ਲੇਖਕ ਨੂੰ ਹੋਰ ਭਾਸ਼ਾਵਾਂ ਦੇ ਪਾਠਕ ਦਿੰਦਾ ਹੈ ਅਨੁਵਾਦ - ਗੁਰਬਚਨ ਸਿੰਘ ਭੁੱਲਰ

ਮਨੁੱਖ ਜਜ਼ਬਾਤੀ ਜੀਵ ਹੈ। ਹਜ਼ਾਰਾਂ ਸਾਲ ਪਹਿਲਾਂ ਜਦੋਂ ਵਣਵਾਸੀ ਮਨੁੱਖ ਦਾ ਵਣਵਾਸੀ ਹਮਸਾਏ ਹੋਰ ਜੀਵਾਂ ਤੋਂ ਨਿਖੇੜਾ ਤੇ ਵਿਕਾਸ ਸ਼ੁਰੂ ਹੋਇਆ, ਇਸ ਵਰਤਾਰੇ ਦੇ ਕਈ ਕਾਰਨਾਂ ਵਿਚੋਂ ਇਕ ਅਹਿਮ ਕਾਰਨ ਉਹਦੇ ਜਜ਼ਬਿਆਂ ਦਾ ਸੂਖਮ ਹੁੰਦੇ ਜਾਣਾ ਸੀ। ਇਹਦੇ ਨਾਲ-ਨਾਲ ਮਨੁੱਖੀ ਜਜ਼ਬਿਆਂ ਦਾ ਕਲਾਵਾ ਹੋਰ ਜੀਵਾਂ ਦੇ ਸੀਮਤ ਜਿਹੇ ਜਜ਼ਬਾਤੀ ਘੇਰੇ ਨਾਲੋਂ ਬਹੁਤਾ ਹੀ ਬਹੁਤਾ ਮੋਕਲਾ ਹੁੰਦਾ ਗਿਆ। ਇਸ ਜਜ਼ਬਾਤੀ ਨਿਖੇੜੇ ਨੇ ਹੀ ਵਣਵਾਸੀ ਮਨੁੱਖ ਨੂੰ ਸਭਿਅਤਾ ਦੇ ਰਾਹ ਤੋਰਿਆ।
      ਵਣਵਾਸੀ ਮਨੁੱਖ ਤੋਂ ਸਭਿਅਕ ਮਨੁੱਖ ਬਣਨ ਵੱਲ ਸਾਡੀ ਯਾਤਰਾ ਵਿਚ ਕਈ ਭਾਸ਼ਾਈ ਇਨਕਲਾਬ ਆਏ। ਪਹਿਲਾ ਇਨਕਲਾਬ ਮਨੁੱਖ ਦਾ ਬੋਲੀ ਵਿਕਸਿਤ ਕਰ ਲੈਣਾ ਸੀ। ਇਸ ਇਨਕਲਾਬ ਦੇ ਪਹਿਲੇ ਪੜਾਅ ਵਿਚ ਹੋਰ ਜਾਨਵਰਾਂ ਵਾਂਗ ਭੁੱਖ, ਭੈ ਤੇ ਮੋਹ ਜਿਹੇ ਕੁਛ ਜਜ਼ਬਿਆਂ ਨੂੰ ਪ੍ਰਗਟਾਉਣ ਵਾਲੀਆਂ ਕੁਛ ਆਵਾਜ਼ਾਂ ਤੋਂ ਅੱਗੇ ਵਧ ਕੇ ਮਨੁੱਖ ਨੇ ਆਪਣੇ ਹੋਰ ਅਹਿਸਾਸਾਂ ਨੂੰ ਉਜਾਗਰ ਕਰਨ ਵਾਲੀਆਂ ਨਵੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਇਨਕਲਾਬ ਦੇ ਦੂਜੇ ਪੜਾਅ ਵਿਚ ਉਹਨਾਂ ਇਕਹਿਰੀਆਂ ਆਵਾਜ਼ਾਂ, ਭਾਵ ਧੁਨੀਆਂ ਨੂੰ ਵੱਖ-ਵੱਖ ਤਰਤੀਬਾਂ ਵਿਚ ਜੋੜ ਕੇ ਸ਼ਬਦ ਬਣਾਉਣ ਦੀ ਸੋਝੀ ਜਾਗੀ। ਸ਼ਬਦ ਦੀ ਇਸ ਸੋਝੀ ਨੇ ਧੁਨੀਆਂ ਦੀ ਗਿਣਤੀ ਦੇ ਬੇਕਾਬੂ ਵਾਧੇ ਦੀ ਲੋੜ ਖ਼ਤਮ ਕਰ ਦਿੱਤੀ। ਬੋਲੀ ਦਾ ਹੋਂਦ ਵਿਚ ਆਉਣਾ ਇਹਨਾਂ ਵਰਤਾਰਿਆਂ ਦਾ ਨਤੀਜਾ ਸੀ। ਬੋਲੀ ਸਦਕਾ ਮਨੁੱਖ ਆਪਣੇ ਵਿਚਾਰ, ਅਗਲੀ ਪੀੜ੍ਹੀ ਸਮੇਤ, ਹੋਰ ਮਨੁੱਖਾਂ ਨਾਲ ਸਾਂਝੇ ਕਰਨ ਜੋਗਾ ਹੋ ਗਿਆ। ਲੰਮੇ ਸਮੇਂ ਤੱਕ ਮਨੁੱਖੀ ਬੋਲੀ ਆਪਣੇ ਮੂਲ ਅਰਥ ਤੱਕ ਸੀਮਤ ਰਹੀ, ਅਰਥਾਤ ਬੋਲਣ ਤੱਕ। ਇਕ ਮਨੁੱਖ ਦੀ ਦੂਜੇ ਮਨੁੱਖ ਨਾਲ ਬੋਲ ਕੇ ਸਾਂਝੀ ਕੀਤੀ ਗੱਲ ਸਮੇਂ ਤੇ ਸਥਾਨ ਦੇ ਪੱਖੋਂ ਬਹੁਤੀ ਦੂਰ ਤੱਕ ਨਹੀਂ ਸੀ ਜਾ ਸਕਦੀ। ਅਗਲੀ ਪੀੜ੍ਹੀ ਪਹਿਲੀ ਪੀੜ੍ਹੀ ਦੀਆਂ ਜੋ ਗੱਲਾਂ ਚੇਤੇ ਰੱਖ ਸਕਦੀ ਸੀ, ਉਹੋ ਹੀ ਉਹਦਾ ਬੋਲ-ਵਿਰਸਾ ਹੁੰਦਾ ਸੀ। ਸਥਾਨ ਦੇ ਪੱਖੋਂ ਇਕ ਮਨੁੱਖ ਦੀ ਕਹੀ ਤੇ ਦੂਜੇ ਦੀ ਸੁਣੀ ਗੱਲ ਦਾ ਦੂਰ ਤੱਕ ਬਹੁਤੇ ਲੋਕਾਂ ਕੋਲ ਪੁੱਜਣਾ ਸੰਭਵ ਹੀ ਨਹੀਂ ਸੀ।
       ਦੂਜਾ ਭਾਸ਼ਾਈ ਇਨਕਲਾਬ ਓਦੋਂ ਆਇਆ ਜਦੋਂ ਸਿਆਣਿਆਂ ਨੇ ਬੋਲੀ ਦੀਆਂ ਵੱਖ-ਵੱਖ ਧੁਨੀਆਂ ਦੇ ਮੇਚ ਦੇ ਅੱਖਰ ਬਣਾ ਲਏ ਜਿਨ੍ਹਾਂ ਸਦਕਾ ਹਵਾ ਵਿਚ ਉੱਡ ਜਾਣ ਵਾਲੇ ਬੋਲਾਂ ਨੂੰ ਬੰਨ੍ਹ ਕੇ ਰੱਖਣਾ ਸੰਭਵ ਹੋ ਗਿਆ। ਬੋਲ ਹੁਣ ਸੁਣਨ ਤੱਕ ਸੀਮਤ ਨਾ ਰਹੇ ਸਗੋਂ ਅੱਖਰਾਂ ਦੀ ਸਵਾਰੀ ਕਰ ਕੇ ਸਥਾਨ ਦੇ ਪੱਖੋਂ ਦੂਰ-ਦੂਰ ਪਹੁੰਚਣ ਦੇ ਸਮਰੱਥ ਹੋ ਗਏ ਅਤੇ ਸਮੇਂ ਦੇ ਪੱਖੋਂ ਤਾਂ ਉਹ ਇਕ ਅਰਥਾਂ ਵਿਚ ਅਮਰ ਹੀ ਹੋ ਗਏ। ਸਾਹਿਤ, ਜੋ ਮਨੁੱਖੀ ਜਜ਼ਬਿਆਂ ਦੇ ਪਰਗਟਾਵੇ ਦਾ ਇਕ ਵਧੀਆ ਤੇ ਕਾਰਗਰ ਵਸੀਲਾ ਸਿੱਧ ਹੋਇਆ, ਸ਼ਰੁਤੀ-ਸਿਮ੍ਰਤੀ ਦੇ, ਭਾਵ ਸੁਣ ਕੇ ਕੰਠ ਕਰਨ ਦੇ ਬੰਧਨ ਵਿਚ ਬੱਝਿਆ ਹੋਇਆ ਸੀ। ਬੋਲੀ ਨਾਲ ਲਿਪੀ ਦਾ ਸੁਮੇਲ ਹੋਣ ਨੇ ਸ਼ਰੁਤੀ-ਸਿਮ੍ਰਤੀ ਦਾ ਉਹ ਬੰਧਨ ਤੋੜ ਕੇ ਸਾਹਿਤ ਨੂੰ ਖੰਭ ਖੋਲ੍ਹਣ ਲਈ ਮੁਕਤ ਕਰ ਦਿੱਤਾ।
       ਸਾਹਿਤ ਦੀ ਇਸ ਮੁਕਤੀ ਦੇ ਬਾਵਜੂਦ ਕਿਸੇ ਵੀ ਬੋਲੀ ਦੀ ਤੇ ਉਹਦੇ ਸਾਹਿਤ ਦੀ ਭੂਗੋਲਿਕ ਪਹੁੰਚ ਆਵਾਜਾਈ, ਮੇਲ-ਮਿਲਾਪ ਤੇ ਸੰਪਰਕ ਦੇ ਉਸ ਜ਼ਮਾਨੇ ਦੇ ਵਸੀਲਿਆਂ ਅਨੁਸਾਰ ਬਹੁਤੀ ਦੂਰ ਤੱਕ ਨਹੀਂ ਸੀ ਹੁੰਦੀ। ਹਰ ਭਾਈਚਾਰੇ ਦੀ ਆਪਣੀ ਵਿਸ਼ੇਸ਼-ਲੱਛਣੀ ਬੋਲੀ ਵਿਕਸਿਤ ਹੋ ਜਾਂਦੀ ਸੀ। ਬੋਲੀ ਬਾਰਾਂ ਕੋਹ ਪਿੱਛੋਂ ਬਦਲ ਜਾਂਦੀ ਹੈ ਇਹ ਕਥਨ ਤਾਂ ਅਜੇ ਕੱਲ੍ਹ ਤੱਕ ਪ੍ਰਚੱਲਿਤ ਸੀ। ਸੰਸਾਰ ਦੀ ਹਰ ਭਾਸ਼ਾ ਦੇ ਬਹੁਤੇ ਲੇਖਕ ਆਪਣੀ ਸਮਾਜਕ ਭਾਸ਼ਾ, ਜਿਸ ਨੂੰ ਆਮ ਕਰ ਕੇ ਮਾਤਭਾਸ਼ਾ ਕਿਹਾ ਜਾਂਦਾ ਹੈ, ਵਿਚ ਹੀ ਰਚਨਾ ਕਰਦੇ ਹਨ, ਭਾਵੇਂ ਉਹਨਾਂ ਨੂੰ ਹੋਰ ਕੋਈ ਭਾਸ਼ਾ ਆਉਂਦੀ ਵੀ ਹੋਵੇ। ਇਹੋ ਹੀ ਕੁਦਰਤੀ ਕਰਤਾਰੀ ਵਰਤਾਰਾ ਹੈ। ਇਸ ਦਾ ਕਾਰਨ ਇਹ ਹੈ ਕਿ ਲੇਖਕ ਆਪਣੇ ਵਿਚਾਰ, ਅਹਿਸਾਸ ਤੇ ਅਨੁਭਵ ਸਭ ਤੋਂ ਵੱਧ ਸਹਿਜਤਾ, ਸਰਲਤਾ ਤੇ ਸੌਖ ਨਾਲ ਆਪਣੀ ਮਾਤਭਾਸ਼ਾ ਵਿਚ ਹੀ ਪਰਗਟ ਕਰ ਸਕਦਾ ਹੈ। ਇਸ ਦਾ ਇਕ ਨਤੀਜਾ ਇਹ ਵੀ ਹੁੰਦਾ ਹੈ ਕਿ ਉਸ ਦੀ ਰਚਨਾ, ਆਪਣੀ ਸਾਹਿਤਕ-ਕਲਾਤਮਿਕ ਉੱਤਮਤਾ ਦੇ ਬਾਵਜੂਦ, ਇਕੋ ਭਾਸ਼ਾ ਦੇ, ਭਾਵ ਉਸ ਦੀ ਤੇ ਉਸ ਦੇ ਸਾਹਿਤ ਦੀ ਭਾਸ਼ਾ ਦੇ ਜਾਣਕਾਰ ਪਾਠਕਾਂ ਤੱਕ ਹੀ ਸੀਮਤ ਰਹਿੰਦੀ ਹੈ।
       ਇਉਂ ਜੇ ਇਕ ਬੋਲੀ ਦਾ ਸਾਹਿਤ ਦੂਜੀ ਬੋਲੀ ਵਾਲਿਆਂ ਕੋਲ ਪਹੁੰਚ ਵੀ ਜਾਂਦਾ ਸੀ, ਉਹ ਉਸ ਬੋਲੀ ਤੇ ਲਿਪੀ ਦੀ ਜਾਣਕਾਰੀ ਨਾ ਹੋਣ ਕਾਰਨ ਉਹਨਾਂ ਲਈ “ਕਾਲਾ ਅੱਖਰ ਮ੍ਹੈਂਸ ਬਰਾਬਰ” ਹੀ ਹੁੰਦਾ ਸੀ। ਇਸ ਮੁਸ਼ਕਿਲ ਦੇ ਹੱਲ ਵਜੋਂ ਤੀਜਾ ਭਾਸ਼ਾਈ ਇਨਕਲਾਬ ਅਨੁਵਾਦ ਦੇ ਰੂਪ ਵਿਚ ਆਇਆ, ਜਿਸ ਨੇ ਲੇਖਕ ਦੀ ਰਚਨਾ ਵਾਸਤੇ ਵੱਖਰੀ ਭਾਸ਼ਾ ਵਾਲ਼ੇ ਲੋਕਾਂ ਤੱਕ ਪਹੁੰਚਣ ਅਤੇ ਉਹਨਾਂ ਨੂੰ ਆਪਣੇ ਪਾਠਕ ਬਣਾਉਣ ਦਾ ਰਾਹ ਖੋਲ੍ਹ ਦਿੱਤਾ। ਜੇ ਲੇਖਕ ਦੇ ਸਾਹਿਤ ਨੇ ਕਿਸੇ ਹੋਰ ਭਾਸ਼ਾ ਵਾਲ਼ੇ ਲੋਕਾਂ ਤੱਕ ਪਹੁੰਚਣਾ ਹੈ ਤਾਂ ਉਸ ਲਈ ਖੁੱਲ੍ਹਾ ਇਕੋ-ਇਕ ਰਾਹ ਅਨੁਵਾਦ ਹੈ। ਕਿਸੇ ਲੇਖਕ ਦੀ ਰਚਨਾ ਜਿੰਨੀਆਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋਵੇਗੀ, ਉਸ ਦਾ ਪਾਠਕ-ਕਲਾਵਾ ਓਨਾ ਵੱਧ ਮੋਕਲਾ ਤੇ ਬਹੁਭਾਸ਼ਾਈ ਹੁੰਦਾ ਜਾਵੇਗਾ।
        ਅਨੁਵਾਦ ਦਾ ਜ਼ਿਕਰ ਹੋਇਆਂ ਦੋ ਭਾਸ਼ਾਵਾਂ ਦਾ ਨਾਂ ਲਿਆ ਜਾਂਦਾ ਹੈ, ਮੂਲ ਭਾਸ਼ਾ ਜਿਸ ਵਿਚੋਂ ਅਨੁਵਾਦ ਕੀਤਾ ਜਾਂਦਾ ਹੈ ਤੇ ਪਾਤਰ ਭਾਸ਼ਾ ਜਿਸ ਵਿਚ ਅਨੁਵਾਦ ਕੀਤਾ ਜਾਂਦਾ ਹੈ। ਦੋਵਾਂ ਸੰਬੰਧਿਤ ਭਾਸ਼ਾਵਾਂ ਦਾ ਜਾਣਕਾਰ ਵਿਅਕਤੀ ਅਨੁਵਾਦਕ ਦੀ ਭੂਮਿਕਾ ਵਿਚ ਸਾਹਮਣੇ ਆਉਂਦਾ ਹੈ। ਜ਼ਾਹਿਰ ਹੈ, ਆਪਣੀ ਭਾਸ਼ਾ ਦੀਆਂ ਬਰੀਕੀਆਂ ਦਾ ਤਾਂ ਉਹ ਜਾਣਕਾਰ ਹੁੰਦਾ ਹੀ ਹੈ, ਦੂਜੀ ਭਾਸ਼ਾ ਨੂੰ ਵੀ ਉਹ ਬਹੁਤ ਚੰਗੀ ਤਰ੍ਹਾਂ ਸਮਝਣ ਵਾਲਾ ਹੋਣਾ ਚਾਹੀਦਾ ਹੈ। ਲੰਮੀਆਂ ਸਦੀਆਂ ਤੱਕ ਅਨੁਵਾਦ ਦੀ ਪਰੰਪਰਾ ਇਹੋ, ਇਕ ਭਾਸ਼ਾ ਵਿਚੋਂ ਸਿੱਧਾ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਹੀ ਰਹੀ। ਬਹੁਤੇ ਅਨੁਵਾਦਕ ਅਜਿਹੀ ਮੂਲ ਭਾਸ਼ਾ ਵਿਚੋਂ, ਜੋ ਨੇੜਲੀ ਇਤਿਹਾਸਕ-ਭੂਗੋਲਿਕ ਸਾਂਝ ਸਦਕਾ ਉਹਦੀ ਜਾਣੀ-ਪਛਾਣੀ ਹੁੰਦੀ ਸੀ, ਆਪਣੀ ਮਾਤਭਾਸ਼ਾ ਵਿਚ ਅਨੁਵਾਦ ਕਰਦੇ ਸਨ। ਮਾਨਤਾ ਵੀ ਇਹੋ ਹੈ ਕਿ ਚੰਗਾ ਅਨੁਵਾਦ ਕਿਸੇ ਹੋਰ ਭਾਸ਼ਾ ਵਿਚੋਂ ਆਪਣੀ ਭਾਸ਼ਾ ਵਿਚ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਓਪਰੀ ਭਾਸ਼ਾ ਨੂੰ ਸਮਝ ਕੇ ਆਪਣੀ ਭਾਸ਼ਾ ਵਿਚੋਂ ਉਹਦੇ ਹਾਣ ਦੇ ਸ਼ਬਦ, ਕਥਨ, ਮੁਹਾਵਰੇ, ਆਦਿ ਲੱਭਣਾ ਓਨਾ ਮੁਸ਼ਕਿਲ ਨਹੀਂ ਹੁੰਦਾ ਜਿੰਨਾ ਮੁਸ਼ਕਿਲ ਦੂਜੀ ਭਾਸ਼ਾ ਵਿਚ ਅਨੁਵਾਦ ਕਰਦਿਆਂ ਉਸ ਵਿਚੋਂ ਆਪਣੀ ਭਾਸ਼ਾ ਦੇ ਹਾਣ ਦੇ ਸ਼ਬਦ, ਕਥਨ, ਮੁਹਾਵਰੇ, ਆਦਿ ਲੱਭਣਾ ਹੁੰਦਾ ਹੈ। ਇਸੇ ਕਰਕੇ ਮੱਧਕਾਲ ਤੋਂ ਲੈ ਕੇ ਬਹੁਤ ਸਾਰਾ ਧਾਰਮਿਕ ਤੇ ਵੈਦਗੀ ਸਾਹਿਤ ਸੰਸਕ੍ਰਿਤ ਤੋਂ ਪੰਜਾਬੀ ਵਿਚ ਅਨੁਵਾਦਿਆ ਜਾਂਦਾ ਰਿਹਾ।
         ਅਜੋਕੇ ਦੌਰ, ਜਦੋਂ ਸਰਕਾਰੀ ਸੰਸਥਾਵਾਂ ਤੇ ਵਿਰਲੇ-ਟਾਂਵੇਂ ਪ੍ਰਕਾਸ਼ਕਾਂ ਨੇ ਅਨੁਵਾਦ-ਕਾਰਜ ਦੀ ਚੰਗੀ ਵਾਹਵਾ ਅਦਾਇਗੀ ਕਰਨੀ ਸ਼ੁਰੂ ਕਰ ਦਿੱਤੀ ਹੈ, ਤੋਂ ਪਹਿਲਾਂ ਦੇ ਅਨੁਵਾਦਕਾਂ ਦੀ ਮਿਹਨਤ ਭਰਪੂਰ ਵਡਿਆਈ ਦੀ ਹੱਕਦਾਰ ਹੈ ਕਿਉਂਕਿ ਉਹ ਇਹ ਕਾਰਜ ਨਿਰੋਲ ਭਾਸ਼ਾਈ ਸੇਵਾ ਤੇ ਸਮਾਜ ਸੇਵਾ ਵਜੋਂ ਕਰਦੇ ਸਨ। ਜਦੋਂ ਕਿਸੇ ਪੁਸਤਕ ਦਾ ਪਾਠ ਕਰਦਿਆਂ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਇਹ ਤਾਂ ਮੇਰੀ ਭਾਸ਼ਾ ਦੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ, ਉਹ ਅਨੁਵਾਦ ਕਾਰਜ ਵਿਚ ਜੁਟ ਜਾਂਦੇ। ਫੇਰ ਇਹਨਾਂ ਅਨੁਵਾਦਿਤ ਗ੍ਰੰਥਾਂ ਨੂੰ ਛਪਵਾਉਣ ਤੇ ਪ੍ਰਕਾਸ਼ਿਤ ਕਰਨ ਵਿਚ ਜੋ ਮੁਸ਼ਕਿਲਾਂ ਆਉਂਦੀਆਂ ਹੋਣਗੀਆਂ, ਉਹਨਾਂ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।
        ਪੰਜਾਬੀ ਵਿਚ, ਧਾਰਮਿਕ ਅਤੇ ਵੈਦਗੀ ਦੀਆਂ ਲਿਖਤਾਂ ਦੇ ਇਸੇ ਭਾਵਨਾ ਨਾਲ ਕੀਤੇ ਅਨੁਵਾਦ ਦੀ ਚਿਰ-ਪੁਰਾਣੀ ਪ੍ਰੰਪਰਾ ਰਹੀ ਹੈ। ਧਾਰਮਿਕ ਤੇ ਵੈਦਗੀ ਸਾਹਿਤ ਤਾਂ ਇਕ ਪਾਸੇ ਰਿਹਾ, ਰਚਨਾਤਮਿਕ ਸਾਹਿਤ ਦੇ ਅਨੁਵਾਦ ਦੀ ਪ੍ਰੇਰਕ ਵੀ ਇਹੋ ਫ਼ਰਜ਼ਪਾਲਕ ਸੇਵਾ-ਭਾਵਨਾ ਸੀ। ਭਾਈ ਮੋਹਨ ਸਿੰਘ ਵੈਦ, ਐਸ. ਐਸ. ਅਮੋਲ, ਨਾਨਕ ਸਿੰਘ, ਗੁਰਬਖਸ਼ ਸਿੰਘ ਤੇ ਹੋਰ ਕਈ ਲੇਖਕਾਂ ਨੇ ਦੇਸੀ-ਪਰਦੇਸੀ ਸਾਹਿਤ ਦੇ ਜੋ ਅਨੁਵਾਦ ਕੀਤੇ, ਯਕੀਨਨ ਉਹਨਾਂ ਪਿੱਛੇ ਮਾਇਕ ਸੋਚ ਦੀ ਥਾਂ ਇਹ ਸੋਚ ਕੰਮ ਕਰ ਰਹੀ ਸੀ ਕਿ ਇਹ ਜੋ ਏਨੀ ਉੱਤਮ ਰਚਨਾ ਹੈ, ਮੈਂ ਆਪਣੀ ਭਾਸ਼ਾ ਦੇ ਪਾਠਕਾਂ ਨਾਲ ਜ਼ਰੂਰ ਸਾਂਝੀ ਕਰਾਂ। ਅਜਿਹੇ ਅਨੁਵਾਦਕਾਂ ਨੇ ਭਾਰਤੀ ਭਾਸ਼ਾਵਾਂ ਦੇ ਸਾਹਿਤ ਤੋਂ ਇਲਾਵਾ ਅੰਗਰੇਜ਼ੀ ਸਾਹਿਤ ਤਾਂ ਪੰਜਾਬੀ ਪਾਠਕਾਂ ਨੂੰ ਦਿੱਤਾ ਹੀ, ਨਾਲ ਹੀ ਉਸ ਜ਼ਮਾਨੇ ਵਿਚ ਅੰਗਰੇਜ਼ੀ ਵਿਚ ਪਰਾਪਤ ਹੋਰ ਪਰਦੇਸੀ ਭਾਸ਼ਾਵਾਂ ਦੇ ਸਾਹਿਤ ਤੋਂ ਵੀ ਉਹਨਾਂ ਨੂੰ ਜਾਣੂ ਕਰਵਾਇਆ। ਕੁਝ ਸੰਸਥਾਵਾਂ ਵਲੋਂ ਪੈਸੇ ਦੇ ਕੇ ਅਨੁਵਾਦ ਕਰਵਾਏ ਜਾਣ ਦਾ ਸਮਾਂ ਅੱਗੇ ਚੱਲ ਕੇ ਆਇਆ।
       ਜਦੋਂ ਪਾਤਰ ਭਾਸ਼ਾ ਵਿਚ ਮੂਲ ਭਾਸ਼ਾ ਦਾ ਕੋਈ ਵੀ ਜਾਣਕਾਰ ਨਾ ਹੋਵੇ, ਕੋਈ ਤੀਜੀ ਭਾਸ਼ਾ ਵਿਚੋਲੀ ਬਣ ਕੇ ਬਹੁੜਦੀ ਹੈ। ਅਨਜਾਣੀ ਭਾਸ਼ਾ ਦਾ ਉਸ ਓਪਰੀ ਪਰ ਜਾਣੀ ਹੋਈ ਭਾਸ਼ਾ ਵਿਚ ਪਹੁੰਚਿਆ ਸਾਹਿਤ ਅੱਗੋਂ ਪਾਤਰ ਭਾਸ਼ਾ ਵਿਚ ਅਨੁਵਾਦ ਕਰ ਲਿਆ ਜਾਂਦਾ ਹੈ। ਮੌਪਾਸਾਂ, ਨਾਜ਼ਮ ਹਿਕਮਤ, ਪਾਬਲੋ ਨਰੂਦਾ, ਯਾਂ ਪਾਲ ਸਾਰਤਰ ਜਿਹੇ ਅਨੇਕ ਕੌਮਾਂਤਰੀ ਪ੍ਰਸਿੱਧੀ ਵਾਲੇ ਲੇਖਕਾਂ ਨਾਲ ਸਾਡੀ ਜਾਣ-ਪਛਾਣ ਅਜਿਹੇ ਅਨੁਵਾਦ ਦੀ ਕਿਰਪਾ ਨਾਲ ਹੀ ਹੋਈ। ਉਹ ਆਪਣੀ ਭਾਸ਼ਾ ਤੋਂ ਅੰਗਰੇਜ਼ੀ ਵਿਚ ਪਹੁੰਚੇ ਤੇ ਅੰਗਰੇਜ਼ੀ ਵਿਚੋਂ ਪੰਜਾਬੀ ਵਿਚ ਆਏ।
         ਸੋਵੀਅਤ ਯੂਨੀਅਨ ਨੇ ਆਪਣੀ ਚੜ੍ਹਤ ਦੇ ਦੌਰ ਵਿਚ ਉੱਚ-ਪਾਏ ਦਾ ਰੂਸੀ ਤੇ ਸੋਵੀਅਤ ਸਾਹਿਤ ਪੰਜਾਬੀ ਸਮੇਤ ਭਾਰਤੀ ਭਾਸ਼ਾਵਾਂ ਦੇ ਪਾਠਕਾਂ ਦੇ ਹੱਥਾਂ ਵਿਚ ਬਹੁਤ ਹੀ ਸਸਤੇ ਭਾਅ ਪਹੁੰਚਦਾ ਕੀਤਾ। ਸੰਸਾਰ-ਭਰ ਦੇ ਸਾਹਿਤ ਦੇ ਇਤਿਹਾਸ ਵਿਚ ਗੁਰੂ ਮੰਨੇ ਜਾਂਦੇ ਅਨੇਕ ਮਹਾਨ ਰੂਸੀ ਤੇ ਸੋਵੀਅਤ ਸਾਹਿਤਕਾਰਾਂ ਦੀਆਂ ਰਚਨਾਵਾਂ ਤੱਕ ਸਾਡੀ ਪਹੁੰਚ ਇਸੇ ਰਾਹੋਂ ਹੀ ਸੰਭਵ ਹੋਈ। ਬਹੁਤੇ ਲੋਕਾਂ ਦੀ ਸੋਚ-ਸਮਝ ਦੇ ਉਲਟ ਇਸ ਪਿੱਛੇ ਰਾਜਨੀਤਕ ਪ੍ਰਭਾਵ ਦਾ ਨਜ਼ਰੀਆ ਨਹੀਂ ਸਗੋਂ ਸਭਿਆਚਾਰਕ ਪ੍ਰਭਾਵ ਦਾ ਨਜ਼ਰੀਆ ਕੰਮ ਕਰਦਾ ਸੀ। ਮਿਸਾਲ ਵਜੋਂ ਪੁਸ਼ਕਿਨ (1799-1837), ਗੋਗੋਲ (1809-1852), ਤੁਰਗਨੇਵ (1818-1883), ਦੋਸਤੋਇਵਸਕੀ (1821-1881), ਟਾਲਸਟਾਇ (1828-1910) ਤੇ ਚੈਖ਼ਵ (1860-1904) ਵਰਗੇ ਲੇਖਕ ਤਾਂ ਉਥੇ ਕਮਿਊਨਿਜ਼ਮ ਦੀ ਆਓ-ਆਈ ਤੋਂ ਪਹਿਲਾਂ ਹੋ ਗੁਜ਼ਰੇ ਸਨ, ਪਰ ਉਹਨਾਂ ਦਾ ਸਾਹਿਤ ਉਸੇ ਸਤਿਕਾਰ ਨਾਲ ਜਾਂ ਸਗੋਂ ਉਸ ਤੋਂ ਵੀ ਵੱਧ ਸਤਿਕਾਰ ਨਾਲ ਛਾਪਿਆ ਗਿਆ ਜਿਸ ਨਾਲ ਗੋਰਕੀ (1868-1936) ਤੇ ਸ਼ੋਲੋਖੋਵ (1905-1984), ਆਦਿ ਦਾ ਸਾਹਿਤ।
       ਉਸ ਸਮੇਂ ਦੇ ਸੋਵੀਅਤ ਯੂਨੀਅਨ ਦਾ ਖਾਸਾ ਸਾਹਿਤ ਤਾਂ ਮੈਂ, ਉਸ ਜ਼ਮਾਨੇ ਦੇ ਹੋਰ ਅਨੇਕ ਵਿਦਿਆਰਥੀਆਂ ਵਾਂਗ, ਕਾਲਜ ਵਿਚ ਹੀ ਪੜ੍ਹ ਲਿਆ ਸੀ। ਕੋਈ ਚਾਰ ਦਹਾਕੇ ਪਹਿਲਾਂ, ਜਦੋਂ ਅਨੁਵਾਦ ਵਿਚ ਮੇਰਾ ਹੱਥ ਚੰਗਾ-ਵਾਹਵਾ ਖੁੱਲ੍ਹ ਗਿਆ, ਮੈਂ ਸੋਵੀਅਤ ਯੂਨੀਅਨ ਦੀਆਂ ਕੁਝ ਕਹਾਣੀਆਂ ਆਪਣੀ ਪਸੰਦ ਵਜੋਂ ਤੇ ਕੁਝ ਆਪਣੇ ਕਾਰਜ ਵਜੋਂ ਅਨੁਵਾਦੀਆਂ। ਉਹਨਾਂ ਵਿਚੋਂ ਹੀ ਵੀਹ ਕਹਾਣੀਆਂ ਪੁਸਤਕ ‘ਬੀਤੇ ਦੀਆਂ ਗਲ਼ੀਆਂ’ ਵਿਚ ਅਤੇ ਵੀਹ ਪੁਸਤਕ ‘ਸਵੇਰ ਦਾ ਸੰਗੀਤ’ ਵਿਚ ਸ਼ਾਮਲ ਹਨ। (ਦੋਵੇਂ ਪੁਸਤਕਾਂ ਆਰਸੀ ਪਬਲਿਸ਼ਰਜ਼, ਦਿੱਲੀ ਨੇ ਛਾਪੀਆਂ ਹਨ।)
ਸੰਪਰਕ : 80763-63058