... ਤੇ ਫ਼ਾਸਲੇ ਵਧਦੇ ਗਏ    - ਸਵਰਾਜਬੀਰ

ਸ਼ਾਹ ਹੁਸੈਨ (1539-1599) ਲਿਖਦਾ ਹੈ, ‘‘ਸਾਲੂ ਮੇਰਾ ਉਣੀਂਦਾ/ ਕੋਈ ਸ਼ਾਮ ਬ੍ਰਿੰਦਾਬਨ ਸੁਣੀਂਦਾ/ ਜਾਣਾ ਬਿਖੜੇ ਰਾਹਿ।’’ ਹੋਰ ਕਾਫ਼ੀਆਂ ਵਿਚ ਉਹ ਕਹਿੰਦਾ ਹੈ, ‘‘ਮੈਂ ਭੀ ਝੋਕ ਰਾਂਝਣ ਦੀ ਜਾਣਾ/ ਨਾਲਿ ਮੇਰੇ ਕੋਈ ਚੱਲੇ।’’, ‘‘ਮਾਹੀ ਮਾਹੀ ਕੂਕਦੀ/ ਮੈਂ ਆਪੇ ਰਾਂਝਣ ਹੋਈ/ ਰਾਂਝਣ ਰਾਂਝਣ ਮੈਨੂੰ ਸਭੇ ਆਖੋ/ ਹੀਰ ਨਾ ਆਖੋ ਕੋਈ।’’ ਸਾਡੇ ਸਾਹਮਣੇ ਭਗਵਾਨ ਕ੍ਰਿਸ਼ਨ ਤੇ ਰਾਂਝੇ ਦਾ ਸਾਂਝਾ ਬਿੰਬ ਉੱਭਰਦਾ ਹੈ, ਹੀਰ ਤੇ ਗੋਪੀਆਂ ਦੇ ਬਿੰਬ ਉੱਭਰਦੇ ਹਨ। ਸ਼ਾਹ ਹੁਸੈਨ ਤੋਂ 100 ਸਾਲ ਬਾਅਦ ਸੁਲਤਾਨ ਬਾਹੂ (1639-1690) ਲਿਖਦਾ ਹੈ, ‘‘ਨਾ ਮੈਂ ਆਲਮ ਨਾ ਮੈਂ ਫਾਜ਼ਲ, ਨਾ ਮੁਫ਼ਤੀ, ਨਾ ਕਾਜ਼ੀ ਹੂ/ ...ਨਾ ਮੈਂ ਤ੍ਰੀਹੇ ਰੋਜ਼ੇ ਰੱਖੇ, ਨਾ ਮੈਂ ਪਾਕ ਨਿਮਾਜ਼ੀ ਹੂ।’’ ‘‘ਮੀਮ ਮਜ਼ਹਬਾਂ ਵਾਲੇ ਦਰਵਾਜੇ ਉੱਚੇ, ਰਾਹ ਰਬਾਨਾ ਮੋਰੀ ਹੂ/ ਪੰਡਤਾਂ ਤੇ ਮੁਲਵਾਣਿਆਂ ਕੋਲੋਂ/ ਛੁਪ-ਛੁਪ ਲੰਘੇ ਚੋਰੀ ਹੂ।’’ ਸਾਡੇ ਸਾਹਮਣੇ ਇਕ ਬਿੰਬ ਉੱਭਰਦਾ ਹੈ ਕਿ ਸ਼ਾਇਰ ਕਰਮਕਾਂਡੀ ਧਰਮ ਤੋਂ ਬਗ਼ਾਵਤ ਕਰ ਰਿਹਾ ਹੈ।
        ਸੁਲਤਾਨ ਬਾਹੂ ਦੇ ਦੇਹਾਂਤ ਦੇ ਸਾਲ (1690) ਵਿਚ ਜਨਮ ਲੈਣ ਵਾਲਾ ਅਲੀ ਹੈਦਰ ਇਨ੍ਹਾਂ ਰਵਾਇਤਾਂ ਨੂੰ ਅੱਗੇ ਤੋਰਦਾ ਹੋਇਆ ਲਿਖਦਾ ਹੈ, ‘‘ਜਿੱਥੇ ਮੁਰਲੀ ਕਾਹਨ ਵਜਾਵਣੀ/ ਉੱਥੇ ਆਵਣਾਂ ਹੋਸੀ ਵਹੀਂ ਵਹੀਂ।’’, ‘‘ਮਜ਼ਹਬ ਕੀ ਪੁੱਛਨਾ ਕਾਜ਼ੀਆ ਵੇ, ਮੈਂਡਾ ਰਾਂਝਣ ਰੁਕਨ ਈਮਾਨ ਦਾ ਈ/ ਇਸ਼ਕ ਇਮਾਮ, ਨਮਾਜ਼ ਮੁਹੱਬਤ, ਮੁਰਲੀ ਹਰਫ਼ ਕੁਰਾਨ ਦਾ ਈ।’’ ਏਥੇ ਭਗਵਾਨ ਕ੍ਰਿਸ਼ਨ ਤੇ ਰਾਂਝਾ ਇਕ ਹੁੰਦੇ ਦਿਖਾਈ ਦਿੰਦੇ ਹਨ ਅਤੇ ਹੀਰ-ਰਾਂਝਾ ਦੀ ਪ੍ਰੇਮ ਕਹਾਣੀ ਵਿਚ ਹੀਰ ਕਾਜ਼ੀ ਨਾਲ ਆਢਾ ਲਾਉਂਦੀ ਹੈ, ‘‘ਕਿਉਂ ਵਤ ਕਾਜ਼ੀ ਕੁਰਾਨ ਨਾ ਚਾਇਆ ਈ, ਜੇ ਹੀਰ ਰਾਂਝੇ ਦੀ ਮੰਗ ਨਹੀਂ।’’ ਅਲੀ ਹੈਦਰ ਦਾ ਸਮਕਾਲੀ ਬੁੱਲ੍ਹੇ ਸ਼ਾਹ ਇਨ੍ਹਾਂ ਬਗ਼ਾਵਤੀ ਸੁਰਾਂ ਨੂੰ ਅਗਾਂਹ ਵਧਾਉਂਦਿਆਂ ਲਿਖਦਾ ਹੈ, ‘‘ਬੁੱਲ੍ਹੇ ਸ਼ਾਹ ਮੈਂ ਹੁਣ ਭਰਮਾਈ/ ਜਦ ਦੀ ਮੁਰਲੀ ਕਾਹਨ ਬਜਾਈ/ ਬਉਰੀ (ਬੌਰੀ) ਹੋਈ ਤੁਸਾਂ ਵਲ ਧਾਈ।’’, ‘‘ਬੰਸੀ ਕਾਹਨ ਅਚਰਜ ਬਜਾਈ/ ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਸਭ ਨਾਲ ਹੈ ਸਾਂਝਾ/ ਤੇਰੀ ਮੌਜਾਂ ਸਾਡਾ ਮਾਂਝਾ/ ਸਾਡੀ ਸੁਰ ਤੈਂ ਆਪ ਮਿਲਾਈ।’’ ਬੁੱਲ੍ਹੇ ਸ਼ਾਹ ਦੀ ਸ਼ਾਇਰੀ ਵਿਚ ਇਹ ਬਿੰਬ ਸਾਹਮਣੇ ਆਉਂਦੇ ਹਨ : ਭਗਵਾਨ ਕ੍ਰਿਸ਼ਨ ਤੇ ਗੋਪੀਆਂ, ਹੀਰ-ਰਾਂਝਾ, ਜੋਗੀ, ਮਨਸੂਰ ਅਤੇ ਸਰਮਦ। ਭਗਵਾਨ ਕ੍ਰਿਸ਼ਨ (ਕਾਹਨ), ਰਾਂਝੇ, ਜੋਗੀ ਤੇ ਮਨਸੂਰ ਦਾ ਜ਼ਿਕਰ ਸਭ ਤੋਂ ਜ਼ਿਆਦਾ ਹੈ ਅਤੇ ਕਰਮਕਾਂਡੀ ਧਾਰਮਿਕ ਰਵਾਇਤਾਂ ਤੋਂ ਬਗ਼ਾਵਤ ਵੀ ਸਿਖਰ ’ਤੇ ਹੈ : ‘‘ਭੱਠ ਨਮਾਜ਼ਾਂ ਚਿੱਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ।’’
        ਉੱਪਰ ਦਿੱਤੇ ਗਏ ਪ੍ਰਮੁੱਖ ਸ਼ਾਇਰਾਂ ਦੇ ਨਾਲ ਕਈ ਹੋਰ ਸ਼ਾਇਰ ਵੀ ਅਜਿਹਾ ਕੁਝ ਲਿਖ ਰਹੇ ਹਨ। ਵਜੀਦ ਲਿਖਦਾ ਹੈ, ‘‘ਬ੍ਰਿੰਦਾਬਨ ਵਿਚ ਪੇਂਝੂ ਜਿਥ ਆਪ ਹਰਿ/ ਵਜੀਦਾ ਕੌਣ ਸਾਈਂ ਨੂੰ ਆਖੇ ਅਉਂ ਨਹੀਂ ਅੰਞ ਕਰ।’’ ਹਾਫਿਜ਼ ਬਰਖੁਰਦਾਰ ਲਿਖਦਾ ਹੈ, ‘‘ਬੁਰਖਦਾਰ ਚਲੇ ਅਜ ਸ਼ਿਆਮ/ ਰਾਧਾ ਰਹੀ ਅਕੇਲੀ ਧਾਮ/ ਸਾਡੇ ਨੈਣੀ ਨੀਂਦ ਹਰਾਮ।’’ ਗੁਲਾਮ ਹੁਸੈਨ ਲਿਖਦਾ ਹੈ, ‘‘ਸੁਫ਼ਨੇ ਵਿਚ ਮਿਲੇ ਸ਼ਿਆਮ ਜੀ, ਤਨ ਮਨ ਖੁਸ਼ੀ ਭਈ/ ਗੁਲਾਮ ਸੈਲ ਜਾਂ ਜਾਗਿਆ, ਚੋਲੇ ਚਿਣਗ ਪਈ।’’
       ਇਨ੍ਹਾਂ ਸ਼ਾਇਰਾਂ ਨੂੰ ਸੂਫ਼ੀ ਸ਼ਾਇਰ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਸ਼ਾਇਰੀ ਵਿਚ ਅਜਿਹੀਆਂ ਅਣਗਿਣਤ ਉਦਾਹਰਨਾਂ ਮਿਲਦੀਆਂ ਹਨ ਜਿੱਥੇ ਭਗਵਾਨ ਕ੍ਰਿਸ਼ਨ, ਰਾਧਾ, ਗੋਪੀਆਂ ਅਤੇ ਹਿੰਦੂ ਇਤਿਹਾਸ ਤੇ ਮਿਥਿਹਾਸ ਦੇ ਹੋਰ ਪਾਤਰਾਂ ਦਾ ਜ਼ਿਕਰ ਹੈ। ਇਨ੍ਹਾਂ ਸ਼ਾਇਰਾਂ ਵਿਚ ਸੂਫ਼ੀ ਲਹਿਰ, ਭਗਤੀ ਲਹਿਰ ਤੇ ਪੰਜਾਬੀ ਲੋਕ-ਮਨ ਦੇ ਆਪਸੀ ਸੰਵਾਦ ਦਾ ਉਹ ਸੰਗਮ ਦੇਖਣ ਨੂੰ ਮਿਲਦਾ ਹੈ ਜਿਸ ਵਿਚ ਦੈਵੀ ਨਾਇਕ ਭਗਵਾਨ ਕ੍ਰਿਸ਼ਨ, ਲੋਕ-ਨਾਇਕ ਰਾਂਝਾ ਤੇ ਬ੍ਰਹਿਮੰਡ ਨੂੰ ਪੈਦਾ ਕਰਨ ਵਾਲੀ ਪਰਮ-ਸ਼ਕਤੀ (ਅੱਲ੍ਹਾ/ ਭਗਵਾਨ/ ਈਸ਼ਵਰ) ਇਕਮਿਕ ਹੋ ਜਾਂਦੇ ਹਨ। ਪੰਜਾਬੀ ਸਾਹਿਤ ਵਿਚ ਸੂਫ਼ੀਆਂ ਦੀਆਂ ਪਰੰਪਰਾਵਾਂ, ਸੂਫ਼ੀ ਸਫ਼ਰ ਦੀਆਂ ਵੱਖ ਵੱਖ ਮੰਜ਼ਿਲਾਂ, ਸੂਫ਼ੀਆਂ ਦੀ ਸ਼ਰ੍ਹਾ ਤੋਂ ਬਗ਼ਾਵਤ, ਤੌਹੀਦ, ਤਰੀਕਤ, ਤੌਬਾ, ਸਬਰ, ਤਵੱਕੁਲ (ਭਰੋਸਾ), ਆਦਿ ਦੇ ਅਸੂਲਾਂ ਅਤੇ ਉਨ੍ਹਾਂ (ਸੂਫ਼ੀਆਂ) ਦੇ ਰਹੱਸਵਾਦ ਬਾਰੇ ਵਿਸਥਾਰ ਵਿਚ ਲਿਖਿਆ ਗਿਆ ਹੈ।
       ਸੂਫ਼ੀਆਂ ਦੀਆਂ ਰਵਾਇਤਾਂ, ਸਿਲਸਿਲਿਆਂ, ਧਾਰਮਿਕ ਸੋਚ, ਰਹੱਸਵਾਦ ਆਦਿ ਬਾਰੇ ਬਹਿਸ ਕਰਨਾ ਇਕ ਵੱਖਰੀ ਗੱਲ ਹੈ ਪਰ ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਕੀ ਇਹ ਸ਼ਾਇਰ ਤੇ ਚਿੰਤਕ ਨਿਰੋਲ ਅਧਿਆਤਮਕ ਸੋਚ ਵਿਚ ਗੜੁੱਚੇ ਹੋਏ ਸਨ ਜਾਂ ਉਨ੍ਹਾਂ ਦੀ ਸ਼ਾਇਰੀ ਕੋਈ ਸਮਾਜਿਕ ਤੇ ਸੱਭਿਆਚਾਰਕ ਕਾਰਜ ਵੀ ਨਿਭਾ ਰਹੀ ਸੀ। ਜਦੋਂ ਅਸੀਂ ਮੱਧਕਾਲੀਨ ਸਮੇਂ ਦੀ ਸ਼ਾਇਰੀ ਨੂੰ ਇਸ ਸੰਦਰਭ ਤੋਂ ਵੇਖਦੇ ਹਾਂ ਤਾਂ ਸਾਨੂੰ ਇਹ ਸ਼ਾਇਰ ਤਤਕਾਲੀਨ ਪੰਜਾਬੀ ਸਮਾਜ ਵਿਚਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ। ਉਹ ਸਮੱਸਿਆਵਾਂ ਕੀ ਹਨ? ਪ੍ਰਮੁੱਖ ਸਮੱਸਿਆਵਾਂ ਨੂੰ ਕਈ ਤਰ੍ਹਾਂ ਨਾਲ ਗਿਣਿਆ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਹ ਲੇਖ ਉਸ ਸਮੇਂ ਦੇ ਸਮਾਜ ਵਿਚਲੀ ਧਾਰਮਿਕ ਦੁਫੇੜ ਦੀ ਸਮੱਸਿਆ ਤਕ ਸੀਮਤ ਹੈ। ਉਪਰੋਕਤ ਸ਼ਾਇਰ ਤੇ ਚਿੰਤਕ ਇਹ ਸਮਝਦੇ ਹਨ ਕਿ ਤਤਕਾਲੀਨ ਪੰਜਾਬੀ ਸਮਾਜ ਵਿਚ ਦੋ ਪ੍ਰਮੁੱਖ ਫ਼ਿਰਕੇ ਹਨ : ਹਿੰਦੂ ਤੇ ਮੁਸਲਮਾਨ, ਇਨ੍ਹਾਂ ਫ਼ਿਰਕਿਆਂ ਦੀਆਂ ਧਾਰਮਿਕ ਤੇ ਸਮਾਜਿਕ ਮਾਨਤਾਵਾਂ ਵਿਚ ਫ਼ਰਕ ਹਨ। ਇਨ੍ਹਾਂ ਸ਼ਾਇਰਾਂ ਨੂੰ ਫ਼ਿਕਰ ਹੈ ਕਿ ਇਸ ਧਾਰਮਿਕ ਦੁਫੇੜ ਨੂੰ ਘਟਾਇਆ ਅਤੇ ਸਮਾਜ ਵਿਚ ਸਦਭਾਵਨਾ ਵਾਲਾ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ। ਮੁਸਲਮਾਨ ਸ਼ਾਇਰ ਤੇ ਚਿੰਤਕ ਹਿੰਦੂ ਧਰਮ ਅਤੇ ਲੋਕ-ਮਨ ਦੁਆਰਾ ਪ੍ਰਵਾਨਿਤ ਸੋਚ ਵਿਚੋਂ ਚਿੰਨ੍ਹਾਂ ਤੇ ਵਿਚਾਰਾਂ ਨੂੰ ਅਪਣਾ ਕੇ ਅਜਿਹਾ ਕਾਰਜ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਰਚਨਾ ਦਾ ਵੱਡਾ ਹਿੱਸਾ ਪੰਜਾਬ ਤੇ ਉੱਤਰੀ ਭਾਰਤ ਦੀਆਂ ਸੰਗੀਤ-ਪਰੰਪਰਾਵਾਂ ’ਚੋਂ ਉਗਮੇ ਰਾਗਾਂ ਵਿਚ ਹੈ।
       ਉਸ ਸਮੇਂ ਦੇ ਹਿੰਦੂ ਕਵੀਆਂ ਦੀ ਕਵਿਤਾ ਵਿਚ ਕ੍ਰਿਸ਼ਨ-ਭਗਤੀ/ ਵੈਸ਼ਨਵ-ਪੰਥ ਅਤੇ ਭਗਤੀ ਲਹਿਰ ਦੇ ਪ੍ਰਭਾਵ ਪ੍ਰਮੁੱਖ ਦਿਖਾਈ ਦਿੰਦੇ ਹਨ। ਉਹ ਇਨ੍ਹਾਂ ’ਚੋਂ ਪ੍ਰਾਪਤ ਹੁੰਦੀ ਬੌਧਿਕ ਸੇਧ ਨੂੰ ਬ੍ਰਾਹਮਣਵਾਦ ਅਤੇ ਕਰਮਕਾਂਡ ਵਿਰੁੱਧ ਲੜਨ ਲਈ ਵਰਤਦੇ ਹਨ। 18-19ਵੀਂ ਸਦੀ ਦੇ ਸ਼ਾਇਰਾਂ ਦੀ ਕਵਿਤਾ ਵਿਚ ਗੁਰਮਤਿ ਤੇ ਸੂਫ਼ੀ ਪ੍ਰਭਾਵ ਪ੍ਰਤੱਖ ਦਿਖਾਈ ਦਿੰਦੇ ਹਨ। ਇਹ ਪ੍ਰਭਾਵ ਭਾਸ਼ਾ ਵਿਚ ਵੀ ਦਿਖਾਈ ਦਿੰਦੇ ਹਨ, ਵਿਚਾਰਾਂ ਵਿਚ ਵੀ ਤੇ ਬਿੰਬਾਵਲੀ ਵਿਚ ਵੀ। ਭਗਤ ਮਲੂਕ ਦਾਸ ਲਿਖਦਾ ਹੈ, ‘‘ਮਾਇਆ ਕਾ ਗੁਲਾਮ ਗੀਦੀ, ਕਹਾਂ ਜਾਨੈ ਬੰਦਗੀ।’’ ਭਗਤ ਮਹਾਂ ਦਾਸ ਵੀ ਅਜਿਹੇ ਸਫ਼ਰ ਦਾ ਪਾਂਧੀ ਹੈ, ‘‘ਬੰਦੇ ਬੰਦਗੀ ਕਰਿ ਰੋਜ/ ਸਾਹਿਬੁ ਨਿਵਾਜੇਗਾ/ ਤੁਝੇ ਕਿਛੁ ਹੱਕ ਪੈਂਡਾ ਖੋਜ।’’ ਜੇ ਭਗਤ ਮਹਾਂ ਦਾਸ ਦਾ ਨਾਮ ਇਸ ਸ਼ਬਦ ਵਿਚ ਨਾ ਆਵੇ ਤਾਂ ਇਹ ਲੱਗੇਗਾ ਕਿ ਇਹ ਸ਼ਲੋਕ ਕਿਸੇ ਮੁਸਲਮਾਨ ਕਵੀ ਦਾ ਲਿਖਿਆ ਹੋਇਆ ਹੈ। ਭਗਤ ਦਰਸਨ ਲਿਖਦਾ ਹੈ, ‘‘ਧੀਰਾ ਧੀਰਾ ਚਲਿ ਵੋ ਫਕੀਰਾ, ਧੀਰਾ ਧੀਰਾ ਚਲ ਵੋ/ ਫਕਰੁ ਫਕੀਰੀ ਤੇ ਜੁਹੁਦ ਜਹੀਰੀ ਸਹਿਲ ਨਹੂੰ ਇਹ ਹਾਲ/ ਰਾਤ ਜਾਗਣਿ ਜੁਹਦ ਕਮਾਵਣ/ ਥੋੜਾ ਖਾਵਣੁ ਨੀਚ ਸਦਾਵਣੁ/ ਏਹੁ ਫਕੀਰਾਂ ਦਾ ਲਲੁ।’’ ਭਗਤ ਤੇ ਫ਼ਕੀਰ ਇਕ ਹੋ ਜਾਂਦੇ ਹਨ। ਇਸ ਸ਼ਾਇਰੀ ਵਿਚ ਗੁਰਮਤਿ ਦਾ ਰੰਗ ਵੀ ਗੂੜ੍ਹਾ ਹੈ : ‘‘ਬੇਪਰਵਾਹੀ ਸੇਵਕਾ ਸਤਿਗੁਰ ਮਿਲਿਆ ਸੁਜਾਨ/ ਗੁਰਬਚਨੀ ਵਸ ਆਇਆ ਮਨ ਮੈ ਗਲੁ ਮਸਤਾਨ/ ਟੁਟਣ ਕਰਮੁ ਜੰਜੀਰੀਆਂ ਗੁਰ ਕਾ ਸ਼ਬਦ ਕਮਾਣੁ/ ਅਹੰਕਾਰਨ ਪੰਖੇਰੀਆਂ ਸਬਦੁ ਅਨਾਹਦੁ ਜਾਣ।’’ ਭਗਤ ਨਨੂਆ ਵੀ ਹਿੰਦੂ ਧਰਮ ਤੇ ਇਸਲਾਮ ਤੋਂ ਪ੍ਰਾਪਤ ਹੁੰਦੇ ਵਿਚਾਰਾਂ ਅਤੇ ਪੰਜਾਬੀ, ਫ਼ਾਰਸੀ ਤੇ ਪੂਰਬੀ ਭਾਸ਼ਾ ਦੇ ਸੰਗਮ ’ਚੋਂ ਪੈਦਾ ਹੁੰਦੀ ਭਾਸ਼ਾ ਤੇ ਬਿੰਬਾਂ ’ਤੇ ਆਧਾਰਿਤ ਸ਼ਾਇਰੀ ਕਰਦਾ ਹੈ, ‘‘ਰਾਮ ਰਾਸ ਪੀਵਤ ਹੀ ਮਸਤਾਨਾ/ ਖੋਈ ਹਸਤੀ, ਪਾਈ ਮਸਤੀ, ਅਲਮਸਤੀ ਪਰਵਾਨਾ।’’, ‘‘ਅਹੁ ਦੇਖ ਜਾਲਮ੍ਹ ਜਾਂਦਾ ਜਾਨੀ/ ...ਜੈ ਨੁ ਘਾਉ ਪ੍ਰੇਮ ਦੇ ਲਗੇ ਸੋ ਮੂਲ ਨ ਮੰਗਦਾ ਪਾਣੀ/ ਕੁਰਬਾਨੀ ਕੁਰਬਾਨੀ, ਨਨੂਆਂ, ਕੁਰਬਾਨੀ ਕੁਰਬਾਨੀ।’’ ਇਸ ਸਲੋਕ ਵਿਚ ਵੀ ਜੇ ਨਨੂਆ ਦਾ ਨਾਂ ਨਾ ਆਵੇ ਤਾਂ ਇਸ ਨੂੰ ਵੀ ਕਿਸੇ ਸੂਫ਼ੀ ਸ਼ਾਇਰ ਦੀ ਰਚਨਾ ਮੰਨਿਆ ਜਾ ਸਕਦਾ ਹੈ।
       ਅਜਿਹੀਆਂ ਉਦਾਹਰਨਾਂ ਗਿਣੀਆਂ ਨਹੀਂ ਜਾ ਸਕਦੀਆਂ। ਵਲੀ ਰਾਮ ਭਗਤੀ ਲਹਿਰ, ਸੂਫ਼ੀ ਲਹਿਰ ਤੇ ਗੁਰਮਤਿ ਦੇ ਪ੍ਰਭਾਵਾਂ ਦੀ ਸੰਗਮਮਈ ਆਵਾਜ਼ ਵਿਚ ਕਹਿੰਦਾ ਹੈ, ‘‘ਜਿਨ ਇਸ਼ਕ ਮੈਂ ਸਿਰਿ ਨ ਦੀਆ, ਜੁਗ ਜੁਗਿ ਜੀਆ ਤਉ ਕਿਆ ਹੂਆ/ ...ਆਲੁਮ ਅਰ ਫਾਜਲੁ ਹੋਇ ਕੈ, ਦਾਨਾ ਹੂਆ ਤਉ ਕਿਆ ਹੂਆ/ ਦਿਲ ਕਾ ਕੁਫ਼ਰ ਤੂਦਾ ਨਹੀਂ, ਹਾਜੀ ਹੂਆ ਤਉ ਕਿਆ ਹੂਆ/ ...ਦੇਖੀ ਗੁਲਸਤਾਂ ਬੋਸਤਾਂ, ਮਤਲਬ ਨਾ ਪਾਇਓ ਸ਼ੇਖ ਕਾ/ ਸਾਰੀ ਕਿਤਾਬਾਂ ਯਾਦਿ ਕਰ, ਹਾਰਜ ਹੂਆ ਤਉ ਕਿਆ ਹੂਆ।’’ ਇਸ ਸਲੋਕ ਵਿਚ ਵਲੀ ਰਾਮ ਪੰਡਿਤਾਂ, ਨਾਥ ਜੋਗੀਆਂ ਤੇ ਮੌਲਵੀਆਂ, ਸਭ ਦੀ ਕੱਟੜਤਾ ਨਾਲ ਆਢਾ ਲਾਉਂਦਾ ਹੈ। ਸੰਵਾਦ ਹੋ ਰਿਹਾ, ਗੋਸ਼ਟਿ ਹੋ ਰਹੀ ਹੈ, ਸੂਫ਼ੀ ਗੰਗਾ ਵਿਚ ਨਹਾਉਣ ਤੇ ਭਗਤ ਹੱਜ ਕਰਨ ਬਾਰੇ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ ਕਿ ਅੱਜ ਦੇ ਕਵੀ ਅਜਿਹਾ ਕਰਨ ਤਾਂ ਦੋਵਾਂ ਪਾਸਿਆਂ ਦੇ ਕੱਟੜਪੰਥੀ ਉਨ੍ਹਾਂ ਦੇ ਗਲ ਵਿਚ ਰੱਸਾ ਪਾ ਲੈਣ। ਭਗਤ ਸਹਜ ਰਾਮ ਹੀਰ-ਰਾਂਝੇ ਦੀ ਕਹਾਣੀ ਰਾਹੀਂ ਆਪਣੀ ਗੱਲ ਕਹਿੰਦਾ ਹੈ, ‘‘ਖੜੀ ਆਲਮ ਵਿਚ ਦੇਨੀ ਹਾਂ ਹੋਕਾ/ ਮੈਂ ਖੇੜਿਆਂ ਦੇ ਮੂਲ ਨ ਜਾਵਾਂ ਨੀ।’’ ਭਗਤ ਬੂੜਾ ਇਸਲਾਮੀ ਸ਼ਬਦਾਵਲੀ ਤੇ ਰੰਗਤ ਵਿਚ ਲਿਖਦਾ ਹੈ, ‘‘ਸਾਹਿਬੁ ਆਪੁ ਬਹੈ ਹੋਇ ਕਾਜ਼ੀ/ ਅਮਲਾਂ ਦੀ ਤੈਨੂੰ ਦੇਸੀ ਭਾਜੀ।’’
       ਇਨ੍ਹਾਂ ਉਦਾਹਰਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਕਵੀ ਤੇ ਚਿੰਤਕ ਸਮਾਜਿਕ ਕਾਰਜ ਨਿਭਾ ਰਹੇ ਸਨ, ਦੋਹਾਂ ਫ਼ਿਰਕਿਆਂ ਵਿਚ ਪੁਲ ਬਣਾ ਰਹੇ ਸਨ, ਇਕ ਧਰਮ ਨਾਲ ਸਬੰਧਿਤ ਚਿੰਤਕ ਤੇ ਸ਼ਾਇਰ ਦੂਸਰੇ ਧਰਮ ਦੀਆਂ ਚਿੰਤਨ ਪਰੰਪਰਾਵਾਂ ਨੂੰ ਸਮਝਣ ਤੇ ਆਪਸੀ ਰਿਸ਼ਤਿਆਂ ਵਿਚ ਸਹਿਜ ਲਿਆਉਣ ਦੇ ਯਤਨ ਕਰ ਰਹੇ ਸਨ। ਇਸ ਸਭ ਕੁਝ ਦੇ ਨਾਲ ਨਾਲ ਉਹ ਪੰਜਾਬੀਅਤ ਦੀ ਸਿਰਜਣਾ ਕਰ ਰਹੇ ਅਤੇ ਸਾਂਝੀਵਾਲਤਾ ਦੀ ਬਾਤ ਵੀ ਪਾ ਰਹੇ ਸਨ।
ਮੱਧਕਾਲੀਨ ਸਮਿਆਂ ਦੇ ਪੰਜਾਬ ਵਿਚ ਨਵੀਂ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਤਾਕਤ ਸਿੱਖ ਧਰਮ ਦੇ ਰੂਪ ਵਿਚ ਉੱਭਰੀ। ਉਸ ਦਾ ਖ਼ਾਸਾ ਹੀ ਸਾਂਝੀਵਾਲਤਾ ਤੇ ਸਮਾਜਿਕ ਬਰਾਬਰੀ ਵਾਲਾ ਸੀ, ਉਸ ਨੇ ਪੰਜਾਬ ਵਿਚ ਅਰਥ-ਭਰਪੂਰ ਬੌਧਿਕ ਤੇ ਸਮਾਜਿਕ ਊਰਜਾ ਪੈਦਾ ਕੀਤੀ ਹੈ ਜੋ ਸਮਾਜ-ਮੁਖੀ ਵੀ ਸੀ, ਇਤਿਹਾਸ-ਮੁਖੀ ਵੀ ਅਤੇ ਸੱਭਿਆਚਾਰ-ਮੁਖੀ ਵੀ। ਸਿੱਖ ਧਰਮ ਦੇ ਰਹਿਬਰਾਂ ਨੇ ਵਿਚਾਰਕ, ਭਾਸ਼ਾਈ, ਸਮਾਜਿਕ ਤੇ ਸੱਭਿਆਚਾਰਕ ਪੁਲ ਕਾਇਮ ਕੀਤੇ। ਗੁਰੂ ਨਾਨਕ ਦੇਵ ਜੀ ਲਿਖਦੇ ਹਨ, ‘‘ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ।। ਗਾਹੇ ਨ ਨੇਕੀ ਕਾਰ ਕਰਦਮ ਮਮੀ ਚਿਨੀ ਅਹਵਾਲ।।’’ ਭਾਵ ਮੈਂ ਰਾਤ ਦਿਨ ਲਾਲਚ ਅੰਦਰ ਭਟਕਦਾ ਹਾਂ, ਮੰਦਾ ਚਿਤਵਦਾ ਅਤੇ ਕਰਦਾ ਹਾਂ, ਮੈਂ ਕਦੇ ਵੀ ਚੰਗੇ ਅਮਲ ਨਹੀਂ ਕਮਾਉਂਦਾ, ਇਸ ਤਰ੍ਹਾਂ ਦੀ ਹੈ ਮੇਰੀ ਅਵਸਥਾ। ਰੰਗ ਤਿਲੰਗ ਵਿਚ ਲਿਖੇ ਇਸ ਸ਼ਬਦ ਦੀ ਭਾਸ਼ਾ ਫ਼ਾਰਸੀ ਹੈ। ਇਸੇ ਪਰੰਪਰਾ ਵਿਚ ਗੁਰੂ ਗੋਬਿੰਦ ਸਿੰਘ ਜੀ ‘ਜ਼ਫ਼ਰਨਾਮਾ’ ਦੇ ਰੂਪ ਵਿਚ ਸੰਗਰਾਮਮਈ ਦਸਤਾਵੇਜ਼ ਲਿਖਦੇ ਹਨ। ਗੁਰੂ ਸਾਹਿਬਾਨ ਨੇ ਪੰਜਾਬੀ, ਸਾਧ ਭਾਸ਼ਾ, ਬ੍ਰਿਜ ਭਾਸ਼ਾ, ਫ਼ਾਰਸੀ, ਸਭ ਵਿਚ ਰਚਨਾ ਕੀਤੀ, ਉਹ ਜਾਣਦੇ ਸਨ ਕਿ ਫ਼ਾਸਲੇ ਕਿਵੇਂ ਮਿਟਾਉਣੇ ਹਨ। ਸਿੱਖ ਧਰਮ ਉਸ ਵੇਲੇ ਦੀ ਸਭ ਤੋਂ ਊਰਜਾਵਾਨ ਧਾਰਾ ਹੋਣ ਕਾਰਨ ਪੰਜਾਬੀਅਤ ਨੂੰ ਅਮਲੀ ਰੂਪ ਦੇਣ ਵਿਚ ਸਭ ਤੋਂ ਅਹਿਮ ਹਿੱਸਾ ਪਾਉਂਦਾ ਹੈ।
         ਕਿੱਸਾਕਾਰ ਵੀ ਉਪਰੋਕਤ ਪ੍ਰਕਿਰਿਆ ਵਿਚ ਵੱਡਾ ਹਿੱਸਾ ਪਾਉਂਦੇ ਹਨ, ਦਮੋਦਰ, ਮੁਕਬਲ, ਵਾਰਿਸ ਸ਼ਾਹ ਤੇ ਹੋਰ ਹੀਰ-ਰਾਂਝੇ ਦੇ ਕਿੱਸੇ ਰਾਹੀਂ ਪੰਜਾਬੀਅਤ ਦੇ ਰੰਗਾਂ ਨੂੰ ਗੂੜ੍ਹੇ ਕਰਦੇ ਹਨ। ਹੀਰ-ਰਾਂਝੇ ਦੇ ਕਿੱਸੇ ਵਿਚ ਮੁਸਲਮਾਨ ਰਾਂਝਾ ਹਿੰਦੂ ਜੋਗੀ ਤੋਂ ਜੋਗ ਧਾਰਦਾ ਤੇ ਪ੍ਰਮਾਣਿਕ ਪੰਜਾਬੀ ਕਿਰਦਾਰ ਬਣਦਾ ਹੈ। ਵਾਰਿਸ ਸ਼ਾਹ ਦੀ ਰਚਨਾ ਵਿਚ ਉਹ ਰਾਗਾਂ ਤੇ ਭਗਵਾਨ ਕ੍ਰਿਸ਼ਨ ਦੇ ਬਿਸ਼ਨਪਦਿਆਂ ਦੀ ਬਾਤ ਪਾਉਂਦਾ ਹੈ, ਹੀਰ ਪਰਿਵਾਰ ਤੇ ਕਾਜ਼ੀ ਨਾਲ ਲੜਦੀ ਹੋਈ ਸਮਾਜਿਕ ਤੇ ਧਾਰਮਿਕ ਕੱਟੜਤਾ ਵਿਰੁੱਧ ਨਿੱਜੀ ਆਜ਼ਾਦੀ ਦਾ ਮੁਹਾਜ਼ ਸਿਰਜਦੀ ਹੈ। ਵਾਰਿਸ ਸ਼ਾਹ ਦੀ ਰਚਨਾ ਵਿਚ ਕੰਧਾਰੀਆਂ ਦੇ ਪੰਜਾਬ ਜਿੱਤਣ ਤੇ ਇਸ ਨੂੰ ਆਪਣੇ ਰਾਜ ਦਾ ਹਿੱਸਾ ਬਣਾਉਣ ਦਾ ਜ਼ਿਕਰ ਬਹੁਤ ਦਰਦ ਨਾਲ ਹੁੰਦਾ ਹੈ।
       ਉਪਰੋਕਤ ਜੱਦੋਜਹਿਦ ਪੰਜਾਬੀਅਤ ਦੀ ਨੁਹਾਰ ਘੜਦੀ ਹੈ ਜਿਸ ਦਾ ਸਪੱਸ਼ਟ ਸ਼ਬਦਾਂ ਵਿਚ ਇਜ਼ਹਾਰ ਸ਼ਾਹ ਮੁਹੰਮਦ ਅਤੇ ਕਾਦਰ ਯਾਰ ਵਿਚ ਹੁੰਦਾ ਹੈ। ਸ਼ਾਹ ਮੁਹੰਮਦ ਖ਼ਾਲਸੇ ਤੇ ਸਿੰਘ ਸਿਪਾਹੀਆਂ ਨੂੰ ਪੰਜਾਬੀਅਤ ਦਾ ਹਰਾਵਲ ਦਸਤਾ ਮੰਨਦਾ ਹੈ, ‘‘ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ, ਕੀਰਤ ਸਿੰਘ ਸਿਪਾਹੀ ਦੀ ਰਖਣੀ ਜੀ।’’ ਉਹ ਜਾਣਦਾ ਹੈ ਕਿ ਪੰਜਾਬ ਦੇ ਉਜਾੜੇ ਕਾਰਨ ਪੰਜਾਬੀਆਂ ਨਾਲ ਕੀ ਬੀਤਣੀ ਹੈ,‘‘ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।’’ ਉਹ ਸਮਝਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਕਿਆਦਤ ਵਿਚ ਕਾਇਮ ਹੋਏ ਰਾਜ ਨੇ ਪੰਜਾਬ ਨੂੰ ਇਸ ਦੀ ਇਤਿਹਾਸਕ ਸ਼ਾਨ ਦਿੱਤੀ ਸੀ, ਸਮਾਜ ਵਿਚਲੇ ਵੈਰਾਂ-ਵਿਰੋਧਾਂ ਨੂੰ ਘਟਾਇਆ ਤੇ ਮੁੱਠੀ ਵਿਚ ਸਮੇਟ ਲਿਆ ਸੀ; ਇਹ ਸਭ ਕੁਝ ਉਸ ਦੇ ਵਾਰਸਾਂ ਤੋਂ ਸਾਂਭ ਨਾ ਹੋਇਆ। ਇਸ ਦਰਦ ਬਾਰੇ ਸ਼ਾਹ ਮੁਹੰਮਦ ਦਾ ਕਥਨ ਹੈ, ‘‘ਮੁੱਠੀ ਮੀਟੀ ਏਸ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅਜ ਪਾਜ ਯਾਰੋ।’’
          ਬਸਤੀਵਾਦ ਪੰਜਾਬ ਵਿਚ ਬੌਧਿਕ ਤੇ ਧਾਰਮਿਕ ਕੱਟੜਤਾ ਦੇ ਬੀਜ ਬੀਜਦਾ ਹੈ। ਮੀਰਾਂ ਸ਼ਾਹ, ਮੌਲਾ ਸ਼ਾਹ ਤੇ ਮੁਹੰਮਦ ਬੂਟਾ ਜਿਹੇ ਸੂਫ਼ੀ ਯਤਨ ਤਾਂ ਕਰਦੇ ਹਨ ਪਰ ਪੰਜਾਬ ਵਿਚ ਚੇਤਨਾ ਦੀ ਨਵੀਂ ਫ਼ਸਲ ਉਗਾਉਣ ਵਾਲੇ ਧਾਰਮਿਕ ਕੱਟੜਤਾ ਦੇ ਪੁਜਾਰੀ ਸਨ। ਉਨ੍ਹਾਂ ਨੇ ਭਾਸ਼ਾਵਾਂ ਨੂੰ ਧਰਮਾਂ ਦੇ ਆਧਾਰ ’ਤੇ ਵੰਡਿਆ। ਇਹ ਨਹੀਂ ਕਿ ਸਾਂਝੀਵਾਲਤਾ ਤੇ ਸਮਾਜ ਵਿਚ ਸਦਭਾਵਨਾ ਬਣਾਉਣ ਵਾਲੀਆਂ ਆਵਾਜ਼ਾਂ ਖ਼ਤਮ ਹੋ ਗਈਆਂ, ਗ਼ਦਰ ਤੇ ਕਿਰਤੀ ਲਹਿਰਾਂ ਅਤੇ ਕੁਝ ਹੋਰ ਚਿੰਤਕਾਂ ਤੇ ਸ਼ਾਇਰਾਂ ਦੀ ਲਿਖ਼ਤਾਂ ਵਿਚ ਉਨ੍ਹਾਂ ਦੀ ਗੂੰਜ ਤਾਂ ਸੁਣਾਈ ਦਿੰਦੀ ਹੈ ਪਰ ਬਾਜ਼ੀ ਧਾਰਮਿਕ ਕੱਟੜਤਾ ਦੇ ਪੁਜਾਰੀਆਂ ਦੇ ਹੱਥ ਲੱਗੀ। ਧਾਰਮਿਕ ਕੱਟੜਤਾ ਦੇ ਹਮਲੇ ਤੋਂ ਵਿਰਲੇ ਹੀ ਬਚੇ।
        ਮਾਰਕਸਵਾਦ ਅਤੇ ਹੋਰ ਆਧੁਨਿਕ ਵਿਚਾਰਾਂ ਤੋਂ ਪ੍ਰਭਾਵਿਤ ਸਾਹਿਤਕਾਰਾਂ ਤੇ ਚਿੰਤਕਾਂ ਨੇ ਅਜਿਹੇ ਚਿੰਤਨ ਤੇ ਸਾਹਿਤ ਨੂੰ ਜਨਮ ਦਿੱਤਾ ਜਿਸ ਵਿਚ ਵਿਚਾਰਧਾਰਾ ਜਾਂ ਇਕ ਧਰਮ ਦੀ ਜਿੱਤ ਨੂੰ ਯਕੀਨੀ ਮੰਨ ਲਿਆ ਗਿਆ ਜਿਸ ਕਾਰਨ ਪੰਜਾਬੀ ਸਮਾਜ ਦੀਆਂ ਤਤਕਾਲੀਨ ਹਕੀਕੀ ਸਮੱਸਿਆਵਾਂ ਅੱਖੋਂ ਓਹਲੇ ਹੋ ਗਈਆਂ। ਨਾਅਰਾਮਈ ਸਾਹਿਤਕਾਰਾਂ, ਆਗੂਆਂ ਤੇ ਚਿੰਤਕਾਂ ਨੇ ਪੰਜਾਬੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਵਿਚਾਰਧਾਰਾ ਸਮਾਜਿਕ ਬਰਾਬਰੀ ਵਾਲਾ ਸਮਾਜ ਕਾਇਮ ਕਰਨ ਤੋਂ ਮਸਾਂ ਦੋ ਕਦਮ ਦੂਰ ਹੈ। ਇਨਕਲਾਬ ਕਰਨਾ ਤਾਂ ਦੂਰ ਦੀ ਗੱਲ ਸੀ, ਉਹ ਪੰਜਾਬ ਨੂੰ ਵੰਡੇ ਜਾਣ ਤੋਂ ਵੀ ਨਾ ਬਚਾ ਸਕੇ, ਸਨਮੁੱਖ ਇਤਿਹਾਸਕ ਕਾਰਜ ਨਿਭਾਉਣ ਵਿਚ ਅਸਫ਼ਲ ਰਹੇ, ਉਹ ਸਮਾਜਿਕ ਇਤਫ਼ਾਕ ਨਾ ਪੈਦਾ ਕਰ ਸਕੇ ਜਿਸ ਦੀ ਜ਼ਰੂਰਤ ਸੀ।
         ਪੰਜਾਬ ਦੀ ਵੰਡ ਤੋਂ ਬਾਅਦ ਵੀ ਅਜਿਹੇ ਰੁਝਾਨ ਜਾਰੀ ਰਹੇ ਜਿਸ ਕਾਰਨ ਸ਼ਾਇਰ ਤੇ ਚਿੰਤਕ ਸਮਾਜ ਦੀਆਂ ਹਕੀਕੀ ਸਮੱਸਿਆਵਾਂ ਤੋਂ ਦੂਰ ਹੁੰਦੇ ਅਤੇ ਧਾਰਮਿਕ ਤੇ ਵਿਚਾਰਧਾਰਕ ਕੱਟੜਤਾ ਦੀ ਦਲਦਲ ਵਿਚ ਫਸਦੇ ਗਏ। ਸਮਾਜਿਕ ਫ਼ਾਸਲਿਆਂ ਨੂੰ ਮਿਟਾਉਣ ਦੇ ਅਸਲੀ ਫ਼ਿਕਰ ਜੋ ਪ੍ਰੋ. ਪੂਰਨ ਸਿੰਘ, ਬਾਬੂ ਫੀਰੋਜ਼ਦੀਨ ਸ਼ਰਫ, ਬਾਬੂ ਰਜਬ ਅਲੀ, ਧਨੀ ਰਾਮ ਚਾਤ੍ਰਿਕ ਤੇ ਕੁਝ ਹੋਰ ਚਿੰਤਕਾਂ ਤੇ ਸ਼ਾਇਰਾਂ ਦੀਆਂ ਲਿਖਤਾਂ ਵਿਚ ਬਹੁਤ ਸਹਿਜ ਰੂਪ ਵਿਚ ਮੌਜੂਦ ਸਨ, ਮੱਧਮ ਪੈਂਦੇ ਗਏ। ਫ਼ਿਕਰ ਇਹ ਹੋ ਗਏ ਕਿ ਇਨਕਲਾਬ ਕਰਨਾ ਹੈ ਜਾਂ ਧਰਮ-ਆਧਾਰਿਤ ਰਾਜ ਕਾਇਮ ਕਰਨਾ ਹੈ, ਸਮਾਜਿਕ ਫ਼ਾਸਲਿਆਂ ਨੂੰ ਮਿਟਾਉਣ ਦੇ ਫ਼ਿਕਰ ਗ਼ਾਇਬ ਹੋ ਗਏ। ਇਹ ਹੁਣ ਵੀ ਗਾਇਬ ਹਨ।
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ।।
ਗਾਹੇ ਨ ਨੇਕੀ ਕਾਰ ਕਰਦਮ ਮਮੀ ਚਿਨੀ ਅਹਵਾਲ।।
ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ।।
ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ।।
- ਗੁਰੂ ਨਾਨਕ ਦੇਵ ਜੀ