ਬਿੱਲੀ ਆਈ ਥੈਲਿਓ ਬਾਹਰ ਬਨਾਮ ਕੇਜਰੀਵਾਲ - ਬੁੱਧ ਸਿੰਘ ਨੀਲੋਂ
…. ਤੇ ਆਖਿਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸਰਬਰਾਹ ਅਰਵਿੰਦ ਕੇਜਰੀਵਾਲ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਹੀ ਗਿਆ ਹੈ। ਉਨ੍ਹਾਂ ਗੁਜਰਾਤ ਚੋਣਾਂ ਜਿੱਤਣ ਦੇ ਲਈ ਹਿੰਦੂਤਵ ਦਾ ਪੱਤਾ ਖੇਡਿਆ ਹੈ । ਉਨ੍ਹਾਂ ਨੇ ਹਿੰਦੂ ਵੋਟਰਾਂ ਨੂੰ ਭਰਮਾਉਣ ਦੇ ਲਈ ਇਹ ਆਖਿਆ ਕਿ "ਭਾਰਤੀ ਨੋਟਾਂ ਦੇ ਉਪਰ ਹਿੰਦੂ ਦੇਵਤੇ ਸ੍ਰੀ ਗਣੇਸ਼ ਤੇ ਮਾਤਾ ਲੱਛਮੀ ਜੀ ਫੋਟੋ ਲੱਗਣੀ ਚਾਹੀਦੀ ਹੈ ।" ਇਸ ਬਿਆਨ ਦੇ ਵਿੱਚੋਂ ਉਨ੍ਹਾਂ ਦੀ ਰ. ਸ. ਸ. ਦੇ ਏਜੰਡੇ ਦੀ ਵੀ ਬੋਅ ਆ ਰਹੀ ਹੈ ।
ਭਾਜਪਾ,ਹਿੰਦੂ ਵਿਸ਼ਵ ਪ੍ਰੀਸ਼ਦ ਤੇ ਉਸਦੀਆਂ ਸਹਿਯੋਗ ਪਾਰਟੀਆਂ ਵੀ ਭਾਰਤ ਨੂੰ ਹਿੰਦੂਤਵ ਦੇਸ਼ ਬਣਾਉਣ ਦੇ ਲਈ ਸਰਗਰਮ ਹਨ । ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ "ਇਕ ਰਾਸ਼ਟਰ , ਇੱਕ ਭਾਸ਼ਾ ਭਾਵ ਹਿੰਦੂ ਰਾਜ ਤੇ ਹਿੰਦੀ ਭਾਸ਼ਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਲਈ ਰਾਜਾਂ ਨੂੰ ਸਰਗਰਮ ਹੋਣ ਲਈ ਕਿਹਾ ਹੈ ।" ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨ ਸ਼ਰਾਬ ਦੇ ਘਪਲੇ ਦੇ ਵਿੱਚ ਉਲਝੇ ਸ੍ਰੀ ਮੁਨੀਸ਼ ਸਸ਼ੋਦੀਆ ਤੇ ਸਿਹਤ ਘਪਲੇ ਵਿੱਚ ਜੇਲ੍ਹ ਬੈਠੇ ਸਤਿੰਦਰ ਜੈਨ ਨੂੰ ਸ਼ਹੀਦ ਭਗਤ ਸਿੰਘ ਦੇ ਨਾਲ ਮੇਲਿਆ ਸੀ । ਜਿਸਦਾ ਉਸਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਉਸਨੇ ਇਹਨਾਂ ਭ੍ਰਿਸ਼ਟ ਮੰਤਰੀਆਂ ਤੋਂ ਅਸਤੀਫਾ ਨਹੀਂ ਲਿਆ ਸਗੋਂ ਰਾਜਿੰਦਰ ਗੌਤਮ ਤੋਂ ਇਸ ਲਈ ਅਸਤੀਫਾ ਲਿਆ ਕਿ ਉਸਨੇ ਪਿਛਲੇ ਦਿਨ ਹਿੰਦੂਆਂ ਨੂੰ ਬਾਬਾ ਭੀਮ ਰਾਓ ਅੰਬੇਡਕਰ ਜੀ ਉਨ੍ਹਾਂ 22 ਵਿਚਾਰਾਂ ਦੀ ਸਹੁੰ ਚੁਕਾ ਕਿ ਉਨ੍ਹਾਂ ਨੂੰ ਬੋਧ ਧਰਮ ਵਿੱਚ ਸ਼ਾਮਲ ਕੀਤਾ। ਇਸ ਸਮੇਂ ਜਿੰਨਾਂ ਖਤਰਾ ਘੱਟ ਗਿਣਤੀ ਕੌਮ ਮੁਸਲਮਾਨ, ਸਿੱਖ , ਜੈਨ ਤੇ ਬੋਧੀ ਧਰਮ ਨੂੰ ਭਾਜਪਾ ਤੇ ਸੰਘ ਪਰਵਾਰ ਤੋਂ ਹੈ, ਹੁਣ ਇਹਨਾਂ ਕੌਮਾਂ ਨੂੰ ਖਤਰਾ ਅਰਵਿੰਦ ਕੇਜਰੀਵਾਲ ਤੋਂ ਵੀ ਹੈ ।
ਕੇਜਰੀਵਾਲ ਭਾਵੇਂ ਇਮਾਨਦਾਰ ਤੇ ਸੱਚਾ ਸੁੱਚਾ ਹੋਣ ਦਾ ਮਖੌਟਾ ਪਾ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ ਪਰ ਉਸਦੀਆਂ ਗੱਲਾਂ ਦੇ ਵਿੱਚੋਂ ਰ. ਸ. ਸ. ਤੇ ਭਾਜਪਾ ਦਾ ਮੁਸ਼ਕ ਆਉਦਾ ਹੈ । ਪੰਜਾਬੀਆਂ ਨੇ ਪਿਛਲੇ ਸੱਤ ਮਹੀਨਿਆਂ ਦੇ ਵਿੱਚ ਉਸਦੀ ਤਾਨਾਸ਼ਾਹੀ ਦੇਖ ਲਈ ਹੈ ਪਰ ਉਸਦੇ ਭਗਤਾਂ ਵੱਲੋਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉਪਰ ਸਿੱਖਾਂ ਦੇ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ ਉਹ ਕਿਸੇ ਤੋਂ ਭੁੱਲੀ ਨਹੀਂ । ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਗੀਤਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਉਣ ਦੀ ਮੰਗ ਕੀਤੀ ਗਈ ਸੀ । ਜਿਸਦਾ ਪੰਜਾਬ ਦੀ ਨੌਜਵਾਨੀ ਨੇ ਬਹੁਤ ਵੱਡਾ ਹੁੰਗਾਰਾ ਭਰਿਆ ਸੀ । ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਵਿੱਚ ਭੀਮ ਰਾਓ ਡਾ .ਅੰਬੇਡਕਰ ਦੀ ਫੋਟੋ ਤਾਂ ਲਗਾ ਲਈ ਹੈ ਪਰ ਉਸਦੇ ਸੰਵਿਧਾਨ ਤੇ ਵਿਚਾਰਧਾਰਾ ਨੂੰ ਆਮ ਆਦਮੀ ਪਾਰਟੀ ਮੰਨਦੀ ਨਹੀਂ ਸਗੋਂ ਸੰਵਿਧਾਨ ਦੇ ਉਲਟ ਕੰਮ ਕਰਦੀ ਹੈ । ਅਸੀਂ ਪਹਿਲਾਂ ਵੀ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸੰਘ ਪਰਵਾਰ ਦਾ ਹੀ ਰੂਪ ਹੈ । ਹੁਣ ਗੁਜਰਾਤ ਵਿੱਚ ਦਿੱਤੇ ਬਿਆਨ ਨੇ ਸਾਡੀ ਉਸ ਵਿਚਾਰ ਨੂੰ ਪੁਖਤਾ ਕੀਤਾ ਹੈ । ਉਹ ਭਵਿੱਖ ਦੇ ਵਿੱਚ ਹਿੰਦੂਆਂ ਨੂੰ ਖੁਸ਼ ਕਰਨ ਲਈ ਹੋਰ ਕੀ ਕੀ ਨਵੇਂ ਸੋਸ਼ੇ ਛੱਡਦਾ ਹੈ ,ਇਸਦੀ ਉਡੀਕ ਕਰੋ।
ਸੰਪਰਕ ☬: 94643 70823