ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

09  ਅਕਤੂਬਰ 2022

ਇਕ ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਏ.ਆਈ.ਜੀ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ- ਇਕ ਖ਼ਬਰ
ਸੁਣ ਲੇ ਨਿਹਾਲੀਏ ਚੋਰਾਂ ਦੀਆਂ ਗੱਲਾਂ।

ਕੇਂਦਰ ਨੇ ਅਸਿੱਧੇ ਢੰਗ ਨਾਲ ਸਿੱਖਾਂ ਦੇ ਮਸਲਿਆਂ ‘ਚ ਦਖ਼ਲ ਦਿਤਾ- ਚੰਦੂਮਾਜਰਾ
ਵਿਹੜੇ ਵੜਦਾ ਖੜਕ ਨਈਉਂ ਕਰਦਾ, ਬਾਬੇ ਗਲ਼ ਟੱਲ ਦਿਉ।

ਪੰਥਕ ਏਕਤਾ ਦੇ ਨਾਂ ‘ਤੇ ਸਰਨਿਆਂ ਤੇ ਬਾਦਲਾਂ ਵਿਚ ਗਲਵਕੜੀ ਪੈ ਗਈ- ਇਕ ਖ਼ਬਰ
ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਸ ਨੂੰ ਚੜ੍ਹੇ।

ਯੂਕਰੇਨ ਨੂੰ ਚਾਰ ਹੋਰ ਆਧੁਨਿਕ ਰਾਕਟ ਸਿਸਟਮ ਦੇਵੇਗਾ ਅਮਰੀਕਾ-ਇਕ ਖ਼ਬਰ
ਚੜ੍ਹ ਜਾ ਬੱਚਾ ਸੂਲ਼ੀ, ਰਾਮ ਭਲੀ ਕਰੇਗਾ।

ਮੈਂ ਨਹੀਂ ਪਾਈ ਸਰਕਾਰ ਦੇ ਹੱਕ ‘ਚ ਵੋਟ, ਨਾ ਕੀਤਾ ਸਮਰਥਨ- ਇਯਾਲੀ
ਗ਼ਲਤ ਮਾਈ ਧੰਨੋ ਵੀ ਨਹੀਂ, ਠੀਕ ਭਾਈਆ ਬੰਤਾ ਸੂੰਹ ਵੀ ਆ।

ਭਗਵੰਤ ਮਾਨ ਅੰਨ੍ਹੇਵਾਹ ਕੇਜਰੀਵਾਲ ਮਗਰ ਲੱਗਣਾ ਬੰਦ ਕਰੇ – ਬਾਜਵਾ
ਅੰਨ੍ਹਿਆਂ ਦੀ ਮੰਡੀ ਦਾ, ਛੱਡ ਦੇ ਸਾਕ ਕੁਸੰਗਾ।

ਲਾਵਾਰਿਸ ਸਾਨ੍ਹ ਨੇ ਅੱਠ ਮੋਟਰਸਾਈਕਲ ਤੇ ਇਕ ਕਾਰ ਨੁਕਸਾਨੀ- ਇਕ ਖ਼ਬਰ
ਆਤੰਕਵਾਦੀ ਸਾਨ੍ਹ।

ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਸਫ਼ਲ ਨਹੀਂ ਹੋਣ ਦਿਆਂਗੇ- ਡਾ.ਚੀਮਾ
ਪਾਕਿਸਤਾਨ ਗੁਰਦੁਆਰਾ ਕਮੇਟੀ ਬਣਨ ਵੇਲੇ ਵੀ ਇਹੋ ਜਿਹੇ ਦਮਗਜ਼ੇ ਮਾਰੇ ਸੀ ਤੁਸੀਂ।

ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ‘ਚ ਵੱਧ ਤੋ ਵੱਧ ਸੰਗਤ ਹਾਜ਼ਰ ਹੋਵੇ- ਗੁਰਪ੍ਰੀਤ ਸਿੰਘ ਗੋਪੀ
ਰੱਬ ਦਾ ਵਾਸਤਾ ਈ ਸੰਗਤ ਜੀ, ਬਚਾ ਲਵੋ ਬਾਦਲਾਂ ਨੂੰ, ਕਰੋ ਕਿਰਪਾ।

ਭਾਜਪਾ ਦਾ ਮੁਕਾਬਲਾ ਕਰਨ ਲਈ ਨਵੀਂ ਸੋਚ ਵਾਲੀ ਕਾਂਗਰਸ ਦੀ ਲੋੜ- ਸ਼ਸ਼ੀ ਥਰੂਰ
ਕੰਤ ਸਹੇੜੀਂ ਵੇ ਬਾਬਲਾ, ਗੁਟਕੂੰ ਗੁਟਕੂੰ ਕਰਦਾ।

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਝੀਂਡਾ ਨੂੰ ਹਟਾਇਆ- ਇਕ ਖ਼ਬਰ
ਸੁੱਤੀ ਪਈ ਤੋਂ ਝਾਂਜਰਾਂ ਲਾਹੀਆਂ, ਵੈਲੀ ਨਾ ਹੋਵੇ ਪੁੱਤ ਜੱਟ ਦਾ।

ਨਿਜੀ ਮੁਫ਼ਾਦਾਂ ਲਈ ਨਹੀਂ, ਪੰਥ ਦੇ ਭਲੇ ਲਈ ਸੁਖਬੀਰ ਬਾਦਲ ਨਾਲ ਗੱਠਜੋੜ ਕਰ ਰਿਹਾ ਹਾਂ- ਸਰਨਾ
ਪੰਥ ਦੇ ਭਲੇ ਲਈ ਬਾਦਲਾਂ ਨਾਲ਼ ਗੱਠ-ਜੋੜ! ਹਾ ਹਾ ਹਾ ਹਾ........

ਭਾਜਪਾ ‘ਚ ਜਾ ਕੇ ਸੁਨੀਲ ਜਾਖੜ ਦੀ ਸ਼ਬਦਾਵਲੀ ‘ਚੋਂ ਤਹਿਜ਼ੀਬ ਗ਼ਾਇਬ ਹੋਣ ‘ਤੇ ਅਫ਼ਸੋਸ- ਸਿਮਰਨਜੀਤ ਸਿੰਘ ਮਾਨ
ਤੁਹਾਡੀ ਸ਼ਬਦਾਵਲੀ ‘ਚ ਹਰ ਵੇਲੇ ‘ਟੈਂਕਾ’ ਲਟਕਦਾ ਰਹਿੰਦਾ ਮਾਨ ਸਾਬ।

ਕਾਂਗਰਸ ਨੂੰ ਆਪਣਾ ਕਾਰਜਕਾਲ ਯਾਦ ਕਰਨਾ ਚਾਹੀਦੈ- ਅਮਨ ਅਰੋੜਾ
ਸੱਸ ਭੈੜੀ ਮਾਰੇ ਬੋਲੀਆਂ, ਦਿਨ ਭੁੱਲ ਗਈ ਕਲਹਿਣੀ ਆਪਣੇ।

ਗੁਜਰਾਤ ਦੇ ਵੋਟਰ ‘ਆਪ’ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼- ਆਪ ਬੁਲਾਰਾ
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਊਣ।