ਜੁਗਾੜ - ਬਲਵੰਤ ਸਿੰਘ ਗਿੱਲ
ਸ਼ਰਨ ਦੀਆਂ ਪੰਜੇ ਸਹੇਲੀਆਂ ਮੈਟ੍ਰਿਕ ਤੋਂ ਬਾਅਦ ਆਈਲੈਟਸ ਦੀ ਪੜ੍ਹਾਈ ਕਰਕੇ ਕਨੇਡਾ ਪਹੁੰਚ ਗਈਆਂ, ਪਰ ਸ਼ਰਨ ਨੇ ਆਪਣੀ ਉਚੇਰੀ ਵਿੱਦਿਆ ਜਾਰੀ ਰੱਖੀ। ਉਸ ਨੂੰ ਆਸ ਸੀ ਕਿ ਉਹ ਪੜ੍ਹ ਲਿਖ ਕੇ ਜ਼ਰੂਰ ਕੋਈ ਚੰਗੀ ਨੌਕਰੀ ਆਪਣੇ ਹੀ ਦੇਸ਼ ਵਿੱਚ ਭਾਲ ਲਵੇਗੀ। ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨਾ ਅਤੇ ਦੂਸਰੇ ਮੁਲਕਾਂ ਦੀ ਗ਼ੁਲਾਮੀ ਝੱਲਣਾ, ਸ਼ਾਇਦ ਉਹ ਪਸੰਦ ਨਹੀਂ ਕਰਦੀ ਸੀ।
ਸ਼ਰਨ ਦੀਆਂ ਸਹੇਲੀਆਂ ਨੇ ਏਜੰਟਾਂ ਦੀ ਵਿਉਂਤ ਮੁਤਾਬਕ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਛੋਟੇ ਮੋਟੇ ਕੋਰਸਾਂ ਦੇ ਦਾਖ਼ਲੇ ਲੈ ਲਏ ਅਤੇ ਨਾਲ ਹੀ ਪ੍ਰਾਈਵੇਟ ਕੰਮ ਕਰਕੇ ਆਪਣਾ ਰੋਜ਼ਾਨਾ ਦਾ ਖ਼ਰਚਾ ਤੋਰਨਾ ਸ਼ੁਰੂ ਕਰ ਦਿੱਤਾ। ਸਹੇਲੀਆਂ ਨੂੰ ਇਹ ਆਸ ਸੀ ਕਿ ਕੋਰਸ ਕਰਨ ਉਪਰੰਤ ਉਹ ਛੋਟੀਆਂ ਮੋਟੀਆਂ ਨੌਕਰੀਆਂ ਕਰਕੇ ਆਪਣੇ ਪੱਕੇ ਹੋਣ ਦੀ ਵਿਉਂਤ ਬਣਾ ਲੈਣਗੀਆਂ।
ਇੱਧਰ ਪੰਜਾਬ ਵਿੱਚ ਸ਼ਰਨ ਆਪਣੀ ਮਿਹਨਤ ਨਾਲ ਕਾਲਜ ਦੀ ਉੱਚ ਵਿੱਦਿਆ ਦੀਆਂ ਪੌੜੀਆਂ ਚੜ੍ਹਦੀ ਗਈ।ਹੁਣ ਸ਼ਰਨ ਐਮ. ਏ. ਪਾਸ ਕਰ ਗਈ।ਅਖ਼ਬਾਰਾਂ ਵਿੱਚ ਨਿਕਲਦੀਆਂ ਹਰ ਢੁੱਕਵੀਆਂ ਅਸਾਮੀਆਂ ਲਈ ਆਪਣੀਆਂ ਅਰਜ਼ੀਆਂ ਦੇਣੀਆਂ ਨਾ ਭੁੱਲਦੀ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਪਰ ਸ਼ਰਨ ਨੂੰ ਕੋਈ ਨੌਕਰੀ ਨਾ ਮਿਲੀ। ਜਦੋਂ ਕਦੇ ਦੋ ਤਿੰਨ ਮਹੀਨਿਆਂ ਬਾਅਦ ਕੋਈ ਇੰਟਰਵਿਊ ਆਉਣੀ ਤਾਂ ਸ਼ਰਨ ਨੇ ਖ਼ੂਬ ਤਿਆਰੀ ਕਰਕੇ ਆਪਣੇ ਸਰਟੀਫ਼ਿਕੇਟਾਂ ਦਾ ਝੋਲਾ ਭਰ ਕੇ ਇੰਟਰਵਿਊ 'ਤੇ ਪਹੁੰਚ ਜਾਣਾ।ਅੱਗੋਂ ਇੰਟਰਵਿਊ ਪੈਨਲ ਦਾ ਇਹੀ ਫ਼ੈਸਲਾ ਹੋਣਾ ਕਿ ਅਸੀਂ ਤੈਨੂੰ ਦੋ ਤਿੰਨ ਹਫ਼ਤਿਆਂ ਤੱਕ ਕੋਈ ਜਵਾਬ ਦੇਵਾਂਗੇ।ਇਹ ਜਵਾਬ ਤਾਂ ਅਕਸਰ ਨੌਕਰੀ ਤੋਂ ਹੀ ਜਵਾਬ ਹੁੰਦਾ।
ਇੱਕ ਅਸਾਮੀ ਲਈ ਸੈਂਕੜੇ ਅਰਜ਼ੀਆਂ ਅਤੇ ਉਹ ਵੀ ਬਹੁਤਾ ਕਰਕੇ ਮੰਤਰੀਆਂ ਦੇ ਰਿਸ਼ਤੇਦਾਰਾਂ ਜਾਂ ਚਹੇਤਿਆਂ ਦੇ ਹਿੱਸੇ ਪੈ ਜਾਣੀ। ਅਗਰ ਇੱਕ ਤੋਂ ਵੱਧ ਅਸਾਮੀਆਂ ਨਿਕਲਣੀਆਂ ਤਾਂ ਉਨ੍ਹਾਂ 'ਤੇ ਰਿਜ਼ਰਵੇਸ਼ਨ ਦਾ ਕੋਟਾ। ਇਸ ਦੀ ਫ਼ਸਟ ਡਵੀਜ਼ਨ ਵਿੱਚ ਕੀਤੀ ਐਮ. ਏ. ਨੂੰ ਕੋਈ ਨਾ ਪੁੱਛਦਾ, ਪਰ ਤੀਜੇ ਦਰਜੇ ਵਿੱਚ ਕੀਤੀਆਂ ਡਿਗਰੀਆਂ ਵਾਲਿਆਂ ਨੂੰ ਪਹਿਲ ਮਿਲ ਜਾਂਦੀ। ਨੌਕਰੀ ਵਿੱਚ ਮੈਰਿਟ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ। ਹਰ ਥਾਂ ਸਿਫ਼ਾਰਸ਼ ਅਤੇ ਵੱਢੀ ਪ੍ਰਧਾਨ ਹੁੰਦੀ।
ਹਰ ਮਹਿਕਮੇ ਤੋਂ ਨੌਕਰੀ ਹੱਥੋਂ ਮਾਯੂਸ ਹੋਈ ਸ਼ਰਨ ਖ਼ਾਲੀ ਹੱਥ ਮੁੜਦੀ ਰਹੀ। ਅਧਿਆਪਕਾਂ ਦੇ ਕਿੱਤੇ ਤੋਂ ਉਹ ਪਹਿਲੋਂ ਹੀ ਵਾਕਿਫ਼ ਸੀ ਕਿ ਸਾਲਾਂ ਬੱਧੀ ਕੱਚੀਆਂ ਨੌਕਰੀਆਂ ਤੇ ਲੱਗੇ ਅਧਿਆਪਕ ਪੱਕੇ ਹੋਣ ਲਈ ਥਾਂ-ਥਾਂ ਧਰਨੇ ਲਾ ਰਹੇ ਸਨ। ਕਾਲਜਾਂ ਵਿੱਚ ਲੈਕਚਰਾਰ ਲੱਗਣ ਦੀ ਗੱਲ ਤਾਂ ਬਹੁਤ ਦੂਰ ਦੀ ਸੀ। ਆਪਣੇ ਦੇਸ਼ ਵਿੱਚ ਉੱਚ ਵਿੱਦਿਆ ਲੈ ਕੇ ਆਪਣੇ ਹੀ ਦੇਸ਼ ਦੀ ਸੇਵਾ ਕਰਨ ਦੀ ਚਾਹਵਾਨ ਇਹ ਪੰਜਾਬ ਦੀ ਮੁਟਿਆਰ ਨੌਕਰੀ ਲਈ ਥਾਂ-ਥਾਂ ਧੱਕੇ ਖਾਣ ਲਈ ਮਜ਼ਬੂਰ ਹੋ ਗਈ। ਕਦੇ-ਕਦੇ ਸੋਚਦੀ ਕਿ ਮੇਰੇ ਵਡੇਰਿਆਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਦੇਸ਼ ਨੂੰ ਇਸ ਕਰਕੇ ਆਜ਼ਾਦ ਕਰਾਇਆ ਸੀ ਕਿ ਉੱਚ ਵਿੱਦਿਆ ਲੈ ਕੇ ਵੀ ਕੋਈ ਛੋਟੀ ਮੋਟੀ ਨੌਕਰੀ ਨਾ ਮਿਲੇ ਅਤੇ ਮਜ਼ਬੂਰਨ ਦੇਸ਼ ਦੀ ਜੁਆਨੀ ਨੂੰ ਰੋਜ਼ੀ ਰੋਟੀ ਲਈ ਵਿਦੇਸ਼ਾਂ ਵੱਲ ਭੱਜਣਾ ਪਵੇ।
ਸ਼ਰਨ ਦੀਆਂ ਸਹੇਲੀਆਂ ਨੇ ਕਨੇਡਾ ਵਿੱਚ ਆਪਣੇ ਸ਼ੁਰੂ ਕੀਤੇ ਹੋਏ ਕੋਰਿਸ ਪੂਰੇ ਕਰ ਲਏ ਅਤੇ ਕੰਮਾਂ 'ਤੇ ਲੱਗ ਗਈਆਂ। ਇਸ ਨਾਲ ਉਨ੍ਹਾਂ ਨੂੰ ਪੀ. ਆਰ. ਮਿਲਣ ਵਿੱਚ ਮੱਦਦ ਮਿਲੀ ਅਤੇ ਉਹ ਆਪਣੇ ਪੈਰਾਂ ਤੇ ਖੜਨ ਯੋਗ ਹੋ ਗਈਆਂ। ਦੂਸਰੇ ਪਾਸੇ ਸ਼ਰਨ ਅਜੇ ਵੀ ਕਿਸੇ ਨੌਕਰੀ ਲਈ ਕੋਸ਼ਿਸ਼ਾਂ ਕਰ ਰਹੀ ਸੀ। ਇੱਕ ਪਾਸੇ ਨੌਕਰੀ ਨਾ ਮਿਲਣ ਦੀ ਮਾਯੂਸੀ ਤੇ ਦੂਸਰੇ ਪਾਸੇ ਮਾਪਿਆਂ ਵੱਲੋਂ ਉਸ ਦੇ ਪੜ੍ਹਾਈ ਤੇ ਕੀਤੇ ਖ਼ਰਚ ਦਾ ਮਨ ਤੇ ਬੋਝ। ਇਸ ਤੋਂ ਬਾਅਦ ਮਾਪਿਆਂ ਵੱਲੋਂ ਉਸਦੇ ਵਿਆਹ ਤੇ ਹੋਣ ਵਾਲਾ ਖ਼ਰਚੇ ਦੀ ਵੀ ਚਿੰਤਾ। ਇਨ੍ਹਾਂ ਘੁੰਮਣ ਘੇਰੀਆਂ ਵਿੱਚ ਘਿਰੀ ਸ਼ਰਨ ਉਦਾਸ ਜਿਹੀ ਰਹਿਣ ਲੱਗ ਪਈ। ਕਨੇਡਾ ਰਹਿੰਦੀਆਂ ਸਹੇਲੀਆਂ ਨਾਲ ਟੈਲੀਫ਼ੋਨ ਤੇ ਸੰਪਰਕ ਹੋਣਾ ਤਾਂ ਉਸਨੂੰ ਆਪਣੀ ਬੇਰੁਜ਼ਗਾਰੀ ਦੀ ਉਨ੍ਹਾਂ ਸਾਹਮਣੇ ਬਹੁਤ ਹੀ ਨਿਮੋਸ਼ੀ ਹੋਣੀ। ਕਿਉਂਕਿ ਉਹ ਤਾਂ ਆਸਵੰਦ ਸੀ ਕਿ ਉੱਚ ਵਿੱਦਿਆ ਲੈਣ ਤੋਂ ਬਾਅਦ ਉਸਨੂੰ ਉਸਦਾ ਮੁਲਕ ਕੋਈ ਨੌਕਰੀ ਜਰੂਰ ਦੇਵੇਗਾ। ਇਸ ਨਿਮੋਸ਼ੀ ਦੀ ਮਾਰੀ ਉਹ ਸਹੇਲੀਆਂ ਨੂੰ ਫ਼ੋਨ ਵੀ ਵਿਰਲਾ ਹੀ ਕਰਦੀ।
ਹੁਣ ਹਾਲਾਤ ਕੁੱਝ ਇਸ ਤਰ੍ਹਾਂ ਦੇ ਬਣ ਗਏ ਕਿ ਸ਼ਰਨ ਨੂੰ ਆਪਣੀਆਂ ਸਹੇਲੀਆਂ ਦੀ ਦਿੱਤੀ ਸਲਾਹ ਕਿ ਉਹ ਵੀ ਆਈਲੈਟਸ ਕਰਕੇ ਕਿਸੇ ਕੋਰਸ ਲਈ ਕਨੇਡਾ ਆ ਜਾਵੇ, ਚੇਤੇ ਆਉਣ ਲੱਗੀ। ਸ਼ਰਨ ਨੂੰ ਮਰਦੀ ਨੂੰ ਅੱਕ ਚੱਬਣਾ ਪੈ ਗਿਆ। ਅਗਰ ਉਹ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਸੀ ਤਾਂ ਪਹਿਲਾਂ ਵਾਂਗ ਬੇਰੁਜ਼ਗਾਰੀ ਦੀ ਦੱਲਦਲ ਵਿੱਚ ਧੱਸੀ ਜਾਂਦੀ ਅਤੇ ਆਪਣੀ ਮਾਯੂਸੀ ਦੇ ਨਾਲ-ਨਾਲ ਆਪਣੇ ਮਾਂ-ਬਾਪ ਨੂੰ ਵੀ ਚਿੰਤਾ ਵਿੱਚ ਪਾਉਂਦੀ। ਸ਼ਰਨ ਨੇ ਆਈਲੈਟਸ ਦੀ ਪੜ੍ਹਾਈ ਵਿੱਚ ਦਾਖ਼ਲਾ ਲੈ ਲਿਆ ਅਤੇ ਬਿਨਾਂ ਕਿਸੇ ਵੱਡੀ ਕੋਸ਼ਿਸ਼ ਤੋਂ ਇੱਕ ਸਾਲ ਵਿੱਚ ਹੀ ਆਈਲੈਟਸ ਚੰਗੇ ਬੈਂਡਾਂ ਵਿੱਚ ਪਾਸ ਕਰ ਲਿਆ।
ਪੜ੍ਹਾਈ ਤਾਂ ਹੋ ਗਈ ਪਰ ਸ਼ਰਨ ਨੂੰ ਹੁਣ ਅਗਲੀ ਮੰਜ਼ਿਲ ਔਖੀ ਲੱਗ ਰਹੀ ਸੀ। ਏਜੰਟ ਕਨੇਡਾ ਵਿੱਚ ਭੇਜਣ ਅਤੇ ਯੂਨੀਵਰਸਿਟੀ ਵਿੱਚ ਦਾਖ਼ਲਾ ਦਿਵਾਉਣ ਦੇ ਲੋਹੜਿਆਂ ਦੇ ਪੈਸੇ ਮੰਗਦੇ ਸਨ। ਬਾਪੂ ਪਾਸ ਤਾਂ ਉਹੀ ਦੋ ਖੱਤੇ ਹੀ ਸਨ ਜਿਸ ਵਿੱਚ ਉਸਨੇ ਸਾਰੀ ਉਮਰ ਗੁਜ਼ਾਰਾ ਕਰਨਾ ਸੀ ਅਤੇ ਨਾਲ ਹੀ ਇਸ ਦਾ ਵਿਆਹ। ਅਗਰ ਇਹ ਜ਼ਮੀਨ ਇਸ ਦੇ ਕਨੇਡਾ ਭੇਜਣ ਦੇ ਨਮਿੱਤ ਲੱਗ ਗਈ, ਤਾਂ ਭਵਿੱਖ ਦਾ ਕੀ ਬਣੇਗਾ?
ਸ਼ਰਨ ਨੇ ਬਾਪੂ ਪਾਸ ਇਸ ਖ਼ਰਚੇ ਦਾ ਤਰਲਾ ਪਾਇਆ। ਬਾਪੂ ਮੁਖ਼ਤਿਆਰ ਸਿੰਘ ਚਿਰਾਂ ਤੋਂ ਸ਼ਰਨ ਦੀ ਮਾਯੂਸੀ ਦੀ ਹਾਲਤ ਨੂੰ ਭਲੀਭਾਂਤ ਦੇਖ ਰਿਹਾ ਸੀ। ਬਾਪੂ ਮੁਖ਼ਤਿਆਰ ਸਿੰਘ ਨੇ ਜ਼ਿੰਦਗੀ ਦਾ ਇਹ ਵੱਡਾ ਜੋਖ਼ਿਮ ਲੈਂਦਿਆਂ ਹੋਇਆਂ ਆਪਣੇ ਦੋਵੇਂ ਖੱਤੇ ਗਹਿਣੇ ਧਰ ਦਿੱਤੇ 'ਤੇ ਸ਼ਰਨ ਦੇ ਕਨੇਡਾ ਜਾਣ ਦਾ ਪ੍ਰਬੰਧ ਕੀਤਾ।
ਸ਼ਰਨ ਹੁਣ ਆਪਣੀਆਂ ਸਹੇਲੀਆਂ ਪਾਸ ਸਰੀ, ਕਨੇਡਾ ਪਹੁੰਚ ਗਈ। ਏਜੰਟ ਦੇ ਨਿਰਧਾਰਤ ਕਾਲਜ ਵਿੱਚ ਦਾਖ਼ਲਾ ਲੈ ਕੇ ਕੋਰਸ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਪੜ੍ਹਾਈ ਦੇ ਨਾਲ ਹੀ ਉਸਨੂੰ ਉਸਦੇ ਵੀਜ਼ੇ ਮੁਤਾਬਕ ਕੁੱਝ ਕੰਮ ਕਰਨ ਦੀ ਇਜ਼ਾਜਤ ਮਿਲ ਗਈ। ਸ਼ਰਨ ਆਪਣੀਆਂ ਬਾਕੀ ਸਹੇਲੀਆਂ ਨਾਲ ਸਰੀ ਵਿੱਚ ਕਿਰਾਏ 'ਤੇ ਰਹਿਣ ਲੱਗੀ।
ਸਹੇਲੀਆਂ ਵਿੱਚੋਂ ਇੱਕ ਫੂਡ ਟੇਕ ਅਵੇ ਦੇ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ 'ਤੇ ਉਸਨੇ ਆਪਣੀ ਦੇਸ਼ੀ ਮਾਲਕਣ ਦੇ ਨਾਲ ਗੱਲ ਕਰਕੇ ਸ਼ਰਨ ਨੂੰ ਆਪਣੇ ਹੀ ਨਾਲ ਕੰਮ 'ਤੇ ਲੁਆ ਲਿਆ। ਅੰਗਰੇਜ਼ੀ ਬੋਲਣ ਅਤੇ ਸਮਝਣ ਦੀ ਅਜੇ ਦਿੱਕਤ ਹੋਣ ਕਰਕੇ ਪਿੱਛੇ ਰਸੋਈ ਵਿੱਚ ਭਾਂਡੇ ਮਾਂਜਣ ਅਤੇ ਸਾਫ਼ ਸਫ਼ਾਈ ਦਾ ਕੰਮ ਕਰਨ ਲੱਗ ਪਈ। ਕੰਮ ਦੀ ਮਾਲਕਣ ਸ਼ਰਨ ਨੂੰ ਹਮੇਸ਼ਾ ਤਾੜ ਕੇ ਰੱਖਦੀ ਕਿ ਉਹ ਸਫ਼ਾਈ ਵਿੱਚ ਕਿਤੇ ਢਿੱਲ ਨਾ ਵਰਤ ਜਾਏ, ''ਫੂਡ ਹਾਈਜੀਨ ਬਹੁਤ ਜ਼ਰੂਰੀ ਆ, ਹੈਲਥ ਇੰਨਸਪੈਕਟਰ ਹਰ ਤੀਜੇ ਦਿਨ ਸਿਰ 'ਤੇ ਚੜ੍ਹੇ ਰਹਿੰਦੇ ਨੇ, ਅਗਰ ਸਫ਼ਾਈ ਨਾ ਹੋਈ ਤਾਂ ਬੜਾ ਵੱਡਾ ਫਾਈਨ ਕਰ ਜਾਂਦੇ ਨੇ।'' ਸ਼ਰਨ ਇੱਕ ਨਿਮਾਣੀ ਜਿਹੀ ਹਾਲਤ ਵਿੱਚ ਮਾਲਕਣ ਦੀ ਤਾੜਨਾ ਦੀ ਹਾਮੀ ਭਰ ਕੇ ਸਿਰ ਹਿਲਾ ਦਿੰਦੀ। ''ਬੀਬੀ ਫ਼ਿਕਰ ਨਾ ਕਰੋ ਤੇਰੀ ਦੁਕਾਨ ਸਾਡੀ ਤਾਂ ਹੈ, ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗੀ।''
ਸ਼ਰਨ ਪਾਰਟ ਟਾਈਮ ਕਰਦੀ ਆਪਣੀ ਪੜ੍ਹਾਈ ਕਰਦੀ ਰਹੀ। ਪਰ ਸ਼ਰਨ ਨੂੰ ਆਪਣੀ ਆਖ਼ਰੀ ਮੰਜ਼ਿਲ ਅਜੇ ਵੀ ਦਿਖਾਈ ਨਹੀਂ ਦੇ ਰਹੀ ਸੀ। ਉਹ ਸੋਚਦੀ ਕਿ ਉਸ ਦੇ ਕੋਰਸ ਕਰਨ ਤੋਂ ਬਾਅਦ ਸਾਇਦ ਉਸ ਨੂੰ ਪੀ. ਆਰ. ਨਾ ਮਿਲੇ।ਕਿਉਂਕਿ ਇਸ ਦਾ ਕੋਰਸ ਬਹੁਤਾ ਹੁਨਰ (SKILL) ਵਾਲਾ ਨਹੀਂ ਸੀ। ਉਸਨੂੰ ਡਰ ਸੀ ਕਿ ਕੋਰਸ ਕਰਨ ਉਪਰੰਤ ਉਸਨੂੰ ਕਿਤੇ ਪੰਜਾਬ ਵਾਪਸ ਨਾ ਜਾਣਾ ਪੈ ਗਿਆ ਤਾਂ ਕਹਿਰ ਹੋ ਜਾਏਗਾ, ਕਿਉੇਂਕਿ ਬਾਪੂ ਦੀ ਸਾਰੀ ਜਮੀਨ ਤਾਂ ਗਹਿਣੇ ਪੈ ਚੁੱਕੀ ਸੀ।ਪੱਕੇ ਹੋਣ ਦਾ ਇੱਕੋ ਇੱਕ ਰਸਤਾ ਸੀ ਕਿ ਉਹ ਕੋਰਸ ਕਰਨ ਉਪਰੰਤ ਕਿਸੇ ਕਨੇਡੀਅਨ ਨਾਗਰਿਕ ਨਾਲ ਵਿਆਹ ਕਰਾਵੇ। ਇਹ ਰਸਤਾ ਵੀ ਕੋਈ ਸੌਖਾ ਨਹੀਂ ਸੀ। ਸ਼ਰਨ ਨੂੰ ਭਲੀ ਭਾਂਤ ਪਤਾ ਸੀ ਕਿ ਮੁੰਡੇ ਦੋ ਸਾਲ ਕੁੜੀਆਂ ਨਾਲ ਘੁੰਮ ਫਿਰ ਕੇ, ਦੂਸਰੀਆਂ ਵਲ ਚੱਲੇ ਜਾਂਦੇ ਹਨ। ਬਹੁਤੇ ਤਾਂ ਕਨੇਡਾ ਦੇ ਜੰਮਪਲ ਕਨੇਡਾ ਦੀਆਂ ਜੰਮੀਆਂ ਪਲ੍ਹੀਆਂ ਕੁੜੀਆਂ ਨਾਲ ਹੀ ਆਪਣੀ ਦੋਸਤੀ ਪੁਗਾਉਂਦੇ ਹਨ 'ਤੇ ਵਿਆਹ ਕਰਵਾਉਂਦੇ ਹਨ।
ਸ਼ਰਨ ਪੰਜਾਬ ਦੀ ਬੇਰੁਜ਼ਗਾਰੀ ਦਾ ਰਸਤਾ ਤਹਿ ਕਰਦੀ ਹੋਈ ਕਨੇਡਾ ਆਈ ਹੋਈ ਨੇ ਦਿਲ ਨਹੀਂ ਛੱਡਿਆ।ਸ਼ਾਇਦ ਬੇਰੁਜ਼ਗਾਰੀ ਅਤੇ ਪੁਰਖ਼ਿਆਂ ਦੀ ਜੱਦੀ ਜ਼ਮੀਨ ਨੂੰ ਦਾਅ 'ਤੇ ਲਾ ਕੇ ਆਈ ਸ਼ਰਨ ਦਾ ਮਨ ਹੁਣ ਦ੍ਰਿੜ੍ਹ ਹੋ ਗਿਆ ਸੀ।ਉਵੇਂ ਵੀ ਜਿੰਦਗੀ ਦੇ ਕੌੜੇ ਤਜ਼ਰਬਿਆਂ ਨੇ ਸ਼ਰਨ ਵਿੱਚ ਔਖਆਈਆਂ ਨਾਲ ਮੱਥਾ ਲਾਉਣ ਦੀ ਤਾਕਤ ਭਰ ਦਿੱਤੀ ਸੀ। ਉਹ ਹਨ੍ਹੇਰੇ ਵਿੱਚੋਂ ਵੀ ਚਾਨਣ ਦੀ ਕਿਰਨ ਲੱਭ ਰਹੀ ਸੀ।
ਸ਼ਰਨ ਦੀ ਜ਼ਿੰਦਗੀ ਪਹਿਲਾਂ ਹੀ ਸਖ਼ਤ ਇਮਤਿਹਾਨਾਂ ਵਿੱਚੋਂ ਲੰਘ ਰਹੀ ਸੀ, ਪਰ ਹੁਣ ਉਸਨੂੰ ਇੱਕ ਹੋਰ ਮੁਸੀਬਤ ਨੇ ਘੇਰ ਲਿਆ। ਉਸ ਦੀ ਮਾਲਕਣ ਨੇ ਕੰਮ ਤੋਂ ਇਸਨੂੰ ਇਸ ਕਰਕੇ ਜਵਾਬ ਦੇ ਦਿੱਤਾ ਕਿ ਰੈਸਟੋਰੈਂਟ ਦੀ ਕਮਾਈ ਘੱਟ ਗਈ ਹੈ। ਉਸ ਦਾ ਮਾੜਾ ਮੋਟਾ ਖਰਚੇ ਦਾ ਸਾਧਨ ਵੀ ਜਾਂਦਾ ਲੱਗਾ। ਸ਼ਰਨ ਲਈ ਬਿਨਾਂ ਕਿਸੇ ਆਮਦਨ ਤੋਂ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ। ਕਾਲਜ ਦੀ ਫ਼ੀਸ, ਕਮਰੇ ਦਾ ਕਿਰਾਇਆ ਅਤੇ ਹੋਰ ਖ਼ਰਚੇ। ਸ਼ਰਨ ਇੱਕ ਦਿਨ ਘਰ ਦੇ ਪਿਛਵਾੜੇ ਫ਼ਿਕਰਾਂ ਵਿੱਚ ਸਿਰ ਫੜੀ ਬੈਠੀ ਨੂੰ ਉਸਦੀ ਗੁਆਂਢਣ ਸੀਤੋ ਨੇ ਸ਼ਰਨ ਨੂੰ ਉਦਾਸ ਦੇਖ ਕੇ ਪੁੱਛ ਹੀ ਲਿਆ, ''ਨੀ ਧੀਏ! ਉਦਾਸ ਕਿਉਂ ਬੈਠੀਂ ਹੈਂ, ਪਿੱਛੇ ਪਰਿਵਾਰ ਤਾਂ ਸਭ ਠੀਕ ਠਾਕ ਹੈ?'' ਸ਼ਰਨ ਨੇ ਮਾਯੂਸੀ ਵਿੱਚ ਜਵਾਬ ਦਿੱਤਾ, ''ਆਂਟੀ ਮੇਰਾ ਪਿਛਲੇ ਹਫ਼ਤੇ ਕੰਮ ਛੁੱਟ ਗਿਆ ਹੈ, ਹੁਣ ਸਮਝ ਹੀ ਨਹੀਂ ਲੱਗਦੀ ਖ਼ਰਚ ਕਿਵੇਂ ਤੁਰੂ!''
ਸੀਤੋ ਨੇ ਪਹਿਲਾਂ ਤਾਂ ਸੋਚਿਆ ਕਿ ਸ਼ਰਨ ਪੜ੍ਹੀ ਲਿਖੀ ਕੁੜੀ ਹੋਣ ਕਰਕੇ ਫਾਰਮਾਂ ਦੇ ਕੰਮ ਨੂੰ ਨਾਂਹ ਕਰੇਗੀ, ਪਰ ਫਿਰ ਵੀ ਪੁੱਛ ਲਿਆ, ''ਧੀਏ ਫਾਰਮ ਵਿੱਚ ਬਲੂਬਰੀ (ਬੇਰੀਆਂ) ਤੋੜਨ ਦਾ ਕੰਮ ਕਰਨਾ ਚਾਹੁੰਦੀ ਹੈਂ?'' ਸ਼ਰਨ ਦੇ ਮੂਹਰੇ ਇੱਕਦਮ ਉਹ ਤਸਵੀਰ ਆ ਗਈ ਜਿਹੜੀ ਇਸ ਦੀਆਂ ਸਹੇਲੀਆਂ ਨੇ ਆਪਣੀਆਂ ਦੇਸੀ ਬੀਬੀਆਂ ਦੀ ਬੇਰੀਆਂ ਤੋੜਨ ਬਾਰੇ ਦੱਸੀ ਸੀ ਕਿ ਕਿਵੇਂ ਮੀਂਹ ਨ੍ਹੇਰੀਆਂ ਅਤੇ ਧੁੱਪਾਂ ਵਿੱਚ ਵੀ ਸਾਰਾ ਦਿਨ ਕੁੱਬੇ ਹੋ ਕੇ ਪਿੱਠ ਪਿੱਛੇ ਬੇਰੀਆਂ ਦੀ ਬਾਲਟੀ ਲਟਕਾਈ, ਬੇਰੀਆਂ ਤੋੜਨੀਆਂ ਪੈਂਦੀਆਂ ਹਨ। ਪਰ ਸ਼ਰਨ ਨੂੰ ਦੂਸਰੇ ਪਾਸੇ ਕਾਲਜ ਦੀ ਫ਼ੀਸ ਅਤੇ ਰਹਿਣ ਦਾ ਖ਼ਰਚਾ ਵੱਢ-ਵੱਢ ਖਾ ਰਿਹਾ ਸੀ। ਸ਼ਰਨ ਨੇ ਆਪਣੇ ਖ਼ਰਚਿਆਂ ਦੀਆਂ ਜ਼ਰਬਾਂ ਤਕਸੀਮਾਂ ਦੇ ਕੇ ਸੀਤੋ ਨੂੰ ਸਵੇਰੇ ਕੰਮ 'ਤੇ ਜਾਣ ਦੀ ਹਾਂ ਕਰ ਦਿੱਤੀ।
ਸ਼ਰਨ ਨੇ ਆਪਣੀ ਆਂਟੀ ਦੀ ਦਿੱਤੀ ਹਦਾਇਤ ਮੁਤਾਬਿਕ ਸਵੇਰੇ ਉੱਠ ਕੇ ਪ੍ਰਸ਼ਾਦਾ ਤਿਆਰ ਕੀਤਾ ਅਤੇ ਚਾਹ ਵਾਲੀ ਬੋਤਲ ਝੋਲੇ ਵਿੱਚ ਪਾ ਕੇ ਘਰ ਦੇ ਦਰਵਾਜ਼ੇ ਅੱਗੇ ਖੜ੍ਹ ਗਈ। ਪੈਰੀਂ ਪਲਾਸਟਿਕ ਦੀ ਵੱਡੀ ਸਾਰੀ ਜੁੱਤੀ (ਵੈਲਿੰਗਟਨ) ਪਾ ਲਈ ਤਾਂ ਕਿ ਗਾਰੇ ਨਾਲ ਪੈਰ ਨਾ ਲਿਬੜਨ ਅਤੇ ਮੈਲੇ ਕੁਚੈਲੇ ਕੱਪੜੇ ਪਾ ਕੇ ਤਿਆਰ ਹੋ ਕੇ ਖ਼ੜੀ ਸ਼ਰਨ, ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਕੋਈ ਭੱਈਏਆਣੀ ਕਿਸੇ ਜੱਟ ਦੇ ਝੋਨਾ ਲਾਉਣ ਚੱਲੀ ਹੋਵੇ।
ਕੰਮ 'ਤੇ ਲਿਜਾਣ ਵਾਲੇ ਦੇਸੀ ਡਰਾਈਵਰ ਨੇ ਅੱਗ ਦੇ ਭੰਬੂਕੇ ਵਾਂਗ ਵੈਨ ਸ਼ਰਨ ਦੇ ਬੂਹੇ ਅੱਗੇ ਖੜ੍ਹੀ ਕੀਤੀ। ਸ਼ਰਨ ਵੈਨ ਵਿੱਚ ਬਹਿ ਗਈ, ਪਰ ਉਸ ਦੀ ਆਂਟੀ ਸੀਤੋ ਜਿਸ ਨੇ ਇਸੇ ਹੀ ਵੈਨ ਵਿੱਚ ਜਾਣਾ ਸੀ, ਉਹ ਅਜੇ ਆਈ ਨਾ। ਡਰਾਈਵਰ ਨੇ ਚਾਰ ਪੰਜ ਹਾਰਨ ਮਾਰੇ ਤਾਂ ਸੀਤੋ ਘਰੋਂ ਛਾਲਾਂ ਮਾਰਦੀ ਹੋਈ ਡਰਾਇਵਰ 'ਤੇ ਬੁੱੜਕ ਪਈ, '' ਤੇਤੋਂ ਜਿਗਰਾ ਨੀ ਕਰ ਹੁੰਦਾ, ਟੈਂ ਟੈਂ ਲਾਈ ਆ। ਗੁਆਂਢੀ ਗੋਰੇ ਕੀ ਆਖਣਗੇ, ਇੰਡੀਅਨਾਂ ਨੂੰ ਅਕਲ ਹੀ ਨਈਂ!'' ਜਵਾਬ ਵਿੱਚ ਡਰਾਈਵਰ ਸੀਤੋ ਨੂੰ ਝਿੜਕਾਂ ਲੈ ਕੇ ਪੈ ਗਿਆ, ''ਸੀਤੋ ਤੈਨੂੰ ਵੀਹ ਵਾਰ ਆਖਿਆ ਕਿ ਟੈਮ ਸਿਰ ਤਿਆਰ ਹੋਇਆ ਕਰ, ਤੈਨੂੰ ਇਹ ਨਹੀਂ ਪਤਾ ਮੈਂ ਰਸਤੇ 'ਚੋਂ ਹੋਰ ਦਸ ਕੁੜੀਆਂ ਚੁੱਕਣੀਆਂ?'' ਸ਼ਰਨ ਡਰਾਈਵਰ ਦੀ ਇਸ ਦੇਸੀ ਬੋਲੀ ਤੋਂ ਬੁੱਲਾਂ ਵਿੱਚ ਮੁਸਕਰਾਈ। ਡਰਾਈਵਰ ਜ਼ਨਾਨੀਆਂ ਨੂੰ ਫਾਰਮ ਕੰਢੇ ਲਾਹ ਕੇ ਦੂਸਰੀ ਸ਼ਿਫ਼ਟ ਦੀਆਂ ਜ਼ਨਾਨੀਆਂ ਨੂੰ ਚੁੱਕਣ ਚਲਿਆ ਗਿਆ।
ਸ਼ਰਨ ਨੂੰ ਕੰਮ 'ਤੇ ਇੱਕ ਬਾਲਟੀ ਦੇ ਦਿੱਤੀ ਗਈ। ਇਸ ਨੇ ਪਿੱਠ ਪਿੱਛੇ ਬਾਲਟੀ ਬੰਨੀ ਅਤੇ ਇਸ ਤਰਾਂ ਲੱਗ ਰਹੀ ਸੀ ਜਿਵੇਂ ਕਿਸੇ ਜ਼ਨਾਨੀ ਨੇ ਆਪਣੇ ਨਵੇਂ ਜੰਮੇ ਬੱਚੇ ਨੂੰ ਪਿੱਠ ਪਿੱਛੇ ਬੰਨ੍ਹ ਕੇ ਕਪਾਹ ਚੁੱਗਣੀ ਹੋਵੇ। ਜ਼ਨਾਨੀਆਂ ਜਿੰਨੀਆਂ ਵੀ ਬਲੂਬਰੀ ਭਰੀਆਂ ਬਾਲਟੀਆਂ ਤੋੜਦੀਆਂ, ਉਹ ਭਰਨ ਉਪਰੰਤ ਇੱਕ ਵੱਡੇ ਸਾਰੇ ਭਾਂਡੇ ਵਿੱਚ ਪਾਈ ਜਾਂਦੀਆਂ, ਤੇ ਇਨ੍ਹਾਂ ਬਾਲਟੀਆਂ ਦਾ ਹਿਸਾਬ ਕਿਤਾਬ ਇੱਕ ਦੇਸੀ ਸੁਪਰਵਾਈਜ਼ਰ ਇੱਕ ਰਜਿਸਟਰ ਤੇ ਲਿਖ ਕੇ ਰੱਖਦਾ। ਕਿਸੇ-ਕਿਸੇ ਹੌਲੀ ਹੌਲੀ ਬਲੂਬਰੀਆਂ ਤੋੜਨ ਵਾਲੀ ਜ਼ਨਾਨੀ ਨੂੰ ਦੇਖ ਕੇ ਸੁਪਰਵਾਜ਼ਿਰ ਤਾੜਨਾ ਕਰਦਾ ਹੋਇਆ ਤੇਜ਼ ਹੋਣ ਲਈ ਵੀ ਕਹਿੰਦਾ, ''ਇੰਡੀਆ 'ਚ ਕਹਿੰਦੀਆਂ ਸਨ ਕਿ ਡਾਲਰ ਦਰੱਖ਼ਤਾਂ ਨੂੰ ਲੱਗਦੇ ਹਨ, ਹੁਣ ਚੁੱਗ ਲਓ ਜਿੰਨੇ ਚੁਗਣੇ।''
ਸ਼ਰਨ ਦੀ ਬਲੂਬਰੀਆਂ ਤੋੜਨ ਦੀ ਰਫ਼ਤਾਰ ਹੌਲ਼ੀ ਸੀ। ਜਿੰਨ੍ਹਾ ਉਂਗਲਾਂ ਨੇ ਸਾਰੀ ਉਮਰ ਕਲਮ ਚਲਾਈ ਹੋਵੇ ਉਹ ਉਂਗਲਾਂ ਭਲਾ ਬਲੂਬਰੀਆਂ ਕਿਵੇਂ ਤੋੜਨ? ਬਾਕੀ ਜ਼ਨਾਨੀਆਂ ਜਿੱਥੇ ਤਿੰਨ-ਤਿੰਨ ਬਾਲਟੀਆਂ ਭਰੀ ਜਾਣ, ਇਸ ਤੋਂ ਇੱਕ ਵੀ ਭਰੇ ਨਾ। 'ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੇ ਰੱਬਾ ਤੁਰਨਾ ਪਿਆ' ਦੇ ਰਾਹਾਂ ਤੇ ਤੁਰਦੀ ਗਈ ਸ਼ਰਨ ਬਲੂਬਰੀਆਂ ਤੋੜਦੀ ਰਹੀ ਅਤੇ ਆਪਣੇ ਪੜ੍ਹਾਈ ਦਾ ਪੈਂਡਾ ਤਹਿ ਕਰਦੀ ਰਹੀ।
ਪਰ ਸ਼ਰਨ ਦੀ ਇਸ ਮੰਜ਼ਿਲ ਪਾਉਣ ਤੋਂ ਬਾਅਦ ਇਸ ਦੀ ਅਸਲੀ ਮੰਜ਼ਿਲ ਕਨੇਡਾ ਵਿੱਚ ਪੱਕੇ ਹੋਣ ਦੀ ਜਿਉਂ ਦੀ ਤਿਉਂ ਖੜ੍ਹੀ ਸੀ। ਸ਼ਰਨ ਦੀਆਂ ਸਹੇਲੀਆਂ ਨੇ ਉਸ ਨੂੰ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੀ ਸਲਾਹ ਦਿੰਦੀਆਂ, ''ਸ਼ਰਨ ਸਾਧਣੀ ਬਣ ਕੇ ਕਨੇਡਾ 'ਚ ਪੱਕੇ ਹੋਣ ਦੀ ਆਸ ਛੱਡ ਦੇ, ਜੇ ਪੀ ਆਰ ਚਾਹੁੰਦੀ ਹੈਂ ਤਾਂ ਕੋਈ ਕਨੇਡਾ ਦਾ ਪੱਕਾ ਪੰਛੀ ਲੱਭ ਕੇ ਉਸ 'ਤੇ ਜਾਲ਼ ਸੁੱਟ ਲੈ।'' ਪਰ ਸ਼ਰਨ ਇਹ ਸਲਾਹ ਨੂੰ ਬੜਾ ਹੀ ਜੋਖ਼ਿਮ ਭਰਿਆ ਅਤੇ ਘਟੀਆ ਸਮਝ ਰਹੀ ਸੀ।ਉਹ ੳਾਪਣੀਆਂ ਸਹੇਲੀਆਂ ਨੂੰ ਨੋੜਵਾਂ ਜਵਾਬ ਦਿੰਦੀ, ''ਕੀ ਪਤਾ ਕੋਈ ਅਨਜਾਣ ਜਾਨਵਰ ਅੰਬੀਆਂ ਚੂਪ ਕੇ ਕਿਸੇ ਹੋਰ ਟਾਹਣੀ 'ਤੇ ਬੈਠ ਜਾਏ? ਨਾ ਇੱਜ਼ਤ ਰਹੇਗੀ ਅਤੇ ਨਾ ਹੀ ਪੀ. ਆਰ. ਮਿਲੇਗੀ।'' ਉਸ ਦੀਆਂ ਸਹੇਲੀਆਂ ਵਿੱਚੋਂ ਇੱਕ ਧਾਕੜ ਸਹੇਲੀ ਬੋਲੀ, ''ਮੁਟਿਆਰ ਵਿੱਚ ਮੱੜਕ ਚਾਹੀਦੀ ਹੈ ਅਤੇ ਬੋਲਾਂ ਵਿੱਚ ਰੜਕ ਚਾਹੀਦੀ ਹੈ, ਕਿਹੜਾ ਮਰਦ ਇਹੋ ਜਿਹੀ ਗ਼ੁਸਤਾਖ਼ੀ ਕਰ ਜਾਊ?'' ਸ਼ਰਨ ਨੇ ਸਾਫ਼-ਸਾਫ਼ ਜਵਾਬ ਦੇ ਦਿੱਤਾ, ''ਨੀਂ ਭੈਣੇਂ ਮੇਰੇ 'ਚ ਇੰਨੀ ਰੜਕ ਅਤੇ ਮੜਕ ਨਹੀਂ ਅਤੇ ਨਾ ਹੀ ਮੈਂ ਇਸ ਪੰਗੇ 'ਚ ਪੈਣਾ।''
ਸ਼ਰਨ ਦੇ ਪਾਸ ਕਨੇਡਾ ਵਿੱਚ ਕੁੱਝ ਸਮਾਂ ਹੋਰ ਰਹਿਣ ਸਕਣ ਦਾ ਇੱਕੋ ਢੰਗ ਸੀ ਕਿ ਉਹ ਇੱਕ ਹੋਰ ਕੋਰਸ ਦੀ ਫ਼ੀਸ ਭਰੇ ਤਾਂ ਉਸ ਨੂੰ ਵੀਜ਼ੇ ਦੀ ਬਢੌਤਰੀ ਮਿਲ ਸਕਦੀ ਸੀ।ਉਸਨੇ ਇਵੇਂ ਹੀ ਕੀਤਾ, ਇੱਕ ਹੋਰ ਕੋਰਸ ਲਈ ਨਾ ਚਾਹੁੰਦੇ ਹੋਏ ਵੀ ਦਾਖ਼ਲਾ ਭਰ ਦਿੱਤਾ। ਹੁਣ ਸ਼ਰਨ ਦੂਸਰਾ ਕੋਰਸ ਕਰਨ ਲੱਗੀ ਅਤੇ ਫ਼ਾਰਮਾਂ ਵਿੱਚ ਕੰਮ ਕਰਦੀ ਰਹੀ।
ਸਹੇਲੀਆਂ ਦੀ ਦਿੱਤੀ ਚੰਗੀ ਮੰਦੀ ਸਲਾਹ ਨੂੰ ਕੁਦਰਤੀ ਤੌਰ ਤੇ ਬੂਰ ਪੈਣ ਲੱਗਾ।ਇੱਕ ਦਿਨ ਫਾਰਮ ਵਿੱਚ ਕੰਮ ਕਰਦਿਆਂ ਇਸ ਦੀ ਮੁਲਾਕਾਤ ਫਾਰਮ ਵਿੱਚ ਹੀ ਕੰਮ ਕਰਦੇ ਸ਼ਮਸ਼ੇਰ ਨਾਲ ਹੋ ਗਈ। ਇਹ ਕਨੇਡਾ ਵਿਆਹ ਕਰਨ ਦੇ ਜ਼ਰ੍ਹੀਏ ਆਇਆ ਸੀ ਪਰ ਇਸ ਦੀ ਵਹੁਟੀ ਇਸ ਨੂੰ ਵਿਆਹ ਤੋਂ ਛੇਤੀ ਹੀ ਬਾਅਦ ਛੱਡ ਗਈ ਸੀ। ਇਸ ਦੇ ਮਿੰਨਤਾਂ ਤਰਲੇ ਕਰਨ ਕਰਕੇ ਇਸ ਨੂੰ ਪੀ. ਆਰ. ਤਾਂ ਦੁਆ ਗਈ ਸੀ ਪਰ ਇਸ ਨਾਲ ਰਹਿਣ ਤੋਂ ਇਨਕਾਰੀ ਸੀ। ਸ਼ਾਇਦ ਵਿਆਹ ਤੋਂ ਪਹਿਲਾਂ ਇਸ ਕੁੜੀ ਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਸੀ, ਪਰ ਘਰਦਿਆਂ ਨੇ ਜ਼ਬਰਦਸਤੀ ਇਸ ਦਾ ਵਿਆਹ ਸਮਸ਼ੇਰ ਨਾਲ ਕਰ ਦਿੱਤਾ ਸੀ।
ਸਮਸ਼ੇਰ ਅਜੇ ਤਾਜ਼ਾ-ਤਾਜ਼ਾ ਭਾਰਤ ਤੋਂ ਆਇਆ ਹੋਣ ਕਰਕੇ ਆਪਣੇ ਵਿਆਹ ਲਈ ਚਾਰ ਪੈਸੇ ਜੋੜਨੇ ਚਾਹੁੰਦਾ ਸੀ। ਸ਼ਰਨ ਨੂੰ ਗੱਲਾਂ ਬਾਤਾਂ ਵਿੱਚ ਸਮਸ਼ੇਰ ਦੇ ਪਿਛੋਕੜ ਵਾਰੇ ਤਾਂ ਪਤਾ ਲੱਗ ਗਿਆ ਸੀ ਪਰ ਕਾਹਲੀ ਨਾਲ ਤੱਤੇ ਦੁੱਧ ਨੂੰ ਮੂੰਹ ਲਾ ਕੇ ਬੁੱਲੀਆਂ ਸਾੜਨੀਆਂ ਨਹੀਂ ਚਾਹੁੰਦੀ ਸੀ।ਨਾਲੇ ਆਪੇ ਤਾਂ ਸਹੇਲੀਆਂ ਨੂੰ ਵਰਜਦੀ ਹੁੰਦੀ ਸੀ ਕਿ ਅਨਜਾਣ ਪੰਛੀਆ ਤੋਂ ਅੰਬਾਂ ਨੂੰ ਟੁੱਕਣ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਇਹੀ ਧਾਰਨਾ ਸਮਸ਼ੇਰ ਦੀ ਸੀ, ਜਿਸ ਨੇ ਸੁਣ ਰੱਖਿਆ ਸੀ ਕਿ ਬਾਹਰ ਪੱਕੇ ਹੁੰਦਿਆਂ ਸਾਰ ਹੀ ਕੁੜੀਆਂ ਚੰਗੇ ਭਲੇ ਮੁੰਡਿਆਂ ਦੀ ਪਿੱਠ 'ਤੇ ਲੱਤ ਮਾਰ ਕੇ ਕਿਨਾਰਾ ਕਰ ਜਾਂਦੀਆਂ ਹਨ।
ਸਮਸ਼ੇਰ ਵਾਂਗ ਸ਼ਰਨ ਵੀ ਆਪਣੀ ਜ਼ਿੰਦਗੀ ਦੀ ਘੁੱਪ ਹਨੇਰ ਸੁਰੰਗ ਪਿੱਛੋਂ ਰੋਸ਼ਨੀ ਦੀ ਭਾਲ਼ ਕਰ ਰਿਹਾ ਸੀ। ਦੂਸਰੇ ਪਾਸੇ ਸਮਸ਼ੇਰ ਨੂੰ ਸ਼ਰਨ ਵਿੱਚ ਇੱਕ ਸਦੀਵੀ ਜੀਵਨ ਸਾਥਣ ਦੀ ਆਸ ਵੱਝਦੀ ਦਿਸ ਰਹੀ ਸੀ।ਸ਼ਮਸ਼ੇਰ ਅਤੇ ਸ਼ਰਨ ਗੁੱਝੇ ਗੁੱਝੇ ਇੱਕ ਦੂਸਰੇ ਨੂੰ ਪਰਖਦੇ ਰਹੇ ਪਰ ਬਹੁਤਾ ਨਜ਼ਦੀਕ ਹੋਣ ਦਾ ਹੌਸਲਾ ਨਾ ਕਰਨ।ਪਰ ਦਰਿਆਵਾਂ ਦੇ ਪਾਣੀਆਂ ਨੂੰ ਕੋਈ ਕਿੰਨਾ ਕੁ ਚਿਰ ਬੰਨ ਲਾ ਕੇ ਡੱਕੀ ਰੱਖੂ, ਅਖੀਰ ਨੂੰ ਆਪਣੇ ਜੋਰ ਨਾਲ ਹੱਦਾਂ ਬੰਨੇ ਤੋੜ ਹੀ ਦਿੰਦੇ ਹਨ। ਦੋਹਾਂ ਦਾ ਆਪਸੀ ਪਿਆਰ ਜ਼ਿੰਦਗੀ ਦੇ ਭਰਮਾਂ ਭੁਲੇਖਿਆਂ 'ਤੇ ਭਾਰੂ ਪੈ ਗਿਆ।
ਦੋਹਾਂ ਦੇ ਪਿਆਰ ਦੀਆਂ ਤਾਰਾਂ ਵਿੱਚੋਂ ਇਸ਼ਕ ਦਾ ਮਧੁਰ ਸੰਗੀਤ ਗੂੰਜਣ ਲੱਗ ਪਿਆ। ਰੋਜ਼ ਕੰਮ ਕਰਦਿਆਂ ਮੁਲਾਕਾਤ ਡੂੰਘੀ ਹੁੰਦੀ ਗਈ। ਇੱਕ ਦਿਨ ਸ਼ਰਨ ਨੇ ਸ਼ਮਸ਼ੇਰ ਨੂੰ ਪੁੱਛ ਹੀ ਲਿਆ। ''ਦੇਖ ਸ਼ਮਸ਼ੇਰ ਲੱਗਦਾ ਹੈ ਕਿ ਸਾਡੀ ਦੋਵੇਂ ਦੀ ਜ਼ਿੰਦਗੀਆਂ ਦੀਆਂ ਬੇੜੀਆਂ ਇੱਕੋ ਜਿਹੀਆਂ ਘੁੰਮਣ ਘੇਰੀਆਂ ਦੀਆਂ ਸ਼ਿਕਾਰ ਹਨ, ਕਿਉਂ ਨਾ ਆਪਾਂ ਦੋਵੇਂ ਜ਼ਿੰਦਗੀ ਦਾ ਕੋਈ ਪੱਕਾ ਕਿਨਾਰਾ ਲੱਭ ਲਈਏ?'' ਸਮਸ਼ੇਰ ਨੂੰ ਲੱਗਾ ਕਿ ਸ਼ਰਨ ਨੇ ਉਸ ਦੇ ਦਿਲ ਦੀ ਗੱਲ ਕੀਤੀ ਹੈ, ਤੇ ਉਸਨੂੰ ਆਖ ਦਿੱਤਾ ਕਿ ਉਹ ਤਾਂ ਆਪ ਵੀ ਇਸ ਨੂੰ ਪੁੱਛਣ ਵਾਲਾ ਹੀ ਸੀ।ਆਖ਼ਿਰ ਨੂੰ ਇਹ ਪਿਆਰ ਭੁੱਖੀਆਂ ਰੂਹਾਂ ਇੱਕ ਦੂਜੇ ਦੀ ਗਲਵੱਕੜੀ ਵਿੱਚ ਆ ਗਈਆਂ। ਦੋਹਾਂ ਨੇ ਆਪਣੇ ਮਾਪਿਆਂ ਨੂੰ ਇਸ ਸ਼ੁਭ ਖ਼ਬਰ ਦੀ ਜਾਣਕਾਰੀ ਦੇ ਦਿੱਤੀ।ਦੋਹਾਂ ਦੇ ਮਾਪੇ ਇਨ੍ਹਾਂ ਦੀ ਪਸੰਦ 'ਤੇ ਬੇਹੱਦ ਖੁਸ਼ ਹੋਏ ਅਤੇ ਇਸ ਚੰਗੇ ਕਾਰਜ਼ ਨੂੰ ਛੇਤੀ ਨੇਪਰੇ ਚ੍ਹਾੜਨ ਦੀ ਤਗੀਦ ਕੀਤੀ।
ਸਮਸ਼ੇਰ ਨੇ ਆਪਣੀ ਬੈਂਕ 'ਚ ਜਮਾਂ ਰਾਸ਼ੀ ਨਾਲ ਇੱਕ ਸਧਾਰਨ ਵਿਆਹ ਕਰਨ ਦਾ ਸ਼ਰਨ ਨੂੰ ਭਰੋਸਾ ਦੁਆਇਆ ਅਤੇ ਦੋ ਕੁ ਹਫ਼ਤਿਆਂ ਵਿੱਚ ਹੀ ਵਿਆਹ ਰੱਖ ਲਿਆ।ਅਜੇ ਇਸ ਖ਼ਬਰ ਨੂੰ ਆਪਣੇ ਦੋਹਾਂ ਵਿਚਕਾਰ ਹੀ ਰੱਖਿਆ।ਜਦੋਂ ਸ਼ਰਨ ਨੇ ਆਪਣੀਆਂ ਸਹੇਲੀਆਂ ਨੂੰ ਇਹ ਖ਼ਬਰ ਅਚਾਨਕ ਸੁਣਾਈ ਤਾਂ ਉਹ ਦੰਗ ਰਹਿ ਗਈਆਂ ਤਾਂ ਉਨ੍ਹਾਂ 'ਚੋਂ ਇੱਕ ਆਖਣ ਲੱਗੀ, '' ਬੜੀ ਛੁੱਪੀ ਰੁੱਸਤਮ ਨਿਕਲੀ, ਸਾਨੂੰ ਆਖਦੀ ਸੀ ਕਿ ਮੈਂ ਅਣਜਾਣਾਂ ਨਾਲ ਇਹੋ ਜਿਹਾ ਪੰਗਾ ਨਹੀਂ ਲੈਣਾ, ਹੁਣ ਇਸ ਸ਼ਿਕਾਰੀ ਦੇ ਜਾਲ ਵਿੱਚ ਚਿੱਟੀ ਕਬੂਤਰੀ ਕਿਵੇਂ ਫਸ ਗਈ?''
ਦੂਸਰੀ ਸਹੇਲੀ ਨੇ ਇੱਕ ਤੀਰ ਹੋਰ ਛੱਡ ਦਿੱਤਾ, '' ਆਪੇ ਫ਼ੜਾਂ ਮਾਰਦੀ ਸੀ ਕਿ ਅਨਜਾਣ ਪੰਛੀਆਂ ਤੋਂ ਅੰਬੀਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ, ਹੁਣ ਪਤਾ ਨਹੀਂ ਕਿੱਦਾਂ ਕਿਸੇ ਅਨਜਾਣ ਪੰਛੀ ਨੂੰ ਆਪਣੇ ਦਰੱਖਤ ਤੇ ਬੈਠਣ ਦੇ ਦਿੱਤਾ?'' ਸ਼ਰਨ ਸ਼ਰਮਾਉਂਦੀ ਹੋਈ ਨੇ ਉਨ੍ਹਾਂ ਸਹੇਲੀਆਂ ਦੇ ਤਿੱਖੇ ਵਾਰ ਰੋਕ ਲਏ, ''ਜਾਹ ਭੈਣੇਂ ਇਹੋ ਜਿਹੇ ਮਜ਼ਾਕ ਨਹੀਂ ਕਰੀਦੇ, ਸਮਸ਼ੇਰ ਤਾਂ ਮੇਰੀ ਜਿੰਦ ਜਾਨ ਹੈ। ਮੈਂ ਕਿਹੜਾ ਉਸਨੂੰ ਫ਼ਾਰਮਾਂ 'ਚ ਭਾਲਣ ਗਈ ਸੀ, ਰੱਬ ਨੇ ਇਹ ਜੁਗਾੜ ਆਪੇ ਹੀ ਤਾਂ ਬਣਾ ਦਿੱਤਾ।ਹੁਣ ਤੁਸੀ ਮੂਹਰਲੇ ਐਤਵਾਰ ਨੂੰ ਵਿਆਹ ਦੀ ਤਿਆਰੀ ਕਰੋ ਅਤੇ ਤੁਸੀਂ ਹੀ ਰਲ ਮਿਲ ਕੇ ਸਾਡੇ ਦੋਹਾਂ ਦੇ ਨਾਨਕੇ ਦਾਦਕੇ ਬਣਨਾ ਹੈੇ।''