ਹੋਣੀ ਤੱਕ ਪਹੁੰਚਾਉਂਦੇ ਹਨ।’
ਸੰਨ 1938 ਵਿਚ ਲਿਖੀ ਆਪਣੀ ਕਿਤਾਬ ਵਿਚ ਸ੍ਰੀ ਮੁਖਰਜੀ ਟਿੱਪਣੀ ਕਰਦੇ ਹਨ ਕਿ ‘ਮਨੁੱਖੀ ਚੌਗਿਰਦੇ ਦਾ ਵਿਹਾਰਕ ਗਿਆਨ ਹੀ ਸਥਾਈ ਸਭਿਅਤਾ ਦੀ ਇਕਮਾਤਰ ਜ਼ਾਮਨੀ ਹੈ।’ ਉਨ੍ਹਾਂ ਨੂੰ ਉਸ ਦਿਨ ਦੀ ਉਡੀਕ ਸੀ ਜਦੋਂ ਵਾਤਾਵਰਨਕ ਸਮਤੋਲ ਦਾ ਪੱਧਰ ਮਨੁੱਖੀ ਰੁਚੀ ਦੇ ਪੱਧਰ ਤੱਕ ਉਠ ਜਾਵੇਗਾ। ਉਨ੍ਹਾਂ ਆਪਣੇ ਸਮਕਾਲੀ ਸਮਾਜ ਨੂੰ ਕੁਦਰਤੀ ਸ਼ਕਤੀਆਂ ਦੀ ਸਮੁੱਚੀ ਰੇਂਜ ਨਾਲ ਗੱਠਜੋੜ ਬਣਾਉਣ ਦਾ ਹੋਕਾ ਦਿੱਤਾ ਤਾਂ ਕਿ ਬਾਹਰੋਂ ਆ ਰਹੀਆਂ ਕਦਰਾਂ ਕੀਮਤਾਂ ਰਾਹੀਂ ਹੋ ਰਹੀਆਂ ਪ੍ਰਬਲ ਸੋਸ਼ਣਕਾਰੀ ਸਰਗਰਮੀਆਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਦੀਆਂ ਲਿਖਤਾਂ ਵਿਚ ਜੋ ਚਿਤਾਵਨੀਆਂ ਦਿੱਤੀਆਂ ਗਈਆਂ ਸਨ, ਅੱਜ ਅੱਸੀ ਸਾਲਾਂ ਬਾਅਦ ਉਨ੍ਹਾਂ ’ਤੇ ਕੰਨ ਧਰਨ ਦੀ ਬਹੁਤ ਜ਼ਿਆਦਾ ਲੋੜ ਹੈ।