ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

17 ਅਕਤੂਬਰ 2022

ਕੋਟਕਪੂਰਾ ਗੋਲ਼ੀ ਕਾਂਡ ਬਾਰੇ ਐਸ.ਆਈ. ਟੀ. ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ-ਗਿੱਛ ਕੀਤੀ-ਇਕ ਖ਼ਬਰ

ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ, ਕਿ ਸੱਤ ਸਾਲ ਹੋ ਗਏ ਬਾਬਿਆ

ਪੰਜਾਬ ਵਿਚ ਨਾ ਧਰਨੇ ਰੁਕੇ ਤੇ ਨਾ ਹੀ ਜਾਮ ਖੁੱਲ੍ਹੇ-ਇਕ ਖ਼ਬਰ

ਨਾ ਝੰਗ ਛੁੱਟਿਆ ਨਾ ਕੰਨ ਪਾਟੇ, ਝੁੰਡ ਲੰਘ ਗਿਆ ਇੰਜ ਹੀਰਾਂ ਦਾ।

ਐਸ.ਆਈ.ਟੀ. ਫੋਰੈਜ਼ਿੰਕ ਮਾਹਰ ਲੈ ਕੇ ਕੋਟਕਪੂਰੇ ਜਾਂਚ ਲਈ ਪੁੱਜੀ- ਇਕ ਖ਼ਬਰ

ਨਹੀਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫ਼ਰੋਲ ਜੋਗੀਆ।

ਪਰਾਲ਼ੀ ਦੇ ਹੱਲ ਲਈ ਕੇਂਦਰ ਅਤੇ ਸੂਬਾ ਸਰਕਾਰ ਹੋਈਆਂ ਫੇਲ੍ਹ- ਪ੍ਰਤਾਪ ਸਿੰਘ ਬਾਜਵਾ

ਬਾਜਵਾ ਸਾਬ ਤੁਹਾਡੀ ਸਰਕਾਰ ਵੇਲੇ ਕੀ ਪਰਾਲ਼ੀ ਛੂਮੰਤਰ ਹੋ ਜਾਂਦੀ ਸੀ?

ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਅਤੇ ਕਿਸਾਨਾਂ ਵਿਰੁੱਧ ਸਾਜ਼ਿਸ਼ਾਂ ਰਚ ਰਹੀ ਹੈ ਸਰਕਾਰ-ਸੁਪਿੰਦਰ ਬੱਗਾ

ਐਰ ਗ਼ੈਰ ਨੂੰ ਸ਼ੱਕਰ ਦਾ ਦਾਣਾ, ਭਗਤੇ ਨੂੰ ਖੰਡ ਪਾ ਦਿਉ।

ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਭਗਵੰਤ ਮਾਨ ਕੋਲ ਸਪਸ਼ਟਤਾ ਦੀ ਘਾਟ- ਬਾਜਵਾ

ਚਾਂਦੀ ਦੀਆਂ ਕਹੀਆਂ ਨਾਲ ਨਹਿਰ ਪੁੱਟਣ ਵਾਲਿਆਂ ਕੋਲ ਕਿਹੜੀ ਸਪਸ਼ਟਤਾ ਸੀ?

ਹਰਿਆਣਾ ਸਰਕਾਰ ਨਾਲ ਗੱਲਬਾਤ ਦੀ ਥਾਂ ਨਹਿਰ ਨੂੰ ਪੂਰਨਾ ਸ਼ੁਰੂ ਕਰੋ- ਰਾਜਾ ਵੜਿੰਗ

ਨਾ ਰਹੇ ਬਾਂਸ, ਨਾ ਵਜੇ ਬੰਸਰੀ।

ਏ.ਆਈ.ਜੀ. ਕਪੂਰ ਦੀਆਂ ਚੰਡੀਗੜ੍ਹ, ਪਟਿਆਲਾ ਤੇ ਲਹਿਰਾ ਗਾਗਾ ‘ਚ 15 ਕਰੋੜ ਦੀਆਂ 8 ਜਾਇਦਾਦਾਂ- ਇਕ ਖ਼ਬਰ

ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼।

ਜਿੱਥੋਂ ਠੀਕ ਲੱਗੇਗਾ, ਅਸੀਂ ਉੱਥੋਂ ਹੀ ਤੇਲ ਖਰੀਦਾਂਗੇ- ਹਰਦੀਪ ਸਿੰਘ ਪੁਰੀ

ਛਾਂਵੇਂ ਬਹਿ ਕੇ ਕੱਤਿਆ ਕਰੂੰ, ਵਿਹੜੇ ਲਾ ਤ੍ਰਿਵੈਣੀ।

ਹਕੂਮਤਾਂ ਤੋਂ ਇਨਸਾਫ਼ ਦੀ ਸਾਨੂੰ ਆਸ ਨਹੀਂ ਰਹੀ- ਬਲਕੌਰ ਸਿੰਘ

ਕਾਦਰਯਾਰ ਅਣਹੋਣੀਆਂ ਕਰਨ ਜਿਹੜੇ, ਆਖਰਵਾਰ ਉਹਨਾਂ ਪੱਛੋਤਾਵਣਾ ਈ।

ਪੰਜਾਬ ਦੇ ‘ਆਪ’ ਵਿਧਾਇਕਾਂ ਨੇ ਲਾਏ ਗੁਜਰਾਤ ਵਿਚ ਡੇਰੇ- ਇਕ ਖ਼ਬਰ

ਚਲ ਚੱਲੀਏ ਅਠੌਲੇ ਵਾਲ਼ੇ ਮੇਲੇ, ਸਭ ਛੱਡ ਦੇ ਹੋਰ ਝਮੇਲੇ।

ਕੇਂਦਰ ਸਰਕਾਰ ਮੰਡੀਆਂ ਤੋੜਨ ਦੇ ਨਵੇਂ ਢੰਗ ਲੱਭ ਰਹੀ ਹੈ-ਰਾਜੇਵਾਲ

ਬੰਨੇ ਬੰਨੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।

ਸੁਖਬੀਰ ਦੀ ਸ਼ਮੂਲੀਅਤ ਵਾਲੀ ਕਿਸੇ ਕਮੇਟੀ ਵਿਚ ਸ਼ਾਮਲ ਨਹੀਂ ਹੋਣਗੇ ਢੀਂਡਸਾ-ਦਵਿੰਦਰ ਸਿੰਘ ਸੋਢੀ

ਤੇਰੀ ਤੋੜ ਕੇ ਛੱਡਣਗੇ ਗਾਨੀ, ਵੱਸ ਪੈ ਗਈ ਅੜ੍ਹਬਾਂ ਦੇ।

ਪੰਜਾਬ ਦੇ ਮਸਲੇ ਵਿਚ ਕਦੇ ਪਿੱਠ ਨਹੀਂ ਵਿਖਾਵਾਂਗਾ- ਲੱਖਾ ਸਿਧਾਣਾ

ਪੱਤਣੋਂ ਪਾਰ ਲੰਘਣਾ, ਮੈਨੂੰ ਯਾਰ ਉਡੀਕੇ ਖੜ੍ਹ ਕੇ।

ਬਾਦਲਾਂ ਤੇ ਸਰਨਿਆਂ ਦੀ ਏਕਤਾ ਪੰਥਕ ਨਹੀਂ,ਨਿਰੋਲ ਵਪਾਰਕ ਏਕਤਾ ਹੈ- ਹਰਮੀਤ ਸਿੰਘ ਕਾਲਕਾ

ਹਾਰ ਕੇ ਜੇਠ ਨਾਲ਼ ਲਾਈਆਂ, ਮਰਦੀ ਨੇ ਅੱਕ ਚੱਬਿਆ।