ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
23 ਅਕਤੂਬਰ 2022
ਸੱਤਾ ਦੀ ਲਾਲਸਾ ਕਾਰਨ ਸ਼ੀ ਜਿਨਪਿੰਗ ਨੇ ਚੀਨ ‘ਚ ਸਿਸਟਮ ਅਤੇ ਸੰਵਿਧਾਨ ਬਦਲ ਦਿਤਾ-ਇਕ ਖ਼ਬਰ
ਸੰਧਾਵਾਲੀਏ ਜੇਹੀ ਨਾ ਕਿਸੇ ਕੀਤੀ, ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੇ।
ਅਕਾਲੀ ਧੜਿਆਂ ‘ਚ ਏਕੇ ਦੀਆਂ ਕੋਸ਼ਿਸ਼ਾਂ ‘ਚ ਵਿਘਨ ਪਾਉਣ ਲਈ ਮੈਨੂੰ ਨੋਟਿਸ ਦਿਤਾ ਗਿਆ- ਜਗਮੀਤ ਬਰਾੜ
‘ਮਾਲਕਾਂ’ ਨੂੰ ਪ੍ਰਧਾਨਗੀ ਚਾਹੀਦੀ ਐ ਉਹਨੀਂ ਪੰਥ ਦੇ ਏਕੇ ‘ਚੋਂ ਕੀ ਲੈਣੈ ਬਾਈ ਜਗਮੀਤ ਸਿਆਂ।
ਸਭ ਤੋਂ ਬੁਰੇ ਦੌਰ ‘ਚ ਪਹੁੰਚੀ ਚੀਨ ਦੀ ਅਰਥਵਿਵਸਥਾ- ਇਕ ਖ਼ਬਰ
ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ।
ਡੀ.ਏ.ਪੀ. ਹਰਿਆਣੇ ਭੇਜਣ ਕਰ ਕੇ ਪੰਜਾਬ ਵਿਚ ਖਾਦ ਦੀ ਤੋਟ- ਇਕ ਖ਼ਬਰ
ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।
ਬਰਤਾਨਵੀ ਪ੍ਰਧਾਨ ਮੰਤਰੀ ਲਿਜ਼ ਟਰੱਸ ਵਲੋਂ ਦੇ ਦਿਤਾ ਗਿਆ ਅਸਤੀਫ਼ਾ- ਇਕ ਖ਼ਬਰ
ਕੋਹ ਨਾ ਚਲੀ, ਬਾਬਾ ਤ੍ਰਿਹਾਈ।
ਚਿੱਟਾ ਵੇਚਣ ਵਾਲ਼ੇ ਤਿੰਨ ਦੋਸ਼ੀ ਪੁਲਿਸ ਨੇ ਕੀਤੇ ਕਾਬੂ, ਇਕ ਫ਼ਰਾਰ।
ਪੁਲਿਸ ਜੀ, ਕਦੀ ਵੇਚਣ ਵਾਲ਼ਿਆਂ ਨੂੰ ਇਹ ਵੀ ਪੁੱਛ ਲਿਆ ਕਰੋ ਕਿ ਉਹ ਲਿਆਉਂਦੇ ਕਿੱਥੋਂ ਹਨ।
ਪੈਰੋਲ ‘ਤੇ ਆਏ ਸੌਦਾ ਸਾਧ ਦੇ ‘ਸਤਿਸੰਗ’ ਵਿਚ ਪਹੁੰਚੇ ਭਾਜਪਾ ਆਗੂ- ਇਕ ਖ਼ਬਰ
ਹਾਏ ਰੇ ਯੇਹ ਵੋਟ ਕੀ ਮਜਬੂਰੀਆਂ, ਮਿਟਾਨੀ ਪੜਤੀਂ ਹੈਂ ਕਿਤਨੀ ਦੂਰੀਆਂ।
ਜਗੀਰ ਕੌਰ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ- ਇਕ ਖ਼ਬਰ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।
ਚੀਨ ਦੀ ਧਮਕੀ ਦਾ ਤਾਇਵਾਨ ਨੇ ਮੂੰਹ ਤੋੜ ਜਵਾਬ ਦਿਤਾ, ਕਿਹਾ- ਕੋਈ ਸਮਝੌਤਾ ਮੰਨਜ਼ੂਰ ਨਹੀਂ- ਇਕ ਖ਼ਬਰ
ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਬਾਜਵਾ ਨੇ ਭਗਵੰਤ ਮਾਨ ਨੂੰ ਦਿਤੀ ਸਲਾਹ, ਗੁਜਰਾਤ ਲਈ ਪੰਜਾਬ ਨਾ ਛੱਡੋ-ਇਕ ਖ਼ਬਰ
ਕਾਹਨੂੰ ਚੂਪਨੈ ਚਰ੍ਹੀ ਦੇ ਟਾਂਡੇ, ਘਰ ‘ਚ ਸੰਧੂਰੀ ਅੰਬੀਆਂ।
ਚੀਨ ਨੇ ਸ਼ਾਹਿਦ ਮਹਿਮੂਦ ਨੂੰ ਆਲਮੀ ਅੱਤਵਾਦੀ ਐਲਾਨਣ ਦੇ ਮਤੇ ‘ਚ ਪਾਇਆ ਅੜਿੱਕਾ- ਇਕ ਖ਼ਬਰ
ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਉੱਪ ਕੁਲਪਤੀ ਨਾ ਹਟਾਇਆ ਤਾਂ ਮੈਂ ਕਾਨੂੰਨੀ ਸਲਾਹ ਲਵਾਂਗਾ- ਰਾਜਪਾਲ ਪੁਰੋਹਿਤ
ਭੰਨ ਕੇ ਟਰੱਕ ਬਹਿ ਗਿਆ, ਅੱਖਾਂ ਤੱਤੀਆਂ ਕਰਨ ਦਾ ਮਾਰਾ।
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵੀ.ਸੀ. ਪੰਜਾਬ ਸਰਕਾਰ ਨਹੀਂ ਬਦਲੇਗੀ- ਇਕ ਖ਼ਬਰ
ਖਾ ਲਈ ਅਸੀਂ ਵੀ ਕਸਮ, ਪਾਣੀ ਉੱਚਿਆਂ ਪੁਲ਼ਾਂ ‘ਤੇ ਚਾੜ੍ਹਨਾ।
ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰੇ ਭਾਰਤ- ਗੁਟੇਰੇਜ਼
ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।
ਗੁਜਰਾਤ ਵਿਚ ਇਸ ਵਾਰ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ- ‘ਆਪ’ ਪਾਰਟੀ ਬੁਲਾਰਾ
ਹੌਲ਼ੀ ਹੌਲ਼ੀ ਚੜ੍ਹ ਮੁੰਡਿਆ, ਮੈਂ ਪਤਲੇ ਬਾਂਸ ਦੀ ਪੌੜੀ।