ਇਸ਼ਕ, ਜਨੂੰਨ ਤੇ ਸੰਘਰਸ਼ ਦੇ ਸੱਚ ਦਾ ਸਾਹਿਤ ਰਚਣ ਵਾਲੀ ਐਨੀ ਅਰਨੌ - ਕ੍ਰਿਸ਼ਨ ਕੁਮਾਰ ਰੱਤੂ
ਫਰਾਂਸੀਸੀ ਭਾਸ਼ਾ ਦੀ ਲੇਖਿਕਾ ਐਨੀ ਅਰਨੌ ਨੂੰ ਇਸ ਵਰ੍ਹੇ ਦਾ ਨੋਬੇਲ ਸਾਹਿਤ ਪੁਰਸਕਾਰ ਦਿੱਤਾ ਗਿਆ ਹੈ। ਬੇਬਾਕ ਸ਼ੈਲੀ ਦੀ ਇਸ ਪ੍ਰੋੜ ਲੇਖਿਕਾ ਦਾ ਕਥਨ ਹੈ ਕਿ ਸਾਹਿਤ ਸਾਵੇ ਪੱਤਰਾਂ ਦੀ ਕਥਾ ਨਹੀਂ ਹੁੰਦਾ। ਇਹ ਮਹਿਜ਼ ਕਵਿਤਾ ਕਹਾਣੀ ਵੀ ਨਹੀਂ ਹੈ। ਇਹ ਇਕ ਰਾਜਨੀਤਕ ਹਥਿਆਰ ਹੈ ਤੇ ਲਗਾਤਾਰ ਬਦਲਦਾ ਹੈ। ਇਸ ਦੀ ਭਾਸ਼ਾ ਚਾਕੂ ਵਾਂਗ ਇਕ ਨਸ਼ਤਰ ਤੋਂ ਵੀ ਜ਼ਿਆਦਾ ਧਾਰਦਾਰ ਹੈ। ਇਹ ਸਭ ਕੁਝ ਮੈਂ ਆਪ ਹੰਢਾਇਆ ਹੈ, ਖ਼ੁਦ ਜੀਵਿਆ ਹੈ। ਜੋ ਲਿਖਿਆ ਹੈ ਉਹ ਜੋ ਕੁਝ ਵੀ ਹੈ, ਤੁਹਾਡੇ ਸਾਹਮਣੇ ਹੈ। ਹੁਣ ਸਿਰਫ਼ ਸਾਹਿਤ ਦੀ ਤਾਕਤ ਹੀ ਦੁਨੀਆ ਨੂੰ ਬਦਲ ਸਕਦੀ ਹੈ।
ਇਹ ਹੈ ਐਨੀ ਅਰਨੌ ਦਾ ਉਹ ਬਿਆਨ ਜੋ ਉਸ ਨੇ ਆਪਣੇ ਸਾਹਿਤ ਅਤੇ ਜੀਵਨ ’ਤੇ ਬਣੀ ਦਸਤਾਵੇਜ਼ੀ ਫਿਲਮ ਵਿਚ ਬਿਆਨ ਕੀਤਾ ਹੈ। ਉਸ ਦੇ ਜੀਵਨ ਦੀਆਂ ਕਈ ਪਰਤਾਂ ਇਸ ਫਿਲਮ ਵਿਚ ਮਿਲਦੀਆਂ ਹਨ।
ਸਾਡੇ ਵਰਤਮਾਨ ਸਮੇਂ ਦੀ ਇਹ ਵੱਡੀ ਲੇਖਿਕਾ ਆਪਣੀ ਭਾਸ਼ਾ ਪ੍ਰਤੀ ਸੁਚੇਤ ਹੋ ਕੇ ਕਹਿੰਦੀ ਹੈ ਕਿ ਸਾਹਿਤ ਦੀ ਭਾਸ਼ਾ ਤਿੱਖੀ ਹੋਣੀ ਚਾਹੀਦੀ ਹੈ ਜੋ ਦਿਲ ਵਿਚ ਉਤਰ ਜਾਏ।
ਉਹ ਫਰਾਂਸ ਦੀ ਚਰਚਿਤ ਲੇਖਕ ਹੈ ਜਿਸ ਨੂੰ ਲੋਕਾਂ ਨੇ ਦਿਲੋ-ਦਿਮਾਗ਼ ਨਾਲ ਪੜ੍ਹਿਆ ਹੈ ਅਤੇ ਐਨੀ ਦੇ ਹੌਸਲੇ ਤੇ ਉਸ ਦੀ ਦਲੇਰੀ ਉਸ ਦੇ ਜ਼ਖ਼ਮਾਂ ਨੂੰ ਸਾਹਮਣੇ ਲੈ ਕੇ ਆਉਂਦੀ ਹੈ। ਉਸ ਦਾ ਕਹਿਣਾ ਹੈ ਕਿ ਇਹ ਸ਼ਬਦਾਂ ਦਾ ਮਰਮ ਹੀ ਉਸ ਦੀ ਤਾਕਤ ਹੈ। ਉਸ ਨੇ ਅਠਤਾਲੀ ਵਰ੍ਹੇ ਪਹਿਲਾਂ ਜਿਸ ਗਰਭਪਾਤ ਸਮੱਸਿਆ ਬਾਰੇ ਕਿਤਾਬ ਲਿਖੀ ਸੀ, ਉਸ ਨੇ ਫਰਾਂਸ ਵਿਚ ਗਰਭਪਾਤ ਬਾਰੇ ਤਬਦੀਲੀ ਲਿਆ ਕੇ ਇਕ ਨਵਾਂ ਸਮਾਜ ਸਿਰਜਣ ਵਿਚ ਭੂਮਿਕਾ ਨਿਭਾਈ ਤੇ ਜਿਊਣ ਦਾ ਤਰੀਕਾ ਔਰਤਾਂ ਖ਼ਾਸਕਰ ਲੜਕੀਆਂ ਨੂੰ ਦੱਸਿਆ ਸੀ। ਇਸ ਕਰਕੇ ਉਸ ਨੂੰ ਦੁਨੀਆ ਦੀ ਵੱਡੀ ਤਾਕਤ ਦੀ ਰਾਜਨੀਤੀ ਤੋਂ ਵੀ ਵੱਡੀ ਸਾਹਿਤ ਦੀ ਤਾਕਤ ਗਰਦਾਨਿਆ ਗਿਆ ਸੀ।
ਐਨੀ ਅਰਨੌ ਬਾਰੇ ਇਹ ਕੱਟੜ ਸੱਚਾਈ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਨੇ ਪਹਿਲੀ ਵਾਰ ਭਾਸ਼ਾ ਨੂੰ ਇਕ ਤਿੱਖੇ ਹਥਿਆਰ ਵਾਂਗ ਵਰਤਿਆ। ਜਾਂ ਪਾਲ ਸਾਰਤਰ ਵਰਗੇ ਫਰਾਂਸੀਸੀ ਲੇਖਕਾਂ ਤੋਂ ਪੀਅਰੇ ਵਰਗੇ ਚਿੰਤਕਾਂ ਵਿਚ ਫਰਾਂਸੀਸੀ ਸਾਹਿਤ ਦੀ ਇਕ ਵੱਖਰੀ ਮੁੱਖ ਧਾਰਾ ਨੇ ਅੱਜ ਤੱਕ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਤੋਂ ਬਾਅਦ ਸਾਹਿਤ ਰਚਨਾ ਕਰਨ ਵਾਲਿਆਂ ਵਿਚ ਐਨੀ ਦਾ ਵੀ ਪ੍ਰਮੁੱਖ ਸਥਾਨ ਹੈ।
ਐਨੀ ਅਰਨੌ ਸਾਡੇ ਸਮੇਂ ਦੀ ਉਹ ਚਿਤੇਰੀ ਹੈ ਜਿਸ ਨੇ ਆਪਣੇ (ਮੈਂ ਦੇ) ਅੰਦਾਜ਼ ਵਿਚ ਕਥਾ ਸੰਸਾਰ ਨੂੰ ਜੀਵਿਆ ਤੇ ਦੁਨੀਆ ਸਾਹਮਣੇ ਲਿਆਂਦਾ ਹੈ। ਆਪਣੇ ਸੁੱਚੇ ਰਚਨਾ ਸੰਸਾਰ ਵਿਚ ਉਹ ਅਜਿਹੀ ਹੀ ਦਰਿਆਦਿਲੀ ਵਿਖਾਉਂਦੀ ਹੈ।
ਸਵੀਡਿਸ਼ ਅਕਾਦਮੀ ਨੇ ਆਪਣੇ ਬਿਆਨ ਵਿਚ ਉਸ ਨੂੰ ਇਕ ਸਾਹਸੀ, ਲਿੰਗ ਭੇਦਾਂ ਵਿਚ ਵੰਡੇ ਹੋਏ ਸਮਾਜ ਵਿਚ ਵਿਅਕਤੀਗਤ ਭਾਵਨਾਵਾਂ ਜਿਸ ਵਿਚ ਪ੍ਰੇਮ, ਪ੍ਰੇਮਿਕਾ ਤੇ ਇਸ਼ਕ ਤੋਂ ਲੈ ਕੇ ਗਰਭਪਾਤ ਵਰਗੇ ਮੁੱਦਿਆਂ ਦੀ ਆਵਾਜ਼ ਬਣਨ ਲਈ ਖੁੱਲ੍ਹੀ ਕਿਤਾਬ ਵਰਗੀ ਲੇਖਿਕਾ ਕਿਹਾ ਹੈ। ਬਿਆਸੀ ਵਰ੍ਹਿਆਂ ਦੀ ਉਮਰ ਹੰਢਾਅ ਚੁੱਕੀ ਐਨੀ ਅਜੇ ਵੀ ਓਨੀ ਹੀ ਬੇਬਾਕ ਹੈ।
ਨੋਬੇਲ ਪੁਰਸਕਾਰ ਦਾ ਐਲਾਨ ਹੋਣ ਤੋਂ ਬਾਅਦ ਕੀਤੀ ਅਤੇ ਦੁਨੀਆ ਵਿਚ ਵੱਖ-ਵੱਖ ਚੈਨਲਾਂ ’ਤੇ ਵਿਖਾਈ ਗਈ ਇੰਟਰੂਵਿਊ ਦੌਰਾਨ ਆਪਣੇ ਬੇਬਾਕ ਅੰਦਾਜ਼ ’ਚ ਉਸ ਨੇ ਕਿਹਾ ਕਿ ਉਹ ਹੁਣ ਵੀ ਇਸ ਭਰੀ ਉਮਰ ਵਿਚ ਜਿਉਣਾ ਲੋਚਦੀ ਹੈ ਕਿਉਂਕਿ ਜ਼ਿੰਦਗੀ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ। ਜ਼ਿੰਦਗੀ ਘਟਨਾਵਾਂ ਤੇ ਦੁੱਖ ਸੁੱਖ ਦਾ ਮਿਸ਼ਰਣ ਹੈ। ਕਦੇ ਮਿੱਠੀ ਤੇ ਕਣੇ ਨਮਕੀਨ ਪਰ ਇਹ ਹੈ ਜਿਉਣ ਵਾਸਤੇ।
ਵੀਹ ਸਾਲ ਦੀ ਉਮਰ ਵਿਚ ਸ਼ੁਰੂ ਹੋਏ ਆਪਣੀ ਆਤਮਕਥਾ ਦੇ ਕਿਤਾਬੀ ਸਫ਼ਰ ਵਿਚ ਉਸ ਨੇ ਆਪਣੇ ਆਲੇ-ਦੁਆਲੇ ਦੇ ਲੋਕਾਂ ਬਾਰੇ ਲਿਖਿਆ। ਇਹ ਹੀ ਉਹ ਸਮਾਂ ਸੀ ਜਦੋਂ ਉਸ ਨੇ ਰੋਟਨ ਯੂਨੀਵਰਸਿਟੀ ਤੋਂ ਡਿਗਰੀ ਲੈ ਕੇ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕੀਤਾ ਸੀ।
ਮੱਧਵਰਗੀ ਸਮਾਜ ਵਿਚ ਇਕ ਆਮ ਘਰ ਵਿਚ ਪੈਦਾ ਹੋਈ ਐਨੀ ਨੇ ਉਸ ਸ਼ਿੱਦਤ ਤੇ ਪ੍ਰੇਸ਼ਾਨੀ ਨੂੰ ਮਹਿਸੂਸ ਕੀਤਾ ਸੀ ਜੋ ਆਮ ਤੌਰ ’ਤੇ ਮੱਧਵਰਗੀ ਪਰਿਵਾਰਾਂ ’ਚ ਪੂਰੀ ਦੁਨੀਆ ਵਿਚ ਹੁੰਦੀ ਹੈ। ਸਾਧਾਰਨ ਭਾਸ਼ਾ ਸ਼ੈਲੀ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਉਸ ਨੇ ਇਕ ਇਮਾਨਦਾਰ ਲੇਖਕ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਹੈ।
ਉਸ ਨੇ ਇਕ ਵਾਰੀ ਕਿਹਾ ਸੀ ਕਿ ਉਸ ਨੇ ਉਨ੍ਹਾਂ ਚੀਜ਼ਾਂ ਬਾਰੇ ਲਿਖਿਆ ਜਿਸ ਬਾਰੇ ਕਦੇ ਕਿਸੇ ਨੇ ਨਹੀਂ ਸੋਚਿਆ ਹੋਵੇਗਾ। ਉਹ ਸੇਹਜੀ ਪੋਂਟਵਸ ਵਿਚ ਰਹਿ ਰਹੀ ਹੈ। ਐਨੀ ਨੇ ਪੁਰਸਕਾਰ ਪ੍ਰਾਪਤੀ ਦੇ ਐਲਾਨ ਤੋਂ ਬਾਅਦ ਕਿਹਾ ਕਿ ਉਹ ਇਹ ਪੁਰਸਕਾਰ ਪਾ ਕੇ ਬੇਹੱਦ ਖ਼ੁਸ਼ ਹੈ ਪਰ ਹੈਰਾਨ ਨਹੀਂ ਹੈ ਕਿਉਂਕਿ ਆਪਣੀਆਂ ਲਿਖਤਾਂ ਦੀ ਤਾਕਤ ਦਾ ਉਸ ਨੂੰ ਪਤਾ ਹੈ।
ਉਸ ਦੀ 2008 ਵਿਚ ਪ੍ਰਕਾਸ਼ਿਤ ਕਿਤਾਬ ‘ਦਿ ਯੀਅਰਜ਼’ ਪੜ੍ਹਦਿਆਂ ਜਾਪਦਾ ਹੈ ਕਿ ਉਹ ਯੁੱਧ ਦਾ ਅੰਤ ਤੇ ਆਪਣੇ ਪਿਤਾ ਬਾਰੇ ਜਿਸ ਢੰਗ ਨਾਲ ਲਿਖਦੀ ਹੈ, ਉਸ ਸਦਾ ਪ੍ਰੇਰਨਾਮਈ ਬਣਿਆ ਰਹੇਗਾ। ਐਨੀ ਨੇ 40 ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ ਹੈ ਅਤੇ 22 ਤੋਂ ਭਾਸ਼ਾਵਾਂ ਵਿਚ ਉਸ ਦੀਆਂ ਕਿਤਾਬਾਂ ਦਾ ਅਨੁਵਾਦ ਹੋਇਆ ਹੈ।
1974 ਵਿਚ ਆਪਣੀ ਲਿਖਣ ਯਾਤਰਾ ਸ਼ੁਰੂ ਕਰਨ ਵਾਲੀ ਐਨੀ ਅਰਨੌ ਨੇ ਲੇਸ ਅਰਮੋਰਇਰਜ਼ (ਕਲੀਨਡ ਆਊਟ) ਨਾਲ ਸ਼ੁਰੂ ਕੀਤਾ ਸੀ ਤੇ ਬਾਅਦ ਵਿਚ ਜਦੋਂ ਫਰਾਂਸੀਸੀ ਤੋਂ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਹੋ ਕੇ ਉਹ ਪੂਰੀ ਦੁਨੀਆ ਵਿਚ ਪਹੁੰਚੀ ਤਾਂ ਉਸ ਦੇ ਆਪੇ ਦੀ ਕਥਾ ਪੂਰੀ ਦੁਨੀਆ ਦੇ ਮਨਾਂ ਨੂੰ ਛੂਹ ਗਈ ਸੀ।
ਆਪਣੀਆਂ ਦੂਸਰੀਆਂ ਪੁਸਤਕਾਂ ਵਿਚ ‘ਏ ਮੈਨਜ਼ ਪਲੇਸ’, ‘ਲ ਹੋਂਟੇ’ ਵਰਗੀਆਂ ਪੁਸਤਕਾਂ ਵਿਚ ਉਸ ਨੇ ਜਿਸਮਾਨੀ ਤੇ ਰੂਹਾਨੀ ਰਿਸ਼ਤਿਆਂ ਬਾਰੇ ਬੇਬਾਕੀ ਨਾਲ ਲਿਖਿਆ ਹੈ। ‘ਸ਼ੇਮ’ ਉਸ ਦਾ ਇਕ ਹੋਰ ਵੱਕਾਰੀ ਪੁਸਤਕ ਗ੍ਰੰਥ ਹੈ। ਉਸ ਦੀਆਂ ਪੁਸਤਕਾਂ ਦੇ ਪ੍ਰਕਾਸ਼ਕ ਸੈਵਨ ਸਟੋਰੀ ਪ੍ਰੈੱਸ ਦਾ ਕਹਿਣਾ ਹੈ ਕਿ ਉਸ ਦੀਆਂ ਪੁਸਤਕਾਂ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਹਰ ਵਰਗ ਵਿਚ ਹਰਮਨ ਪਿਆਰੀਆਂ ਹਨ।
ਉਸ ਦੀਆਂ ਪ੍ਰਸਿੱਧ ਪੁਸਤਕਾਂ ਵਿਚ ‘ਆਈ ਰੀਮੇਨ ਇਨ ਡਾਰਕਨੈਸ’, ‘ਥਿੰਗਜ਼ ਸੀਨ’, ਹੈਪਨਿੰਗ, ਗੈਟਿੰਗ ਲੋਸਟ, ਪੈਸ਼ੇਨ ਸਿੰਪਲ, ਏ ਗਰਲ’ਜ਼ ਸਟੋਰੀ, ‘ਦਿ ਪੋਜੈਸ਼ਨ ਵਰਗੀਆਂ ਕਿਤਾਬਾਂ ਦੇ ਨਾਲ ਉਸ ਨੇ ਕਈ ਉਹ ਯਾਦਾਂ ਦੁਨੀਆਂ ਭਰ ਦੇ ਆਪਣੇ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਜ਼ਿੰਦਗੀ ਧੜਕਦੀ ਹੈ। ਗੌਡਮਦਰ ਉਸ ਦੀ ਵਧੀਆ ਪੁਸਤਕ ਹੈ।
ਆਪਣੀਆਂ ਕਿਤਾਬਾਂ ਲਈ ਉਸ ਨੂੰ ਦੁਨੀਆਂ ਭਰ ਦੇ ਪੁਰਸਕਾਰ ਮਿਲੇ ਹਨ ਜਿਨ੍ਹਾਂ ਵਿਚ ਰਾਇਲ ਸੁਸਾਇਟੀ ਆਫ਼ ਲਿਟਰੇਚਰ ਦਾ ਐਵਾਰਡ ਤੇ ਯੂਰਪੀਅਨ ਲਿਟਰੇਚਰ ਐਵਾਰਡ ਆਪਣੀ ਥਾਂ ’ਤੇ ਹੈ ਪਰ ਨੋਬੇਲ ਦੀ ਪ੍ਰਾਪਤੀ ਉਸ ਦੀਆਂ ਲਿਖਤਾਂ ਦਾ ਉਹ ਅਸਰ ਹੈ ਜੋ ਸਮਾਜ ਪ੍ਰਤੀ ਉਸ ਦੀ ਪ੍ਰਤੀਬੱਧਤਾ ਨੂੰ ਵਿਖਾਉਂਦਾ ਹੈ।
ਉਸ ਨੇ ਤਜ਼ਰਬਿਆਂ ਅਤੇ ਬੜੀ ਉਤਾਰ-ਚੜ੍ਹਾਅ ਵਾਲੀ ਜ਼ਿੰਦਗੀ ਹੰਢਾਈ ਹੈ। ਫਿਲਿਪਸ ਅਰਨੌ ਨਾਲ ਸ਼ਾਦੀ ਕਰਨ ਵਾਲੀ ਤੇ ਦੋ ਪੁੱਤਰਾਂ ਦੀ ਮਾਂ ਐਨੀ 1980 ਤੋਂ ਇਕੱਲਿਆਂ ਰਹਿ ਰਹੀ ਹੈ। ਆਪਣੀ ਜ਼ਿੰਦਗੀ ਤੇ ਕਿਤਾਬਾਂ ਬਾਰੇ ਉਸ ਦਾ ਕਹਿਣਾ ਹੈ : ‘‘ਜ਼ਿੰਦਗੀ ਕਿਤਾਬਾਂ ਦੇ ਸਫ਼ੇ ਨਹੀਂ ਸਮਾਜਿਕ ਬੰਧਨ ਹੈ ਜੋ ਆਮ ਵਰਗ ਤੇ ਦੂਸਰਿਆਂ ਵਿਚ ਜ਼ਿਆਦਾ ਹੁੰਦਾ ਹੈ। ਮੱਧਵਰਗੀ ਪਰਿਵਾਰਾਂ ਦੀਆਂ ਬੰਦਿਸ਼ਾਂ ਹੀ ਜ਼ਿੰਦਗੀ ਦਾ ਇਮਤਿਹਾਨ ਹਨ ਪਰ ਦੂਸਰੇ ਵਰਗ ਦੀ ਚਮਕ ਦਮਕ ਵਿਚ ਉਦਾਸੀ ਦੀ ਮਾਯੂਸੀ ਹੈ। ਇਹ ਹੀ ਤਾਂ ਫ਼ਰਕ ਹੈ।’’
ਐਨੀ ਅਰਨੌ ਨੂੰ ਸਮਝਣਾ ਹੋਵੇ ਤਾਂ ਲੇਖਕ ਡਿਡੀਅਰ ਏਰੀਬਨ ਦੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ‘‘ਜੋ ਮੈਂ ਇਕ ਸਫ਼ੇ ’ਚ ਕਹਿੰਦਾ ਹਾਂ ਉਹ ਇਕ ਵਾਕ ਵਿਚ ਕਹਿ ਸਕਦੀ ਹੈ।’’
ਉਸ ਦੀ ਚੁਸਤ-ਦਰੁਸਤ ਜ਼ਿੰਦਗੀ ਤੇ ਲਿਖਣ ਦੀ ਪ੍ਰਤਿਭਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਸ ਵਿਚ ਕਿਤੇ ਵੀ ਠਹਿਰਾਅ ਨਹੀਂ ਹੈ।
ਇਸ ਮੌਕੇ ’ਤੇ ਉਸ ਦੀ ਪੁਸਤਕ ਲਾ ਪੇਲੈਸ ਯਾਦ ਆਉਂਦੀ ਹੈ ਜਿਸ ਦਾ ਅਨੁਵਾਦ ਅੰਗਰੇਜ਼ੀ ਵਿਚ ਬਹੁਤ ਸਾਲ ਪਹਿਲਾਂ ਪੜ੍ਹਿਆ ਸੀ। ਇਸ ਵਿਚ ਉਹ ਆਪਣੇ ਪਿਤਾ ਤੇ ਆਪਣੇ ਸਬੰਧਾਂ ਬਾਰੇ ਲਿਖਦੀ ਹੈ। ਇਕ ਛੋਟੇ ਕਸਬੇ ਦੀ ਮੱਧਵਰਗੀ ਮਾਨਸਿਕਤਾ ਅਤੇ ਇਕ ਪੁੱਤਰੀ ਤੇ ਪਿਤਾ ਦੇ ਸਬੰਧਾਂ ਬਾਰੇ ਚਿਤਵਿਆ ਤੇ ਚਿਤਰਿਆ ਹੋਇਆ ਬਿਰਤਾਂਤ ਇਨਸਾਨੀ ਜ਼ਿੰਦਗੀ ਦਾ ਸੱਚ ਹੈ।
ਐਨੀ ਨੂੰ ਪੜ੍ਹਦਿਆਂ ਇਹ ਅਹਿਸਾਸ ਵਾਰ-ਵਾਰ ਹੁੰਦਾ ਹੈ ਕਿ ਅਸੀਂ ਕਿਹੜੀ ਦੁਨੀਆਂ ਵਿਚ ਜੀਅ ਰਹੇ ਹਾਂ।
ਸਮੁੱਚੇ ਤੌਰ ’ਤੇ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਉਹ 82 ਵਰ੍ਹਿਆਂ ਦੀ ਉਮੰਗਾਂ ਨਾਲ ਭਰੀ ਜਿਊਂਦੀ ਔਰਤ ਹੈ ਜੋ ਦੁਨੀਆਂ ਨੂੰ ਮਾਣਦਿਆਂ ਤੇ ਜਾਣਦਿਆਂ ਹੋਇਆਂ ਆਪਣੇ ਅੱਖਰਾਂ ਨਾਲ ਜ਼ਿੰਦਗੀ ਦੀਆਂ ਇੰਦਰਧਨੁਸ਼ੀ ਕਾਤਰਾਂ ਦੇ ਕੋਲਾਜ ਨਾਲ ਨਵੀਆਂ ਪੈੜਾਂ ਪਾਉਂਦੀ ਹੈ।
ਉਸ ਨੇ ਯੈਲੋ ਵੈਸਟ ਮੂਵਮੈਂਟ 2018 ਵਿਚ ਭਾਗ ਲਿਆ ਜੋ ਫਰਾਂਸ ਵਿਚ ਵਧੀਆ ਕੀਮਤਾਂ ਅਤੇ ਰਹਿਣ-ਸਹਿਣ ਬਾਰੇ ਪਰਿਵਰਤਨ ਦੀ ਲਹਿਰ ਸੀ।
ਸਾਹਿਤ ਕੀ ਕਰ ਸਕਦਾ ਹੈ।
ਉਸ ਦੀਆਂ ਪੁਸਤਕਾਂ ਵਿਚ ਦਰਜ਼ ਉਹਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ : ‘ਇਕ ਤਿੱਖਾ ਨਸ਼ਤਰ ਹੈ ਸਾਹਿਤ। ਇਹ ਸਭ ਕੁਝ ਸਮੇਂ ਤੇ ਇਤਿਹਾਸ ਦੀ ਦਾਸਤਾਨ ਹੈ।’
ਜਦੋਂ ਸਾਹਿਤ ਦੇ ਪ੍ਰਗਤੀਵਾਦ ਤੇ ਨਾਰੀਵਾਦ ਦੀ ਬੇਮੇਲ ਗੱਲ ਚਲੇਗੀ ਤਾਂ ਐਨੀ ਦੀ ਸਪਸ਼ਟ ਆਵਾਜ਼ ਸੁਣਾਈ ਦੇਵੇਗੀ ਜਿੱਥੇ ਉਹ ਸਵੈ ਨਾਲ ਸੰਬੋਧਨ ਹੋ ਕੇ ਆਪਣੇ ਇਸ਼ਕ, ਨਾਕਾਮੀਆਂ ਤੇ ਗਰਭਪਾਤ ਵਰਗੀਆਂ ਉਦਾਸ ਤੇ ਗੁੰਮਰਾਹਕੁਨ ਰੂੜੀਆਂ ਨੂੰ ਤੋੜਦੀ ਹੈ। ਇਹ ਵੀ ਉਸ ਦੇ ਸਾਹਿਤ ਦਾ ਸੱਚ ਹੈ ਤੇ ਸਾਡੇ ਸਮਿਆਂ ਦਾ ਇਕ ਇਤਿਹਾਸਕ ਦਸਤਾਵੇਜ਼ ਹੈ।
ਉਸ ਨੂੰ ਨੋਬੇਲ ਸਾਹਿਤ ਪੁਰਸਕਾਰ ਮਿਲਣਾ ਵੱਡੀ ਪ੍ਰਾਪਤੀ ਹੈ ਕਿਉਂਕਿ ਸਾਡੇ ਸਮਿਆਂ ਦੀ ਆਮ ਲੋਕਾਂ ਦੀ ਬਹੁਤ ਬੁਲੰਦ ਆਵਾਜ਼ ਹੈ।
* ਲੇਖਕ ਉੱਘਾ ਬ੍ਰਾਡਕਾਸਟਰ ਤੇ ਦੂਰਦਰਸ਼ਨ ਦਾ ਉਪ-ਮਹਾਂਨਿਦੇਸ਼ਕ ਰਿਹਾ ਹੈ।
ਸੰਪਰਕ : 94787-30156